
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਇਕ ਹੀ ਪਰਿਵਾਰ ਦੇ 4 ਜੀਆਂ ਸਣੇ 6 ਵਿਅਕਤੀਆਂ ਦੀ ਜਾਨ ਚਲੇ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਕਾਰ ਆਪਣਾ ਸੰਤੁਲਣ ਗੁਆ ਬੈਠੀ ਤੇ ਕਰੀਬ 500 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਹਾਦਸੇ ਦੌਰਾਨ ਕਾਰ ’ਚ ਸਵਾਰ ਦੋ ਪੁਰਸ਼, ਦੋ ਮਹਿਲਾਵਾਂ ਅਤੇ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ’ਤੇ ਪੁੱਜੀ ਤੇ ਮਿ੍ਰਤਕ ਵਿਅਕਤੀਆਂ ਨੂੰ ਬਾਹਰ ਕੱਢਿਆ। ਇਸਦੇ ਨਾਲ ਹੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਡਰਾਈਵਰ ਹੇਮਪਾਲ ਭਾਰਤੀ ਫੌਜ ਵਿਚ ਸੇਵਾ ਨਿਭਾਅ ਰਿਹਾ ਸੀ ਅਤੇ 15 ਦਿਨ ਪਹਿਲਾਂ ਹੀ ਛੁੱਟੀ ’ਤੇ ਘਰ ਆਇਆ ਸੀ।

