Breaking News
Home / ਨਜ਼ਰੀਆ / ਸੇਵਾਦਲ ਦਾ ਅਣਥੱਕ ਯੋਧਾ

ਸੇਵਾਦਲ ਦਾ ਅਣਥੱਕ ਯੋਧਾ

ਦਲਬੀਰ ਸਿੰਘ ਕੰਬੋਜ
ਸੂਬਾ ਸਰਕਾਰ ਵਲੋਂ ਬਰੈਂਪਟਨ ਵਿਚ ਯੂਨੀਵਰਸਿਟੀ ਦੀ ਘੋਸ਼ਣਾ ਨੇ ਜਿਥੇ ਮੇਅਰ ਲਿੰਡਾ ਜਾਫਰੀ ਦਾ ਵਜ਼ਨ ਵਧਾ ਦਿਤਾ ਹੈ ਉਥੇ ਪੰਜਾਬੀ ਭਾਈਚਾਰੇ ਵਿਚ ਦਲਬੀਰ ਸਿੰਘ ਕੰਬੋਜ ਦਾ ਨਾਮ ਵੀ ਚਮਕਾ ਦਿਤਾ ਹੈ। ਜੇਕਰ ਹਾਲਾ ਕੁਝ ਦੇਰ ਹੋਰ ਯੂਨੀਵਰਸਿਟੀ ਅਨਾਊਂਸ ਨਾ ਹੁੰਦੀ ਤਾਂ ਦਲਬੀਰ ਸਿੰਘ ਦਾ ਲਾਸਟ ਨਾਮ ਹੀ ‘ਯੂਨੀਵਰਸਿਟੀ’ ਪੈ ਜਾਣਾ ਸੀ। ਲੋਕਾਂ ਕਿਹਾ ਕਰਨਾ ਸੀ ‘ਦਲਬੀਰ ਸਿੰਘ ਯੂਨੀਵਰਸਿਟੀ’। ਪਿਛਲੇ ਕੋਈ 5 ਸਾਲਾ ਤੋਂ ਉਹ ਯੂਨੀਵਰਸਿਟੀ ਲਈ ਦਿਨੇ ਰਾਤ ਸਰਗਰਮ ਰਿਹਾ ਹੈ। ਜੇ ਕਦੇ ਅਮਰੀਕਾ ਆਪਣੇ ਦੂਸਰੇ ਬਚੇ ਕੋਲ ਚਲਾ ਜਾਂਦਾ ਸੀ ਤਾਂ ਵੀ ਉਥੋਂ ਯੂਨੀਵਰਸਿਟੀ ਬਾਰੇ ਖਬਰਾ ਦੀ ਕਨਸੋਅ ਰੱਖਦਾ ਰਹਿੰਦਾ ਸੀ। ਉਸ ਨਾਲ ਕੰਮ ਕਰਨ ਵਾਲਿਆਂ ਵਿਚੋਂ ਗੁਰਮੀਤ ਸਿੰਘ ਤੰਬੜ ਅਤੇ ਗੁਰਦਿਆਲ ਸਿੰਘ ਦਾ ਉਹ ਨਾਮ ਲੈਂਦਾ ਹੈ। ਸਾਡੇ ਪੰਜਾਬੀ ਭਾਈਚਾਰੇ ਵਿਚ ਇਕ ਦੂਸਰੇ ਦਾ ਕਰੈਡਿਟ ਖੋਹਣ ਦੀ ਇਕ ਭੈੜੀ ਬਾਦੀ ਹੈ। ਮੈਂ ਇਹ ਹਥਲਾ ਲੇਖ ਹੀ ਇਸ ਕਾਰਣ ਲਿਖ ਰਿਹਾ ਹਾ ਕਿ ਕੋਈ ਦੂਸਰਾ ਭਦਰ ਪੁਰਸ਼ ਇਸ ‘ਯੂਨੀਵਰਸਿਟੀ ਕਰੈਡਿਟ’ ਨੂੰ ਦਿਲਬੀਰ ਤੋਂ ਖੋਹ ਨਾ ਲਿਜਾਵੇ। ਪਰਵਾਸੀ ਅਦਾਰੇ ਵਿਚ ਰਹਿੰਦਿਆਂ ਮੈਂਨੂੰ ਏਨੀ ਕੁ ਅਕਲ ਜਰੂਰ ਆ ਗਈ ਹੈ ਕਿ ਖਬਰਾਂ ਅਤੇ ਘਟਨਾਵਾ ਦੀ ਸਹੀ ਜਾਣਕਾਰੀ ਲੋਕਾਂ ਵਿਚ ਨਸ਼ਰ ਕਰਨਾ ਇਕ ਬਹੁਤ ਵਡੀ ਸਮਾਜ ਸੇਵਾ ਹੁੰਦੀ ਹੈ। ਵਰਨਾ ਕੁਝ ਪੰਜਾਬੀ ਤਾਂ ਬੱਕਰੀ ਦੇ ਲੇਲੇ ਨੂੰ ਕੁੱਤਾ ਕਹਿਕੇ ਪੰਡਤ ਕੋਲੋਂ ਖੋਹ ਲੈਣ ਵਾਲੇ ਕਾਰੀਗਰ ਹਨ।
ਦਲਬੀਰ ਨੇ ਜੋ ਸਭ ਤੋਂ ਵਡਾ ਕੰਮ ਯੂਨੀਵਰਸਿਟੀ ਵਾਸਤੇ ਕੀਤਾ ਸੀ ਉਹ ਲੋਕਾਂ ਤੋਂ ਦਸਖਤ ਕਰਵਾਕੇ ਇਕ ਪਟੀਸ਼ਨ ਤਿਆਰ ਕਰਨਾ ਸੀ। ਦੂਸਰਾ ਉਸ ਇਸ ਮਸਲੇ ਨੂੰ ਕਦੇ ਠੰਡੇ ਨਹੀਂ ਸੀ ਹੋਣ ਦਿਤਾ। ਜਿਥੇ ਵੀ ਕੋਈ ਸਮਾਗਮ ਹੋਵੇ, ਉਥੇ ਸਮਾ ਮੰਗਕੇ ਵੀ ਯੂਨੀਵਰਸਿਟੀ ਦੀ ਗਲ ਤੋਰਦਾ ਸੀ। ਕਦੇ ਵੀ ਕੋਈ ਲੀਡਰ ਉਸਦੇ ਘੇਰੇ ਵਿਚ ਆਉਂਦਾ, ਉਹ ਆਪਣਾ ਮੁੱਦਾ ਉਸਨੂੰ ਜਰੂਰ ਪਰੋਸਦਾ। ਲੋਕਾਂ ਨੂੰ ਕਹਿੰਦਾ ਕਿ ਜੇ ਤੁਸੀਂ ਮੇਰੇ ਕਹਿਣ ਉਪਰ 10 ਡਾਲਰ ਵੀ ਮਹੀਨੇ ਦਾ ਇਸ ਕੰਮ ਲਈ ਪਲੈਜ ਕਰੋਗੇ ਤਾਂ 5 ਸਾਲਾ ਵਿਚ ਹੀ ਯੂਨੀਵਰਸਿਟੀ ਯੋਗੇ ਪੈਸੇ ਇਕੱਠ ਹੋ ਜਾਣਗੇ। ਪੈਸੇ ਵਲੋਂ ਯੂਨੀਵਰਸਿਟੀ ਨਹੀਂ ਰੁਕੇਗੀ ਉਹ ਅਕਸਰ ਸਿਟੀ ਹਾਲ ਦੀਆਂ ਚੈਂਬਰ ਮੀਟਿੰਗਾ ਵਿਚ ਬੋਲਿਆ ਕਰਦਾ ਸੀ। ਕੰਬੋਜ, ਯੂਨੀਵਰਸਿਟੀ ਨੂੰ ਆਪਣੀ ਔਲਾਦ ਦੀ ਤਰ੍ਹਾਂ ਸਮਝਕੇ ਉਸਦੀ ਪੈਰਵਹੀ ਕਰਦਾ ਰਿਹਾ ਹੈ। ਇਕ ਇਕ ਬਰੀਕੀ ਬਾਰੇ ਉਹ ਜਾਣਕਾਰੀ ਰਖਦਾ ਰਿਹਾ ਹੈ। ਅਨੇਕਾਂ ਲੈਟਰ ਉਸ ਵਖ ਵਖ ਅਥਾਰਟੀਜ਼ ਨੂੰ ਲਿਖੇ ਹਨ। ਪਰ ਉਸਨੂੰ ਇਕ ਗਲ ਦਾ ਅਫਸੋਸ ਜਰੂਰ ਰਿਹਾ ਹੈ ਕਿ ਆਪਣੇ ਲੋਕ ਅਜਿਹੇ ਕੰਮਾਂ ਦਾ ਮਨੋਵਿਗਿਆਨ ਨਹੀਂ ਜਾਣਦੇ। ਉਹ ਹਸ ਪੈਂਦਾ ਹੈ ਸਮਕਾਲੀਆਂ ਦੀਆਂ ਮੂਰਖਤਾਵਾਂ ਉਪਰ ਜਿਨ੍ਹਾ ਨੂੰ ਦੁਨੀਆਂ ਦਾਰੀ ਬਾਰੇ ਕੋਈ ਇਲਮ ਹੀ ਨਹੀਂ ਕਿ ਕੰਮ ਕਿਵੇਂ ਕਰਵਾਏ ਜਾਂਦੇ ਹਨ। ਕਈ ਸੀਨੀਅਰ ਕਲੱਬਾਂ ਵਾਲੇ ਆਪਣੀਆਂ ਫੰਕਸ਼ਨਾਂ ਸਮੇਂ ਉਸ ਨੂੰ ਸਮਾਂ ਹੀ ਨਹੀਂ ਦੇਂਦੇ ਸਨ ਬੋਲਣ ਲਈ। ਅਖੇ ਕੰਬੋਜ ਸਾਹਿਬ ਬਸ ਕਰੋ, ਹੁਣ ਤਾਂ ਬੱਚੇ ਬੱਚੇ ਨੂੰ ਪਤਾ ਲੱਗ ਗਿਆ ਹੈ ਕਿ ਯੂਨੀਵਰਸਿਟੀ ਮਿਲਣੀ ਚਾਹੀਦੀ ਹੈ। ਕੀ ਤੁਸੀਂ ਬੱਚਿਆਂ ਨੂੰ ਯੂਨੀਵਰਸਿਟੀ ਵਿਚ ਦਾਖਲੇ ਦੁਆਕੇ ਬੋਲਣਾ ਬੰਦ ਕਰੋਗੇ ਯੂਨੀਵਰਸਿਟੀ ਬਾਰੇ? ਇਕ ਮੀਟਿੰਗ ਵਿਚ ਉਸ ਹੱਥੋਂ ਮਾਈਕ ਹੀ ਫੜ ਲਿਆ ਗਿਆ ਸੀ, ਅਖੇ ਸਾਨੂੰ ਪਤਾ ਤੂੰ ਕੀ ਕਹਿਣਾ ਹੈ। ਭਾਈਚਾਰੇ ਦਾ ਇਹੋ ਜਿਹਾ ਕੋਝਾ ਰਵੀਆ ਨਿੰਦਣ ਯੋਗ ਹੈ। ਜਦ ਤੋਂ ਉਹ ਸੀਨੀਅਰ ਸੋਸ਼ਿਲ ਸਰਵਿਸਜ਼ ਗਰੁਪ ਨਾਲ ਜੁੜਿਆ ਹੈ, ਉਸਦੀ ਇਹ ਦਿਕਤ ਘੱਟ ਹੋ ਗਈ ਹੈ ਅਤੇ ਉਹ ਇਸ ਮਾਮਲੇ ਖੁੱਲ੍ਹ ਕੇ ਕੰਮ ਕਰਦਾ ਰਿਹਾ ਹੈ। ਸੀਨੀਅਰ ਗਰੁੱਪ ਵਲੋਂ ਬਰੈਂਪਟਨ ਸੌਕਰ ਸੈਂਟਰ ਵਿਚ ਮਨਾਏ ਜਾਂਦੇ ਹਰ ਮਲਟੀਕਲਚਰ ਦਿਵਸ ਉਪਰ ਉਹ ਯੂਨੀਵਰਸਿਟੀ ਦਾ ਮੁਦਾ ਉਭਾਰਦਾ ਰਿਹਾ ਹੈ। ਸੀਨੀਅਰ ਕਲੱਬਾਂ ਵਿਚੋ ਕੈਸਲਮੋਰ ਕਲੱਬ ਦੇ ਸਾਬਕਾ ਪ੍ਰਧਾਨ ਵਤਨ ਸਿੰਘ ਬਾਰੇ ਉਹ ਚੰਗਾ ਬੋਲਦਾ ਹੈ। ਉਸ ਮੁਤਾਬਿਕ ਵਤਨ ਸਿੰਘ ਨੇ ਉਸਨੂੰ ਕਾਫੀ ਸਹਿਯੋਗ ਦਿਤਾ ਸੀ। ਪਰਵਾਸੀ ਅਖਬਾਰ ਦਾ ਉਹ ਬਹੁਤ ਰਿਣੀ ਹੈ ਜੋ ਹਮੇਸ਼ਾ ਨਿਰਪੱਖ ਰਹਿੰਦਿਆਂ ਸਭ ਕਾਸੇ ਦੀ ਰੀਪੋਰਟਿੰਗ ਕਰਨ ਵਿਚ ਮਸ਼ਹੂਰ ਹੈ।ਜਦ ਸਾਡੇ ਬਜ਼ੁਰਗਾਂ ਉਪਰ ਕਿਸੇ ਗੱਲ ਦਾ ਭੂਤ ਸਵਾਰ ਹੋ ਜਾਵੇ, ਫਿਰ ਉਹ ਵੱਡੇ ਤੋਂ ਵੱਡੇ ਤੀਸ ਮਾਰ ਖਾਨ ਨੂੰ ਵੀ ਚਿੱਤ ਕਰ ਦੇਂਦੇ ਹਨ। ਇਕ ਵਾਰ ਬਰੈਂਪਟਨ ਫਲਾਵਰਸਿਟੀ ਸੀਨੀਅਰ ਸੈਂਟਰ ਦੀ ਮੰਗਲਵਾਰੀ ਮੀਟਿੰਗ ਵਿਚ ਯੂਨੀਵਰਸਿਟੀ ਦੀ ਗਲ ਕੰਬੋਜ ਨੇ ਚਲਾਈ ਅਤੇ ਬੇਨਤੀ ਕੀਤੀ ਗਈ ਕਿ ਯੂਨੀਵਰਸਿਟੀ ਦੇ ਹੱਕ ਵਿਚ ਮਤਾ ਪਾਇਆ ਜਾਵੇ। ਪ੍ਰਧਾਨ ਡੋਨਾ ਮਾਰਟਿਨ ਭਬਕ ਪਈ ਕਿ ਇਹ ਸਾਡੇ ਵਿਚਾਰਣ ਦੀ ਗਲ ਨਹੀਂ ਹੈ। ਡਾਕਟਰ ਸੋਹਣ ਸਿੰਘ ਅਤੇ ਵਤਨ ਸਿੰਘ ਗਿੱਲ ਨੇ ਕਿਹਾ ਕਿ ਜੇ ਇਹ ਗਲ ਹੈ ਤਾਂ ਇਸ ਉਪਰ ਵੋਟਿੰਗ ਕਰਵਾ ਲਈ ਜਾਵੇ, ਕਿ ਸੰਸਥਾ ਦੇ ਵਿਚਾਰਣ ਵਾਲੀ ਗਲ ਹੈ ਜਾਂ ਨਹੀਂ। ਜਦ ਇਸ ਨਾਲ ਸਹਿਮਤੀ ਉਪਰ ਹੱਥ ਖੜ੍ਹੇ ਕਰਨ ਲਈ ਕਿਹਾ ਗਿਆ ਤਾਂ ਸਾਰੇ ਹਊਸ ਨੇ ਹੱਥ ਖੜ੍ਹੇ ਕਰ ਦਿਤੇ। ਪੰਜਾਬੀ ਬਜ਼ੁਰਗਾਂ ਦੀ ਜੈਅ ਹੋ ਗਈ। ਮਤਾ ਪਾਸ ਕਰ ਦਿਤਾ ਗਿਆ।ਦਲਬੀਰ ਸਿੰਘ ਕੋਈ ਆਮ ਸੀਨੀਅਰ ਨਹੀਂ ਹੈ। ਕਾਫੀ ਰੜ੍ਹਿਆ ਖੁੜ੍ਹਿਆ ਇਨਸਾਨ ਹੈ। ਨਾ ਕਦੇ ਉਹ ਤਾਸ਼ ਖੇਡਦਾ ਹੈ, ਨਾ ਕਬੱਡੀ ਦੇ ਮੈਚ ਵੇਖਣ ਜਾਂਦਾ ਹੈ, ਨਾ ਉਹ ਲੱਚਰ ਗਾਇਕਾਂ ਦੇ ਅਖਾੜੇ ਵੇਖਦਾ ਸੁਣਦਾ ਹੈ ਅਤੇ ਨਾ ਹੀ ਪਾਰਕਾਂ ਵਿਚ ਬੈਠਕੇ ਯੱਕੜ ਮਾਰਦਾ ਹੈ ਕਿਓਂਕਿ ਇਹ ਸਭ ਕੁਝ ਅਨਪੜ੍ਹਾਂ ਦਾ ਸ਼ੌਕ ਹੁੰਦਾ ਹੈ।
ਪੰਜਾਬ ਵਿਚ ਉਹ ਇਲੈਕਟਰੀ ਸਿਟੀ ਬੋਰਡ ਵਿਚ ਚੀਫ ਇੰਜੀਨੀਅਰ ਦੀ ਪਦਵੀ ਤੋਂ ਰੀਟਾਇਰ ਹੋ ਕੇ ਕੈਨੇਡਾ ਆਇਆ ਹੈ। ਜੀਟੀਏ ਵਿਚ ਉਹ ਕਈ ਐਸੇ ਆਪੂ ਬਣੇ ਲੀਡਰਾਂ ਨੂੰ ਪਹਿਚਾਣਦਾ ਹੈ ਜੋ ਬਿਜਲੀ ਚੋਰੀ ਦੇ ਕੇਸਾਂ ਵਿਚ ਕੱਟੇ ਕਨੈਕਸ਼ਨਾਂ ਨੂੰ ਦੁਬਾਰਾ ਜੋੜਨ ਲਈ ਉਸਦੇ ਤਰਲੇ ਕਰਿਆ ਕਰਦੇ ਸਨ। ਪਰ ਉਸ ਕਦੇ ਬਿਲ ਦੀ ਸਹੀ ਅਦਾਇਗੀ ਵਸੂਲੇ ਬਿਨਾ ਕਿਸੇ ਦਾ ਕੁਨੈਕਸ਼ਨ ਨਹੀਂ ਸੀ ਮਨਜੂਰ ਕੀਤਾ। ਉਸ ਮੁਤਾਬਿਕ ਪੰਜਾਬੀ ਭਾਈਚਾਰੇ ਨੇ ਜੇਕਰ ਕੈਨੇਡਾ ਵਿਚ ਇਜ਼ਤ ਪਾਉਣੀ ਹੈ ਤਾਂ ਭਲੇ ਅਤੇ ਪੜ੍ਹੇ ਲਿਖੇ ਲੋਕਾਂ ਨੂੰ ਸਹਿਯੋਗ ਦੇਣਾ ਸਿੱਖਣ।
ਅਜੀਤ ਸਿੰਘ ਰੱਖੜਾ 905 794 7882

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …