ਸਿਟੀ ਸੈਂਟਰ ਮਾਮਲੇ ਵਿਚ ਕੈਪਟਨ ਅਮਰਿੰਦਰ ਨੂੰ ਕਲੀਨ ਚਿੱਟ ਮਿਲਣ ਨੂੰ ਦੱਸਿਆ ਮੰਦਭਾਗਾ
ਫਰੀਦਕੋਟ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਸਪੱਸ਼ਟ ਕੀਤਾ ਕਿ ਪਾਰਟੀ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲੜੇਗੀ। ਇਸ ਲਈ ਯੋਗ ਉਮੀਦਵਾਰ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਮੇਤ 36 ਵਿਅਕਤੀਆਂ ਨੂੰ ਸਿਟੀ ਸੈਂਟਰ ਘੁਟਾਲੇ ਵਿੱਚੋਂ ਕਲੀਨ ਚਿੱਟ ਮਿਲਣਾ ਪੰਜਾਬ ਲਈ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਘੁਟਾਲੇ ਵਿੱਚ ਅਕਾਲੀ ਸਰਕਾਰ ਨੇ ਹੀ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦੋ ਵੱਡੇ ਪਰਿਵਾਰਾਂ ਨੇ ਨਿਆਂ ਪ੍ਰਣਾਲੀ ਨਾਲ ਖਿਲਵਾੜ ਕਰਕੇ ਆਪਣੇ ਸਿਆਸੀ ਹਿੱਤ ਪੂਰੇ ਹਨ। ਇਸੇ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਵਿੱਚ ਕਿਸੇ ਨਾਲ ਵੀ ਧੱਕੇਸ਼ਾਹੀ ਹੋਈ ਤਾਂ ਉਹ ਸੜਕਾਂ ‘ਤੇ ਉੱਤਰ ਆਉਣਗੇ।