Breaking News
Home / ਨਜ਼ਰੀਆ / ਪੰਜਾਬ ਦੇ ਪਰਵਾਸੀ ਪੈਨਸ਼ਨਰਜ਼ ਲਈ ਸਥਾਈ ਸੰਗਠਨ ਦੀ ਲੋੜ

ਪੰਜਾਬ ਦੇ ਪਰਵਾਸੀ ਪੈਨਸ਼ਨਰਜ਼ ਲਈ ਸਥਾਈ ਸੰਗਠਨ ਦੀ ਲੋੜ

ਪੰਜਾਬ ਸਰਕਾਰ ਵਲੋਂ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬ ਦੇ ਪੈਨਸ਼ਨਰਜ਼ ਨੂੰ ਜਿਨ੍ਹਾਂ ਨੇ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰ ਲਈ ਹੈ, ਦਾ ਮਹਿੰਗਾਈ ਭੱਤਾ ਅਤੇ ਮੈਡੀਕਲ ਭੱਤਾ ਬੰਦ ਕਰਨ ਸਬੰਧੀ 16 ਸਤੰਬਰ 2016 ਨੂੰ ਪੱਤਰ ਜਾਰੀ ਕਰ ਦਿੱਤਾ, ਜਿਸ ਨਾਲ ਪ੍ਰਭਾਵਿਤ ਪੈਨਸ਼ਨਰਜ਼ ਵਿਚ ਵਿਆਪਕ ਰੋਸ ਪੈਦਾ ਹੋ ਗਿਆ। ਟੋਰਾਂਟੋ, ਵੈਨਕੂਵਰ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਇਸ ਅਸੰਵਿਧਾਨਕ ਫੈਸਲੇ ਦਾ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਪੈਨਸ਼ਨਰਜ਼ ਨੇ ਵਿਰੋਧ ਪ੍ਰਗਟ ਕੀਤਾ। ਆਪਸੀ ਵਿਚਾਰਾਂ ਵਿਚ ਇਹ ਤੱਥ ਉਭਰ ਕੇ ਸਾਹਮਣੇ ਆਇਆ ਕਿ ਮਹਿੰਗਾਈ ਭੱਤਾ ਪੈਨਸ਼ਨ ਦਾ ਅਨਿੱਖੜਵਾਂ ਹਿੱਸਾ ਹੈ। ਅਜਿਹਾ ਮਾਰਚ 2007 ਵਿਚ ਪੰਜਾਬ ਦੇ ਵਿੱਤ ਵਿਭਾਗ ਵਲੋਂ ਸੀਸੀਐਸ ਪੈਨਸ਼ਲ ਰੂਲਜ਼ ਦੇ ਹਵਾਲੇ ਦੇ ਕੇ ਸਪੱਸ਼ਟ ਕੀਤਾ ਹੋਇਆ ਹੈ ਕਿ ਮਹਿੰਗਾਈ ਭੱਤਾ ਅਤੇ ਹੋਰ ਅਲਾਊਂਸ ਹਨ। ਇਹ ਕਰਮਚਾਰੀ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰ ਲੈਣ ਤੇ ਕੱਟੇ ਨਹੀਂ ਜਾ ਸਕਦੇ ਕਿਉਂਕਿ ਇਹ ਅਰਨ ਕੀਤੀ ਹੋਈ ਪੈਨਸ਼ਨ ਹੈ। ਬੇਸ਼ੱਕ ਵਿਆਪਕ ਰੋਸ ਨੂੰ ਵੇਖਦਿਆਂ ਇਸ ਫੈਸਲੇ ‘ਤੇ ਹਾਲ ਦੀ ਘੜੀ ਰੋਕ ਲਗਾ ਦਿੱਤੀ ਗਈ ਹੈ ਪਰ ਕਟੌਤੀ ਕਰਨ ਵਾਲੇ ਪੱਤਰ ਦੀ ਵਾਪਸੀ ਦੀ ਮੰਗ ਅਜੇ ਬਰਕਰਾਰ ਹੈ। ਅਸਲ ਵਿਚ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰਨ ਦਾ ਵਿਸ਼ਾ ਕੇਂਦਰ ਦੇ ਅਧਿਕਾਰ ਖੇਤਰ ਵਿਚ ਹੀ ਆਉਂਦਾ ਹੈ। ਇਸ ਸਬੰਧ ਵਿਚ ਭਾਰਤ ਵਿਚ ਜਨਮੇ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰ ਚੁੱਕੇ ਪਰਵਾਸੀਆਂ ਲਈ ਕੇਂਦਰ ਸਰਕਾਰ ਵਲੋਂ ਇੰਡੀਅਨ ਓਵਰਸੀਜ਼ ਸਿਟੀਜਨਸ਼ਿਪ ਦੇ ਕਾਰਡ ਬਣਾਏ ਜਾਂਦੇ ਹਨ, ਜਿਸ ਵਿਚ ਉਹਨਾਂ ਦੇ ਆਰਥਿਕ ਅਤੇ ਵੀਜ਼ਾ ਸਬੰਧੀ ਅਧਿਕਾਰਾਂ ਦਾ ਵੇਰਵਾ ਦਰਜ ਕੀਤਾ ਜਾਂਦਾ ਹੈ। ਪਰ ਪੰਜਾਬ ਸਰਕਾਰ ਦਾ ਪੱਤਰ ਕੇਵਲ ਇਸਦੇ ਸੰਵਿਧਾਨਕ ਅਧਿਕਾਰ ਖੇਤਰ ਤੋਂ ਬਾਹਰ ਹੀ ਨਹੀਂ ਸਗੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਆਏ ਸਾਲ ਕੀਤੇ ਜਾਂਦੇ ਪਰਵਾਸੀ ਸੰਮੇਲਨਾਂ ਜਿਨ੍ਹਾਂ ਵਿਚ ਪਰਵਾਸੀਆਂ ਨੂੰ ਪੂੰਜੀ ਨਿਵੇਸ਼ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ, ਦੀ ਭਾਵਨਾ ਦੇ ਵੀ ਉਲਟ ਹੈ।
ਇਸ ਸਾਰੇ ਘਟਨਾ ਕਰਮ ਨੇ ਪੰਜਾਬ ਦੇ ਪਰਵਾਸੀ ਪੈਨਸ਼ਨਰਜ਼ ਨੂੰ ਆਪਣਾ ਇਕ ਸਥਾਈ ਤੌਰ ‘ਤੇ ਜਥੇਬੰਦਕ ਢਾਂਚਾ ਬਣਾਉਣ ਦੀ ਲੋੜ ਤੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸੇ ਲਈ ਟਰਾਂਟੋ ਅਤੇ ਵੈਨਕੂਵਰ ਵਿਚ ਬਕਾਇਦਾ ਮੈਂਬਰਸ਼ਿਪ ਕਰਕੇ ਜਥੇਬੰਦੀਆਂ ਬਣਾ ਲਈਆਂ ਗਈਆਂ ਹਨ। ਉਹਨਾਂ ਦੀ ਵਧੀਆ ਅਗਵਾਈ ਅਤੇ ਯਤਨਾਂ ਨਾਲ ਅਤੇ ਮੀਡੀਏ ਦੇ ਸਹਿਯੋਗ ਨਾਲ ਪੱਤਰ ‘ਤੇ ਰੋਕ ਲੱਗ ਗਈ ਹੈ।
ਪਰਵਾਸੀ ਪੈਨਸ਼ਨਰਜ਼ ਸਮਾਜ ਦਾ ਪੜ੍ਹਿਆ ਲਿਖਿਆ, ਸੂਝਵਾਨ ਅਤੇ ਸਿਆਸੀ ਤੌਰ ‘ਤੇ ਚੇਤੰਨ ਵਰਗ ਹੈ, ਜੋ ਸਮਾਜ ਦੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਖੇਤਰ ਵਿਚ ਦੂਰਦਰਸ਼ੀ ਪ੍ਰਭਾਵ ਆਉਂਦਾ ਹੈ। ਕੋਈ ਵੀ ਸਰਕਾਰ ਉਹਨਾਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੀ। ਬਹੁਤ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਹਰ ਸਾਲ ਪੰਜਾਬ ਜਾਂਦੇ ਹਨ ਅਤੇ ਸਮਾਜਿਕ ਕੰਮ ਲਈ ਅਤੇ ਲੋਕ ਭਲਾਈ ਦੇ ਕੰਮਾਂ ਲਈ ਵੱਡੀ ਆਰਥਿਕ ਸਹਾਇਤਾ ਕਰਦੇ ਰਹਿੰਦੇ ਹਨ। ਸਾਰੇ ਪੰਜਾਬ ਦੇ ਪਰਵਾਸੀ, ਪੈਨਸ਼ਨਰਜ਼ ਨੂੰ ਅਪੀਲ ਹੈ ਕਿ ਉਹ ਇਸ ਜਥੇਬੰਦੀ ਦੇ ਮੈਂਬਰ ਬਣਨ ਅਤੇ ਆਪਣੇ ਉਸਾਰੂ ਸੁਝਾ ਦੇ ਕੇ ਟੋਰਾਂਟੋ, ਵੈਨਕੂਵਰ ਅਤੇ ਅਮਰੀਕਾ ਵਿਚ ਰਹਿ ਰਹੇ ਪੰਜਾਬੀ ਪੈਨਸ਼ਨਰਜ਼ ਦਾ ਗੈਰ ਸਿਆਸੀ ਸਾਂਝਾ ਜਥੇਬੰਦਕ ਢਾਚਾ ਬਣਾਉਣ ਵਿਚ ਯੋਗਦਾਨ ਪਾਉਣ।
ਮਹਿੰਦਰ ਸਿੰਘ ਮੋਹੀ
ਕਮੇਟੀ ਮੈਂਬਰ ਪਰਵਾਸੀ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਓਨਟਾਰੀਓ

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …