ਕਵੀ-ਦਰਬਾਰ ਵਿਚ ਪਾਕਿਸਤਾਨੀ ਸ਼ਾਇਰਾ ਤਬੱਸਮ ਸਿਦੀਕੀ ਦੀਆਂ ਗ਼ਜ਼ਲਾਂ ਨੇ ਚੰਗਾ ਰੰਗ ਬੰਨ੍ਹਿਆਂ
ਬਰੈਂਪਟਨ/ਡਾ. ਝੰਡ
ਲੰਘੇ ਐਤਵਾਰ ‘ਗੀਤ ਗ਼ਜ਼ਲ ਤੇ ਸ਼ਾਇਰੀ’ ਦੀ ਮਹੀਨਾਵਾਰ ਇਕੱਤਰਤਾ ਵਿਚ ਤਲਵਿੰਦਰ ਮੰਡ ਨਾਲ ਹੋਇਆ ਰੂ-ਬ-ਰੂ ਕਾਫ਼ੀ ਦਿਲਚਸਪ ਅਤੇ ਭਾਵਪੂਰਤ ਰਿਹਾ। ਮੰਚ-ਸੰਚਾਲਕ ਭੁਪਿੰਦਰ ਦੁਲੇ ਵੱਲੋਂ ਤਲਵਿੰਦਰ ਮੰਡ ਬਾਰੇ ਮੁੱਢਲੀ ਜਾਣਕਾਰੀ ਦੇਣ ਲਈ ਡਾ. ਸੁਖਦੇਵ ਸਿੰਘ ਝੰਡ ਨੂੰ ਕਿਹਾ ਗਿਆ ਜਿਨ੍ਹਾਂ ਨੇ ਤਲਵਿੰਦਰ ਮੰਡ ਦੇ ਬਾਰੇ ਸੰਖੇਪ ਵਿਚ ਦੱਸਿਆ ਕਿ ਮੰਡ ਦਾ ਪਿਛੋਕੜ ਫਗਵਾੜੇ ਦੇ ਨੇੜੇ ਪਿੰਡ ਮੇਹਟਾਂ ਨਾਲ ਜੁੜਿਆ ਹੋਇਆ ਹੈ ਜਿੱਥੇ ਉਨ੍ਹਾਂ ਨੇ ਆਪਣੇ ਬਾਪ ਨਾਲ ਵਾਹੀ-ਖੇਤੀ ਦੇ ਕੰਮ ਵਿਚ ਹੱਥ ਵਟਾਉਂਦਿਆਂ ਹੋਇਆਂ ਮੈਟ੍ਰਿਕ ਤੱਕ ਪੜ੍ਹਾਈ ਫਗਵਾੜੇ ਦੇ ਆਰੀਆ ਸਮਾਜ ਸਕੂਲ ਵਿਚ ਪ੍ਰਾਪਤ ਕੀਤੀ। ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਤੋਂ ਬੀ.ਏ. ਕਰਨ ਉਪਰੰਤ ਐੱਮ.ਏ.ਪੰਜਾਬੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਅਤੇ ਐੱਮ.ਫ਼ਿਲ. ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ। ਕੁਝ ਸਮਾਂ ਗੁਰੂ ਨਾਨਕ ਕਾਲਜ ਨਰੂੜ ਪਾਂਛਟ ਵਿਚ ਪੰਜਾਬੀ ਦਾ ਵਿਸ਼ਾ ਪੜ੍ਹਾਇਆ ਅਤੇ ਹੁਣ ਇੱਥੇ ਕੈਨੇਡਾ ਆ ਕੇ ਮਿਹਨਤ ਮੁਸ਼ੱਕਤ ਕਰਕੇ ਆਪਣਾ ਪਰਿਵਾਰ ਚਲਾ ਰਹੇ ਹਨ ਅਤੇ ਨਾਲ਼ ਦੀ ਨਾਲ਼ ਸਾਹਿਤ ਰਚਨਾ ਵੀ ਕਰ ਰਹੇ ਹਨ।
ਤਲਵਿੰਦਰ ਮੰਡ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਵਿਚ ਕਈ ਅਸਫ਼ਲਤਾਵਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਸਥਿਤੀਆਂ ਦਾ ਮੁਕਾਬਲਾ ਪੂਰੀ ਹਿੰਮਤ ਅਤੇ ਹੌਸਲੇ ਨਾਲ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਵਿਚ ਕੁਝ ਨਾ ਕੁਝ ਕਰਨ ਦੀ ਸਮਰੱਥਾ ਹੁੰਦੀ ਹੈ ਅਤੇ ਲੋੜ ਇਸ ਨੂੰ ਯੋਗ ਸੇਧ ਦੇਣ ਦੀ ਹੁੰਦੀ ਹੈ। ਕਾਲਜ ਵਿਚ ਸਾਇੰਸ ਦੀ ਪੜ੍ਹਾਈ ਵਿੱਚੋਂ ਅਸਫ਼ਲ ਹੋ ਕੇ ਬੀ.ਏ. ਚੰਗੇ ਨੰਬਰਾਂ ‘ਚ ਕੀਤੀ ਅਤੇ ਐੱਮ.ਏ.ਵਿੱਚੋਂ ਵੀ ਚੰਗੇ ਨੰਬਰ ਆਉਣ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਐੱਮ.ਫ਼ਿਲ. ਵਿਚ ਸੀਟ ਆਸਾਨੀ ਨਾਲ ਮਿਲ ਗਈ। ਕੁਝ ਸਾਲ ਨਰੂੜ ਪਾਂਛਟ ਦੇ ਕਾਲਜ ਵਿਚ ਪੜ੍ਹਾਇਆ ਅਤੇ ਕੁਝ ਲਿਖਿਆ ਪੜ੍ਹਿਆ ਵੀ, ਪਰ ਹਾਲਾਤ ਖਿੱਚ ਕੇ ਕੈਨੇਡਾ ਲੈ ਆਏ ਅਤੇ ਮਿਹਨਤ ਕਰਕੇ ਹੌਲੀ-ਹੌਲੀ ਇੱਥੇ ਆਪਣੇ ਪੈਰ ਜਮਾਏ। ਇੱਥੇ ਦੋਸਤਾਂ-ਮਿੱਤਰਾਂ ਦੀ ਸੰਗਤ ਵਿਚ ਸਾਹਿਤਕ-ਰੁਚੀਆਂ ਹੋਰ ਪ੍ਰਬਲ ਹੋਈਆਂ ਅਤੇ ਕਵਿਤਾਵਾਂ ਲਿਖਣ ਦਾ ਸ਼ੌਕ ਪਨਪਦਾ ਗਿਆ। ਪੰਜਾਬੀ ਬੋਲੀ ਤੇ ਪੰਜਾਬੀ ਭਾਸ਼ਾ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਮਾਂ-ਬੋਲੀ ਦਾ ਪਹਿਲਾ ਸਬਕ ਬੱਚਾ ਆਪਣੀ ਮਾਂ ਦੀਆਂ ਜਨਮ-ਪੀੜਾਂ ਤੋਂ ਲੈਂਦਾ ਹੈ ਅਤੇ ਦੂਸਰਾ ਉਸ ਦੀਆਂ ਲੋਰੀਆਂ ਤੋਂ ਲੈਂਦਾ ਹੈ। ਭਾਸ਼ਾ ਦੀ ਗੱਲ ਤਾਂ ਬਾਅਦ ਵਿਚ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਲਈ ਯੋਗ ਸ਼ਬਦ ਅਤੇ ਚਿੰਨ੍ਹ ਆਪਣੇ ਆਲੇ-ਦੁਆਲੇ ਦੇ ਸਮਾਜਿਕ ਵਰਤਾਰੇ ਵਿੱਚੋਂ ਲੈਂਦੇ ਹਨ। ਉਨ੍ਹਾਂ ਨੇ ਆਪਣੀ ਇਕ ਕਵਿਤਾ ‘ਚਿੜੀ’ ਅਤੇ ਗ਼ਜ਼ਲਾਂ ਦੇ ਕੁਝ ਸ਼ੇਅਰ ਵੀ ਹਾਜ਼ਰੀਨ ਨਾਲ ਸਾਂਝੇ ਕੀਤੇ। ਇਸ ਮੌਕੇ ਫਗਵਾੜੇ ਤੋਂ ਪਿਛਲੇ ਦਿਨੀਂ ਇੱਥੇ ਆਏ ਉਨ੍ਹਾਂ ਦੇ ਅਤੀ ਨਜ਼ਦੀਕੀ ਮਿੱਤਰ ਅੰਮ੍ਰਿਤ ਪ੍ਰਾਸ਼ਰ ਜੋ ਕਿ ਉਨ੍ਹਾਂ ਦੇ ਨੌਵੀਂ ਕਲਾਸ ਤੋਂ ਲੈ ਕੇ ਗਰੈਜੂਏਸ਼ਨ ਤੱਕ ਸਹਿਪਾਠੀ ਰਹੇ ਹਨ ਅਤੇ ਦੋਹਾਂ ਦੀ ਮਿੱਤਰਤਾ ਹੁਣ ਤੱਕ ਉਵੇਂ ਹੀ ਕਾਇਮ ਹੈ, ਦਾ ਵਿਸ਼ੇਸ਼ ਤੌਰ ‘ઑਤੇ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਾਸ਼ਰ ਇਸ ਵੇਲੇ ਫਗਵਾੜੇ ਦੇ ਪੰਜਾਬ ਨੈਸ਼ਨਲ ਬੈਂਕ ਵਿਚ ਸੀਨੀਅਰ ਮੈਨੇਜਰ ਹੈ ਅਤੇ ਕੁਝ ਦਿਨਾਂ ਲਈ ਇੱਥੇ ਕੈਨੇਡਾ ਆਇਆ ਹੈ।
ਪ੍ਰੋਗਰਾਮ ਦੇ ਦੌਰਾਨ ਪ੍ਰਿੰਸੀਪਲ ਸੰਜੀਵ ਧਵਨ ਨੇ ਅੱਜਕੱਲ੍ਹ ਚੱਲ ਰਹੇ ਚੋਣਾਂ ਦੇ ਮਾਹੌਲ ਵਿਚ ਸਿਆਸੀ ਪਾਰਟੀਆਂ ਵੱਲੋਂ ਬਰੈਂਪਟਨ ਵਿਚ ਇਕ ਹੋਰ ਹਸਪਤਾਲ ਖੋਲ੍ਹਣ ਦੇ ਲਾਰੇ ਬਾਰੇ ਆਪਣੀ ਗੱਲ ਕਰਦਿਆਂ ਕਿ ਕੋਈ ਵੀ ਸਿਆਸੀ ਪਾਰਟੀ ਇਸ ਦੇ ਬਾਰੇ ਗੰਭੀਰ ਨਹੀਂ ਹੈ ਅਤੇ ਸਾਰੀਆਂ ਪਾਰਟੀਆਂ ਇਸ ਨੂੰ ਸਿਆਸੀ ਮੁੱਦੇ ਵਜੋਂ ਹੀ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਰੈਂਪਟਨ ਵਿਚ ਹਸਪਤਾਲ ਬਰੈਂਪਟਨ-ਵਾਸੀਆਂ ਦੀ ਲੋੜ ਹੈ, ਨਾ ਕਿ ਸਿਆਸੀ ਨੇਤਾਵਾਂ ਦੀ, ਕਿਉਂਕਿ ਉਹ ਤਾਂ ਔਟਵਾ ਜਾਂ ਕਿਸੇ ਹੋਰ ਸ਼ਹਿਰ ਦੇ ਹਸਪਤਾਲ ਵਿਚ ਜਾ ਕੇ ਬੜੇ ਆਰਾਮ ਨਾਲ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਸਾਰੇ ਬਰੈਂਪਟਨ-ਵਾਸੀਆਂ ਨੂੰ ਆਪੋ-ਆਪਣੀ ਨਿੱਜੀ ਸਿਆਸੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਇੱਕ-ਮੁੱਠ ਹੋ ਕੇ ਸੰਘਰਸ਼ ਕਰਨ ਲਈ ਕਿਹਾ ਜਿਸ ਦੀ ਅਗਵਾਈ ਉਹ ਆਪਣੇ ਹਮ-ਖ਼ਿਆਲ ਦੋਸਤਾਂ ਦੇ ਸਹਿਯੋਗ ਨਾਲ ਖ਼ੁਦ ਕਰਨਗੇ।
ਪ੍ਰੋਗਰਾਮ ਦੇ ਸ਼ਾਇਰੀ ਵਾਲੇ ਭਾਗ ਵਿਚ ਪੂਰਬੀ ਅਤੇ ਪੱਛਮੀ ਪੰਜਾਬ ਦੇ ਕਵੀਆਂ ਨੇ ਮਿਲ ਕੇ ਚੰਗਾ ਰੰਗ ਬੰਨ੍ਹਿਆਂ। ਜਿੱਥੇ ਪੂਰਬੀ ਪੰਜਾਬ ਨਾਲ ਸਬੰਧਿਤ ਕਵੀਆਂ ਕੁਲਵਿੰਦਰ ਖਹਿਰਾ, ਡਾ. ਪਰਗਟ ਸਿੰਘ ਬੱਗਾ, ਜਰਨੈਲ ਸਿੰਘ ਮੱਲ੍ਹੀ, ਪ੍ਰੀਤਮ ਧੰਜਲ, ਬਲਰਾਜ ਧਾਲੀਵਾਲ, ਗੁਰਦਾਸ ਮਿਨਹਾਸ, ਸੁਖਦੇਵ ਝੰਡ, ਕਰਨ ਅਜਾਇਬ ਸਿੰਘ ਸੰਘਾ, ਮਾਸਟਰ ਰਾਮ ਕੁਮਾਰ, ਸ਼ੈਂਟੀ ਕਾਲੀਆ, ਦਰਸ਼ਨ ਸਿੱਧੂ, ਸੁਰਜੀਤ ਕੌਰ, ਬਲਜੀਤ ਧਾਲੀਵਾਲ, ਜਤਿੰਦਰ ਰੰਧਾਵਾ, ਰਿੰਟੂ ਭਾਟੀਆ, ਸੋਨੀਆ ਸ਼ ਰਮਿੰਦਰ ਵਾਲੀਆ, ਜਗੀਰ ਸਿੰਘ ਕਾਹਲੋਂ, ਹਰਦਿਆਲ ਝੀਤਾ, ਕਰਮਜੀਤ ਬੱਗਾ ਆਦਿ ਨੇ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਸੁਣਾਈਆਂ, ਉੱਥੇ ਪਾਕਿਸਤਾਨੀ ਸ਼ਾਇਰਾਂ ਬਸ਼ੱਰਤ ਰੇਹਾਨ, ਮਕਸੂਦ ਚੌਧਰੀ, ਸ਼ੌਇਬ ਨਾਸਰ ਅਤੇ ਸ਼ਾਇਰਾ ਤਬੱਸਮ ਸਿਦੀਕੀ ਨੇ ਪੰਜਾਬੀ ਅਤੇ ਉਰਦੂ ਗ਼ਜ਼ਲਾਂ ਤੇ ਨਜ਼ਮਾ ਸੁਣਾ ਕੇ ਸ਼ਾਇਰੀ ਦਾ ਬਹੁਤ ਵਧੀਆ ਮਾਹੌਲ ਸਿਰਜਿਆ। ਤਬੱਸਮ ਸਦੀਕੀ ਦੀਆਂ ਉਰਦੂ ਗ਼ਜ਼ਲਾਂ ਨੇ ਸਰੋਤਿਆਂ ਉਤੇ ਵਿਸ਼ੇਸ਼ ਤੌਰ ‘ਤੇ ਗਹਿਰੀ ਛਾਪ ਛੱਡੀ। ਕਰਮਜੀਤ ਬੱਗਾ ਨੇ ਅਲਗੋਜ਼ਿਆਂ ਉੱਪਰ ਕਈ ਤਿੰਨ-ਚਾਰ ਪੰਜਾਬੀ ਲੋਕ-ਗੀਤਾਂ ਦੀਆਂ ਧੁਨਾਂ ਕੱਢੀਆਂ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਇਸ ਦੌਰਾਨ ਮੰਚ-ਸੰਚਾਲਕ ਭੁਪਿੰਦਰ ਦੁਲੇ ਅਤੇ ਇਸ ਮਹਿਫ਼ਲ ਦੇ ਪ੍ਰਬੰਧਕ ਸੰਨੀ ਸ਼ਿਵਰਾਜ ਨੇ ਵੀ ਆਪਣੀਆਂ ਗ਼ਜ਼ਲਾਂ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ। ਮੀਟਿੰਗ ਵਿਚ ਪ੍ਰਤੀਕ ਆਰਟਿਸਟ, ਦਰਸ਼ਨ ਸਿੰਘ ਦਰਸ਼ਨ, ਜਸਵਿੰਦਰ ਸਿੰਘ, ਦਲਜੀਤ ਸਿੰਘ ਗੈਦੂ ਅਤੇ ਉਨ੍ਹਾਂ ਦੇ ਸਾਥੀ ਜਰਨੈਲ ਸਿੰਘ ਮਠਾੜੂ ਤੇ ਜਸਬੀਰ ਸਿੰਘ ਸੈਂਹਬੀ ਵਿਸ਼ੇਸ਼ ਤੌਰ ઑ’ਤੇ ਸਰੋਤਿਆਂ ਵਿਚ ਸ਼ਾਮਲ ਹੋਏ। ਅੰਤਰ-ਰਾਸ਼ਟਰੀ ਵਿਦਿਆਰਥੀਆਂ ਚੰਦਰ ਜੈਸਮੀਨ ਡੋਗਰਾ ਤੇ ਇੰਦਰ ਲਵਲੀਨ ਡੋਗਰਾ ਦਾ ਇਸ ਮੀਟਿੰਗ ਵਿਚ ਆਉਣਾ ਇਸ ਦਾ ਵਿਸ਼ੇਸ਼ ਹਾਸਲ ਸੀ। ਪ੍ਰੋਗਰਾਮ ਦੇ ਦੌਰਾਨ ਪਾਕਿਸਤਾਨੀ ਸ਼ਾਇਰਾਂ ਬਸ਼ੱਰਤ ਰੇਹਾਨ, ਸ਼ੌਇਬ ਨਾਸਰ ਅਤੇ ਤਬੱਸਮ ਸਿਦੀਕੀ ਨੂੰ ਖ਼ੂਬਸੂਰਤ ਸਕਾਰਫ਼ਾਂ ਦੇ ਨਾਲ ਸਨਮਾਨਿਤ ਕੀਤਾ ਗਿਆ।
Check Also
ਚਿੱਤਰ ਕਲਾ ਖੇਤਰ ਦੀ ਸੰਸਾਰ ਪ੍ਰਸਿੱਧ ਸ਼ਖਸੀਅਤ ਸ. ਜਰਨੈਲ ਸਿੰਘ ਆਰਟਿਸਟ ਦਾ ਦੇਹਾਂਤ
ਪੰਜਾਬੀ ਕਲਾ ਅਤੇ ਸਾਹਿਤ ਖੇਤਰ ਦੇ ਪ੍ਰੇਮੀਆਂ ਲਈ ਇਹ ਦੁਖਦਾਈ ਖਬਰ ਹੈ ਕਿ ਸਰਦਾਰ ਜਰਨੈਲ …