Breaking News
Home / ਨਜ਼ਰੀਆ / ਪਹਿਲਵਾਨ ਕਰਤਾਰ ਸਿੰਘ ਸਿਆਸੀ ਅਖਾੜੇ ‘ਚ

ਪਹਿਲਵਾਨ ਕਰਤਾਰ ਸਿੰਘ ਸਿਆਸੀ ਅਖਾੜੇ ‘ਚ

ਪ੍ਰਿੰ. ਸਰਵਣ ਸਿੰਘ
ਆਮ ਆਦਮੀ ਪਾਰਟੀ ਨੇ ਬਾਸਕਟਬਾਲ ਦੇ ਖਿਡਾਰੀ ਸੱਜਣ ਸਿੰਘ ਚੀਮਾ ਤੋਂ ਬਾਅਦ ਪਹਿਲਵਾਨ ਕਰਤਾਰ ਸਿੰਘ ਨੂੰ ਵੀ ਸਿਆਸੀ ਅਖਾੜੇ ‘ਚ ਉਤਾਰ ਦਿੱਤਾ ਹੈ। ਕੌਮਾਂਤਰੀ ਪੱਧਰ ਦੇ ਇਨ੍ਹਾਂ ਦੋ ਸਾਬਕਾ ਖਿਡਾਰੀਆਂ ਨੂੰ ਵਿਧਾਨ ਸਭਾ ਚੋਣਾਂ ਲੜਨ ਦੀਆਂ ਟਿਕਟਾਂ ਦੇ ਦਿੱਤੀਆਂ ਹਨ। ਹਾਲੇ ਸੁਰਿੰਦਰ ਸਿੰਘ ਸੋਢੀ, ਰਾਜਬੀਰ ਕੌਰ ਰਾਏ ਤੇ ਕੁਝ ਹੋਰ ਨਾਮੀ ਖਿਡਾਰੀ ਵਾਰਮ ਅੱਪ ਹੋ ਰਹੇ ਹਨ। ਪਰਗਟ ਸਿੰਘ ਦਾ ਵੀ ਪਤਾ ਨਹੀਂ ਕਿਹੜੀ ਪਾਰਟੀ ਦੇ ਅਖਾੜੇ ‘ਚ ਉਤਰਦਾ ਜਾਂ ਕਿਹੜੀ ਪਾਰਟੀ ਆਪਣੇ ਪਾਲੇ ‘ਚ ਖੜ੍ਹਾਉਂਦੀ ਹੈ? ਜਾਂ ਫਿਰ ਪਰਗਟ, ਪਰਗਟ ਹੀ ਰਹਿੰਦਾ ਹੈ! ਨਵਤੇਜ ਸਿੱਧੂ ਦਾ ਤਾਂ ਨੇੜਲਿਆਂ ਨੂੰ ਵੀ ਨਹੀਂ ਪਤਾ ਪਈ ਕਿਧਰ ਜਾਂਦਾ, ਕਿਧਰ ਨਹੀਂ ਜਾਂਦੈ? ਪੰਜਾਬ ਤੇ ਪੰਜਾਬੀ ਹਿਤਾਂ ਨੂੰ ਪਰਣਾਈ ਪਾਰਟੀ ਦੀ ਸਹੀ ਪਛਾਣ ਕਰਨੀ ‘ਪੰਜਾਬ ਏ ਆਵਾਜ਼’ ਦੀ ਸਿਆਸੀ ਸਮਝ ਹੈ।
ਇਥੇ ਗੱਲ ਕਰਦੇ ਹਾਂ ਪਹਿਲਵਾਨ ਕਰਤਾਰ ਸਿੰਘ ਦੀ ਜਿਸ ਨੂੰ ਹਲਕਾ ਤਾਰਨ ਤਾਰਨ ਤੋਂ ਟਿਕਟ ਮਿਲੀ ਹੈ। ਉਸ ਨੇ ਤਿੰਨ ਓਲੰਪਿਕ ਖੇਡਾਂ, ਤਿੰਨ ਏਸ਼ਿਆਈ ਖੇਡਾਂ, ਤਿੰਨ ਏਸ਼ਿਆਈ ਚੈਂਪੀਅਨਸ਼ਿਪਾਂ, ਤਿੰਨ ਕਾਮਨਵੈਲਥ ਖੇਡਾਂ ਤੇ ਵੀਹ ਵਿਸ਼ਵ ਵੈਟਰਨ ਚੈਂਪੀਅਨਸ਼ਿਪਾਂ ਵਿਚ ਭਾਗ ਲਿਆ ਤੇ ਅੰਤਰਰਾਸ਼ਟਰੀ ਮੁਕਾਬਲਿਆਂ ‘ਚੋਂ ਸੋਨੇ, ਚਾਂਦੀ ਤੇ ਤਾਂਬੇ ਦੇ 30 ਤਮਗ਼ੇ ਜਿੱਤੇ ਹਨ। ਉਸ ਨੇ ਪੰਜਾਬ ਕੇਸਰੀ ਤੋਂ ਲੈ ਕੇ ਭਾਰਤ ਕੁਮਾਰ, ਭਾਰਤ ਕੇਸਰੀ, ਮਹਾਪੌਰ ਕੇਸਰੀ, ਭਾਰਤ ਮੱਲ ਸਮਰਾਟ, ਰੁਸਤਮੇ ਹਿੰਦ ਤੇ ਰੁਸਤਮੇ ਜ਼ਮਾਂ ਤਕ ਸਾਰੇ ਖ਼ਿਤਾਬ ਹਾਸਲ ਕੀਤੇ ਹਨ।
ਉਹਦਾ ਜਨਮ ਮਾਝੇ ਦੇ ਮਸ਼ਹੂਰ ਪਿੰਡ ਸੁਰ ਸਿੰਘ ਵਿਚ ਸਾਧਾਰਨ ਕਿਸਾਨ ਕਰਨੈਲ ਸਿੰਘ ਢਿੱਲੋਂ ਦੇ ਘਰ ਹੋਇਆ। ਉਹਦੀਆਂ ਕੁਸ਼ਤੀਆਂ ਦਾ ਦੌਰ 1968 ਤੋਂ ਸ਼ੁਰੂ ਹੋਇਆ ਜੋ ਦਹਾਕਿਆਂ ਤਕ ਚੱਲਿਆ। 1970-71 ਵਿਚ ਉਹ ਆਲ ਇੰਡੀਆ ਸਕੂਲਾਂ ਦਾ ਨੈਸ਼ਨਲ ਚੈਂਪੀਅਨ ਬਣਿਆ। ਫਿਰ ਯੂਨੀਵਰਸਿਟੀ ਤੇ ਇੰਟਰਵਰਸਟੀ ਜਿੱਤਣ ਪਿੱਛੋਂ 1974 ‘ਚ ਮਾਸਕੋ ਦੇ ਵਿਸ਼ਵ ਯੂਨੀਵਰਸਿਟੀਜ਼ ਕੁਸ਼ਤੀ ਮੁਕਾਬਲਿਆਂ ਵਿਚ ਗਿਆ। 1978 ਤੇ 82 ਵਿਚ ਏਸ਼ਿਆਈ ਤੇ ਕਾਮਨਵੈੱਲਥ ਖੇਡਾਂ ‘ਚੋਂ ਮੈਡਲ ਜਿਤੇ। 1986 ‘ਚ ਸਿਓਲ ਦੀਆਂ ਏਸ਼ਿਆਈ ਖੇਡਾਂ ‘ਚੋਂ ਸੋਨ-ਤਮਗ਼ਾ ਜਿਤਣ ਵਾਲਾ ਉਹ ਇੱਕੋ ਇੱਕ ਭਾਰਤੀ ਮਰਦ ਸੀ।
1978 ‘ਚ ਉਹ ਬੀ. ਐੱਸ. ਐੱਫ. ਵਿਚ ਭਰਤੀ ਹੋਇਆ। ਪਹਿਲਾਂ ਉਸ ਨੇ ਪਹਿਲਵਾਨ ਦਾਰਾ ਸਿੰਘ ਨੂੰ ਉਸਤਾਦ ਧਾਰਿਆ ਜਿਸ ਨੇ ਉਸ ਨੂੰ ਗੁਰੂ ਹਨੂਮਾਨ ਜੀ ਦੇ ਲੜ ਲਾ ਦਿੱਤਾ। ਗੁਰੂ ਹਨੂਮਾਨ ਦੇ ਅਖਾੜੇ ਦਿੱਲੀ ਵਿਚ ਉਸ ਨੇ ਕਈ ਸਾਲ ਮਿਹਨਤ ਕੀਤੀ। ਉਥੇ ਮੈਂ ਉਹਨੂੰ ਪਹਿਲੀ ਵਾਰ ਮਿਲਿਆ ਸਾਂ। ਅਖਾੜੇ ਦਾ ਤੰਗ ਜਿਹਾ ਹਾਤਾ ਭਲਵਾਨਾਂ ਨਾਲ ਭਰਿਆ ਪਿਆ ਸੀ। ਅਲੂੰਏਂ ਪੱਠੇ ਸ਼ਰਦਾਈਆਂ ਰਗੜ ਰਹੇ ਸਨ ਤੇ ਲਮਕਦੇ ਰੱਸਿਆਂ ‘ਤੇ ਚੜ੍ਹ ਰਹੇ ਸਨ। ਕਿਧਰੇ ਡੰਡ ਬੈਠਕਾਂ ਲੱਗ ਰਹੀਆਂ ਤੇ ਕਿਧਰੇ ਮੱਲਾਂ ਦੇ ਜੋੜ ਅਖਾੜੇ ਦੀ ਮਿੱਟੀ ਵਿਚ ਮਿੱਟੀ ਹੋਏ ਪਏ ਸਨ। ਸਾਰਾ ਅਖਾੜਾ ਮੁੜ੍ਹਕੇ ਵਿਚ ਭਿੱਜਿਆ ਪਿਆ ਸੀ ਜਿਸ ‘ਚੋਂ ਤੇਲੀਆ ਮਹਿਕ ਆ ਰਹੀ ਸੀ। ਗੁਰੂ ਹਨੂਮਾਨ ਦੀ ਉਹ ਅਨੋਖੀ ਟਕਸਾਲ ਸੀ ਜਿਥੇ ਹੱਡ ਮਾਸ ਦੇ ਜੁੱਸੇ ਫੌਲਾਦੀ ਬਣਾਏ ਜਾ ਰਹੇ ਸਨ। ਅੰਦਰ ਗੱਦੇ ਉਤੇ ਜ਼ੋਰ ਕਰਨ ਤੋਂ ਵਿਹਲਾ ਹੋ ਕੇ ਕਰਤਾਰ ਸਿੰਘ ਮਿਲਿਆ ਤਾਂ ਉਹਦਾ ਗੋਰਾ ਬਦਨ ਪਸੀਨੇ ਵਿਚ ਤਰ ਸੀ ਤੇ ਭਖਿਆ ਹੋਇਆ ਸੂਹੀ ਭਾਅ ਮਾਰ ਰਿਹਾ ਸੀ।  ਉਹਦਾ ਬਚਪਨ ਕਿਸਾਨਾਂ ਦੇ ਆਮ ਮੁੰਡਿਆਂ ਵਾਂਗ ਸਰਕਾਰੀ ਸਕੂਲੇ ਜਾਂਦਿਆਂ ਤੇ ਡੰਗਰ ਚਾਰਦਿਆਂ ਲੰਘਿਆ ਸੀ। ਉਹਦੇ ਅੰਦਰ ਛੁਪੇ ਰੁਸਤਮ ਦਾ ਉਦੋਂ ਕਿਸੇ ਨੂੰ ਖ਼ਾਬ ਖਿਆਲ ਵੀ ਨਹੀਂ ਸੀ। ਸਾਡੇ ਬੱਚਿਆਂ ਅੰਦਰ ਕੀ ਕੁਝ ਛੁਪਿਆ ਹੋਇਆ ਇਹਦਾ ਵੀ ਸਾਨੂੰ ਕਿੰਨਾ ਕੁ ਪਤਾ ਹੈ? ਕਰਤਾਰ ਸਿੰਘ ਨੇ ਪਿੰਡੋਂ ਦਸ ਪੜ੍ਹ ਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਦਾਖਲਾ ਲੈ ਲਿਆ। ਫਿਰ ਪੜ੍ਹਾਈ ਵਿਚੇ ਛੱਡ ਕੇ ਕੁਲਵਕਤੀ ਪਹਿਲਵਾਨ ਬਣ ਗਿਆ ਤੇ ਪਹਿਲਵਾਨੀ ਦੇ ਸਿਰ ‘ਤੇ ਨੌਕਰੀ ਲੈਣ ਪਿਛੋਂ ਤਰੱਕੀਆਂ ਕਰਦਾ ਪੰਜਾਬ ਪੁਲਿਸ ਦਾ ਆਈ.ਜੀ. ਬਣਿਆ। ਉਹ ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਵੀ ਰਿਹਾ। ਪੰਜਾਬ ਕੁਸ਼ਤੀ ਸੰਘ ਦਾ ਪ੍ਰਧਾਨ ਤੇ ਭਾਰਤੀ ਕੁਸ਼ਤੀ ਸੰਘ ਦਾ ਜਨਰਲ ਸਕੱਤਰ ਵੀ ਰਿਹਾ। ਉਸ ਨੇ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਕੁਸ਼ਤੀ ਦੇ ਅੰਤਰਰਾਸ਼ਟਰੀ ਦੰਗਲ ਕਰਵਾਏ। ਪੰਜਾਬ ਸਰਕਾਰ ਨੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਅਤੇ ਭਾਰਤ ਸਰਕਾਰ ਨੇ ਪਦਮ ਸ੍ਰੀ ਤੇ ਅਰਜਨਾ ਅਵਾਰਡ ਨਾਲ ਸਨਮਾਨਿਆ। ਉਸ ਦਾ ਵਿਆਹ 1985 ਵਿਚ ਬੀਬੀ ਗੁਰਿੰਦਰ ਕੌਰ ਪਟਿਆਲਾ ਨਾਲ ਹੋਇਆ ਤੇ ਉਨ੍ਹਾਂ ਦੇ ਇਕ ਬੇਟਾ ਤੇ ਦੋ ਬੇਟੀਆਂ ਹਨ। ਉਹ ਮਿੱਟੀ ਦੇ ਅਖਾੜੇ ਤੇ ਗੱਦੇ ਦੀਆਂ ਕੁਸ਼ਤੀਆਂ ਦੋਹਾਂ ਦਾ ਮਾਹਿਰ ਹੈ। ਉਸ ਨੇ ਪਿੰਡਾਂ ਦੀਆਂ ਛਿੰਝਾਂ ਤੋਂ ਕੁਸ਼ਤੀ ਮੁਕਾਬਲੇ ਸ਼ੁਰੂ ਕੀਤੇ ਸਨ ਤੇ ਰਵਾਇਤੀ ਦਾਅ ਢਾਕ ਮਾਰਨਾ, ਹਫ਼ਤਾ ਚਾੜ੍ਹਨਾ, ਧੋਬੀ ਪਾਟ, ਨਕਾਲ, ਬਗਲ ਡੁੱਬ, ਗਾਧਾਲੋਟ, ਪੁਠੀ ਸਿਧੀ ਸਾਲਤੋ ਤੇ ਮੋੜਾ ਮਾਰਨ ਦੀ ਮੁਹਾਰਤ ਹਾਸਲ ਕੀਤੀ ਸੀ। ਬਾਅਦ ਵਿਚ ਉਸ ਨੇ ਗੱਦੇ ਦੇ ਦਾਅ ਭਾਰਨਦਾਜ, ਪੱਟ ਖਿਚਣਾ, ਫਿਤਲੇ ਤੇ ਟੰਗੀ ਆਦਿ ਵੀ ਸਿੱਖੇ ਤੇ ਰਵਾਂ ਕੀਤੇ। ਵੇਖਾਂਗੇ ਸਿਆਸੀ ਦਾਅ ਉਹ ਕਿਹੋ ਜਿਹੇ ਮਾਰਦੈ? ਪੁਲਿਸ ਵਿਚ ਆਈ. ਜੀ.ਦੇ ਰੁਤਬੇ ਤਕ ਰਹਿਣ ਦੇ ਬਾਵਜੂਦ ਉਸ ਉਤੇ ਰਿਸ਼ਵਤਖੋਰੀ ਦਾ ਕੋਈ ਦਾਗ ਨਹੀਂ।
ਸੱਚੇ ਪਾਤਸ਼ਾਹ ਤੋਂ ਡਰਨ ਵਾਲਾ ਭਲਾ ਬੰਦਾ ਹੈ। ਬਾਬੇ ਬਿਧੀ ਚੰਦ ਦਾ ਪੈਰੋਕਾਰ।
ਉਸ ਨੇ 1968 ਤੋਂ 2015 ਤਕ ਹਜ਼ਾਰਾਂ ਕੁਸ਼ਤੀਆਂ ਲੜੀਆਂ। ਕਿਸੇ ਮੱਲ ਦਾ ਏਨਾ ਲੰਮਾ ਸਮਾਂ ਘੁਲਦੇ ਰਹਿਣ ਦਾ ਇਹ ਗਿੱਨੀਜ਼ ਵਰਲਡ ਰਿਕਾਰਡ ਹੈ। ਉਹਦੇ ਗਰਾਂਈਂ ਵਰਿਆਮ ਸਿੰਘ ਸੰਧੂ ਨੇ ਉਹਦੀ ਜੀਵਨੀ ਲਿਖੀ ਹੈ-ਕੁਸ਼ਤੀ ਦਾ ਧਰੂ ਤਾਰਾ। ਉਹਨੂੰ ਪੜ੍ਹਨ ਨਾਲ ਪਹਿਲਵਾਨ ਦੇ ਪਿਛੋਕੜ, ਪਰਿਵਾਰ, ਜੁੱਸੇ ਤੇ ਮਨ ਦੀਆਂ ਅਨੇਕਾਂ ਪਰਤਾਂ ਦੇ ਦਰਸ਼ਨ ਹੋ ਜਾਂਦੇ ਹਨ। ਉਹ ਪੰਜਾਬੀਆਂ ਦਾ ਮਾਣ ਹੈ ਤੇ ਭਾਰਤ ਦੀ ਸ਼ਾਨ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …