ਪੈਗਾਸਸ ਦੀ ਸੂਚੀ ‘ਚ ਰਾਹੁਲ, ਪ੍ਰਸ਼ਾਂਤ ਕਿਸ਼ੋਰ, ਅਭਿਸ਼ੇਕ ਬੈਨਰਜੀ, ਅਸ਼ੋਕ ਲਵਾਸਾ ਦੇ ਨਾਂ ਵੀ ਸ਼ਾਮਲ
ਨਵੀਂ ਦਿੱਲੀ : ਇੱਕ ਕੌਮਾਂਤਰੀ ਮੀਡੀਆ ਸਮੂਹ ਨੇ ਇੱਕ ਰਿਪੋਰਟ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਦੀ ਮਦਦ ਨਾਲ ਜਿਨ੍ਹਾਂ ਭਾਰਤੀ ਲੋਕਾਂ ਦੀ ਜਾਸੂਸੀ ਕੀਤੀ ਗਈ ਹੈ ਉਨ੍ਹਾਂ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਭਾਜਪਾ ਦੇ ਮੰਤਰੀਆਂ ਅਸ਼ਵਿਨੀ ਵੈਸ਼ਨਵ ਤੇ ਪ੍ਰਹਿਲਾਦ ਜੋਸ਼ੀ, ਸਾਬਕਾ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਅਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਫੋਨ ਨੰਬਰ ਸ਼ਾਮਲ ਹਨ। ‘ਦਿ ਵਾਇਰ’ ਨਿਊਜ਼ ਪੋਰਟਲ ਜਿਸ ਨੇ ਇਸ ਘਟਨਾ ਨੂੰ ਪੈਗਾਸਸ ਪ੍ਰਾਜੈਕਟ ਦਾ ਨਾਂ ਦਿੱਤਾ ਹੈ, ਨੇ ਕਿਹਾ ਕਿ ਇਨ੍ਹਾਂ ਫੋਨ ਨੰਬਰਾਂ ਦੀ ਸੂਚੀ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਤੇ ਟੀਐੱਮਸੀ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦਾ ਫੋਨ ਨੰਬਰ ਅਤੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ‘ਤੇ ਅਪਰੈਲ 2019 ‘ਚ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਸੁਪਰੀਮ ਕੋਰਟ ਨਾਲ ਸਬੰਧਤ ਮੁਲਾਜ਼ਮ ਮਹਿਲਾ ਤੇ ਉਸ ਦੇ ਰਿਸ਼ਤੇਦਾਰਾਂ ਦੇ 11 ਫੋਨ ਨੰਬਰ ਵੀ ਸ਼ਾਮਲ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਸ਼ਵਿਨੀ ਵੈਸ਼ਨਵ ਜੋ ਇਸ ਸਮੇਂ ਭਾਰਤ ਤੇ ਆਈਟੀ ਮੰਤਰੀ ਹਨ, ਉਨ੍ਹਾਂ 300 ਭਾਰਤੀਆਂ ‘ਚ ਸ਼ਾਮਲ ਹਨ ਜਿਨ੍ਹਾਂ ਦੀ 2017-19 ਦਰਮਿਆਨ ਜਾਸੂਸੀ ਕੀਤੀ ਗਈ ਹੈ। ਪ੍ਰਹਿਲਾਦ ਜੋਸ਼ੀ ਵੀ ਇਸ ਸਮੇਂ ਕੇਂਦਰ ਸਰਕਾਰ ਦੇ ਮੰਤਰੀ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵਰਤੇ ਜਾ ਰਹੇ ਦੋਵੇਂ ਫੋਨ ਨੰਬਰ ਜਾਸੂਸੀ ਵਾਲੇ ਫੋਨ ਨੰਬਰਾਂ ਦੀ ਸੂਚੀ ‘ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਸੂਚੀ ‘ਚ ਹੋਰਨਾਂ ਤੋਂ ਇਲਾਵਾ ਜਮਹੂਰੀ ਸੁਧਾਰ ਬਾਰੇ ਐਸੋਸੀਏਸ਼ਨ (ਏਡੀਆਰ) ਦੇ ਜਗਦੀਪ ਛੋਕਰ, ਵਾਇਰਸ ਰੋਗਾਂ ਦੇ ਮਾਹਿਰ ਗਗਨਦੀਪ ਕੰਗ, ਵਸੁੰਧਰਾ ਰਾਜੇ ਸਿੰਧੀਆ ਦੇ ਰਾਜਸਥਾਨ ਦੇ ਮੁੱਖ ਮੰਤਰੀ ਹੋਣ ਸਮੇਂ ਉਨ੍ਹਾਂ ਦੇ ਨਿੱਜੀ ਸਕੱਤਰ, 2014-15 ਦੌਰਾਨ ਸਮ੍ਰਿਤੀ ਇਰਾਨੀ ਦੇ ਦਫ਼ਤਰ ਦੇ ਓਐੱਸਡੀ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਵੀਨ ਤੋਗੜੀਆ, ਬਿੱਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਮੁਖੀ ਹਰੀ ਮੈਨਨ ਦੇ ਫੋਨ ਨੰਬਰ ਵੀ ਸ਼ਾਮਲ ਹਨ।
ਕੇਂਦਰ ਸਰਕਾਰ ਨੇ ਜਮਹੂਰੀ ਰਾਜਨੀਤੀ ‘ਤੇ ਹਮਲਾ ਕੀਤਾ: ਕੈਪਟਨ ਅਮਰਿੰਦਰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੈਗਾਸਸ ਜਾਸੂਸੀ ਮੁੱਦੇ ‘ਤੇ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਇਸ ਨੂੰ ਦੇਸ਼ ਦੀ ਜਮਹੂਰੀਅਤ ‘ਤੇ ‘ਹੈਰਾਨ ਕਰਨਾ ਵਾਲਾ ਹਮਲਾ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਅਮਰਿੰਦਰ ਸਿੰਘ ਨੇ ਕਿਹਾ, ‘ਇਹ ਕੇਂਦਰ ਸਰਕਾਰ ਵੱਲੋਂ ਭਾਰਤ ਦੀ ਜਮਹੂਰੀ ਰਾਜਨੀਤੀ ‘ਤੇ ‘ਹੈਰਾਨ ਕਰਨ ਵਾਲਾ ਹਮਲਾ’ ਅਤੇ ‘ਸ਼ਰਮਨਾਕ ਹਮਲਾ’ ਹੈ। ਉਨ੍ਹਾਂ ਕਿਹਾ ਕਿ ਇਜ਼ਰਾਇਲੀ ਕੰਪਨੀ ਵੱਲੋਂ ਅਜਿਹੀ ਜਾਸੂਸੀ ਕੇਂਦਰ ਸਰਕਾਰ ਦੀ ਆਗਿਆ ਦੇ ਬਿਨਾਂ ਨਹੀਂ ਕੀਤੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ, ‘ਇਹ ਨਾ ਸਿਰਫ ਵਿਅਕਤੀਗਤ ਹਮਲਾ ਹੈ ਬਲਕਿ ਸਾਡੇ ਦੇਸ਼ ਦੀ ਸੁਰੱਖਿਆ ‘ਤੇ ਵੀ ਹਮਲਾ ਹੈ।’
ਜਾਸੂਸੀ ਦੇ ਮੁੱਦੇ ‘ਤੇ ਵਿਰੋਧੀ ਧਿਰਾਂ ਵੱਲੋਂ ਸਰਕਾਰ ‘ਤੇ ਹਮਲੇ
ਨਵੀਂ ਦਿੱਲੀ: ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਰਾਹੀਂ ਕਈ ਅਹਿਮ ਲੋਕਾਂ ਦੀ ਕਥਿਤ ਤੌਰ ‘ਤੇ ਜਾਸੂਸੀ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਤੇ ਇਸ ਮਾਮਲੇ ਦੀ ਆਜ਼ਾਦਾਨਾ ਜਾਂਚ ਕਰਵਾਉਣ ਦੀ ਮੰਗ ਕੀਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ‘ਤੇ ਇਸ ਮਾਮਲੇ ਨੂੰ ਲੈ ਕੇ ਤਨਜ਼ ਕੀਤਾ। ਉਨ੍ਹਾਂ ਟਵੀਟ ਕੀਤਾ, ‘ਅਸੀਂ ਜਾਣਦੇ ਹਾਂ ਕਿ ਉਹ ਤੁਹਾਡੇ ਫੋਨ ‘ਚ ਸਭ ਕੁਝ ਪੜ੍ਹ ਰਹੇ ਹਨ।’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ‘ਜੇਕਰ ਇਹ ਸਹੀ ਹੈ ਤਾਂ ਮੋਦੀ ਸਰਕਾਰ ਨੇ ਨਿੱਜਤਾ ਦੇ ਅਧਿਕਾਰ ‘ਤੇ ਭਿਆਨਕ ਹਮਲਾ ਸ਼ੁਰੂ ਕਰ ਦਿੱਤਾ ਹੈ। ਇਹ ਲੋਕਤੰਤਰ ਦਾ ਅਪਮਾਨ ਹੈ ਅਤੇ ਸਾਡੀ ਆਜ਼ਾਦੀ ‘ਤੇ ਵੀ ਇਸ ਦੇ ਕਈ ਮਾੜੇ ਪ੍ਰਭਾਵ ਹਨ।’ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, ‘ਭਾਜਪਾ ਹੁਣ ਭਾਰਤੀ ਜਾਸੂਸ ਪਾਰਟੀ ਬਣ ਗਈ ਹੈ। ਰਾਹੁਲ ਗਾਂਧੀ ਤੇ ਕਈ ਵਿਰੋਧੀ ਨੇਤਾਵਾਂ, ਮੀਡੀਆ ਸਮੂਹਾਂ, ਜੱਜਾਂ ਤੇ ਕਈ ਅਹਿਮ ਹਸਤੀਆਂ ਦੀ ਜਾਸੂਸੀ ਕਰਵਾਈ ਗਈ।’
ਉਮਰ ਖਾਲਿਦ, ਅਨਿਰਬਾਨ ਸਣੇ ਕਈ ਕਾਰਕੁਨਾਂ ਦੀ ਹੋਈ ਜਾਸੂਸੀ
ਨਵੀਂ ਦਿੱਲੀ : ਇਜ਼ਰਾਇਲੀ ਸਪਾਈਵੇਅਰ ਪੈਗਾਸਸ ਦੀ ਮਦਦ ਨਾਲ ਜਿਨ੍ਹਾਂ ਭਾਰਤੀਆਂ ਦੀ ਜਾਸੂਸੀ ਕੀਤੀ ਗਈ, ਉਨ੍ਹਾਂ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ, ਅਨਿਰਬਾਨ ਭੱਟਾਚਾਰੀਆ, ਬੰਜਿਓਤਸਾਨਾ ਲਹਿਰੀ ਅਤੇ ਕਈ ਪ੍ਰਮੁੱਖ ਕਾਰਕੁਨਾਂ ਦੇ ਨਾਂ ਸ਼ਾਮਲ ਹਨ। ਕੌਮਾਂਤਰੀ ਮੀਡੀਆ ਸਮੂਹ ਦੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ।