ਡਾ. ਦੇਵਿੰਦਰ ਪਾਲ ਸਿੰਘ
ਰੀਵਿਊਕਰਤਾ : ਟੀਪੂ ਸਲਮਾਨ ਮਖ਼ਦੂਮ
ਕਿਤਾਬ ਦਾ ਨਾਂ : ਸਤਰੰਗੀ ਪੀਂਘ ਤੇ ਹੋਰ ਨਾਟਕ
ਲੇਖਕ ਦਾ ਨਾਂ : ਡਾ. ਦੇਵਿੰਦਰ ਪਾਲ ਸਿੰਘ
ਲਿਪੀਅੰਤਰ : ਅਸ਼ਰਫ ਸੁਹੇਲ
ਛਪਣ ਦਾ ਵਰ੍ਹਾ : 2019
ਛਾਪਣਹਾਰ : ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ
ਕਿਤਾਬ ਦਾ ਮੁੱਲ : 150 ਰੁਪਏ।
ਸਤਰੰਗੀ ਪੀਂਘ ਤੇ ਹੋਰ ਨਾਟਕ ਸਕੂਲੇ ਪੜ੍ਹਦੇ ਬਾਲਾਂ ਲਈ ਪੰਜਾਬੀ ਨਾਟਕਾਂ ਦੀ ਇਕ ਬਹੁਤ ਸੋਹਣੀ ਕਿਤਾਬ ਏ। ਇਸ ਕਿਤਾਬ ਵਿਚ ਛਪੇ ਨਾਟਕ ਅਸਲੋਂ ਪੰਜਾਬੀ ਜ਼ਬਾਨ ਦੀ ਗੁਰਮੁਖੀ ਲਿਪੀ ਵਿਚ ਲਿਖੇ ਗਏ ਸਨ, ਜਿਹੜੇ ਕਿ ਹਿੰਦੁਸਤਾਨ ਅਤੇ ਕੈਨੇਡਾ ਦੇ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪੇ ਤੇ ਬਾਲਾਂ ਨੇ ਬੜੇ ਪਸੰਦ ਕੀਤੇ।
ਹੁਣ ਇਨ੍ਹਾਂ ਨਾਟਕਾਂ ਦਾ ਉਲਥਾ ਅਸ਼ਰਫ਼ ਸੁਹੇਲ ਹੋਰਾਂ ਨੇ ਬੜੇ ਸੋਹਣੇ ਢੰਗ ਨਾਲ ਪੰਜਾਬੀ ਜ਼ਬਾਨ ਦੀ ਸ਼ਾਹਮੁਖੀ ਲਿਪੀ ਵਿਚ ਕਰ ਕੇ ਇਨ੍ਹਾਂ ਨੂੰ ਕਿਤਾਬੀ ਸ਼ਕਲ ਵਿਚ ਛਾਪਿਆ ਹੈ ਤਾਂ ਲਹਿੰਦੇ ਪੰਜਾਬ ਦੇ ਬਾਲ ਵੀ ਇਹ ਵਧੀਆ ਨਾਟਕ ਪੜ੍ਹਨ ਤੇ ਇਨ੍ਹਾਂ ਨੂੰ ਆਪਣੇ ਸਕੂਲਾਂ ਵਿਚ ਖੇਡਣ।
ਨਾਟਕ ਦੇ ਲੇਖਕ ਡਾ. ਦੇਵਿੰਦਰ ਪਾਲ ਸਿੰਘ ਜੀ ਨੇ ਫ਼ਿਜ਼ਿਕਸ ਵਿਚ ਪੀਐਚ.ਡੀ. ਦੀ ਡਿਗਰੀ ਲਈ ਹੋਈ ਹੈ ਤੇ ਕਈ ਵਰ੍ਹਿਆਂ ਤੋਂ ਕੈਨੇਡਾ ਵਿਚ ਪੜ੍ਹਨ ਅਤੇ ਰਿਸਰਚ ਦਾ ਕੰਮ ਕਰਦੇ ਹਨ। ਆਪਣੇ ਕੰਮ ਦੇ ਨਾਲ-ਨਾਲ ਡਾਕਟਰ ਹੋਰੀਂ ਪੰਜਾਬੀ ਜ਼ਬਾਨ ਵਿਚ ਕਹਾਣੀਆਂ ਤੇ ਨਾਟਕ ਲਿਖਦੇ ਰਹਿੰਦੇ ਹਨ। ਵੱਡਿਆਂ ਲਈ ਲਿਖੀਆਂ ਕਹਾਣੀਆਂ ਵਿਚ ਵੀ ਡਾਕਟਰ ਸਿੰਘ ਹੋਰੀਂ ਆਪਣੀ ਸਾਇੰਸ ਦੇ ਇਲਮ ਦਾ ਬੜਾ ਸੋਹਣਾ ਵਰਤਾਉ ਕਰਦੇ ਨੇ ਤੇ ਕੋਸ਼ਿਸ਼ ਕਰਦੇ ਨੇ ਕਿ ਉਨ੍ਹਾਂ ਦੀਆਂ ਕਹਾਣੀਆਂ ਰਾਹੀਂ ਆਮ ਲੋਕਾਂ ਨੂੰ ਸਾਇੰਸੀ ਗਿਆਨ ਵੀ ਮਿਲਦਾ ਰਹੇ।
ਆਪਣੇ ਇਨ੍ਹਾਂ ਬਾਲ ਨਾਟਕਾਂ ਵਿਚ ਵੀ ਡਾਕਟਰ ਸਿੰਘ ਹੋਰਾਂ ਨੇ ਇਹੀ ਤਰਕੀਬ ਵਰਤੀ ਹੈ ਤੇ ਬਹੁਤ ਸੋਹਣੇ ਢੰਗ ਨਾਲ ਵਰਤੀ ਹੈ। ਏਸ ਕਿਤਾਬ ਵਿਚ ਕੁੱਲ ਮਿਲਾ ਕੇ ਗਿਆਰਾਂ ਨਾਟਕ ਹਨ। ਹਰ ਨਾਟਕ ਏਸ ਤਰ੍ਹਾਂ ਲਿਖਿਆ ਗਿਆ ਹੈ ਕਿ ਬਾਲ ਨਿਰ੍ਹਾ ਉਨ੍ਹਾਂ ਨੂੰ ਪੜ੍ਹ ਕੇ ਸੁਆਦ ਹੀ ਨਾ ਲੈਣ ਸਗੋਂ ਉਨ੍ਹਾਂ ਨੂੰ ਆਪਣੇ ਸਕੂਲਾਂ ਦੀ ਸਟੇਜ ਉਤੇ ਖੇਡ ਵੀ ਸਕਣ। ਏਸ ਦੇ ਨਾਲ ਉਨ੍ਹਾਂ ਨਾਟਕਾਂ ਦੀ ਖ਼ਾਸ ਗੱਲ ਇਹ ਹੈ ਕਿ ਇਹ ਨਾਟਕ ਪੜ੍ਹ ਕੇ ਤੇ ਵੇਖ ਕੇ, ਬਾਲਾਂ ਨੂੰ ਕਈ ਸਾਇੰਸੀ ਕਾਨਸੈਪਟ ਵੀ ਸਮਝ ਆਉਣਗੇ, ਨਾਲੇ ਅਜੋਕੇ ਸਮੇਂ ਦੇ ਕਈ ਸਮਾਜੀ ਅਤੇ ਮਾਹੋਲੀਆਤੀ ਮਸਲਿਆਂ ਦੀ ਸੂਝ ਬੂਝ ਵੀ ਆਏਗੀ।
ਪਹਿਲਾ ਨਾਟਕ ‘ਛੋਟਾ ਰੱਖ ਵੱਡਾ ਦੁੱਖ’ ਬਾਲਾਂ ਨੂੰ ਬੜੇ ਸੋਹਣੇ ਢੰਗ ਨਾਲ ਸਬਕ ਦਿੰਦਾ ਹੈ ਕਿ ਹੋਰ ਤੋਂ ਹੋਰ ਵਧੇਰੇ ਪ੍ਰਾਪਤੀ ਦੀ ਦੌੜ ਜ਼ਿੰਦਗੀ ਨੂੰ ਚੰਗਾ ਕਰਨ ਲਈ ਇਕ ਚੰਗੀ ਸ਼ੈਅ ਹੈ, ਪਰ ਏਸ ਦੌੜ ਨੂੰ ਦੌੜਦੇ ਰੱਬ ਦੀ ਨਾਸ਼ੁਕਰੀ ਨਹੀਂ ਕਰਨੀ ਚਾਹੀਦੀ ਤੇ ਜੋ ਕੁੱਝ ਇਨਸਾਨ ਕੋਲ ਹੈ ਉਹਦੀ ਕਦਰ ਕਰਨੀ ਚਾਹੀਦੀ ਹੈ।
ਦੂਜਾ ਨਾਟਕ ‘ਮਾਂ ਬੋਲੀ ਪੰਜਾਬੀ ਉਦਾਸ ਹੈ’ ਵਿਚ ਬਾਲਾਂ ਵਿਚ ਆਪਣੀ ਮਾਂ ਬੋਲੀ ਦੇ ਪਿਆਰ ਅਤੇ ਕਦਰ ਨੂੰ ਜਗਾਇਆ ਗਿਆ ਹੈ। ਤੀਜੇ ਨਾਟਕ ‘ਕਚਰਾ ਘਟਾਓ … ਆਲੂਦਗੀ ਭਜਾਓ’ ਵਿਚ ਬੜੇ ਦਿਲਚਸਪ ਢੰਗ ਨਾਲ ਬਾਲਾਂ ਨੂੰ ਇਹ ਚੇਤੇ ਕਰਾਇਆ ਗਿਆ ਹੈ ਕਿ ਆਲੂਦਗੀ ਘਟਨਾ ਸਾਡੇ ਆਪਣੇ ਇਖ਼ਤਿਆਰ ਵਿਚ ਹੈ ਤੇ ਸਾਨੂੰ ਹੀ ਏਸ ਮੁਸ਼ਕਿਲ ਦਾ ਉਪਾਅ ਕਰਨਾ ਹੈ।
ਚੌਥੇ ਨਾਟਕ ‘ਬਿਜੜਾ, ਲੱਕੜਹਾਰਾ ਤੇ ਜੰਗਲ’ ਵਿਚ ਬਾਲਾਂ ਨੂੰ ਰੁੱਖਾਂ ਦੀ ਅਹਿਮੀਅਤ ਦਾ ਵਧੀਆ ਸਬਕ ਦਿੱਤਾ ਗਿਆ ਹੈ। ਪੰਜਵੇਂ ਨਾਟਕ ‘ਕਾਲਾ ਬੱਦਲ ਤਿੱਖੀਆਂ ਕਿੱਲਾਂ’ ਵਿਚ ਬਾਲਾਂ ਨੂੰ ਮੁਸ਼ਕਿਲ ਸਾਇੰਸੀ ਗੱਲਾਂ ਬੜੇ ਅਸਾਨ ਤੇ ਸੋਹਣੇ ਢੰਗ ਨਾਲ ਸਮਝਾਈਆਂ ਗਈਆਂ ਨੇ। ਇਸ ਨਾਟਕ ਵਿਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਾਡੀ ਲਾਪਰਵਾਹੀ ਨਾਲ ਅਸੀਂ ਆਪਣੇ ਮਾਹੌਲ ਦਾ ਬੇੜਾ ਗ਼ਰਕ ਕਰਦੇ ਪਏ ਹਾਂ ਅਤੇ ਇਸ ਸਿਆਪੇ ਨੂੰ ਡੱਕਣ ਲਈ ਸਾਨੂੰ ਕਿਹੜੀਆਂ ਛੋਟੀਆਂ-ਛੋਟੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ਕਰਕੇ ਅਸੀਂ ਆਪਣੇ ਕੁਦਰਤੀ ਮਾਹੌਲ ਦਾ ਬਚਾ ਕਰ ਸਕਦੇ ਹਾਂ।
ਛੇਵੇਂ ਨਾਟਕ ‘ਉਦਾਸ ਬੱਤਖ਼ਾਂ’ ਵਿਚ ਬਾਲਾਂ ਨੂੰ ਬੜੇ ਹੀ ਪਿਆਰੇ ਢੰਗ ਨਾਲ ਚੇਤੇ ਕਰਾਇਆ ਗਿਆ ਹੈ ਕਿ ਅਪਣਾ ਮਾਹੌਲ ਖ਼ਰਾਬ ਕਰ ਕੇ ਅਸੀਂ ਨਿਰਾ ਆਪਣਾ ਹੀ ਨੁਕਸਾਨ ਨਹੀਂ ਕਰਦੇ ਸਗੋਂ ਮਾਸੂਮ ਜਨੌਰਾਂ ਦੀ ਜ਼ਿੰਦਗੀ ਵੀ ਤਬਾਹ ਕਰੀ ਜਾ ਰਹੇ ਹਾਂ। ਸੱਤਵਾਂ ਨਾਟਕ ‘ਸਤਰੰਗੀ ਪੀਂਘ’ ਇਕ ਕਮਾਲ ਦਾ ਨਾਟਕ ਹੈ। ਇਸ ਵਿਚ ਨਾ ਸਿਰਫ਼ ਬਾਲਾਂ ਨੂੰ ਇਹ ਗੱਲ ਸਿਖਾਈ ਗਈ ਹੈ ਕਿ ਕੁਦਰਤ ਦੀ ਹਰ ਸ਼ੈਅ ਬਹੁਤ ਹੀ ਖ਼ੂਬਸੂਰਤ ਤੇ ਜ਼ਰੂਰੀ ਹੈ, ਬਲਕਿ ਨਾਲ ਹੀ ਨਾਲ ਇਹ ਸਬਕ ਵੀ ਦਿੱਤਾ ਗਿਆ ਹੈ ਕਿ ਸਾਰੀ ਕੁਦਰਤ ਅਸਲੋਂ ਇਕੋ ਸ਼ੈਅ ਹੈ ਔਰ ਉਸ ਦਾ ਹਰ ਅੰਗ ਦੂਜੇ ਅੰਗਾਂ ਨਾਲ ਜੁੜਿਆ ਹੋਇਆ ਹੈ। ਇਸ ਲਈ ਸਾਨੂੰ ਕੁਦਰਤ ਉਤੇ ਆਪਣੇ ਮਾਹੌਲ ਦੀ ਹਰ ਸ਼ੈਅ ਦੀ ਹਿਫਾਜ਼ਤ ਵੀ ਕਰਨੀ ਚਾਹੀਦੀ ਹੈ ਤੇ ਉਹਦੀ ਕਦਰ ਵੀ ਕਰਨੀ ਚਾਹੀਦੀ ਹੈ। ਅੱਠਵਾਂ ਨਾਟਕ ‘ਧਰਤੀ ਮਾਂ ਬਿਮਾਰ ਏ’ ਵਿਚ ਬਾਲਾਂ ਨੂੰ ਚੇਤੇ ਕਰਾਇਆ ਗਿਆ ਹੈ ਕਿ ਆਪਣੀ ਹਰਕਤਾਂ ਦੇ ਸਬੱਬ ਅਸੀਂ ਆਪਣੀ ਧਰਤੀ ਮਾਂ ਨੂੰ ਬਿਮਾਰ ਕਰ ਛੱਡਿਆ ਹੈ। ਹੁਣ ਜੇ ਅਸੀਂ ਆਪਣੀ ਧਰਤੀ ਮਾਂ ਨੂੰ ਫਿਰ ਚੰਗਾ ਕਰਨਾ ਚਾਹੁੰਦੇ ਹਾਂ ਤੇ ਇਹ ਕੰਮ ਆਪੇ ਹੀ ਨਹੀਂ ਹੋ ਜਾਣਾ, ਇਹਦੇ ਲਈ ਸਾਨੂੰ ਉਹ ਕੰਮ ਛੱਡਣੇ ਪੈਣਗੇ, ਜਿਹਦੀ ਵਜ੍ਹਾ ਤੋਂ ਸਾਡੀ ਧਰਤੀ ਮਾਂ ਬਿਮਾਰ ਹੋ ਚੁੱਕੀ ਹੈ।
ਨੌਵਾਂ ਨਾਟਕ ‘ਕਿਧਰੇ ਦੇਰ ਨਾ ਹੋ ਜਾਵੇ’ ਵਿਚ ਦੋ ਬੜੇ ਹੀ ਅਹਿਮ ਸਬਕ ਬਾਲਾਂ ਨੂੰ ਦਿੱਤੇ ਗਏ ਨੇ। ਇਕ ਤੇ ਜਨਰੇਸ਼ਨ ਗੈਪ ਦਾ ਕਾਨਸੈਪਟ ਬੜੇ ਹੀ ਸੌਖੇ ਢੰਗ ਨਾਲ ਬਾਲਾਂ ਨੂੰ ਚੇਤੇ ਕਰਾਇਆ ਗਿਆ ਹੈ, ਦੂਜਾ ਉਨ੍ਹਾਂ ਇਹ ਸਬਕ ਵੀ ਸਿਖਾਇਆ ਗਿਆ ਹੈ ਕਿ ਮਨੁੱਖ ਨੂੰ ਇਨਸਾਨ ਬਨਣ ਲਈ ਜ਼ਰੂਰੀ ਹੈ ਕਿ ਉਹ ਆਪਣੀ ਜ਼ਿੱਦ/ਅਹਿਮ ਨੂੰ ਮਾਰ ਦੇਵੇ, ਨਹੀਂ ਤਾਂ ਉਹਨੂੰ ਪਿੱਛੋਂ ਬੜਾ ਪਛਤਾਉਣਾ ਪੈਂਦਾ ਹੈ।
ਦਸਵੀਂ ਨਾਟਕ ‘ਖ਼ੁਦ ਇਤਮਾਦੀ ਜ਼ਰੂਰੀ ਏ’ ਵਿਚ ਇਹ ਸਬਕ ਦਿੱਤਾ ਗਿਆ ਹੈ ਕਿ ਇਨਸਾਨ ਨੂੰ ਲਾਈ ਲੱਗ ਨਹੀਂ ਹੋਣਾ ਚਾਹੀਦਾ ਤੇ ਹਰ ਕਿਸੇ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ ਸਗੋਂ ਆਪਣੇ ਉਤੇ ਯਕੀਨ ਰੱਖਣਾ ਚਾਹੀਦਾ ਹੈ। ਭੈੜੇ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਸਗੋਂ ਆਪਣੇ ਪਿਆਰਿਆਂ ਦੀਆਂ ਗੱਲਾਂ ਉਤੇ ਗੌਰ ਕਰਨਾ ਚਾਹੀਦਾ ਹੈ ਤੇ ਆਪਣੀ ਸਲਾਹੀਅਤਾਂ ਅਤੇ ਐਤਮਾਦ ਕਰਦੇ ਹੋਏ ਮਿਹਨਤ ਕਰਨੀ ਚਾਹੀਦੀ ਹੈ। ਗਿਆਰ੍ਹਵੀਂ ਅਤੇ ਅਖੀਰੀ ਨਾਟਕ ‘ਏਕੇ ਦੀ ਬਰਕਤ’ ਵਿਚ ਬਾਲਾਂ ਨੂੰ ਏਕਤਾ ਦੇ ਗੁਣਾਂ ਦਾ ਸਬਕ ਜੰਗਲੀ ਹਯਾਤ ਦੀ ਹਿਫਾਜ਼ਤ ਦੀ ਜ਼ਰੂਰਤ ਦੇ ਨਾਲ-ਨਾਲ ਬੜੇ ਹੀ ਸੋਹਣੇ ਢੰਗ ਨਾਲ ਦਿੱਤਾ ਗਿਆ ਹੈ।
ਇਹ ਬਾਲ ਨਾਟਕਾਂ ਦੀ ਪੰਜਾਬੀ ਜ਼ਬਾਨ ਵਿਚ ਇਕ ਬਹੁਤ ਹੀ ਸੋਹਣੀ ਕਿਤਾਬ ਹੈ। ਜਿਸ ਵਿਚ ਬੜੀਆਂ ਜ਼ਰੂਰੀ ਅਤੇ ਕੀਮਤੀ ਗੱਲਾਂ ਨਿੱਕੀਆਂ-ਨਿੱਕੀਆਂ ਦਿਲਚਸਪ ਕਹਾਣੀਆਂ ਦੇ ਰੂਪ ਵਿਚ ਢਾਲੀਆਂ ਗਈਆਂ ਨੇ। ਕਹਾਣੀਆਂ ਦਾ ਰੂਪ ਨਾਟਕਾਂ ਦਾ ਰੱਖਿਆ ਗਿਆ ਹੈ ਤਾਂ ਕਿ ਬਾਲ ਇਨ੍ਹਾਂ ਨੂੰ ਆਪਣੇ ਸਕੂਲਾਂ ਦੇ ਸਟੇਜਾਂ ਉਤੇ ਖੇਡ ਵੀ ਸਕਣ, ਜਿਹਦੇ ਨਾਲ ਬਾਲਾਂ ਦੀ ਦਿਲਚਸਪੀ ਵੀ ਵਧਦੀ ਹੈ ਨਾਲੇ ਪੈਗ਼ਾਮ ਵੱਧ ਤੋਂ ਵੱਧ ਬਾਲਾਂ ਤੀਕਰ ਅੱਪੜ ਸਕਦਾ ਹੈ। ਇਨ੍ਹਾਂ ਨਾਟਕਾਂ ਦੀ ਇਕ ਹੋਰ ਵਧੀਆ ਗੱਲ ਇਹ ਹੈ ਕਿ ਇਨ੍ਹਾਂ ਵਿਚ ਬਹੁਤੇ ਕਿਰਦਾਰ ਬਾਲਾਂ ਦੇ ਹਨ, ਜਿਸਦੀ ਵਜ੍ਹਾ ਤੋਂ ਇਹ ਬਾਲਾਂ ਵਿਚ ਜ਼ਿਆਦਾਂ ਮਕਬੂਲ ਹੋਣਗੇ। ‘ਸਤਰੰਗੀ ਪੀਂਘ ਤੇ ਹੋਰ ਨਾਟਕ’ ਪੰਜਾਬੀ ਜ਼ਬਾਨ ਵਿਚ ਬਾਲਾਂ ਦੀ ਇਕ ਵਧੀਆ ਕਿਤਾਬ ਹੈ। ਜਿਹੜੀ ਬੜੇ ਹੀ ਸੋਹਣੇ ਢੰਗ ਨਾਲ ਲਿਖੀ ਗਈ ਹੈ। ਇਸ ਕਿਤਾਬ ਨੂੰ ਪੰਜਾਬ ਦੇ ਹਰ ਸਕੂਲ ਵਿਚ ਲਾਗੂ ਕਰਨਾ ਚਾਹੀਦਾ ਹੈ।
ਟੀਪੂ ਸਲਮਾਨ ਮਖ਼ਦੂਮ,
ਐਡਵੋਕੇਟ, ਸੁਪਰੀਮ ਕੋਰਟ ਆਫ ਪਾਕਿਸਤਾਨ, ਲਾਹੌਰ