ਸੰਯੁਕਤ ਸਮਾਜ ਮੋਰਚੇ ਦੀ ਹਮਾਇਤ ਕਰ ਰਹੇ ਹਨ ਡਾ. ਸਵੈਮਾਨ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਿਸਾਨ ਜਥੇਬੰਦੀਆਂ ‘ਤੇ ਆਧਾਰਤ ਨਵੀਂ ਗਠਿਤ ਪਾਰਟੀ ਸੰਯੁਕਤ ਸਮਾਜ ਮੋਰਚੇ ਦੀ ਅਗਵਾਈ ਵਾਲੇ ਉਮੀਦਵਾਰਾਂ ਦੀ ਹਮਾਇਤ ਵਿੱਚ ਨਿੱਤਰੇ ਡਾ. ਸਵੈਮਾਨ ਸਿੰਘ ਨੇ ਵਿਧਾਨ ਸਭਾ ਚੋਣਾਂ ਸਬੰਧੀ ਚੰਡੀਗੜ੍ਹ ‘ਚ ਆਪਣਾ ਵੱਖਰਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ‘ਅਸ਼ਟਾਮੀ ਵਾਅਦੇ’ ਨਾਮ ਹੇਠ ਜਾਰੀ ਇਸ ਚੋਣ ਮਨੋਰਥ ਪੱਤਰ ਵਿੱਚ ਅਮਰੀਕਾ ਰਹਿੰਦੇ ਪੰਜਾਬੀ ਡਾਕਟਰ ਨੇ ਸੂਬੇ ਦੇ ਬਿਹਤਰੀ ਅਤੇ ਲੋਕਾਂ ਦੇ ਚੰਗੇਰੇ ਭਵਿੱਖ ਲਈ 20 ਵਾਅਦੇ ਕੀਤੇ ਹਨ। ਪੰਜਾਬ ਤੋਂ ਉਠੇ ਕਿਸਾਨੀ ਅੰਦੋਲਨ ਦੌਰਾਨ ਡਾ. ਸਵੈਮਾਨ ਸਿੰਘ ਸੁਰਖੀਆਂ ਵਿੱਚ ਆਏ ਸਨ, ਜਿਨ੍ਹਾਂ ਮਹੀਨਿਆਂਬੱਧੀ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਦੀ ਸਿਹਤ-ਸੰਭਾਲ ਲਈ ਉਚੇਚੇ ਪ੍ਰਬੰਧ ਕੀਤੇ। ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਡਾ. ਸਵੈਮਾਨ ਸਿੰਘ ਨੇ ਪੰਜਾਬੀਆਂ ਨੂੰ ਸੂਬੇ ਦੇ ਬਿਹਤਰੀ ਲਈ ਰਵਾਇਤੀ ਪਾਰਟੀਆਂ ਦਾ ਵਿਰੋਧ ਕਰਕੇ ਨਵਾਂ ਪੰਜਾਬ ਸਿਰਜਣ ਦਾ ਬੀੜਾ ਚੁੱਕਿਆ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 11 ਫਰਵਰੀ ਤੋਂ ਪੰਜਾਬ ਭਰ ਦੀ ਯਾਤਰਾ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿੱਢੀ ਜਾਵੇਗੀ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਸੰਪੰਨ ਹੋਵੇਗੀ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦਾ ਏਜੰਡਾ ਲੋਕਾਂ ਨੂੰ ਗੁਰਬਤ ਤੇ ਅਨਪੜ੍ਹਤਾ ‘ਚ ਧੱਕਣਾ ਹੈ।
ਪੰਜਾਬ ਦੇ ਲੋਕਾਂ ਨਾਲ 20 ਅਸ਼ਟਾਮੀ ਵਾਅਦੇ ਕਰਦਿਆਂ ਡਾ. ਸਵੈਮਾਨ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਦੀ ਸੱਤਾ ਹਾਸਲ ਹੁੰਦੀ ਹੈ ਤਾਂ ਪੰਜ ਸਾਲਾਂ ਦੇ ਅੰਦਰ-ਅੰਦਰ 35 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਸੂਬੇ ਨੂੰ 100 ਫੀਸਦੀ ਨਸ਼ਾ ਤੇ ਭ੍ਰਿਸ਼ਟਾਚਾਰਮੁਕਤ ਬਣਾਇਆ ਜਾਵੇਗਾ। ਔਰਤਾਂ ਲਈ ਸੁਰੱਖਿਅਤ ਸਮਾਜ ਤੇ ਮਾਹੌਲ ਸਿਰਜਿਆ ਜਾਵੇਗਾ। ਪੰਜਾਬ ਦੇ ਪਾਣੀਆਂ ਦੀ ਵਸੂਲੀ ਵਿਆਜ਼ ਸਮੇਤ ਕੀਤੀ ਜਾਵੇਗੀ। ਕਿਸਾਨਾਂ ਨੂੰ ਸਮਰਥਨ ਮੁੱਲ ਦਿੱਤਾ ਜਾਵੇਗਾ। ਕਿਸਾਨੀ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਪੰਜਾਬ ਦੇ ਕਿਸਾਨਾਂ ਨੂੰ ਕੌਮਾਂਤਰੀ ਪੱਧਰ ‘ਤੇ ਖੇਤੀ ਕਰਨ ਦੇ ਮੌਕੇ ਦਿੱਤੇ ਜਾਣਗੇ। ਸੂਬੇ ਵਿੱਚ ਫਰਾਂਸ ਦਾ ਸਿਹਤ ਢਾਂਚਾ ਲਾਗੂ ਕਰਕੇ ਪੰਜਾਬੀਆਂ ਨੂੰ ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਕੈਂਸਰ ਨੂੰ ਜੜੋਂ ਪੁੱਟਿਆ ਜਾਵੇਗਾ। ਮਾਨਸਿਕ ਤੇ ਸਰੀਰਕ ਤੌਰ ‘ਤੇ ਅਪੰਗ ਵਿਅਕਤੀਆਂ ਨੂੰ 8400 ਰੁਪਏ ਦੀ ਵਿੱਤੀ ਮਦਦ ਪ੍ਰਤੀ ਮਹੀਨਾ ਦਿੱਤੀ ਜਾਵੇਗੀ। ਯੂਨੀਵਰਸਿਟੀ ਪੱਧਰ ਤੱਕ ਦੀ ਪੜ੍ਹਾਈ ਅਮਰੀਕੀ ਮਾਡਲ ‘ਤੇ ਆਧਾਰਤ ਹੋਵੇਗੀ। ਨੀਟ, ਆਈਏਐੱਸ, ਆਈਪੀਐੱਸ ਅਤੇ ਆਇਲੈਟਸ ਦੀ ਸਿਖਲਾਈ ਮੁਫ਼ਤ ਦਿੱਤੀ ਜਾਵੇਗੀ। ਹਰੇਕ ਗਰੈਜੂਏਟ ਵਿਅਕਤੀ ਨੂੰ ਰੁਜ਼ਗਾਰ ਖੋਲ੍ਹਣ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਬਿਨਾਂ ਵਿਆਜ਼ ਤੋਂ ਦਿੱਤਾ ਜਾਵੇਗਾ। ਮਨੁੱਖੀ ਅਧਿਕਾਰਾਂ ਦੀ ਰਾਖੀ ਯਕੀਨੀ ਬਣਾਈ ਜਾਵੇਗੀ। ਕੁਦਰਤੀ ਮੌਤ ਹੋਣ ‘ਤੇ ਵਾਰਿਸਾਂ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਮਾਨਤਾ ਦਿੱਤੀ ਜਾਵੇਗੀ। ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਲਈ ਭਲਾਈ ਯੋਜਨਾਵਾਂ ਤਹਿਤ ਲਾਭ 6 ਮਹੀਨਿਆਂ ਦੇ ਅੰਦਰ-ਅੰਦਰ ਦਿੱਤਾ ਜਾਵੇਗਾ।
ਹਰੇਕ ਪਿੰਡ ਵਿੱਚ ਖੇਡ ਮੈਦਾਨ ਬਣਾਇਆ ਜਾਵੇਗਾ ਤੇ ਛੇ ਮਹੀਨਿਆਂ ‘ਚ ਬੇਘਰਿਆਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ। ਇਸ ਮੌਕੇ ਡਾ. ਕੰਵਲਜੀਤ ਕੌਰ ਢਿੱਲੋਂ ਅਤੇ ਹੋਰ ਕਈ ਆਗੂ ਵੀ ਮੌਜੂਦ ਸਨ।
Check Also
ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੂਹ ਕੈਬਨਿਟ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਕਿਹਾ : ਰੌਸ਼ਨੀਆਂ ਦਾ ਇਹ ਪਵਿੱਤਰ ਤਿਉਹਾਰ ਆਪਸੀ ਏਕਤਾ ਅਤੇ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ …