ਹਰਚੰਦ ਸਿੰਘ ਬਾਸੀ
ਭਾਰਤੀ ਪਾਰਲੀਮੈਂਟ ਦੇ ਸੈਸ਼ਨ ਵਿੱਚ ਜਿਸ ਤਰ੍ਹਾਂ ਦੀ ਕਾਹਲੀ ਨਾਲ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ, ਉਸ ਸਮੇਂ ਪਾਰਲੀਮੈਂਟ ਦੀ ਲੋਕ ਸਭਾ ਵਿੱਚ ਵੀ ਵਿਰੋਧੀ ਧਿਰਾਂ ਵੱਲੋਂ ਇਸਦੇ ਕਿਸਾਨਾਂ ਉਪਰ ਮਾਰੂ ਅਸਰ ਬਾਰੇ ਜ਼ੋਰਦਾਰ ਹੰਗਾਮਾ ਹੋਇਆ ਸੀ। ਵਿਰੋਧੀ ਪਾਰਲੀਮੈਂਟ ਮੈਂਬਰਾਂ ਨੇ ਇਸ ‘ਤੇ ਸਵਾਲ ਉਠਾਏ ਸਨ। ਇਸ ਨੂੰ ਪਾਰਲੀਮੈਂਟ ਦੀ ਸਿਲੈਕਟ ਕਮੇਟੀ ਕੋਲ ਭੇਜਣ ਦਾ ਪ੍ਰਸਤਾਵ ਵੀ ਰੱਖਿਆ ਸੀ ਪਰ ਮੋਦੀ-ਸ਼ਾਹ ਦੇ ਬਹੁਮਤ ਦੇ ਹੰਕਾਰ ਸਦਕਾ ਕਿਸੇ ਦੀ ਦਲੀਲ ਨੂੰ ਹੱਠਧਰਮੀ ਨਾਲ ਨਾ ਸੁਣਿਆ। ਠੀਕ ਤਰੀਕੇ ਨਾਲ ਵੋਟਿੰਗ ਕਰਵਾਏ ਤੋਂ ਬਿਨਾਂ ਅਡਾਨੀ-ਅੰਬਾਨੀ ਦੇ ਅੰਨ੍ਹੇਵਾਹ ਮੁਨਾਫੇ ਲਈ ਬਿੱਲ ਪਾਸ ਕਰ ਦਿੱਤਾ। ਇਸੇ ਤਰ੍ਹਾਂ ਹੀ ਰਾਜ ਸਭਾ ਵਿੱਚ ਬਹੁ ਗਿਣਤੀ ਦੀ ਹਊਮੇ ਵਿਚ ਮੋਦੀ-ਸ਼ਾਹ ਦੇ ਹੁਕਮ ਵਿਚ ਬਿਨਾਂ ਵੋਟਿੰਗ ਤੋਂ ਹੀ ਖੇਤੀ ਸਬੰਧੀ ਤਿੰਨੇ ਪਾਸ ਕਰ ਦਿੱਤੇ। ਇਨ੍ਹਾਂ ਬਿਲਾਂ ਬਾਰੇ ਕਿਸੇ ਕਿਸਾਨ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ। ਕਿਸਾਨ ਤਾਂ ਸਵਾਮੀ ਨਾਥਨ ਦੀਆਂ ਸਿਫਾਰਸ਼ਾ ਲਾਗੂ ਕਰਵਾਉਣਾ ਚਾਹੁੰਦੇ ਸਨ। ਉਸ ਦੀ ਤਾਂ ਗਲ ਹੀ ਕੋਈ ਨਹੀਂ ਸਗੋਂ ਇਹ ਕਾਲੇ ਬਿਲ ਕਾਰਪੋਰੇਟ ਦੇ ਹੱਕਾਂ ਲਈ ਬਣਾ ਕੇ ਢੰਡੋਰਾ ਪਿਟਿਆ ਕਿ ਕਿਸਾਨਾਂ ਲਈ ਸੁਗਾਤ ਦਿੱਤੀ ਹੈ। ਮੋਦੀ ਮੀਡੀਆ ਰਾਹੀਂ ਇਸ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਗਿਆ। ਜਿਨ੍ਹਾਂ ਕਿਸਾਨਾਂ ਲਈ ਇਹ ਬਣਾਏ ਉਹਨਾਂ ਉਸੇ ਵਕਤ ਇਸਦੇ ਮਾਰੂ ਅਸਰਾਂ ਬਾਰੇ ਸਮਝਣ ਵਿੱਚ ਦੇਰ ਨਹੀਂ ਲਾਈ। ਉਹਨਾਂ ਕਿਹਾ ਜੋ ਇਹ ਸੌਗਾਤ ਸਾਡੇ ਲਈ ਜ਼ਹਿਰ ‘ਤੇ ਖੰਡ ਲਾ ਕੇ ਖੁਆਉਣ ਦਾ ਯਤਨ ਕਰ ਰਹੇ ਹੋ ਅਸੀਂ ਸਭ ਚੰਗੀ ਤਰ੍ਹਾਂ ਸਮਝਦੇ ਹਾਂ। ਇਹ ਪ੍ਰੋਸਿਆ ਹੋਇਆ ਖਾਣਾ ਸਾਡੇ ਅਗੋਂ ਚੱਕ ਲਉ ਸਾਨੂੰ ਕਤਈ ਮਨਜ਼ੂਰ ਨਹੀਂ। ਸਾਨੂੰ ਸਾਡਾ ਉਹ ਖਾਣਾ (ਕਾਨੂੰਨ) ਲਾਗੂ ਕਰੋ ਜੋ ਸਵਾਮੀ ਨਾਥਨ ਦੀਆਂ ਸਿਫਾਰਸ਼ਾਂ ਨੇ ਮਨਜ਼ੂਰ ਕੀਤਾ ਹੈ। ਰਾਸ਼ਟਰਪਤੀ ਨੇ ਵੀ ਬਿਨਾਂ ਹੀਲ ਹੁਜਤ ਦੇ ਇਸ ‘ਤੇ ਮੋਹਰ ਲਾ ਦਿਤੀ। ਚਾਹੀਦਾ ਤਾਂ ਇਹ ਸੀ ਕਿ ਜਿਸ ਤਰ੍ਹਾਂ ਪਾਰਲੀਮੈਂਟ ਵਿੱਚ ਇਸ ‘ਤੇ ਗੈਰ ਸੰਵਿਧਾਨਕ ਤਰੀਕੇ ਨਾਲ ਵੋਟਿੰਗ ਕਰਵਾ ਕੇ ਪਾਸ ਕੀਤਾ ਸੀ ਰਾਸ਼ਟਰਪਤੀ ਇਸ ਨੂੰ ਦੁਬਾਰਾ ਵਾਚਣ ਲਈ ਪਾਰਲੀਮੈਂਟ ਨੂੰ ਵਾਪਸ ਕਰਦਾ। ਪਰ ਮੌਜੂਦਾ ਮੋਦੀ-ਸ਼ਾਹ ਦੀ ਤਾਨਾਸ਼ਾਹ ਸਰਕਾਰ ਨੇ ਸੰਵਿਧਾਨ ਤੇ ਲੋਕਰਾਜੀ ਸੰਸਥਾਵਾਂ ‘ਤੇ ਹਮਲਾ ਕਰਕੇ ਲੋਕ ਰਾਜ ਨੂੰ ਕਮਜ਼ੋਰ ਕੀਤਾ ਹੈ, ਰਾਸ਼ਟਰਪਤੀ ਵੀ ਉਹਨਾਂ ਦੇ ਦਬਾਅ ਹੇਠ ਦਿਖਾਈ ਦਿੰਦਾ ਹੈ। ਜਿਸ ਨੇ ਕਾਹਲੀ ਨਾਲ ਖੇਤੀ ਸਬੰਧੀ ਤਿੰਨਾਂ ਬਿਲਾਂ ‘ਤੇ ਹਸਤਾਖਰ ਕਰਨ ਲਗਿਆਂ ਦੇਰ ਨਹੀਂ ਲਾਈ ਜਿਸ ਤਰ੍ਹਾਂ ਉਹ ਕਾਹਲੀ ਨਾਲ ਉਡੀਕ ਕਰ ਰਿਹਾ ਹੋਵੇ।
ਇਸ ਬਿਲ ਦੇ ਪਾਸ ਹੋਣ ‘ਤੇ ਭਾਰਤ ਦੇ ਕਿਸਾਨ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੇ ਆਗੂ ਆਪਣੀ ਸੂਝ ਅਤੇ ਸਮਝ ਨੂੰ ਸਾਣ ‘ਤੇ ਲਾ ਕੇ ਇਸ ਬਿਲ ਦੇ ਇੱਕ-ਇੱਕ ਮਦ ਨੂੰ ਪੜ੍ਹ ਕੇ ਬੜੇ ਹੀ ਚਿੰਤਾਤੁਰ ਹੋਏ ਕਿ ਇਹ ਬਿੱਲ ਕਿਸਾਨ ਦੇ ਗਲਮੇਂ ਵਿੱਚ ਹੱਥ ਪਾਉਣ ਵਾਲਾ ਹੈ। ਸਾਡੀਆਂ ਨਸਲਾਂ ਨੂੰ ਘਸਿਆਰੇ ਬਣਾਉਣ ਵਾਲਾ ਹੈ। ਉਹਨਾਂ ਦਾ ਖੂਨ ਉਬਾਲੇ ਖਾਣ ਲੱਗਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗਾਂ ਕੀਤੀਆਂ। ਆਪਣੇ ਕਿਸਾਨ ਭਰਾਵਾਂ ਨੂੰ ਇਹਨਾਂ ਕਿਸਾਨਾਂ ਵਿਰੋਧੀ ਤਿੰਨਾਂ ਕਾਲੇ ਕਾਨੂਨਾਂ ਦੇ ਮਾਰੂ ਅਸਰਾਂ ਬਾਰੇ ਜਾਗਰੂਕ ਕੀਤਾ। ਵਿਸਥਾਰ ਨਾਲ ਦੱਸਿਆ ਕਿ ਇਹ ਕਾਨੂੰਨ ਕਿਸਾਨ ਦੀ ਹੋਂਦ ਨੂੰ ਖਤਰਾ ਹੈ ਸਾਨੂੰ ਇੱਕ ਵਾਰ ਫਿਰ ਗੁਲਾਮ ਬਣਾਉਣ ਲਈ ਕਾਨੂੰਨ ਬਣਾਇਆ ਗਿਆ ਹੈ। ਆਉ ਇਸ ਸਬੰਧੀ ਆਪਣੇ ਇਤਰਾਜ਼ ਸਰਕਾਰ ਤਾਈਂ ਪਹੁੰਚਾਈਏ। ਕਿਸਾਨਾਂ ਨੈ ਇਹਨਾਂ ਕਾਨੂੰਨਾਂ ਵਿਰੁੱਧ ਧਰਨੇ ਪ੍ਰਦਰਸ਼ਨ ਕੀਤੇ। ਪੰਜਾਬ ਦੇ ਕਿਸਾਨਾਂ ਨਾਲ ਹਰਿਆਨੇ ਦੇ ਕਿਸਾਨਾਂ ਵੀ ਅੰਦੋਲਨ ਵਿੱਚ ਇੱਕਜੁੱਟ ਹੋ ਕੇ ਸ਼ਾਮਲ ਹੋਣ ਦਾ ਹੁੰਗਾਰਾ ਭਰਿਆ। ਸਤੰਬਰ ਤੋਂ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਨੇ ਸ਼ੁਰੂ ਕੀਤੇ ਪਰ ਕੀ ਮਜਾਲ ਇੰਨੇ ਵੱਡੇ ਪ੍ਰਦਰਸ਼ਨਾਂ ਦੇ ਹੁੰਦਿਆਂ ਵੀ ਮੋਦੀ ਦੇ ਕੰਨ ‘ਤੇ ਜੂੰ ਸਰਕੀ ਹੋਵੇ। ਇਸ ਦੇ ਉਲਟ ਕਿਸਾਨਾਂ ਨੂੰ ਟਿਚਰਾਂ ਕਰਦੇ ਰਹੇ ਕਿ ਕਿਸਾਨਾਂ ਨੂੰ ਸਮਝ ਨਹੀਂ ਮੈਂ (ਮੋਦੀ) ਤਾਂ ਕਿਸਾਨਾਂ ਦੀ ਬਿਹਤਰੀ ਲਈ ਕੰਮ ਕਰ ਰਿਹਾ ਹਾਂ ਉਹ ਕੰਮ ਕੀਤਾ ਹੈ ਜੋ ਕਿਸੇ ਪਹਿਲਾਂ ਨਹੀਂ ਕੀਤਾ। ਕੀ ਜੇ ਕਿਸੇ ਘਰ ਚੋਰੀ ਲੱਗ ਜਾਏ ਘਰ ਦਾ ਸਮਾਨ ਇੱਕ-ਇੱਕ ਕਰਕੇ ਪੰਡ ਬੰਨ ਕੇ ਜਾਣ ਨੂੰ ਤਿਆਰ ਹੋਏ ਘਰ ਵਾਲਾ ਰੋਕੇ ਤੇ ਉਹ ਅੱਗੋਂ ਕਹੇ ਮੈਂ ਤਾਂ ਇਹਨਾਂ ਦਾ ਭਲਾ ਕਰਨ ਲੱਗਾ ਹਾਂ ਘਰੇ ਸਫਾਈ ਹੋ ਜਾਏਗੀ ਕੋਈ ਚੂਹਾ ਚਿੜ੍ਹਾ ਘਰ ਨਹੀਂ ਆਏਗਾ। ਪ੍ਰਧਾਨ ਮੰਤਰੀ ਅਤੇ ਸ਼ਾਹ ਦੀ ਜੋੜੀ ਜਿਸ ਨੇ ਪਹਿਲਾਂ (ਏਅਰਪੋਰਟ) ਹਵਾਈ ਅੱਡੇ, ਰੱਖਿਆ ਖੇਤਰ, ਯੂਨੀਵਰਸਿਟੀਆਂ, ਰੇਲਵੇ, ਬੈਂਕ, ਤੇਲ ਕੰਪਨੀਆਂ ਆਦਿ ਦੇਸ਼ ਦੇ ਲੋਕਾਂ ਦੀ ਸੰਪਤੀ ਅੰਡਾਨੀ-ਅੰਬਾਨੀ ਕੰਪਨੀਆਂ ਕੋਲ ਵੇਚ ਦਿੱਤੇ, ਕੀ ਉਸ ‘ਤੇ ਭਰੋਸਾ ਕੀਤਾ ਜਾ ਸਕਦਾ ਹੈ। ਕਦੀ ਨਹੀਂ। ਲੋਕਰਾਜ ਵਿੱਚ ਲੋਕ ਵੱਡੇ ਹੁੰਦੇ ਹਨ। ਮੰਨਿਆ ਕਿ ਦੇਸ਼ ਦਾ ਸਾਸ਼ਨ ਚਲਾਉਣ ਲਈ ਲੋਕਾਂ ਕਿਸੇ ਵਿਅਕਤੀ ਨੂੰ ਚੁਣ ਲਿਆ। ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਲੋਕਾਂ ਨੇ ਉਸ ਨੂੰ ਜਨਤਾ ਨੂੰ ਪ੍ਰੇਸ਼ਾਨ ਕਰਨ ਦੇ ਹੱਕ ਦੇ ਦਿੱਤੇ ਹਨ। ਉਸ ਨੂੰ ਲੋਕਾਂ ਦੀ ਬਿਹਤਰੀ ਲਈ ਕੰਮ ਕਰਨ ਲਈ ਦੇਸ਼ ਦੀ ਵਾਗਡੋਰ ਫੜਾਈ ਹੁੰਦੀ ਹੈ। ਕਿਸੇ ਵੀ ਵਰਗ ਦੀਆਂ ਤਕਲੀਫਾਂ ਨੂੰ ਸਮਝ ਕੇ ਉਹਨਾਂ ਦੇ ਇਤਰਾਜਾਂ ਨੂੰ ਦੂਰ ਕਰਨਾ ਹੁੰਦਾ ਹੈ। ਹਿਟਲਰ ਵੀ ਕਹਿੰਦਾ ਸੀ ਕਿ ਮੈ ਦੁਨੀਆਂ ਦੇ ਭਲੇ ਲਈ ਕੰਮ ਕਰਦਾ ਹਾਂ। ਲੋਕਾਂ ਅਤੇ ਸਾਸ਼ਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੇ ਇੱਕਤਰਫਾ ਫੈਸਲਿਆਂ ਨਾਲ ਕੀ ਹਸ਼ਰ ਹੁੰਦਾ ਹੈ। ਇਤਿਹਾਸ ਵਾਚਣ ਦੀ ਅਤਿਅੰਤ ਲੋੜ ਹੁੰਦੀ ਹੈ।
ਅੱਜ ਦੇਸ਼ ਦੇ ਕਿਸਾਨ ਮੋਦੀ ਦੇ ਭਰਮਜਾਲ ਵਿੱਚੋਂ ਨਿਕਲ ਕੇ ਖੇਤੀ ਸੈਕਟਰ ਦੀ ਰਾਖੀ ਲਈ ਅੱਗੇ ਆਏ ਹਨ। ਇਸ ਲਈ ਅੰਦੋਲਨ ਦੇ ਪਹਿਲੇ ਦੂਜੇ ਪੜਾਅ ਤੇ ਕਿਸਾਨਾਂ ਦੀ ਮੋਦੀ ਦੀ ਤਾਨਾਸ਼ਾਹ ਸਰਕਾਰ ਨੇ ਕੰਨ ਨਹੀਂ ਦਿੱਤਾ ਸਗੋਂ ਮੀਡੀਆ ਰਾਹੀਂ ਕੂੜ ਪਰਚਾਰ ਅਰੰਭ ਕੇ ਕਿਸਾਨਾਂ ਦੀਆਂ ਵਾਜਬ ਮੰਗਾਂ ਛੁਟਿਆਉਣ ਲੱਗੀ। ਕਹਾਵਤ ਹੈ
”ਉਹ ਫਿਰੇ ਨੱਥ ਘੜਾਉਣ ਨੂੰ ਉਹ ਫਿਰੇ ਨੱਕ ਵਢਾਉਣ ਨੂੰ”
ਕਿਸਾਨ ਤਾਂ ਆਪਣੀ ਖੇਤੀ ਨੂੰ ਲਾਹੇਵੰਦਾ ਧੰਦਾ ਬਣਾਉਣ ਲਈ ਸਵਾਮੀ ਨਾਥਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਾਉਣ ਲਈ ਸਰਕਾਰ ਨੂੰ ਲੰਮੇ ਸਮੇਂ ਤੋਂ ਕਹਿ ਰਹੇ ਸਨ ਪਰ ਸਰਕਾਰ ਨੇ ਕਾਨੂੰਨ ਪਾਸ ਕਰਕੇ ਕਹਿ ਦਿੱਤਾ
”ਨਾ ਰਹੇਗਾ ਬਾਂਸ ਨਾ ਰਹੇਗੀ ਬੰਸਰੀ”
ਇਸ ਕਾਨੂੰਨ ਨਾਲ ਕਿਸਾਨਾਂ ਨੂੰ ਹੌਲੀ-ਹੌਲੀ ਬੇਜ਼ਮੀਨੇ ਕਰ ਦਿੱਤਾ ਜਾਵੇਗਾ ਫਿਰ ਗੱਲ ਖਤਮ ਹੋ ਜਾਏਗੀ। ਸਭ ਕੁਝ ਕਾਰਪੋਰੇਟ ਦੀ ਮਰਜ਼ੀ ਨਾਲ ਹੋਵੇਗਾ ਪੰਜਾਬ ਦੀ ਆਨ, ਬਾਨ ਸ਼ਾਨ ਮਿਟ ਜਾਏਗੀ। ਇਸ ਤਰ੍ਹਾਂ ਦਿੱਲੀ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਬੜੀ ਚਤੁਰਾਈ ਨਾਲ ਪੰਜਾਬੀਆਂ ਦੀ ਨਸਲਕੁਸ਼ੀ ਕੀਤੀ ਜਾਵੇਗੀ। ਇਹਨਾਂ ਸਾਰੇ ਖਤਰਿਆਂ ਨੂੰ ਸਮਝਦਿਆਂ ਹੋਇਆਂ ਆਪਣੀਆਂ ਨਸਲਾਂ ਦੀ ਰਾਖੀ ਲਈ ਕਿਸਾਨ ਚਤੁਰ ਤਾਨਾਸ਼ਾਹ ਸਰਕਾਰ ਖਿਲਾਫ ਬਜੁਰਗ, ਨੌਜਵਾਨ, ਬੀਬੀਆਂ, ਮੁਟਿਆਰਾਂ, ਬੱਚੇ, ਕਲਾਕਾਰ, ਸਾਬਕਾ ਸੈਨਿਕ, ਖਿਡਾਰੀ, ਮਜ਼ਦੂਰ , ਆੜ੍ਹਤੀ, ਛੋਟੇ ਵਪਾਰੀ, ਕਰਮਚਾਰੀ ਗਲ ਕੀ ਹਰ ਵਰਗ ਸੜਕਾਂ ‘ਤੇ ਉਤਰਿਆ ਹੈ।
26 ਨਵੰਬਰ ਤੋਂ ਪੋਹ ਮਾਘ ਦੀਆਂ ਠੰਢੀਆਂ ਰਾਤਾਂ ਵਿੱਚ ਵੀ ਇਹਨਾਂ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਲ ਚਾਲੇ ਪਾਏ। ਹਰਿਆਣਾ ਦੀ ਗਾਫਲ ਖੱਟਰ ਸਰਕਾਰ ਨੇ ਦਿੱਲੀ ਸਾਸ਼ਕਾਂ ਦੇ ਹੁਕਮਾਂ ਅਨੁਸਾਰ ਪੁਲਿਸ ਫੋਰਸ ਨਾਲ ਸੜਕਾਂ ‘ਤੇ ਵੱਡੇ-ਵੱਡੇ ਪੱਥਰ ਰੱਖ ਕੇ ਅਤੇ ਸੜਕਾਂ ਪੁੱਟ ਕੇ ਵੱਡੇ-ਵੱਡੇ ਟੋਏ ਪੁੱਟ ਕੇ ਰਾਹ ਰੋਕੇ। ਕਿਸਾਨਾਂ ਨੇ ਦਿੱਲੀ ਬਾਰਡਰਾਂ ਦੇ ਮੁੱਖ ਮਾਰਗਾਂ ‘ਤੇ ਸਾਂਤਮਈ ਬੈਠ ਕੇ ਹੀ ਰੋਸ ਪ੍ਰਗਟ ਕਰਨਾ ਸ਼ਰੂ ਕਰ ਦਿੱਤਾ। ਭਾਰਤ ਦੇ ਸੰਵਿਧਾਨ ਅੰਦਰ ਲੋਕਾਂ ਨੂੰ ਆਪਣੀਆਂ ਮੰਗਾਂ ਲਈ ਅਹਿੰਸਕ ਰੋਸ ਪ੍ਰਦਰਸ਼ਨ ਕਰਨ ਦਾ ਪੂਰਨ ਹੱਕ ਹੈ। ਸਰਕਾਰ ਉਸ ਹੱਕ ‘ਤੇ ਡਾਕਾ ਮਾਰ ਕੇ ਦਿੱਲੀ ਅੰਦਰ ਦਾਖਲ ਨਹੀਂ ਹੋਣ ਦਿੰਦੀ। ਗੱਲ ਸੁਨਣ ਦੀ ਬਜਾਏ ਡਰਾ ਧਮਕਾ ਕੇ ਲੋਕਾਂ ਦੇ ਹੱਕਾਂ ਨੂੰ ਕੁਚਲ ਦੇਣਾ ਚਾਹੁੰਦੀ ਹੈ। ਅੱਜ ਜਦ ਭਾਰਤ ਦੇ ਸਭ ਪ੍ਰਾਂਤਾਂ ਦੇ ਕਿਸਾਨਾਂ ਨੂੰ ਇਸ ਬਾਰੇ ਸੋਝੀ ਆਈ ਤਾਂ ਦੇਸ਼ ਵਿਆਪੀ ਅੰਦੋਲਨ ਬਣ ਗਿਆ। ਸਰਕਾਰ ਨੇ ਆਪਣੇ ਕੋਝੇ ਹੱਥ ਕੰਡੇ ਜੋ ਹਰ ਵਿਰੋਧ ਨੂੰ ਦਬਾਉਣ ਲਈ ਵਰਤਦੇ ਆਏ ਹਨ ਕਦੀ ਪਾਕਿਸਤਾਨੀ, ਕਦੀ ਚੀਨੀ, ਕਦੀ ਖਾਲਿਸਤਾਨੀ, ਕਦੀ ਟੁਕੜੇ ਟੁਕੜੇ ਗੈਂਗ, ਕਦੀ ਅਰਬਨ ਨਕਸਲੀ, ਕਦੀ ਕਸ਼ਮੀਰੀ ਅੱਤਵਾਦੀ ਵਰਤ ਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਦੇਸ਼ ਦੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਪ੍ਰਾਂਤ ਅਤੇ ਹਰ ਧਰਮ ਹਿੰਦੂ ਮੁਸਲਿਮ ਸਿੱਖ ਈਸਾਈ ਬੋਧੀ ਜੈਨੀ ਕਿਸਾਨ ਮਜ਼ਦੂਰ ਨੇ ਇੱਕਜੁਟ ਹੋ ਕੇ ਬਹੁਤ ਵੱਡਾ ਲੱਖਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਸ਼ਾਂਤਮਈ ਅੰਦੋਲਨ ਚਲਾ ਕੇ ਸਦੀਆਂ ਦਾ ਇਤਿਹਾਸ ਬਣਾ ਦਿੱਤਾ। ਦੇਸ਼ ਦੇ ਹਰ ਪ੍ਰਾਂਤ ਤੋਂ ਕਿਸਾਨ ਮਜ਼ਦੂਰ ਵਹੀਰਾਂ ਘੱਤ ਕੇ ਦਿੱਲੀ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਮਿਲਦੇ ਜਾ ਰਹੇ ਹਨ। ਹਰ ਪ੍ਰਾਂਤ ਵਿਚ ਸਰਕਾਰ ਅੰਦੋਲਨ ਨੂੰ ਦਬਾਉਣ ਵਿੱਚ ਲੱਗੀ ਹੈ। ਕਿਸਾਨਾਂ ਦੀ ਫੜੋ ਫੜੀ ਕਰ ਰਹੀ ਹੈ ਇਸ ਦੇ ਬਾਵਜੂਦ ਹਰ ਪ੍ਰਾਂਤ ਤੋਂ ਕਿਸਾਨ ਆ ਕੇ ਸਰਕਾਰ ਦੇ ਕਾਲੇ ਚਿੱਠੇ ਖੋਲ੍ਹ ਰਹੇ ਹਨ। ਲੱਖਾਂ ਦੀ ਗਿਣਤੀ ਵਿੱਚ ਲੋਕ ਰੋਸ ਪ੍ਰਗਟ ਕਰ ਰਹੇ ਹਨ। ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਦੇ ਸਾਰੇ ਮੁੱਖ ਮਾਰਗਾਂ ‘ਤੇ ਡੇਰੇ ਲਾਏ ਹੋਏ ਹਨ। ਦੇਸ਼ ਦੇ ਲੋਕਾਂ ਤੋਂ ਭਰਭੂਰ ਹਮਾਇਤ ਮਿਲ ਰਹੀ ਹੈ। ਕਿਸਾਨਾਂ ਨੇ ਟਰੈਕਟਰ ਟਰਾਲੀਆਂ ਨੂੰ ਆਪਣੇ ਘਰ ਬਣਾ ਲਏ ਹਨ। ਅਤਿ ਦੀ ਠੰਢ ਵਿਚ ਲੰਮੇ ਸੰਘਰਸ਼ ਦੀ ਤਿਆਰੀ ਕਰਕੇ ਅੰਦੋਲਨ ਕਰ ਰਹੇ ਹਨ। ਖਾਣ ਪੀਣ ਦੀ ਸਪਲਾਈ ਮਗਰੋਂ ਪਿੰਡਾਂ ਵਿਚੋਂ ਨਿਰੰਤਰ ਆ ਰਹੀ ਹੈ। ਇਸ ਅੰਦੋਲਨ ਨੂੰ ਡਾਕਟਰਾਂ, ਵਿਦਿਆਰਥੀਆਂ, ਵਕੀਲਾਂ, ਬੁੱਧੀਜੀਵੀਆਂ ਦਾ ਵਿਆਪਕ ਸਮਰਥਨ ਮਿਲ ਰਿਹਾ ਹੈ। ਸਰਕਾਰ ਅਪਣੇ ਹੱਥਕੰਡੇ ਵਰਤ ਕੇ ਅੰਦੋਲਨ ਨੂੰ ਬਦਨਾਮ ਕਰਨ ‘ਤੇ ਲੱਗੀ ਹੈ ਪਰ ਸਰਕਾਰ ਦਾ ਕੋਈ ਹਥਿਆਰ ਕੰਮ ਨਹੀਂ ਕਰ ਰਿਹਾ। ਕਿਸਾਨਾਂ ਨੇ ਸਰਕਾਰ ਦੇ ਆਈ ਟੀ ਸੈਲ, ਇਲੈਕਟ੍ਰਾਨਿਕ ਮੀਡੀਆ, ਪ੍ਰਿੰਟ ਮੀਡੀਆ ਰਾਹੀਂ ਕੂੜ ਪਰਚਾਰ ਰੋਕਣ ਵਾਸਤੇ ਆਪਣਾ ਆਈ ਸੈਲ ਬਣਾ ਲਿਆ ਹੈ ਟਰੌਲੀ ਟਾਈਮਜ਼ ਨਾਂ ਦਾ ਪੰਜਾਬੀ ਅਤੇ ਹਿੰਦੀ ਭਸ਼ਾਵਾਂ ਵਿੱਚ ਅਖਬਾਰ ਕੱਢਣਾ ਸ਼ੁਰੂ ਕਰ ਲਿਆ ਹੈ ਜਿਸ ਦੀਆਂ ਹਜ਼ਾਰਾਂ ਕਾਪੀਆਂ ਮੁਫਤ ਵੰਡੀਆਂ ਗਈਆਂ ਹਨ। ਅੰਦੋਲਨ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਕਿਸਾਨਾਂ ਨੂੰ ਮੁਚੱਲਕੇ ਭਰਨ ਲਈ ਡਰਾਇਆ ਜਾਂਦਾ ਹੈ ਜਿਸ ਦੀ ਕਿਸਾਨ ਜਥੇਬੰਦੀਆਂ ਵੱਲੋਂ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਕਿਸਾਨਾਂ ਦੀ ਸੁਘੜ ਸਿਆਣੀ ਲੀਡਰਸ਼ਿਪ ਦੀ ਦਾਦ ਦੇਣੀ ਬਣਦੀ ਹੈ ਅਤੇ ਉਸ ਤੋਂ ਵੱਧ ਹਰ ਅੰਦੋਲਨਕਾਰੀ ਬਜ਼ੁਰਗ, ਬੀਬੀਆਂ, ਨੌਜਵਾਨਾਂ, ਕਲਾਕਾਰਾਂ ਮਜ਼ਦੂਰਾਂ ਆੜ੍ਹਤੀਆਂ, ਵਪਾਰੀਆਂ ਅਤੇ ਦੇਸ਼ ਦੇ ਕੋਨੇ- ਕੋਨੇ ਤੋਂ ਹਮਾਇਤ ਵਿੱਚ ਜੁਟੇ ਸਭ ਲੋਕ ਵਿਸ਼ੇਸ਼ ਪ੍ਰਸੰਸਾ ਦੇ ਹੱਕਦਾਰ ਹਨ। ਸਰਕਾਰ ਤਰਫੋਂ ਖੇਤੀ ਮੰਤਰੀ ਅਤੇ ਵਣਜ ਮੰਤਰੀ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਦੋ ਤਿੰਨ ਵਾਰ ਮੀਟਿੰਗ ਕੀਤੀ ਹੈ। ਕੁਝ ਸੋਧਾਂ ਕਰ ਦੇਣ ਦੀ ਗੱਲ ਕਰਦੇ ਹਨ। ਕਿਸਾਨਾਂ ਦੀ ਮੰਗ ਇਹ ਹੈ ਕਿ ਜੇ ਤੁਸੀਂ ਇਹ ਮੰਨਦੇ ਹੋ ਕਿ ਇਹਨਾਂ ਕਾਨੂੰਨਾਂ ਵਿਚ ਤੇਰਾਂ-ਚੌਦਾਂ ਨੁਕਸ ਹਨ ਤਾਂ ਸਾਡੀ ਇੱਕੋ ਇੱਕ ਮੰਗ ਇਹ ਹੈ ਕਿ ਇਹਨਾਂ ਕਾਨੂੰਨਾਂ ਨੂੰ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਵਾਪਸ ਲਿਆ ਜਾਏ ਅਤੇ ਕਿਸਾਨ ਹਿੱਤਾਂ ਦੀ ਰਾਖੀ ਲਈ ਕਿਸਾਨ ਜਥੇਬੰਦੀਆਂ ਦੇ ਸਲਾਹ ਮਸ਼ਵਰੇ ਨਾਲ ਕਾਨੂੰਨ ਬਣਾਏ ਜਾਣ। ਸਰਕਾਰ ਨੂੰ ਆਪਣੀ ਫੋਕੀ ਜ਼ਿਦ ਛੱਡ ਕੇ ਕਿਸਾਨਾਂ ਦੀਆਂ ਅਤਿ ਵਾਜਬ ਮੰਗਾਂ ਫੋਰਨ ਮੰਨ ਕੇ ਕਿਸਾਨਾਂ-ਮਜ਼ਦੂਰਾਂ ਦੀ ਹਮਦਰਦੀ ਜਿੱਤਣੀ ਚਾਹੀਦੀ ਹੈ। ਲੋਕਾਂ ਨਾਲ ਵਿਰੋਧਤਾ ਦੇ ਸਾਸ਼ਕਾਂ ਨਾਲ ਹਮੇਸ਼ਾਂ ਨਤੀਜੇ ਦੇਸ਼ ਦੀ ਬਿਹਤਰੀ ਲਈ ਚੰਗੇ ਨਹੀਂ ਹੁੰਦੇ। ਸਾਸ਼ਕ ਹਮੇਸ਼ਾ ਨਹੀਂ ਰਹਿੰਦੇ ਲੋਕ ਹਮੇਸ਼ਾ ਰਹਿੰਦੇ ਹਨ ਜਿੱਤ ਲੋਕਾਂ ਦੀ ਹੁੰਦੀ ਹੈ। ਸਾਹਿਰ ਲੁਧਿਆਣਵੀ ਦਾ ਸ਼ੇਅਰ