Breaking News
Home / ਹਫ਼ਤਾਵਾਰੀ ਫੇਰੀ / ਬਲੈਕ ਮਨੀ ਖਿਲਾਫ਼ ਮੋਦੀ ਦਾ ਵੱਡਾ ਫੈਸਲਾ

ਬਲੈਕ ਮਨੀ ਖਿਲਾਫ਼ ਮੋਦੀ ਦਾ ਵੱਡਾ ਫੈਸਲਾ

6ਅਮਰੀਕਾ ਵੋਟ ਗਿਣਦਾ ਰਿਹਾ ਤੇ ਭਾਰਤ ਨੋਟ ਗਿਣਦਾ ਰਿਹਾ
500-1000 ਦੇ ਨੋਟ ਬੰਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਜਿਵੇਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਮੰਗਲਵਾਰ ਦੀ ਦੇਰ ਸ਼ਾਮ ਨੂੰ ਦਲੇਰਨਾਮਾ ਫੈਸਲਾ ਲੈਂਦਿਆਂ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ, ਉਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵੱਖੋ-ਵੱਖ ਤਰ੍ਹਾਂ ਦੇ ਕੁਮੈਂਟਾਂ ਦਾ ਹੜ੍ਹ ਆ ਗਿਆ। ਜਿੱਥੇ ਜ਼ਿਆਦਾਤਰ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਕੰਮ ਨੂੰ ਸਲਾਹਿਆ ਉਥੇ ਕੁਝ ਕੁਮੈਂਟ ਮੁਸਕਰਾਉਣ ਲਈ ਵੀ ਮਜਬੂਰ ਕਰ ਗਏ। ਜਿਨ੍ਹਾਂ ਵਿਚ ਸੀ ਕਿ ‘ਅੱਜ ਰਾਤ ਨੂੰ ਭਾਰਤ ‘ਚ ਜਿਨ੍ਹਾਂ ਦੇ ਘਰਾਂ ਦੀ ਲਾਈਟ 10 ਵਜੇ ਤੋਂ ਬਾਅਦ ਜਗ ਰਹੀ ਹੈ ਸਮਝ ਲਓ ਉਹ ਨੋਟ ਗਿਣ ਰਹੇ ਹਨ।’ ਇੰਝ ਹੀ ਇਕ ਕੁਮੈਂਟ ਸੀ ਕਿ ‘ਅੱਜ ਅਮਰੀਕਾ ਵੋਟ ਗਿਣ ਰਿਹਾ ਹੈ ਤੇ ਭਾਰਤ ਨੋਟ ਗਿਣ ਰਿਹਾ ਹੈ।’ ਇਸੇ ਤਰ੍ਹਾਂ ਦਾ ਇਕ ਹੋਰ ਨੇ ਲਿਖਿਆ ‘ਮੋਦੀ ਪਲੇਡ ਟਰੰਪ ਕਾਰਡ, ਪੂਰੀ ਇੰਡੀਆ ਹਿੱਲੀ ਰੇ’। ਜ਼ਿਕਰਯੋਗ ਹੈ ਕਿ ਰਾਸ਼ਟਰ ਦੇ ਨਾਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲੈਕ ਮਨੀ ਅਤੇ ਨਕਲੀ ਨੋਟਾਂ ਦੇ ਖਿਲਾਫ਼ ਵੱਡਾ ਫੈਸਲਾ ਲੈਂਦਿਆਂ ਮੰਗਲਵਾਰ ਦੀ ਅੱਧੀ ਰਾਤ ਤੋਂ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ। ਜਿਸ ਨਾਲ ਇਕ ਵਾਰ ਤਾਂ ਭਾਰਤ ‘ਚ ਭੂਚਾਲ ਜਿਹਾ ਆ ਗਿਆ। ਪਰ ਲੋਕਾਂ ਨੂੰ 30 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਕਿ ਉਹ ਆਪਣੇ ਖਾਤਿਆਂ ‘ਚ ਇਹ ਨੋਟ ਜਮ੍ਹਾਂ ਕਰਵਾ ਦੇਣ। ਮੋਦੀ ਦੇ ਇਸ ਫੈਸਲੇ ਨਾਲ ਬਲੈਕ ਮਨੀ ਅਤੇ ਨਕਲੀ ਨੋਟ ਭਾਰਤੀ ਮਾਰਕੀਟ ਵਿਚੋਂ ਖਤਮ ਹੋ ਜਾਣਗੇ ਤੇ ਦੇਸ਼ ਦੀ ਆਰਥਿਕਤਾ ‘ਚ ਮਜ਼ਬੂਤੀ ਆਵੇਗੀ।
ਕਰੰਸੀ ਦਾ ਰੰਗ ਬਦਲਿਆ : ਪੰਜਾਬ ਦੇ ਸਿਆਸੀ ਦਲਾਂ ਦੀ ਤਿਆਰੀ ਦਾ ਰੰਗ ਪਿਆ ਫਿੱਕਾ
ਗਿਣਤੀਆਂ-ਮਿਣਤੀਆਂ ਹੋਈਆਂ ਫੇਲ੍ਹ, ਚੋਣਾਂ ‘ਚ 500 ਕਰੋੜ ਤੋਂ ਜ਼ਿਆਦਾ ਕਾਲੇ ਧਨ ਦੀ ਵਰਤੋਂ ਦੇ ਸਨ ਆਸਾਰ
ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਕਰੰਸੀ ਨੋਟ ਬੰਦ ਕਰਨ ਦੇ ਫੈਸਲੇ ਨਾਲ ਪੰਜਾਬ ਦੀਆਂ ਸਿਆਸੀ ਧਿਰਾਂ ਵੱਲੋਂ ਰਾਜ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਲੇ ਧਨ ਦੀ ਵਰਤੋਂ ਕਰਨੀ ਇੱਕ ਤਰ੍ਹਾਂ ਨਾਲ ਅਸੰਭਵ ਹੋ ਗਈ ਹੈ। ਇਸ ਫ਼ੈਸਲੇ ਨਾਲ ਪੰਜਾਬ ਦੀਆਂ ਰਾਜਸੀ ਪਾਰਟੀਆਂ ਦੀਆਂ ਗਿਣਤੀਆਂ-ਮਿਣਤੀਆਂ ਫੇਲ੍ਹ ਹੋ ਗਈਆਂ। ਇਸ ਫੈਸਲੇ ਤੋਂ ਬਾਅਦ ਚੋਣ ਕਮਿਸ਼ਨ ਨੇ ਵੀ ਆਮਦਨ ਕਰ ਵਿਭਾਗ ਰਾਹੀਂ ਸਿਆਸਤਦਾਨਾਂ ਵੱਲੋਂ ਕਰੰਸੀ ਤਬਦੀਲ ਕੀਤੇ ਜਾਣ ਦੀ ਪੈੜ ਨੱਪਣੀ ਆਰੰਭ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ‘ਆਪ’ ਦੇ ਸੰਭਾਵੀ ਤੇ ਐਲਾਨੇ ਜਾ ਚੁੱਕੇ ਉਮੀਦਵਾਰਾਂ ਨਾਲ ਗੱਲ ਕਰਨ ਤੋਂ ਇਹ ਤੱਥ ਸਾਹਮਣੇ ਆਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਰੀਬ 500 ਕਰੋੜ ਰੁਪਏ ਦੇ ਕਾਲੇ ਧਨ ਦੀ ਵਰਤੋਂ ਹੋਣੀ ਸੀ।
ਗੱਲਬਾਤ ਦੌਰਾਨ ਕਾਂਗਰਸ ਦੇ ਸੰਭਾਵੀ ਉਮੀਦਵਾਰਾਂ ਨੇ ਜਿੱਥੇ 5 ਤੋਂ 7 ਕਰੋੜ ਰੁਪਏ ਪ੍ਰਤੀ ਉਮੀਦਵਾਰ ਖ਼ਰਚ ਹੋਣ ਦੀ ਗੱਲ ਕਹੀ, ਉਥੇ ਅਕਾਲੀ ਦਲ ਦੇ ਸੰਭਾਵੀ ਉਮੀਦਵਾਰਾਂ ਨੇ ਇਹ ਖ਼ਰਚਾ 8 ਤੋਂ 10 ਕਰੋੜ ਤੇ ‘ਆਪ’ ਉਮੀਦਵਾਰਾਂ ਨੇ 1 ਤੋਂ 2 ਕਰੋੜ ਰੁਪਏ ਤੱਕ ਦੱਸਿਆ ਹੈ। ਪਾਰਟੀਆਂ ਵੱਲੋਂ ਕੀਤਾ ਜਾਣ ਵਾਲਾ ਖ਼ਰਚ ਵੱਖਰਾ ਹੈ। ਕੁਝ ਉਮੀਦਵਾਰਾਂ ਨੇ ਇਸ ਫੈਸਲੇ ‘ਤੇ ਖੁਸ਼ੀ ਵੀ ਪ੍ਰਗਟਾਈ ਹੈ। ਪੰਜਾਬ ਦੇ ਰਾਜਸੀ ਹਲਕਿਆਂ ਵਿੱਚ ਪ੍ਰਭਾਵ ਹੈ ਕਿ ਇਕ ਦਹਾਕੇ ਤੋਂ ਹਕੂਮਤ ‘ਤੇ ਕਾਬਜ਼ ਅਕਾਲੀ ਦਲ ਵੱਲੋਂ ਸਭ ਤੋਂ ਜ਼ਿਆਦਾ ਧਨ ਬਲ ਵਰਤੀ ਜਾਣੀ ਹੈ। ਸਾਲ 2012 ਦੀਆਂ ਚੋਣਾਂ ਦੌਰਾਨ ਵੀ ਇਹੀ ਪ੍ਰਭਾਵ ਬਣਿਆ ਸੀ। ਚੋਣ ਕਮਿਸ਼ਨ ਵੱਲੋਂ ਵੀ ਚੋਣਾਂ ਦੌਰਾਨ ਕਾਲੇ ਧਨ ਦੀ ਵਰਤੋਂ ਰੋਕਣ ਲਈ ਕਈ ਕਦਮ ਚੁੱਕੇ ਜਾਂਦੇ ਰਹੇ ਹਨ ਪਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਦਾ ਰਾਜਸੀਕਰਨ ਹੋਣ ਕਾਰਨ ਇਸ ਵਿਚ ਖ਼ਾਸ ਕਾਮਯਾਬੀ ਨਹੀਂ ਮਿਲੀ। ਕਮਿਸ਼ਨ ਨੇ 2012 ਤੇ 14 ਦੀਆਂ ਚੋਣਾਂ ਦੌਰਾਨ ਪੰਜਾਬ ਵਿੱਚੋਂ ਕਰੋੜਾਂ ਰੁਪਏ ਜ਼ਬਤ ਤਾਂ ਕੀਤੇ ਪਰ ਇਹ ਪੈਸਾ ਸਿਆਸੀ ਧਿਰਾਂ ਦਾ ਨਹੀਂ, ਆਮ ਲੋਕਾਂ ਦਾ ਹੀ ਸੀ। ਵਿਧਾਨ ਸਭਾ ਚੋਣਾਂ ਲੜਨ ਲਈ ਰਾਜਸੀ ਪਾਰਟੀਆਂ ਵੱਲੋਂ ਲਗਾਤਾਰ ਪੈਸਾ ਇਕੱਠਾ ਕੀਤਾ ਜਾ ਰਿਹਾ ਸੀ, ਜੋ ਇੱਕੋ ਝਟਕੇ ਨਾਲ ਮਹਿਜ਼ ਕਾਗਜ਼ ਬਣ ਗਿਆ ਹੈ।
ਵਿਆਹਾਂ-ਸ਼ਾਦੀਆਂ ‘ਤੇ ਸਭ ਤੋਂ ਮਾੜਾ ਅਸਰ :ਕੇਂਦਰ ਸਰਕਾਰ ਵੱਲੋਂ 500 ਤੇ ਇਕ ਹਜ਼ਾਰ ਦੇ ਨੋਟ ਬੰਦ ਕਰਨ ਦੇ ਫੈਸਲੇ ਨਾਲ ਵਿਆਹ-ਸ਼ਾਦੀਆਂ ‘ਤੇ ਬਹੁਤ ਮਾਰੂ ਅਸਰ ਪੈ ਰਿਹਾ ਹੈ। ਇਸੇ ਤਰ੍ਹਾਂ ਕਿਸਾਨਾਂ ਨੂੰ ਫ਼ਸਲੀ ਕਰਜ਼ੇ (ਲਿਮਿਟ) ਬੈਂਕਾਂ ਨੂੰ ਅਦਾ ਕਰਕੇ ਤੁਰੰਤ ਅਦਾਇਗੀ ਲੈਣੀ ਵੀ ਮੁਸ਼ਕਿਲ ਹੋਵੇਗੀ।

Check Also

ਉਨਟਾਰੀਓ ‘ਚ ਕਾਮਿਆਂ ਦੀ ਗੁਲਾਮੀ ਦਾ ਦੌਰ ਹੋਵੇਗਾ ਖ਼ਤਮ : ਕਿਰਤ ਮੰਤਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ ਉਨਟਾਰੀਓ ਪ੍ਰਾਂਤ ‘ਚ ਖੁੰਬਾਂ ਵਾਂਗ ਉੱਗਦੀਆਂ ਰੋਜ਼ਗਾਰ ਏਜੰਸੀਆਂ ‘ਚ ਕਾਮਿਆਂ ਨਾਲ ਹੁੰਦੇ …