ਫ਼ਰੈੱਡਰਿਕ ਬੈਂਟਿੰਗ ਸਕੂਲ ਦੇ ਪ੍ਰਬੰਧਕਾਂ ਦਾ ਇਹ ਪੱਕਾ ਵਿਸ਼ਵਾਸ ਹੈ ਕਿ ਵਿਦਿਆ ਵਿਦਿਆਰਥੀਆਂ ਵਿਚ ਭਰੋਸਗੀ ਪੈਦਾ ਕਰਨ ਅਤੇ ਉਨ੍ਹਾਂ ਦੇ ਨਿੱਜੀ ਗੁਣਾਂ ਨੂੰ ਉਭਾਰਨ ਵਾਲੀ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਉੱਪਰ ਗਿਆਨ ਠੋਸਣ ਦੀ ਬਜਾਏ ਇਹ ਉਨ੍ਹਾਂ ਦੇ ਮਨਾਂ ਅਤੇ ਚਰਿੱਤਰ ਨੂੰ ਸਹੀ ਤਰੀਕੇ ਨਾਲ ਅੱਗੋਂ ਹੋਰ ਵਿਕਸਿਤ ਕਰਨ ਵਾਲੀ ਰਚਨਾਤਮਿਕ ਪ੍ਰਕ੍ਰਿਆ ਹੋਣੀ ਚਾਹੀਦੀ ਹੈ।
ਪ੍ਰਿੰਸੀਪਲ ਸੰਜੀਵ ਧਵਨ ਆਪਣੇ ਸਕੂਲ ਦੀ ਇਸ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਬੱਚਿਆਂ ਵਿਚ ਖ਼ੁਦ ਆਪ ਗਿਆਨ ਗ੍ਰਹਿਣ ਕਰਨ, ਉਨ੍ਹਾਂ ਦੀ ਸੋਚ ਦੇ ਪੱਧਰ ਨੂੰ ਉੱਚਾ ਚੁੱਕਣ, ਉਨ੍ਹਾਂ ਵਿਚ ਚੰਗਿਆਈ ਦਾ ਪਸਾਰ ਕਰਨ ਅਤੇ ਉਨ੍ਹਾਂ ਵੱਲੋਂ ਤੁਰਤ ਐਕਸ਼ਨ ਲੈਣ ਵਰਗੇ ਗੁਣ ਪੈਦਾ ਕਰਨ ‘ਤੇ ਜ਼ੋਰ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿੱਦਿਆ ਦਾ ਮਕਸਦ ਵਿਦਿਆਰਥੀਆਂ ਦੇ ਮਨਾਂ ਨੂੰ ਵਿਕਸਿਤ ਕਰਨਾ ਅਤੇ ਉਨ੍ਹਾਂ ਵਿਚ ਰਚਨਾਤਮਿਕ ਰੁਚੀਆਂ ਨੂੰ ਪੈਦਾ ਕਰਨਾ ਹੈ। ਇਸ ਦੇ ਨਾਲ ਉਨ੍ਹਾਂ ਵਿਚ ਉੱਚ-ਚਰਿੱਤਰਤਾ ਦੇ ਨਿਰਮਾਣ, ਮਾਨਵਵਾਦ ਅਤੇ ਉਸਾਰੂ ਸਮਾਜਿਕ ਵਰਤਾਰੇ ਦੀਆਂ ਵਧੀਆ ਕਦਰਾਂ-ਕੀਮਤਾਂ ਅਪਨਾਉਣ ਦੀਆਂ ਸੰਭਾਵਨਾਵਾਂ ਬਣਦੀਆਂ ਹਨ।
21 ਕੋਵੈਂਟਰੀ ਰੋਡ ਸਥਿਤ ਇਸ ਸਕੂਲ ਦਾ ਸਮੁੱਚਾ ਪ੍ਰਬੰਧਕੀ ਢਾਂਚਾ ਬਹੁਤ ਸਾਰੀਆਂ ਪ੍ਰਚੱਲਤ ਬੁਨਿਆਦੀ ਸਮਾਜਿਕ ਕਦਰਾਂ-ਕੀਮਤਾਂ ਵਿਚ ਯਕੀਨ ਰੱਖਦਾ ਹੈ ਅਤੇ ਪ੍ਰਿੰਸੀਪਲ ਧਵਨ ਵਿਦਿਆਰਥੀਆਂ ਵਿਚ ਏਕਤਾ, ਸਮਾਜਿਕ ਬਰਾਬਰੀ, ਜ਼ਿੰਮੇਂਵਾਰੀ ਦਾ ਅਹਿਸਾਸ, ਅਮਨ-ਸ਼ਾਂਤੀ, ਨਵੇਂ ਵਿਚਾਰਾਂ, ਦੂਰ-ਅੰਦੇਸ਼ੀ, ਦ੍ਰਿੜ੍ਹ ਵਿਸ਼ਵਾਸ, ਆਪਸੀ ਪ੍ਰੇਮ-ਪਿਆਰ, ਨਾਗਰਿਕਤਾ, ਸਵੈਮਾਣ, ਸਵੈ-ਪੜਚੋਲ, ਇਮਾਨਦਾਰੀ, ਵੱਡਿਆਂ ਦਾ ਸਤਿਕਾਰ ਅਤੇ ਗੁਣਵੱਤਾ ਵਰਗੇ ਅਹਿਮ ਗੁਣ ਪੈਦਾ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ।
ਇਹ ਸਕੂਲ ਵਿਦਿਆਰਥੀਆਂ ਨੂੰ ਅਜਿਹਾ ਮਾਹੌਲ ਪ੍ਰਦਾਨ ਕਰਦਾ ਹੈ ਜਿਸ ਵਿਚ ਉਨ੍ਹਾਂ ਦੀ ਨਿੱਜੀ ਪ੍ਰਤਿੱਭਾ ਅਤੇ ਯੋਗਤਾ ਪ੍ਰਫੁੱਲਤ ਹੋਵੇ, ਉਹ ਇਕ-ਦੂਸਰੇ ਤੋਂ ਵੱਧ ਤੋਂ ਵੱਧ ਸਿੱਖਣ, ਨਿਰਧਾਰਤ ਕਰੀਕੁਲਮ ਉੱਪਰ ਜ਼ਿਆਦਾ ਨਿਰਭਰ ਨਾ ਹੋਣ ਅਤੇ ਆਪਣੀਆਂ ਅੰਦਰੂਨੀ ਭਾਵਨਾਵਾਂ ਨਾਲ ਉਤਸ਼ਾਹਿਤ ਹੋ ਕੇ ਵਿੱਦਿਆ ਗ੍ਰਹਿਣ ਕਰਨ। ਇਸ ਨਾਲ ਉਹ ਵਧੇਰੇ ਸਿਰਜਣਾਤਮਿਕ, ਖੋਜੀ ਤਬੀਅਤ ਦੇ ਮਾਲਕ, ਦੂਰ-ਅੰਦੇਸ਼ੀ, ਆਪਣੀਆਂ ਮੁਸ਼ਕਲਾਂ ਆਪ ਹੱਲ ਕਰਨ ਵਾਲੇ, ਉੱਚ-ਨਿਸ਼ਾਨੇ ਪ੍ਰਾਪਤ ਕਰਨ ਵਾਲੇ ਅਤੇ ਸਾਰੀ ਉਮਰ ਕੁਝ ਨਵਾਂ ਸਿੱਖਣ ਵਾਲੇ ਬਣਨਗੇ। ਇਸ ਸਕੂਲ ਨੇ ਓਹੀ ਅਸੂਲ ਅਤੇ ਰਵਾਇਤਾਂ ਅਪਨਾਈਆਂ ਹਨ ਜਿਨ੍ਹਾਂ ਉੱਪਰ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਪਿਛਲੇ ਤਿੰਨ ਸਾਲ ਤੋਂ ਬਾਖ਼ੂਬੀ ਚੱਲ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਉਸਾਰੂ ਰੁਝੇਵੇਂ ਵਾਲੇ ਵਾਤਾਵਰਣ ਵਿਚ ਉਨ੍ਹਾਂ ਨੂੰ ਸਮਝਿਆ ਤੇ ਸਮਝਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੁੱਛਣ-ਦੱਸਣ ਦੇ ਢੰਗ ਨਾਲ ਵਿੱਦਿਆ ਪ੍ਰਦਾਨ ਕੀਤੀ ਜਾਂਦੀ ਹੈ।
ਸਕੂਲ ਦੇ ਵਿਦਿਆਰਥੀਆਂ ਦੀ ਸਮੁੱਚੀ ਸ਼ਖ਼ਸੀਅਤ ਤੇ ਚਰਿੱਤਰ ਨਿਰਮਾਣ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਹੈ ਅਤੇ ਸਕੂਲ ਇਸ ਦੇ ਲਈ ਵਚਨਬੱਧ ਹੈ। ਉਨ੍ਹਾਂ ਨੂੰ ਅਜਿਹਾ ਮਾਹੌਲ ਮੁਹੱਈਆ ਕੀਤਾ ਜਾਂਦਾ ਹੈ ਜਿਸ ਵਿਚ ਉਹ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੀ ਨਿੱਜੀ ਯੋਗਤਾ ਵਧਾਉਣ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਵੀ ਯੋਗ ਹੋ ਸਕਣ। ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵਾਂਗ ਫ਼ਰੈੱਡਰਿਕ ਬੈਂਟਿੰਗ ਸਕੂਲ ਵਿਚ ਵੀ ਵਿਦਿਆਰਥੀਆਂ ਨੂੰ ਵੱਖ-ਵੱਖ ਵਿੱਦਿਅਕ-ਟੂਰਾਂ ‘ਤੇ ਲਿਜਾਇਆ ਜਾਂਦਾ ਹੈ ਜਿੱਥੋਂ ਉਹ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਦੇ ਹਨ।
ਦਰਅਸਲ, ਸਕੂਲ ਵੱਲੋਂ ਵਿੱਦਿਆਰਥੀਆਂ ਨੂੰ ਨਵੀਆਂ ਗੱਲਾਂ ਸਿਖਾਉਣ ਦੇ ਕਈ ਅਜੋਕੇ ਢੰਗ-ਤਰੀਕੇ ਅਪਨਾਏ ਜਾਂਦੇ ਹਨ ਜਿਨ੍ਹਾਂ ਵਿਚੋਂ ਅਹਿਮ ਵਿਦਿਆਰਥੀਆਂ ਨੂੰ ਸ਼ਹਿਰ ਦੀਆਂ ਵੱਖ-ਵੱਖ ਸਥਾਨਕ ਅਤੇ ਇਸ ਤੋਂ ਬਾਹਰ ਵਾਲੀਆਂ ਇਤਿਹਾਸਕ, ਗਿਆਨ-ਵਰਧਕ ਅਤੇ ਕਈ ਹੋਰ ਮਨੋਰੰਜਕ ਦਿਲਚਸਪ ਥਾਵਾਂ ਵਿਖਾਉਣ ਲਈ ਲਿਜਾਇਆ ਜਾਣਾ ਸ਼ਾਮਲ ਹੈ। ਬੀਤੇ ਮਹੀਨਿਆਂ ਦੌਰਾਨ ਗੁਰੂ ਤੇਗ਼ ਬਹਾਦਰ ਸਕੂਲ ਅਤੇ ਐੱਫ਼ ਬੀ.ਆਈ. ਸਕੂਲ ਦੇ ਵਿਦਿਆਰਥੀਆਂ ਨੂੰ ਟੋਰਾਂਟੋ ਸਾਇੰਸ ਸੈਂਟਰ ਅਤੇ ਰਾਇਲ ਓਨਟਾਰੀਓ ਮਿਊਜ਼ੀਅਮ ਦਾ ਟੂਰ ਲਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਤਿੰਨ ਦਿਨਾਂ ਲਈ ਦੇਸ਼ ਦੀ ਰਾਜਧਾਨੀ ਔਟਵਾ ਵਿਖੇ ਲਿਜਾ ਕੇ ਪਾਰਲੀਮੈਂਟ ਦੀ ਵਰਕਿੰਗ ਬਾਰੇ ਦੱਸਣ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਪਾਰਲੀਮੈਂਟ ਮੈਂਬਰਾਂ ਰਾਜ ਗਰੇਵਾਲ, ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ ਅਤੇ ਰਮੇਸ਼ ਸੰਘਾ ਨੇ ਉਨ੍ਹਾਂ ਨੂੰ ਇਸ ਦੇ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਪਾਰਲੀਮੈਂਟ ਦੀਆਂ ‘ਲਾਈਵ-ਡੀਬੇਟਸ’ ਵੀ ਵਿਖਾਈਆਂ।
ਇਸ ਦੌਰਾਨ ਮਨਿਸਟਰ ਆਫ਼ ਆਈਨੋਵੇਸ਼ਨ, ਸਾਇੰਸ ਐਂਡ ਇਕਨਾਮਿਕ ਡਿਵੈਲਪਮੈਂਟ ਨਵਦੀਪ ਬੈਂਸ ਨੇ ਵੀ ਵਿਦਿਆਰਥੀਆਂ ਨਾਲ ਫ਼ੈੱਡਰਲ ਸਰਕਾਰ ਦੇ ਕੰਮ-ਕਾਜ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਰਾਜਸੀ ਸ਼ਖ਼ਸੀਅਤਾਂ ਨਾਲ ਹੋਏ ਇਸ ਸਿੱਧੇ ਵਿਚਾਰ-ਵਟਾਂਦਰੇ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਵਿਚ ਕਾਫ਼ੀ ਵਾਧਾ ਹੋਇਆ। ਏਸੇ ਤਰ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਏਵੀਏਸ਼ਨ ਐਂਡ ਸਪੇਸ ਸੈਂਟਰ ਵੀ ਵੇਖਿਆ ਜਿੱਥੇ ਉਹ ਮਨੁੱਖ ਦੀ ਗਿਆਨ ਪ੍ਰਾਪਤੀ ਅਤੇ ਮਨੁੱਖਤਾ ਲਈ ਕੁਝ ਕਰ ਗੁਜ਼ਰਨ ਦੀ ਇੱਛਾ ਤੇ ਭਾਵਨਾ ਵੇਖ ਕੇ ਕਾਫ਼ੀ ਉਤਸ਼ਾਹਿਤ ਹੋਏ। ਇੱਥੇ ਉਨ੍ਹਾਂ ਦੇਸ਼ ਦੀ ਸਰਵ-ਉੱਚ ਅਦਾਲਤ ਕੈਨੇਡੀਅਨ ਸੁਪਰੀਮ ਕੋਰਟ ਵੀ ਵੇਖੀ।
ਸਿਲੇਬਸ ਤੋਂ ਬਾਹਰਲੇ ਅਜਿਹੇ ਪ੍ਰੋਗਰਾਮਾਂ ਦੇ ਨਾਲ ਨਾਲ ਫ਼ਰੈੱਡਰਿਕ ਬੈਂਟਿੰਗ ਸਕੂਲ ਕਲਾਸਾਂ ਦੇ ਕਮਰਿਆਂ ਵਿਚ ਵਿਦਿਆਰਥੀਆਂ ਵੱਲ ਨਿੱਜੀ ਧਿਆਨ ਦੇਣ ਦੀ ਵਿਧੀ ਅਪਨਾਉਂਦਾ ਹੈ ਅਤੇ ਇਹ ਪ੍ਰਕ੍ਰਿਆ ਛੋਟੇ ਕਲਾਸ-ਰੂਮ ਸਾਈਜ਼ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਅਧਿਆਪਕ ਇਹ ਯਕੀਨੀ ਬਣਾਉਂਦੇ ਹਨ ਕਿ ਵਿਦਿਆਰਥੀ ਉਨ੍ਹਾਂ ਵੱਲੋਂ ਪਾਠ-ਕ੍ਰਮ ਸਬੰਧੀ ਦਿੱਤੀਆਂ ਗਈਆਂ ਹਿਦਾਇਤਾਂ ਅਤੇ ਰਾਵਾਂ ਨੂੰ ਸਹੀ ਢੰਗ ਨਾਲ ਸਮਝ ਰਹੇ ਹਨ। ਪ੍ਰਿੰਸੀਪਲ ਧਵਨ ਜੋ ਖ਼ੁਦ ਆਪ ਪਿਛਲੇ ਲੰਮੇਂ ਸਮੇਂ ਤੋਂ ਵਿਦਿਆ ਦੇ ਖ਼ੇਤਰ ਨਾਲ ਜੁੜੇ ਹੋਏ ਹਨ, ਵਿਦਿਆਰਥੀਆਂ ਦੇ ਹੈਂਡ-ਰਾਈਟਿੰਗ ਉੱਪਰ ਬੜਾ ਜ਼ੋਰ ਦਿੰਦੇ ਹਨ। ਉਨ੍ਹਾਂ ਅਨੁਸਾਰ ਵਿਦਿਆਰਥੀਆਂ ਦੀ ਲਿਖਾਈ ਨਿਰੀ ਸਾਫ਼-ਸੁਥਰੀ ਹੀ ਨਹੀਂ ਹੋਣੀ ਚਾਹੀਦੀ, ਸਗੋਂ ਇਹ ਮਨ ਨੂੰ ਖੁਸ਼ ਕਰਨ ਵਾਲੀ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਇਸ ਸਕੂਲ ਵਿਚ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਖ਼ੇਤਰ ਵਿਚ ਨਿਪੁੰਨਤਾ ਨਾਲ ਵਿਚਰਨ ਬਾਰੇ ਸਿਖਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਵਿਚ ਪੂਰੀ ਤਰ੍ਹਾਂ ਕਾਮਯਾਬ ਹੋ ਕੇ ਕਿਵੇਂ ਮਾਣ ਮਹਿਸੂਸ ਕਰਨਾ ਹੈ। ਇਸ ਨਾਲ ਉਹ ਦੂਸਰੇ ਮਹਾਨ ਵਿਅੱਕਤੀਆਂ ਵੱਲੋਂ ਦਿੱਤੇ ਗਏ ਵਿਚਾਰਾਂ ਦੀ ਸਹੀ ਸਮੀਖਿਆ ਕਰ ਸਕਦੇ ਹਨ ਅਤੇ ਉਨ੍ਹਾਂ ਨੁੰ ਆਪਣੇ ਜੀਵਨ ਵਿਚ ਭਲੀ-ਭਾਂਤ ਅਪਨਾਅ ਸਕਦੇ ਹਨ। ਫ਼ਰੈੱਡਰਿਕ ਬੈਂਟਿੰਗ ਸਕੂਲ ਵਿਚ ਇਸ ਸਮੇਂ ਅਗਲੇ ਅਕਾਦਮਿਕ ਸਾਲ 2018-19 ਲਈ ਰਜਿਸਟ੍ਰੇਸ਼ਨ ਚੱਲ ਰਹੀ ਹੈ ਅਤੇ ਇਸ ਸਬੰਧੀ ਸਕੂਲ ਦੀ ਵੈੱਬਸਾਈਟ: https://fbi.school ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਾਂ ਸਕੂਲ ਦੇ ਫ਼ੋਨ ਨੰਬਰ 647-407-4600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਨਜ਼ਰੀਆ / ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਦੀ ਰਚਨਾਤਮਿਕ ਅਤੇ ਉਸਾਰੂ ਸੋਚ ਨੂੰ ਉਭਾਰਿਆ ਜਾਂਦਾ ਹੈ