ਹਨੀਪ੍ਰੀਤ ਨੇ ਜੇਲ੍ਹ ਬਦਲਣ ਲਈ ਦਿੱਤੀ ਅਰਜ਼ੀ
ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਨੇ ਅੰਬਾਲਾ ਸੈਂਟਰਲ ਜੇਲ੍ਹ ਤੋਂ ਬਦਲਣ ਦੀ ਅਰਜ਼ੀ ਦਿੱਤੀ ਹੈ ਅਤੇ ਹਨੀਪੀ੍ਰਤ ਰੋਹਤਕ ਦੀ ਸੁਨਾਰੀਆ ਜੇਲ੍ਹ ਜਾਣਾ ਚਾਹੁੰਦੀ ਹੈ।ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇਨ੍ਹਾਂ ਦਿਨਾਂ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਹੀ ਬੰਦ ਹੈ। ਦੂਜੇ ਪਾਸੇ, ਸਾਧਵੀਆਂ ਦੇ ਸਰੀਰਕ ਸ਼ੋਸ਼ਣ ਵਿਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਹਾਲੇ ਪੈਰੋਲ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।
ਡੇਰਾ ਮੁਖੀ ਵਲੋਂ ਪੈਰੋਲ ਮੰਗਣ ਸਬੰਧੀ ਕੋਈ ਅਰਜ਼ੀ ਸਰਕਾਰ ਕੋਲ ਨਹੀਂ ਪਹੁੰਚੀ ਹੈ। ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹਨੀਪ੍ਰੀਤ ਨੇ ਅੰਬਾਲਾ ਸੈਂਟਰਲ ਜੇਲ੍ਹ ਵਿਚੋਂ ਕਿਸੇ ਹੋਰ ਜੇਲ੍ਹ ਵਿਚ ਬਦਲਣ ਦੀ ਅਰਜ਼ੀ ਦਿੱਤੀ ਹੈ ਪਰ ਉਨ੍ਹਾਂ ਨੇ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਕਿ ਉਹ ਕਿਸ ਜੇਲ੍ਹ ਵਿਚ ਜਾਣਾ ਚਾਹੁੰਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹਨੀਪ੍ਰੀਤ ਨੇ ਆਪਣੀ ਅਰਜ਼ੀ ਵਿਚ ਸੁਨਾਰੀਆ ਜੇਲ੍ਹ ਦਾ ਵੀ ਜ਼ਿਕਰ ਕੀਤਾ ਹੈ। ਇਸ ਜੇਲ੍ਹ ਵਿਚ ਗੁਰਮੀਤ ਰਾਮ ਰਹੀਮ ਨੂੰ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਨੇ ਵੀ ਹਨੀਪ੍ਰੀਤ ਨੂੰ ਸੁਨਾਰੀਆ ਜੇਲ੍ਹ ਵਿਚ ਲਿਆਉਣ ਦੀ ਮੰਗ ਕੀਤੀ ਸੀ, ਜਿਸ ਨੂੰ ਖ਼ਾਰਜ ਕਰ ਦਿੱਤਾ ਗਿਆ ਸੀ।
ਜੇਲ੍ਹ ਮੰਤਰੀ ਪੰਵਾਰ ਨੇ ਕਿਹਾ ਕਿ ਹਨੀਪ੍ਰੀਤ ਦੀ ਅਰਜ਼ੀ ਦੀ ਆਈ.ਜੀ. ਪੱਧਰ ਦੇ ਅਧਿਕਾਰੀ ਤੋਂ ਜਾਂਚ ਕਰਵਾਈ ਜਾਵੇਗੀ। ਜੇਕਰ ਜੇਲ੍ਹ ਬਦਲੀ ਕਰਨ ਦਾ ਆਧਾਰ ਠੀਕ ਮਿਲਿਆ ਤਾਂ ਅਦਾਲਤੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਦੱਸਿਆ ਕਿ ਰਾਮ ਰਹੀਮ ਨੇ ਪਰਿਵਾਰ ਨਾਲ ਫ਼ੋਨ ‘ਤੇ ਗੱਲ ਕਰਨ ਲਈ ਅਪਲਾਈ ਕੀਤਾ ਹੈ, ਤਾਂ ਕਿ ਉਹ ਪਰਿਵਾਰ ਨਾਲ ਗੱਲਬਾਤ ਕਰ ਸਕੇ, ਪਰ ਪੁਲਿਸ ਵਿਭਾਗ ਅਤੇ ਪ੍ਰਸ਼ਾਸਨ ਤੋਂ ਹਾਲੇ ਤਕ ਐਨ.ਓ.ਸੀ ਨਹੀਂ ਮਿਲਿਆ ਹੈ। ਜਿਸ ਦੇ ਚੱਲਦੇ ਹਾਲੇ ਉਹ ਫ਼ੋਨ ‘ਤੇ ਜੇਲ੍ਹ ਵਿਚ ਆਪਣੇ ਪਰਿਵਾਰ ਨਾਲ ਗੱਲਬਾਤ ਨਹੀਂ ਕਰ ਰਿਹਾ। ਮੰਤਰੀ ਨੇ ਦੱਸਿਆ ਕਿ ਹਨੀਪ੍ਰੀਤ ਨੇ ਜੇਲ੍ਹ ਬਦਲਣ ਦੀ ਅਰਜ਼ੀ ਲਗਾਈ ਸੀ ਪਰ ਹਾਲੇ ਤਕ ਉਸ ‘ਤੇ ਕੋਈ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਰਾਮ ਰਹੀਮ ਅਤੇ ਹਨੀਪ੍ਰੀਤ ਦਾ ਜੇਲ੍ਹ ਵਿਚ ਵਿਹਾਰ ਸਾਧਾਰਨ ਹੈ। ਉਨ੍ਹਾਂ ਦੱਸਿਆ ਕਿ ਰਾਮ ਰਹੀਮ ਜੇਲ੍ਹ ਵਿਚ ਆਪਣੇ ਰੋਜ਼ਾਨਾ ਦੇ ਕੰਮ ਕਰਦਾ ਹੈ ਅਤੇ ਜੇਲ੍ਹ ਵਿਚ ਕਿਸੇ ਨੂੰ ਕੋਈ ਤਕਲੀਫ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਨਿਯਮਾਂ ਦੇ ਮੁਤਾਬਕ ਹੀ ਫ਼ੋਨ ‘ਤੇ ਗੱਲਬਾਤ ਅਤੇ ਮੁਲਾਕਾਤ ਹੁੰਦੀ ਹੈ।
ਰਾਮ ਰਹੀਮ ਤੇ ਅਕਸ਼ੈ ਕੁਮਾਰ ਦੇ ਸਬੰਧ ਸਾਬਤ ਕਰਨ ਲਈ ਲੋੜੀਂਦੇ ਸਬੂਤ ਮੌਜੂਦ : ਜਲਾਲ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਫਿਲਮ ਅਦਾਕਾਰ ਅਕਸ਼ੈ ਕੁਮਾਰ ‘ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਸਬੰਧਾਂ ਨੂੰ ਛੁਪਾਉਣ ਦੇ ਦੋਸ਼ ਲਾਏ ਹਨ। ਇੱਥੇ ਪੱਤਰਕਾਰਾਂ ਨਾਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੰਬਈ ਵਿੱਚ ਅਕਸ਼ੈ ਕੁਮਾਰ ਦੀ ਰਿਹਾਇਸ਼ ਨੇੜੇ ਹੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਫਲੈਟ ਲੈਣ ਮਗਰੋਂ ਫ਼ਿਲਮ ਅਦਾਕਾਰ ਦੀ ਪਤਨੀ ਟਵਿੰਕਲ ਖੰਨਾ ਵੱਲੋਂ ਖੁਸ਼ੀ ਮਨਾਉਣੀ ਅਤੇ ਅਸਿੱਧੇ ਢੰਗ ਨਾਲ ਨੇੜਤਾ ਜ਼ਾਹਿਰ ਕਰਨੀ ਸਾਬਤ ਕਰਦਾ ਹੈ ਕਿ ਅਕਸ਼ੈ ਕੁਮਾਰ, ਡੇਰਾ ਮੁਖੀ ਨਾਲ ਸਬੰਧਾਂ ‘ਤੇ ਪਰਦਾ ਪਾਉਣ ਲਈ ਝੂਠ ਬੋਲ ਰਿਹਾ ਹੈ। ਸਾਬਕਾ ਵਿਧਾਇਕ ਨੇ ਮੀਡੀਆ ਨੂੰ ਅਕਸ਼ੈ ਕੁਮਾਰ ਦੀ ਡੇਰਾ ਮੁਖੀ ਨਾਲ ਸਬੰਧਾਂ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕਥਿਤ ਮੀਟਿੰਗ ਸਬੰਧੀ ਸਬੂਤ ਦੇਣ ਤੋਂ ਨਾਂਹ ਕਰ ਦਿੱਤੀ।
ਜਲਾਲ ਪੱਤਰਕਾਰਾਂ ਦੇ ਕਈ ਸਵਾਲਾਂ ਦੇ ਢੁਕਵੇਂ ਜਵਾਬ ਨਾ ਦੇ ਸਕੇ। ਉਨ੍ਹਾਂ ਏਨਾ ਜ਼ਰੂਰ ਕਿਹਾ ਕਿ ਜੇਕਰ ਲੋੜ ਪਈ ਤਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ‘ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ ਜਾਂ ਅਦਾਲਤ ਨੂੰ ਲੋੜੀਂਦੇ ਤੱਥ ਤੇ ਸਬੂਤ ਦੇ ਦਿੱਤੇ ਜਾਣਗੇ।
ਉਨ੍ਹਾਂ ਦਾਅਵਾ ਕੀਤਾ ਕਿ ਡੇਰਾ ਮੁਖੀ ਤੇ ਅਕਸ਼ੈ ਕੁਮਾਰ ਵਿਚਾਲੇ ਸਬੰਧ ਸਾਬਤ ਕਰਨ ਲਈ ਲੋੜੀਂਦੇ ਸਬੂਤ ਮੌਜੂਦ ਹਨ, ਜੋ ਮੀਡੀਆ ਨਾਲ ਸਾਂਝੇ ਨਹੀਂ ਕੀਤੇ ਜਾ ਸਕਦੇ।
ਜਲਾਲ ਨੇ ਡੀਆਈਜੀ ਰਣਬੀਰ ਸਿੰਘ ਖੱਟੜਾ, ਜੋ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣੀ ਵੱਖਰੀ ‘ਸਿਟ’ ਦੀ ਅਗਵਾਈ ਕਰ ਰਹੇ ਹਨ, ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਸ ਪੁਲਿਸ ਅਧਿਕਾਰੀ ਦਾ ਪੁੱਤਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਪਟਿਆਲਾ (ਦਿਹਾਤੀ) ਵਿਧਾਨ ਸਭਾ ਹਲਕੇ ਤੋਂ ਲੰਘੀਆਂ ਚੋਣਾਂ ਦੌਰਾਨ ਚੋਣ ਲੜ ਚੁੱਕਾ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਰਣਬੀਰ ਸਿੰਘ ਖੱਟੜਾ ਦੀ ਬਾਦਲ ਪਰਿਵਾਰ ਨਾਲ ਨੇੜਤਾ ਕਿਸੇ ਤੋਂ ਲੁਕੀ ਨਹੀਂ ਹੈ। ਹਰਬੰਸ ਸਿੰਘ ਜਲਾਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਗਿਣੀ ਮਿਥੀ ਸਾਜਿਸ਼ ਸਨ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …