ਚੰਡੀਗੜ੍ਹ/ਬਿਊਰੋ ਨਿਊਜ਼
ਰਾਜਪੁਰਾ ਦੇ ਪਟੇਲ ਪਬਲਿਕ ਸਕੂਲ ਦੀ ਪ੍ਰਿੰਸੀਪਲ ਅੰਜਲੀ ਸਿੰਘ ਨੇ ਕਾਂਗਰਸ ਪਾਰਟੀ ਦੇ ਰਾਜਪੁਰਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਰਦਿਆਲ ਕੰਬੋਜ ‘ਤੇ ਗੰਭੀਰ ਦੋਸ਼ ਲਗਾਏ ਹਨ। ਅੰਜਲੀ ਸਿੰਘ ਨੇ ਕਿਹਾ ਕਿ ਕੰਬੋਜ਼ ਉਨ੍ਹਾਂ ‘ਤੇ ਮਾਨਸ਼ਿਕ ਤਸ਼ੱਦਦ ਕਰਦੇ ਹਨ ਤੇ ਵਾਰ-ਵਾਰ ਇਹ ਕਹਿ ਰਹੇ ਹਨ ਕਿ ਮੈਨੂੰ ਮਿਲਦੀ ਗਿਲਦੀ ਰਿਹਾ ਕਰ। ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਜਲੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਿੰਸੀਪਲ ਵਜੋਂ ਨਿਯੁਕਤੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਇੰਟਰਵਿਊ ਕਮੇਟੀ ਨੇ ਕੀਤੀ ਸੀ। ਪਰ ਜਦੋਂ ਤੋਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਆਈ ਤਾਂ ਹਰਦਿਆਲ ਸਿੰਘ ਕੰਬੋਜ ਮਨਮਾਨੀਆਂ ‘ਤੇ ਉੱਤਰ ਆਏ। ਉਨ੍ਹਾਂ ਦਬਾਅ ਪਾ ਕੇ ਅਧਿਆਪਕ ਅਤੇ ਹੋਰ ਮੁਲਾਜ਼ਮ ਸਕੂਲ ਵਿਚ ਭਰਤੀ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਇਹ ਸੁਨੇਹੇ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਮੈਨੂੰ ਘਰ ਆ ਕੇ ਮਿਲਿਆ ਕਰੋ।
ਇਸ ਮਾਮਲੇ ਬਾਰੇ ਅੰਜਲੀ ਸਿੰਘ ਨੇ ਸ਼ਿਕਾਇਤ ਵੁਮੈਨ ਕਮਿਸ਼ਨਰ ਦੀ ਚੇਅਰਮੈਨ ਬੀਬੀ ਪਰਮਜੀਤ ਕੌਰ ਲਾਂਡਰਾ ਨੂੰ ਦਿੱਤੀ ਹੈ।
ਬੀਬੀ ਲਾਂਡਰਾ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਜਲਦੀ ਹੀ ਜਾਂਚ ਕਰਕੇ ਇਸ ਮਾਮਲੇ ਬਾਰੇ ਨੋਟਿਸ ਜਾਰੀ ਕੀਤਾ ਜਾਵੇਗਾ।