Breaking News
Home / ਨਜ਼ਰੀਆ / ਡਾ. ਸਰਬਜੀਤ ਕੌਰ ਸੋਹਲ ਦੀ ਕਿਤਾਬ ‘ਇੰਟਰਵਲ ਤੋਂ ਬਾਅਦ’ ਲੋਕ ਅਰਪਣ

ਡਾ. ਸਰਬਜੀਤ ਕੌਰ ਸੋਹਲ ਦੀ ਕਿਤਾਬ ‘ਇੰਟਰਵਲ ਤੋਂ ਬਾਅਦ’ ਲੋਕ ਅਰਪਣ

ਚੰਡੀਗੜ੍ਹ :  : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪੰਜਾਬ ਕਲਾ ਪਰਿਸ਼ਦ ਦੀ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਦੇ ਕਹਾਣੀ ਸੰਗ੍ਰਹਿ ‘ਇੰਟਰਵਲ ਤੋਂ ਬਾਅਦ’ ਦਾ ਲੋਕ ਅਰਪਣ ਕੀਤਾ ਗਿਆ। ਇਹ ਸਮਾਗਮ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਦੇਸ ਰਾਜ ਕਾਲੀ, ਡਾ. ਮਨਮੋਹਨ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਕਰਨਲ ਜਸਬੀਰ ਭੁੱਲਰ ਅਤੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਦੀ ਪ੍ਰਧਾਨਗੀ ਹੇਠ ਹੋਇਆ।

ਮੁੱਖ ਬੁਲਾਰੇ ਦੇਸ ਰਾਜ ਕਾਲੀ ਨੇ ਪੁਸਤਕ ਉੱਤੇ ਬੋਲਦਿਆਂ ਕਿਹਾ ਕਿ ਲੇਖਿਕਾ ਨੇ ਔਰਤ ਮਨ ਦੇ ਸੂਖਮ ਅਤੇ ਵਿਵਰਜਿਤ ਵਿਸ਼ਿਆਂ ਨੂੰ ਬੜੀ ਕਲਾਤਮਿਕਤਾ ਨਾਲ ਨਿਭਾਇਆ ਹੈ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਪ੍ਰਸਿੱਧ ਕਹਾਣੀਕਾਰ ਕਰਨਲ ਜਸਬੀਰ ਭੁੱਲਰ ਨੇ ਲੇਖਿਕਾ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਕਹਾਣੀਕਾਰ ਸੁਖਜੀਤ ਨੇ ਆਪਣੇ ਸਰਲ ਅਤੇ ਦਿਲਚਸਪ ਵਖਿਆਨ ਰਾਹੀਂ ਕਿਹਾ ਕਿ ਸਰਬਜੀਤ ਕੌਰ ਸੋਹਲ ਦੀਆਂ ਕਹਾਣੀਆਂ ਵਿਚ ਲੋੜੀਂਦੀ ਕੜਕ ਹੈ ਜਿਹੜੀ ਕਿ ਮੌਜ਼ੂਦਾ ਕਹਾਣੀਕਾਰਾਂ ਵਿੱਚ ਉਪਲਬਧ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਬਜੀਤ ਦੀਆਂ ਕਹਾਣੀਆਂ ਵਿੱਚ ਸਮੇਂ, ਸਥਾਨ ਅਤੇ ਵਿਸੇ ਦੀ ਸਮਾਨਾਂਤਰਤਾ ਵੀ ਮੌਜ਼ੂਦ ਹੈ। ਪ੍ਰਸਿੱਧ ਵਿਦਵਾਨ ਡਾ. ਮਨਮੋਹਨ ਨੇ ਕਿਹਾ ਕਿ ਲੇਖਿਕਾ ਦੀਆਂ ਕਹਾਣੀਆਂ ਨੂੰ ਵਿਸ਼ਵ ਸਾਹਿਤ ਦੀਆਂ ਕਹਾਣੀਆਂ ਦੇ ਬਰਾਬਰ ਰੱਖ ਕੇ ਵੀ ਦੇਖਿਆ ਜਾ ਸਕਦਾ ਹੈ। ਅੰਤ ਵਿੱਚ ਆਪਣੇ ਪ੍ਰਧਾਨਗੀ ਸ਼ਬਦ ਕਹਿੰਦਿਆਂ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਕਿਹਾ ਕਿ ਸਰਬਜੀਤ ਕੌਰ ਸੋਹਲ ਦੀਆਂ ਕਹਾਣੀਆਂ ਪਾਤਰਾਂ ਅੰਦਰਲੀ ਕਾਮੁਕ ਦੁਰਗੰਧ ਨੂੰ ਬੜੀ ਕਲਾਤਮਿਕਤਾ ਅਤੇ ਸੁਹਜ ਨਾਲ ਕਾਮੁਕ ਸੁਗੰਧ ਵਿੱਚ ਪਰਿਵਰਤਿਤ ਕਰਦੀਆਂ ਹਨ। ਉਨ੍ਹਾਂ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਿਹਾ ਕਿ ਸਰਬਜੀਤ ਕੌਰ ਸੋਹਲ ਕੋਲ ਕਿਸੇ ਵੀ ਸਾਹਿਤਕਾਰ ਲਈ ਲੋੜੀਂਦੀ ਸੂਖਮਤਾ ਅਤੇ ਸ਼ਿਲਖ ਮੌਜ਼ੂਦ ਹੈ।

ਸਮਾਗਮ ਦੇ ਅੰਤ ਵਿੱਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਕਿਹਾ ਕਿ ਸਭਾਵਾਂ ਵਿੱਚ ਆ ਕੇ ਇੱਕ ਸਾਧਾਰਨ ਪਾਠਕ ਬਹੁਤ ਕੁੱਝ ਨਵਾਂ ਸੁਣਦਾ ਅਤੇ ਸਿੱਖਦਾ ਹੈ। ਸਮਾਗਮ ਦਾ ਮੰਚ ਸੰਚਾਲਨ ਦੀਪਕ ਸ਼ਰਮਾ ਚਨਾਰਥਲ ਅਤੇ ਭੁਪਿੰਦਰ ਸਿੰਘ ਮਲਿਕ ਨੇ ਬਾਖੂਬੀ ਨਿਭਾਇਆ।

ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਨਾਲ ਪਾਲ ਅਜਨਬੀ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਜਗਦੀਪ ਕੌਰ ਨੂਰਾਨੀ, ਸੁਰਜੀਤ ਸੁਮਨ, ਹਰਬੰਸ ਸੋਢੀ, ਸਰਦਾਰਾ ਸਿੰਘ ਚੀਮਾ, ਗੁਰਮੀਤ ਸਿੰਗਲ, ਦਵਿੰਦਰ ਦਮਨ, ਜਸਵੰਤ ਦਮਨ, ਡਾ. ਸੁਨੀਤਾ ਰਾਣੀ, ਅਤੇ ਅਜਾਇਬ ਔਜਲਾ ਹਾਜ਼ਰ ਸਨ।

 

ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਦੀ ਕਿਤਾਬ ‘ਇੰਟਰਵਲ ਤੋਂ ਬਾਅਦ’ ਨੂੰ ਲੋਕ ਅਰਪਣ ਕਰਨ ਸਮੇਂ ਦੀ ਤਸਵੀਰ।

 

 

ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ।

 

 

 

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …