ਨਾਹਰ ਔਜਲਾ
416-728-5686
ਇਹ ਗੱਲ ਹਰ ਸੰਵੇਦਨਸ਼ੀਲ ਮਨ ਨੂੰ ਪ੍ਰੇਸ਼ਾਨ ਕਰਨ ਵਾਲੀ ਹੈ ਕਿ ਬਹੁਤ ਸਾਰੇ ਪੱਛਮੀ ਦੇਸ਼ਾਂ ‘ਚ ਅੱਜ ਵੀ ਮਰਦਾਂ ਅਤੇ ਔਰਤਾਂ ਦੇ ਹੱਕਾਂ ਵਿਚਕਾਰ ਵੱਡਾ ਪਾੜਾ ਮੌਜੂਦ ਹੈ। ਔਰਤਾਂ ਦੀ ਬਰਾਬਰੀ ਨੂੰ ਲੈ ਕੇ ਹੀ ਹਰ ਸਾਲ 8 ਮਾਰਚ ਨੂੰ ਅੰਤਰ ਰਾਸ਼ਟਰੀ ਔਰਤ ਦਿਵਸ ਸਾਰੇ ਮੁਲਕਾਂ ‘ਚ ਮਨਾਇਆ ਜਾਂਦਾ ਹੈ। ਉਂਝ ਤਾਂ ਇਸ ਦਿਨ ਨੂੰ ਯੂ ਐਨ ਓ ਵਲੋਂ ਵੀ ਮਾਨਤਾ ਮਿਲੀ ਹੋਈ ਹੈ ਪਰ ਬਹੁਤੇ ਸਾਮਰਾਜੀ ਦੇਸ਼ ਔਰਤਾਂ ਦੇ ਹੱਕਾਂ ਵਾਲੀ ਗੱਲ ਨੂੰ ਵੀ ਬਿਜ਼ਨਿਸ ਦੇ ਨਜ਼ਰੀਏ ਨਾਲ ਹੀ ਦੇਖਦੇ ਹਨ। ਅੱਜ ਸੀਰੀਆ ਵਰਗੇ ਕਈ ਮੁਲਕਾਂ ਦੀਆਂ ਔਰਤਾਂ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਆਪਣੇ ਸਰੀਰਾਂ ਨੂੰ ਵੇਚ ਰਹੀਆਂ ਹਨ। ਬਾਰਡਰ ਪਾਰ ਕਰ ਕੇ ਕਿਸੇ ਹੋਰ ਦੇਸ਼ ‘ਚ ਸਰਨਾਰਥੀ ਬਣਨ ਲਈ ਆਪਣੀਆਂ ਜ਼ਿੰਦਗੀਆਂ ਨੂੰ ਦਾਅ ‘ਤੇ ਲਾਅ ਰਹੀਆਂ ਹਨ, ਪਰ ਸੰਸਾਰ ਭਰ ਦੀਆਂ ਬਹੁਤੀਆਂ ਸੰਸਥਾਵਾਂ ਨੇ ਚੁੱਪ ਧਾਰੀ ਹੋਈ ਹੈ। ਔਰਤਾਂ ਨੂੰ ਜੋ ਵੀ ਹੱਕ ਮਿਲੇ ਹਨ ਉਹ ਬੜੀ ਜੱਦੋ-ਜਹਿਦ ਨਾਲ ਹੀ ਮਿਲੇ ਹਨ। ਅੰਤਰ ਰਾਸ਼ਟਰੀ ਔਰਤ ਦਿਵਸ ਨੂੰ ਵੀ ਇਹਨਾਂ ਸੰਘਰਸ਼ਾਂ ਕਾਰਨ ਹੀ ਮਾਨਤਾ ਮਿਲੀ ਹੈ। ਇਸ ਦਿਨ ਦੀ ਸ਼ੁਰੂਆਤ ਕਿੱਥੋਂ ਅਤੇ ਕਦੋਂ ਹੋਈ ਬਾਰੇ ਤਾਂ ਸਹੀ ਵੇਰਵੇ ਉਪਲੱਬਧ ਨਹੀਂ ਹਨ। ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਖੇ 1908 ‘ਚ ਔਰਤਾਂ ਵਲੋਂ ਆਪਣੇ ਹੱਕਾਂ ਲਈ ਹਜ਼ਾਰਾਂ ਔਰਤਾਂ ਦਾ ਇਕੱਠ ਕਰਕੇ ਇਕ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਪਿੱਛੋਂ ਇਹੋ ਜਿਹੇ ਪ੍ਰਦਰਸ਼ਨ ਕਿੰਨੇ ਹੀ ਦੇਸ਼ਾਂ ‘ਚ ਹੋਣੇ ਸ਼ੁਰੂ ਹੋ ਗਏ ਸਨ। ਇਹਨਾਂ ਲੰਮੇ ਸੰਘਰਸ਼ਾਂ ਤੋਂ ਬਾਅਦ ਹੀ ਬਹੁਤ ਸਾਰੇ ਪੱਛਮੀ ਮੁਲਕਾਂ ‘ਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਪ੍ਰਾਪਤ ਹੋਇਆ ਸੀ।
ਕੈਨੇਡਾ ‘ਚ ਵਸਦੇ ਪਰਵਾਸੀ ਲੋਕਾਂ ਨੂੰ ਤਾਂ ਕਾਫੀ ਲੰਮੇ ਸਮੇਂ ਤੱਕ ਆਪਣੇ ਪਰਿਵਾਰਾਂ ਨੂੰ ਵੀ ਇੱਥੇ ਬਲਾਉਂਣ ਦਾ ਅਧਿਕਾਰ ਨਹੀਂ ਸੀ। ਇਹਨਾਂ ਲੋਕਾਂ ਨੂੰ ਤਾਂ ਵੋਟ ਪਾਉਣ ਦਾ ਹੱਕ ਵੀ 1947 ‘ਚ ਹੀ ਮਿਲਿਆ ਸੀ। ਪੱਛਮੀ ਔਰਤਾਂ ਵਲੋਂ ਇੱਕ ਸਦੀ ਪਹਿਲਾਂ ਵੋਟ ਦਾ ਹੱਕ ਪ੍ਰਾਪਤ ਕਰ ਲੈਣ ਤੋਂ ਬਾਅਦ ਵੀ ਅੱਜ ਤੱਕ ਰਾਜਨੀਤਕ, ਆਰਥਿਕ ਤੇ ਸਮਾਜਿਕ ਖੇਤਰਾਂ ‘ਚ ਪੂਰੀ ਬਰਾਬਰਤਾ ਨਹੀਂ ਮਿਲ ਸਕੀ। ਕੈਨੇਡਾ ਦੇ ਰਾਜਨੀਤਕ ਖੇਤਰ ‘ਚ ਵੀ ਔਰਤਾਂ ਦੀ ਗਿਣਤੀ 28 ਕੁ ਪ੍ਰਤੀਸ਼ਤ ਹੀ ਹੈ। ਵੱਡੀਆਂ ਕਾਰਪੋਰੇਸ਼ਨਾਂ ਦੇ ਉੱਚੇ ਅਹੁਦਿਆਂ ਤੇ ਵੀ ਔਰਤਾਂ ਦੀ ਗਿਣਤੀ ਕਾਫੀ ਘੱਟ ਹੈ। ਇਕੋ ਜਿਹੇ ਕਿੱਤੇ ‘ਤੇ ਕੰਮ ਕਰਦੀਆਂ ਔਰਤਾਂ ਨੂੰ ਅਜੇ ਵੀ ਮਰਦਾਂ ਦੇ ਮੁਕਾਬਲੇ ਘੱਟ ਤਨਖਾਹ ਤੇ ਰੱਖਿਆ ਜਾਂਦਾ ਹੈ। ਕੈਨੇਡਾ ਦੀ ਪਾਰਲੀਮੈਂਟ ਤੇ ਹੋਰ ਵਿਧਾਨ ਸਭਾਵਾਂ ‘ਚ ਵੀ ਔਰਤਾਂ ਨਾਲ ਮਰਦ ਮੈਂਬਰਾਂ ਵਲੋਂ ਕੀਤੀਆਂ ਛੇੜ- ਛਾੜ ਦੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆ ਹਨ। ਖੇਡਾਂ ਅਤੇ ਫਿਲਮਾਂ ‘ਚ ਵੀ ਔਰਤਾਂ ਦੇ ਸ਼ੋਸਣ ਦੀਆਂ ਸੁਰਖੀਆਂ ਮੀਡੀਏ ‘ਚ ਲੱਗੀਆਂ ਹੀ ਰਹਿੰਦੀਆਂ ਹਨ। ਬਹੁਤ ਸਾਰੀਆਂ ਯੂਨੀਵਰਸਿਟੀਆਂ ‘ਚ ਵੀ ਔਰਤਾਂ ਨਾਲ ਹੁੰਦੀਆਂ ਛੇੜ- ਛਾੜ ਦੀਆਂ ਘਟਨਾਵਾਂ ਨੁੰ ਪ੍ਰਬੰਧਕ ਅੰਦਰਖਾਤੇ ਹੀ ਦਬਾ ਲੈਂਦੇ ਹਨ। ਇਹਨਾਂ ਘਟਨਾਵਾਂ ਬਾਰੇ ਮੀਡੀਏ ‘ਚ ਕਈ ਵਾਰ ਚਰਚਾ ਵੀ ਛਿੜੀ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਆਰਮੀ ਅਤੇ ਆਰ ਸੀ ਐਮ ਪੀ ਵਰਗੇ ਅਦਾਰਿਆਂ ‘ਚ ਵੀ ਸੈਂਕੜੇ ਹੀ ਔਰਤਾਂ ਵਲੋਂ ਸੈਕਸੁਅਲ ਅਸਾਲਟ ਦੇ ਮਾਮਲਿਆਂ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸ਼ਿਕਾਇਤਾਂ ਦਰਜ ਕਰਵਾ ਕੇ ਕੋਰਟਾਂ ‘ਚ ਕੇਸ ਝਗੜੇ ਜਾ ਰਹੇ ਹਨ।
ਕੈਨੇਡਾ ਦੇ ਐਬਰਿਜ਼ਨਲ ਭਾਵ ਇਸ ਦੇਸ਼ ਦੇ ਮੂਲ ਨਿਵਾਸੀਆਂ ਦੀਆਂ ਔਰਤਾਂ ਨਾਲ ਜੋ ਵਿਤਕਰਾ ਤੇ ਧੱਕਾ ਹਰ ਰੋਜ਼ ਹੁੰਦਾ ਹੈ ਉਸ ਨੂੰ ਦੇਖ ਕੇ ਤਾਂ ਹਰ ਸੰਵੇਦਨਸ਼ੀਲ ਇਨਸਾਨ ਦਾ ਦਿਲ ਕੰਬ ਉੱਠਦਾ ਹੈ। ਇਸ ਕਮਿਉਨਟੀ ਦੀ ਕੁਲ ਅਬਾਦੀ ਕੋਈ ਡੇਢ ਦੋ ਮਿਲੀਅਨ ਦੇ ਕਰੀਬ ਹੀ ਹੈ। ਹਰ ਆਏ ਦਿਨ ਹੀ ਇਨ੍ਹਾਂ ਦੀਆਂ ਔਰਤਾਂ ਨਾਲ ਰੇਪ, ਕਤਲ ਜਾਂ ਗੁੰਮ ਹੋ ਜਾਣ ਦੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਆਰ ਸੀ ਐਮ ਪੀ ਵਲੋਂ ਗੁੰਮ ਹੋਈਆਂ ਜਾਂ ਕਤਲ ਹੋਈਆਂ ਔਰਤਾਂ ਦੀ ਗਿਣਤੀ 1200 ਦੱਸੀ ਗਈ ਹੈ ਜਦੋਂ ਕਿ ਨੇਟਿਵ ਔਰਤਾਂ ਦੀ ਇਕ ਜੱਥੇਬੰਦੀ ਨੇ ਤੱਥਾਂ ਸਮੇਤ ਇਹਨਾਂ ਦੀ ਗਿਣਤੀ 4000 ਤੋਂ ਵੀ ਵੱਧ ਦੱਸੀ ਹੈ। ਦਹਾਕਿਆਂ ਬੱਧੀ ਸਮੇਂ ਸਮੇਂ ਤੇ ਬਣਦੀਆਂ ਸਰਕਾਰਾਂ ਇਸ ਗੰਭੀਰ ਮਸਲੇ ਨੂੰ ਸੰਜੀਦਗੀ ਨਾਲ ਲੈਣ ਤੋਂ ਟਾਲਾ ਹੀ ਵੱਟਦੀਆਂ ਰਹੀਆਂ ਹਨ। ਹੁਣ ਇਕ ਇਨਕੁਆਰੀ ਕਮੇਟੀ ਬਣਾਈ ਗਈ ਹੈ, ਉਸ ਦੇ ਕੀ ਰਿਜ਼ਲਟ ਨਿਕਲਦੇ ਹਨ ਉਹ ਤਾਂ ਅਜੇ ਸਮਾਂ ਹੀ ਦੱਸੇਗਾ। ਜਿਸ ਕਿਸਮ ਦੀਆਂ ਮਾੜੀਆਂ ਹਾਲਤਾਂ ‘ਚ ਉਹ ਲੋਕ ਆਪਣੀ ਜ਼ਿੰਦਗੀ ਜਿਉਂ ਰਹੇ ਹਨ ਉਹ ਕਿਸੇ ਵੀ ਮੁਲਕ ਦੇ ਗਰੀਬ ਲੋਕਾਂ ਨਾਲੋਂ ਬਹੁਤੀ ਬੇਹਤਰ ਨਹੀਂ ਹੈ। ਮਨੁੱਖੀ ਅਧਿਕਾਰਾਂ ਦਾ ਚੈਂਪੀਅਨ ਕਹਾਉਣ ਵਾਲੇ ਦੇਸ਼ ਅੰਦਰ ਹੀ ਅਗਰ ਇਹ ਕੁਝ ਵਾਪਰ ਰਿਹਾ ਹੈ ਤਾਂ ਬੜੀ ਸ਼ਰਮਨਾਕ ਗੱਲ ਹੈ।
ਪਰਵਾਸ ਕਰ ਕੇ ਇੱਥੇ ਆ ਵਸੀਆਂ ਔਰਤਾਂ ਦੀ ਵੀ ਹਾਲਤ ਬਹੁਤੀ ਬੇਹਤਰ ਨਹੀਂ ਕਹੀ ਜਾ ਸਕਦੀ, ਉਹ ਜੌਬ ਵੀ ਕਰਦੀਆਂ ਹਨ ਘਰ ਦਾ ਕੰਮ ਵੀ ਤੇ ਬੱਚਿਆਂ ਦੀ ਦੇਖ ਭਾਲ ਵੀ ਕਰਦੀਆਂ ਹਨ। ਪੰਜਾਬੀ ਮਰਦਾਂ ਵਲੋਂ ਔਰਤਾਂ ਨਾਲ ਕੁਟ ਮਾਰ ਦੇ ਮਾਮਲੇ ਅਜੇ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਬਹੁਤੀਆਂ ਔਰਤਾਂ ਜਾਂ ਤਾਂ ਸ਼ਕਾਇਤ ਹੀ ਨਹੀਂ ਕਰਦੀਆਂ ਜਾਂ ਫਿਰ ਕੇਸ ਸ਼ੁਰੂ ਹੋਣ ਤੇ ਕੋਰਟ ‘ਚ ਸਹੀ ਗਵਾਹੀ ਦੇਣ ਤੋਂ ਥਿੱੜਕ ਜਾਂਦੀਆਂ ਹਨ। ਹਰ ਸਾਲ ਇਕ ਦੋ ਕੇਸ ਤਾਂ ਅਜਿਹੇ ਵੀ ਵਾਪਰ ਜਾਂਦੇ ਹਨ ਜਿੱਥੇ ਮਰਦ ਵਲੋਂ ਆਨਰ ਕਿਲਿੰਗ ਦੇ ਨਾਂ ਹੇਠ ਔਰਤਾਂ ਦਾ ਕਤਲ ਵੀ ਕਰ ਦਿੱਤਾ ਜਾਂਦਾ ਹੈ। ਕਾਤਲ ਮਰਦਾਂ ਵਲੋਂ ਅਦਾਲਤਾਂ ‘ਚ ਜਾ ਕੇ ਵੀ ਉਹਨਾਂ ਔਰਤਾਂ ਨੂੰ ਬਦਚਲਣ ਕਹਿਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ। ਜਦੋਂ ਕਿ ਕੈਨੇਡੀਅਨ ਲਾਈਫ ਸਟਾਇਲ ਮੁਤਾਬਕ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਆਪਣੇ ਮੁਤਾਬਕ ਜੀਣ ਦਾ ਹੱਕ ਹੈ। ਜੇ ਕੈਨੇਡਾ ਵਰਗੇ ਮੁਲਕਾਂ ‘ਚ ਔਰਤਾਂ ਅਜੇ ਬਰਾਬਰ ਨਹੀਂ ਹਨ ਤਾਂ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਪੱਛੜੇ ਹੋਏ ਮੁਲਕਾਂ ਜਾਂ ਭਾਰਤ ਵਰਗੇ ਦੇਸ਼ਾਂ ‘ਚ ਔਰਤ ਦੀ ਕੀ ਸਥਿਤੀ ਹੋਵੇਗੀ, ਜਿੱਥੇ ਪਬਲਿਕ ਪਲੇਸਾਂ ‘ਤੇ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈਆਂ ਔਰਤਾਂ ਨੂੰ ਹੀ ਬਹੁਤ ਸਾਰੇ ਰਾਜਨੀਤਕ ਤੇ ਧਾਰਮਿਕ ਆਗੂਆਂ ਵਲੋਂ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ। ਉਹਨਾਂ ਦੇ ਪਾਏ ਹੋਏ ਕੱਪੜਿਆਂ ਦੀ ਪਰਖ ਕੀਤੀ ਜਾਂਦੀ ਹੈ। ਉਹਨਾਂ ਦੇ ਰਾਤ ਨੂੰ ਬਾਹਰ ਜਾਣ ‘ਤੇ ਤਾਹਨੇ ਮਿਹਣੇ ਕਸੇ ਜਾਂਦੇ ਹਨ। ਰੇਪ ਕਰਨ ਤੋਂ ਬਾਅਦ ਮਾਰਕੇ ਦਰੱਖਤਾਂ ‘ਤੇ ਲਟਕਾ ਦਿੱਤਾ ਜਾਂਦੈ।
ਕੋਈ ਵੀ ਸੂਝਵਾਨ ਵਿਅਕਤੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਔਰਤ ਤੇ ਮਰਦ ਦੋਵੇਂ ਹੀ ਸਮਾਜ ਦੇ ਹਰ ਖੇਤਰ ‘ਚ ਬਰਾਬਰ ਦੀ ਜ਼ਿੰਦਗੀ ਜੀਣ।
ਦੁੱਖ ਦੀ ਗੱਲ ਇਹ ਵੀ ਹੈ ਕਿ ਔਰਤਾਂ ਅਜੇ ਆਪਣੇ ਹੱਕਾਂ ਲਈ ਪੂਰੀ ਤਰ੍ਹਾਂ ਸੁਚੇਤ ਨਹੀਂ ਹਨ। ਅਜੇ ਔਰਤਾਂ ਦੀਆਂ ਅਜਿਹੀਆਂ ਸੰਸਥਵਾਂ ਵੀ ਘੱਟ ਹੀ ਹਨ ਜੋ ਐਕਟਿਵਲੀ ਔਰਤਾਂ ਦੇ ਮਸਲਿਆਂ ‘ਤੇ ਗੱਲ ਕਰਦੀਆਂ ਹੋਣ। ਇਸ ਦਿਨ ‘ਤੇ ਔਰਤਾਂ ਨੂੰ ਆਪਣੇ ਹੱਕਾਂ ਲਈ ਆਪ ਸੰਘਰਸ਼ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਤੇ ਹਰ ਪਰਿਵਾਰ ਦੇ ਹਰ ਮਰਦ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਪਰਿਵਾਰ ਦੀਆਂ ਔਰਤਾਂ ਨੂੰ ਬਰਾਬਰ ਸਮਝਣ, ਤਦ ਹੀ ਇਸ ਸਮਾਜ ਨੂੰ ਹੋਰ ਸੋਹਣਾ ਬਣਾਇਆ ਜਾ ਸਕਦਾ ਹੈ।
Check Also
ਚਿੱਤਰ ਕਲਾ ਖੇਤਰ ਦੀ ਸੰਸਾਰ ਪ੍ਰਸਿੱਧ ਸ਼ਖਸੀਅਤ ਸ. ਜਰਨੈਲ ਸਿੰਘ ਆਰਟਿਸਟ ਦਾ ਦੇਹਾਂਤ
ਪੰਜਾਬੀ ਕਲਾ ਅਤੇ ਸਾਹਿਤ ਖੇਤਰ ਦੇ ਪ੍ਰੇਮੀਆਂ ਲਈ ਇਹ ਦੁਖਦਾਈ ਖਬਰ ਹੈ ਕਿ ਸਰਦਾਰ ਜਰਨੈਲ …