ਭਾਜਪਾ ਨੇ ਥਾਪੜੀ ਆਪਣੀ ਪਿੱਠ, ਕਾਂਗਰਸ ਨੇ ਬੋਲਿਆ ਧਾਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਨੋਟਬੰਦੀ ਨੂੰ ਪੂਰਾ ਇਕ ਸਾਲ ਹੋ ਗਿਆ ਹੈ। ਇਸ ਨੂੰ ਲੈ ਕੇ ਕੇਂਦਰ ਅਤੇ ਵਿਰੋਧੀ ਧਿਰ ਆਹਮਣੇ-ਸਾਹਮਣੇ ਹਨ। ਜਿੱਥੇ ਭਾਜਪਾ ਨੇ ਨੋਟਬੰਦੀ ਦੀ ਵਰ੍ਹੇਗੰਢ ਮਨਾਈ ਹੈ, ਉਥੇ ਹੀ ਕਾਂਗਰਸ ਅਤੇ ਹੋਰ ਦਲਾਂ ਨੇ ਅੱਜ ਇਸ ਨੂੰ ਕਾਲਾ ਦਿਵਸ ਦੇ ਰੂਪ ਵਿਚ ਮਨਾਇਆ ਹੈ। ਨੋਟਬੰਦੀ ਦੀ ਵਰ੍ਹੇਗੰਢ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕਦਮ ਵਿਚ ਸਾਥ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ। ਦੂਜੇ ਪਾਸੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਇਕ ਘਟਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਲੱਖਾਂ ਈਮਾਨਦਾਰ ਭਾਰਤੀਆਂ ਦੇ ਨਾਲ ਹਾਂ, ਜਿਨ੍ਹਾਂ ਦਾ ਜੀਵਨ ਵਿਚਾਰਹੀਣ ਕਦਮ ਨਾਲ ਬਰਬਾਦ ਹੋ ਗਿਆ। ਨੋਟਬੰਦੀ ਖਿਲਾਫ ਪੰਜਾਬ ਵਿਚ ਵੀ ਕਾਂਗਰਸ ਵਲੋਂ ਪ੍ਰਦਰਸ਼ਨ ਕੀਤੇ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਸਾੜੇ ਗਏ।