3.3 C
Toronto
Saturday, January 10, 2026
spot_img
Homeਭਾਰਤਦਾਇਚੀ-ਰਨਬੈਕਸੀ ਕੇਸ

ਦਾਇਚੀ-ਰਨਬੈਕਸੀ ਕੇਸ

ਸਿੰਘ ਭਰਾਵਾਂ ਦਾ ਕੋਈ ਪੈਸਾ ਬਕਾਇਆ ਨਹੀਂ
ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਅਤੇ ਪਰਿਵਾਰ ਵਲੋਂ ਹਾਈ ਕੋਰਟ ‘ਚ ਦਾਅਵਾ
ਨਵੀਂ ਦਿੱਲੀ : ਦਾਇਚੀ-ਰਨਬੈਕਸੀ ਮਾਮਲੇ ਵਿਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਪ੍ਰਮੁੱਖ ਗੁਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਦਿੱਲੀ ਹਾਈਕੋਰਟ ‘ਚ ਅਪੀਲ ਕਰ ਕੇ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਉੱਪਰ ਆਰ. ਐਚ.ਸੀ.ਹੋਲਡਿੰਗਸ ਪ੍ਰਾਈਵੇਟ ਲਿਮਟਿਡ ਦੀ ਕੋਈ ਬਕਾਇਆ ਰਾਸ਼ੀ ਨਹੀਂ ਹੈ। ਢਿੱਲੋਂ ਪਰਿਵਾਰ ਨੇ ਹਾਈਕੋਰਟ ਨੂੰ ਕਿਹਾ ਕਿ ਮਾਲਵਿੰਦਰ ਅਤੇ ਸ਼ਵਿੰਦਰ ਅਤੇ ਆਰ.ਐਚ.ਸੀ. ਹੋਲਡਿੰਗਸ ਨੇ ਗਲਤ ਦਾਅਵਾ ਕੀਤਾ ਹੈ ਕਿ ਉਸ ਦਾ ਉਨ੍ਹਾਂ ਉੱਪਰ ਕੋਈ ਪੈਸਾ ਬਕਾਇਆ ਹੈ। ਦੱਸਣਯੋਗ ਹੈ ਕਿ ਜਾਪਾਨੀ ਕੰਪਨੀ ਦਾਇਚੀ-ਸੈਂਕਿਓ ਵਲੋਂ ਰਨਬੈਕਸੀ ਲੈਬਾਰਟਰੀਜ਼ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਅਤੇ ਸ਼ਵਿੰਦਰ ਖ਼ਿਲਾਫ਼ 3500 ਕਰੋੜ ਦਾ ਵਿਚੋਲਗੀ ਦਾ ਕੇਸ ਜਿੱਤਣ ਤੋਂ ਬਾਅਦ ਅਦਾਲਤ ਨੇ ਇਹ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਿਹਾ ਸੀ, ਜਿਸ ਸਬੰਧ ਵਿਚ ਢਿੱਲੋਂ ਪਰਿਵਾਰ ਨੇ ਇਹ ਅਰਜ਼ੀ ਦਾਖ਼ਲ ਕੀਤੀ ਸੀ। ਦੂਜੇ ਪਾਸੇ ਅਦਾਲਤ ਨੇ ਢਿੱਲੋਂ ਪਰਿਵਾਰ ਦੀ ਇਸ ਅਰਜ਼ੀ ਦੇ ਸਬੰਧ ਵਿਚ ਆਰ.ਐਚ.ਸੀ. ਹੋਲਡਿੰਗਸ, ਸਿੰਘ ਭਰਾਵਾਂ ਜੋ ਕਿ ਡੇਰਾ ਬਿਆਸ ਦੇ ਪੈਰੋਕਾਰ ਹਨ ਅਤੇ ਦਾਇਚੀ ਕੋਲੋਂ ਜਵਾਬ ਮੰਗਿਆ ਹੈ।
ਢਿੱਲੋਂ ਪਰਿਵਾਰ ਨੇ ਅਦਾਲਤ ਨੂੰ ਦੱਸਿਆ ਕਿ ਆਰ.ਐਚ.ਸੀ. ਵਲੋਂ ਬਕਾਇਆ ਰਾਸ਼ੀ ਸਬੰਧੀ ਝੂਠੇ ਦਾਅਵੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਆਰਥਿਕ ਅਪਰਾਧ ਸ਼ਾਖਾ ਵਲੋਂ ਸ਼ਵਿੰਦਰ ਸਿੰਘ ਅਤੇ ਮਾਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅੱਜ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਸਾਹਮਣੇ ਆਈ ਹੈ, ਜਿਨ੍ਹਾਂ ਨੂੰ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਦੱਸਣਯੋਗ ਹੈ ਕਿ ਅਦਾਲਤ ਨੇ ਲੰਘੇ ਸਤੰਬਰ ਮਹੀਨੇ ‘ਚ ਢਿੱਲੋਂ ਪਰਿਵਾਰ ਸਮੇਤ 55 ਜਣਿਆਂ ਨੂੰ ਆਰ.ਐਚ.ਸੀ. ਹੋਲਡਿੰਗਸ ਦੀ ਇਹ ਰਾਸ਼ੀ 30 ਦਿਨਾਂ ਵਿਚ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਸੀ। ਡੇਰਾ ਬਿਆਸ ਦੇ ਮੁਖੀ ਦੀ ਪਤਨੀ ਸ਼ਬਨਮ ਢਿੱਲੋਂ, ਪੁੱਤਰਾਂ ਗੁਰਕੀਰਤ ਸਿੰਘ ਤੇ ਗੁਰਪ੍ਰੀਤ ਸਿੰਘ, ਨੂੰਹ ਨਯਨ ਤਾਰਾ ਢਿੱਲੋਂ ਅਤੇ ਫੋਰਟਿਸ ਐਫ.ਐਲ.ਟੀ.ਲਿਮਟਿਡ ਰਾਜਨ ਢੱਲ ਚੈਰੀਟੇਬਲ ਟਰੱਸਟ ਤੋਂ ਇਲਾਵਾ ਹੋਰਨਾਂ ਨੇ ਅਰਜ਼ੀ ਦਾਇਰ ਕਰਕੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ‘ਤੇ ਆਰ.ਐਚ.ਸੀ.ਦਾ ਕੋਈ ਬਕਾਇਆ ਨਹੀਂ ਹੈ। ਅਦਾਲਤ ਨੇ ਉਨ੍ਹਾਂ ਨੂੰ ਮਾਲਵਿੰਦਰ, ਆਰ.ਐਚ.ਸੀ. ਹੋਲਡਿੰਗਸ, ਆਸਕਰ ਇਨਵੈਸਟਮੈਂਟਸ ਲਿਮਟਿਡ ਅਤੇ ਸਬੰਧਿਤ ਕੰਪਨੀਆਂ ਨਾਲ ਉਨ੍ਹਾਂ ਦੇ ਲੈਣ-ਦੇਣ ਦੇ ਹਲਫ਼ਨਾਮੇ ਦੋ ਹਫ਼ਤਿਆਂ ਵਿਚ ਦਾਇਰ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਮਾਲਵਿੰਦਰ, ਆਰ.ਐਚ.ਸੀ. ਹੋਲਡਿੰਗਸ ਅਤੇ ਆਸਕਰ ਇਨਵੈਸਟਮੈਂਟਸ ਲਿਮਟਿਡ ਨੂੰ ਵੀ ਲੈਣ-ਦੇਣ ਸਬੰਧੀ ਹਲਫ਼ਨਾਮੇ ਦਾਇਰ ਕਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਅਗਲੀ ਸੁਣਵਾਈ ਦੌਰਾਨ ਤੀਸਰੇ ਪੱਖ ਦੇ ਲੋਕ, ਮਾਲਵਿੰਦਰ, ਆਰ.ਐਚ.ਸੀ. ਹੋਲਡਿੰਗਸ ਅਤੇ ਆਸਕਰ ਇਨਵੈਸਟਮੈਂਟ ਲਿਮਟਿਡ ਪੇਸ਼ ਹੋਣ। ਇਸ ਤੋਂ ਪਹਿਲਾਂ ਅਦਾਲਤ ਨੇ ਸਿੰਘ ਭਰਾਵਾਂ ਅਤੇ ਹੋਰਨਾਂ ‘ਤੇ ਸ਼ੇਅਰ, ਚੱਲ ਅਤੇ ਅਚੱਲ ਜਾਇਦਾਦ ਵੇਚਣ ‘ਤੇ ਰੋਕ ਲਗਾਈ ਸੀ। ਜਦੋਂ ਸਿੰਗਾਪੁਰ ਦੀ ਇਕ ਆਰਬਿਟ੍ਰੇਸ਼ਨ ਟ੍ਰਿਬਿਊਨਲ ਨੇ ਦਾਇਚੀ ਦੇ ਹੱਕ ਵਿਚ ਕੇਸ ਸੁਣਾਇਆ ਤਾਂ ਦਾਇਚੀ ਵਲੋਂ ਆਪਣਾ ਮੁਆਵਜ਼ਾ ਲੈਣ ਲਈ ਦਾਇਰ ਕੀਤੀ ਅਪੀਲ ਦੌਰਾਨ ਸਿੰਘ ਭਰਾਵਾਂ ਨੇ ਅਦਾਲਤ ਵਿਚ ਸੀਲ ਬੰਦ ਲਿਫ਼ਾਫ਼ੇ ਵਿਚ ਆਪਣੀ ਜਾਇਦਾਦ ਬਾਰੇ ਖੁਲਾਸਾ ਕੀਤਾ ਸੀ। ਦੱਸਣਯੋਗ ਹੈ ਕਿ ਸਿੰਗਾਪੁਰ ਦੀ ਇਕ ਆਰਬਿਟ੍ਰੇਸ਼ਨ ਟ੍ਰਿਬਿਊਨਲ ਨੇ ਸਿੰਘ ਭਰਾਵਾਂ ਖ਼ਿਲਾਫ਼ ਜਾਪਾਨੀ ਕੰਪਨੀ ਦੇ ਹੱਕ ਵਿਚ ਫੈਸਲਾ ਸੁਣਾਇਆ ਸੀ ਜਿਸ ਵਿਚ ਜਾਪਾਨੀ ਕੰਪਨੀ ਨੇ ਦੋਸ਼ ਲਗਾਇਆ ਸੀ ਕਿ ਸਿੰਘ ਭਰਾਵਾਂ ਨੇ ਰਨਬੈਕਸੀ ਦੇ ਸ਼ੇਅਰ ਵੇਚਣ ਸਮੇਂ ਇਹ ਗੱਲ ਲੁਕਾ ਕੇ ਰੱਖੀ ਸੀ ਕਿ ਉਨ੍ਹਾਂ ਦੀ ਕੰਪਨੀ ਦਾ ਅਮਰੀਕਾ ਵਿਚ ਕੇਸ ਚੱਲ ਰਿਹਾ ਹੈ। ਇਸ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਵੀ ਦਾਇਚੀ ਦੇ ਹੱਕ ਵਿਚ ਹੀ ਫੈਸਲਾ ਸੁਣਾਇਆ ਸੀ।

RELATED ARTICLES
POPULAR POSTS