Breaking News
Home / ਨਜ਼ਰੀਆ / ਗੰਧ

ਗੰਧ

ਅਜੀਤ ਸਿੰਘ ਰੱਖੜਾ
ਗੰਧ, ਵਾਸ਼ਨਾ, ਬੂਅ ਜਾਂ ਸਮੈਲ ਸ਼ਬਦ ਅਸੀਂ ਉਸ ਇੰਦਰੇ ਦੇ ਕਾਰਜ ਨੂੰ ਕਹਿੰਦੇ ਹਾਂ ਜਿਸ ਦਾ ਨਾਮ ਨੱਕ, ਨੱਥਨੇ ਜਾਂ ਨੋਜ਼ ਹੈ। ਇਸ ਕਾਰਜ ਦਾ ਚੰਗਾ ਜਾਂ ਮਾੜਾ ਅਸਰ ਦਸਣ ਲਈ ਇਨ੍ਹਾਂ ਸ਼ਬਦਾ ਨਾਲ ਅਗੇਤਰ ਜਾਂ ਪਿਛੇਤਰ ਲਗਦੇ ਹਨ। ਜਿਵੇਂ ਸੁਗੰਦ ਅਤੇ ਦੁਰਗੰਧ ਜਾਂ, ਖੁਸ਼ਬੂ ਅਤੇ ਬਦਬੂ। ਇਹ ਕਾਰਜ, ਆਮ ਦਸੇ ਜਾਂਦੇ 5 ਗਿਆਨ ਇੰਦਰਿਆ ਵਿਚੋਂ ਇਕ ਹੈ ਜਿਨ੍ਹਾ ਰਾਹੀ ਅਸੀਂ ਇਸ ਧਰਤੀ ਉਪਰ ਆਕੇ ਐਥੋ ਦੀ ਦੁਨੀਆਂ ਦਾਰੀ ਨਾਲ ਪ੍ਰਿਚਤ ਹੁੰਦੇ ਹਾਂ। ਬਾਕੀ ਚਾਰ ਦੇ ਨਾਮ ਹਨ ਜਿਹਬਾ, ਕੰਨ, ਅਖਾਂ ਅਤੇ ਚਮੜੀ। ਨੱਕ ਇੰਦਰਾ ਆਮ ਜਾਣਕਾਰੀ ਅਨੁਸਾਰ ਸਭ ਤੋਂ ਘਟ ਵਿਸ਼ੇਸ਼ਤਾ ਰੱਖਣ ਵਾਲਾ ਜਾਂ ਸਭ ਤੋਂ ਘਟ ਇਸਤੇਮਾਲ ਹੋਣ ਵਾਲਾ ਸਮਝਿਆ ਜਾਂਦਾ ਹੈ। ਕਿਸੇ ਦੇ ਕੰਨ ਜਾਂ ਅੱਖਾਂ ਖਰਾਬ ਹੋ ਜਾਣ ਤਾਂ ਬੰਦੇ ਦੀ ਦੁਨੀਆਂ ਉਲਟੀ ਪੁਲਟੀ ਹੋ ਜਾਂਦੀ ਹੈ, ਪਰ ਕਿਸੇ ਦਾ ਨੱਕ ਖਰਾਬ ਹੋ ਜਾਵੇ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਉਲਟਾ, ਬੰਦਾ ਮੁਛਕ ਵਾਲੇ ਗੰਦੇ ਥਾਈਂ ਜਾਕੇ ਦੂਸਰਿਆਂ ਵਾਂਗ ਪ੍ਰੇਸ਼ਾਨੀ ਮਹਿਸੂਸ ਨਹੀਂ ਕਰਦਾ। ਭੰਗੀ ਲੋਕਾਂ ਦੇ ਨੱਕ ਆਮ ਤੌਰ ਤੇ ਮਰੇ ਪਏ ਹੁੰਦੇ ਹਨ ਜਿਸ ਕਾਰਣ ਬਿਨਾ ਤਕਲੀਫ ਉਹ ਗੰਦ ਨੂੰ ਹੱਥ ਪਾ ਲੈਂਦੇ ਹਨ। ਅਜ ਤਕ ਕਦੇ ਕਿਸੇ ਐਸੇ ਮਰੀਜ਼ ਨੂੰ ਡਾਕਟਰ ਕੋਲ ਜਾਦਿਆਂ ਨਹੀਂ ਸੁਣਿਆ ਗਿਆ ਜਿਹੜਾ ਇਹ ਸ਼ਕਾਇਤ ਕਰੇ ਕਿ ਅਜਕਲ ਮੇਰਾ ਨੱਕ ਠੀਕ ਕੰਮ ਨਹੀਂ ਕਰ ਰਿਹਾ। ਕੈਮਿਸਟਾਂ ਦੀਆਂ ਦੁਕਾਨਾ ਉਪਰ ਅਜਿਹੀ ਕੋਈ ਦੁਆਈ ਨਜ਼ਰ ਨਹੀਂ ਆਵੇਗੀ ਜਿਸ ਉਪਰ ਗੰਧ ਤੇਜ਼ ਕਰਨ ਦਾ ਜ਼ਿਕਰ ਮਿਲਦਾ ਹੋਵੇ। ਜਦਕਿ ਨਿਗਾਹ ਤੇਜ਼ ਕਰਨ, ਸੁਨਣ ਕਮਯੋਰੀ ਦੁਰ ਕਰਨ ਜਾਂ ਦਿਮਾਗੀ ਤਾਕਤ ਵਧਾਉਣ ਦੇ ਅਨੇਕਾਂ ਨੁਸਖੇ ਸ਼ੈਲਫਾਂ ਉਪਰ ਪਏ ਵੇਖੇ ਜਾ ਸਕਦੇ ਹਨ।
ਆਮ ਦੁਨੀਆਂ ਦਾਰੀ ਵਿਚ ਭਾਵੇ ਗੰਧ ਦਾ ਐਡਾ ਵਡਾ ਪ੍ਰਯੋਗ ਨਹੀਂ ਹੈ ਪਰ ਅਧਿਆਤਮਿਕ ਸਿਲਸਿਲੇ ਇਸਦਾ ਬਹੁਤ ਵਡਾ ਯੋਗਦਾਨ ਹੁੰਦਾ ਹੈ। ਅਧਿਆਤਮਿਕ ਜੀਵਨ ਵਿਚ ਵਾਸ਼ਨਾਵਾਂ ਦਾ ਬੜਾ ਬੋਲ ਬਾਲਾ ਹੈ। ਬੰਦਾ ਵਾਸ਼ਨਾਵਾਂ ਦਾ ਸ਼ਿਕਾਰ ਹੈ, ਵਾਸ਼ਨਾਵਾਂ ਭਟਕਣ ਪੈਦਾ ਕਰਦੀਆਂ ਹਨ, ਵਗੈਰਾ ਵਰਗੇ ਬੋਲੇ ਇਸ ਤੱਥ ਵਲ ਇਸ਼ਾਰਾ ਕਰਦੇ ਹਨ। ਇਨਸਾਨ ਦੀ ਭਾਵਨਾਤਮਿਕ ਚੇਤਨਾ ਦਾ, ਗੰਧ ਨਾਲ ਬਹੁਤ ਤਕੜਾ ਸਬੰਧ ਹੁੰਦਾ ਹੈ। ਇਨਸਾਨ ਦੀ ਜਜ਼ਬਾਤੀ ਕ੍ਰਿਆ, ਗੰਧ ਨਾਲ ਬਹੁਤ ਪ੍ਰਭਾਵਤ ਹੁੰਦੀ ਹੈ। ਇਸੇ ਕਾਰਣ ਦੁਨੀਆਂ ਭਰ ਦੇ ਧਾਰਮਿਕ ਅਸਥਾਨਾ ਵਿਚ ਧੂਪ ਦੀਪ ਦਾ ਇਸਤੇਮਾਲ ਹੁੰਦਾ ਹੈ। ਗੰਧ ਵਾਲਾ ਇੰਦਰਾ ਦਰਅਸਲ ਇਨਸਾਨ ਦੀ ਅੰਦਰਵਾਲੀ ਕ੍ਰਿਆ ਵਾਸਤੇ ਬਹੁਤ ਅਹਿਮੀਅਤ ਰਖਦਾ ਹੈ। ਗੰਧ ਰਾਹੀਂ ਸਰੀਰ ਦੀ ਅੰਦਰੂਨੀ ਕ੍ਰਿਆ ਬਦਲੀ ਜਾ ਸਕਦੀ ਹੈ, ਮੂਡ ਬਦਲੇ ਜਾ ਸਕਦੇ ਹਨ ਅਤੇ ਐਥੋਂ ਤਕ ਕਿ ਬੰਦੇ ਨੂੰ ਬੇਹੋਸ਼ ਤਕ ਕੀਤਾ ਜਾ ਸਕਦਾ ਹੈ। ਕੁਝ ਗੈਸਾਂ ਨੂੰ ਸੁੰਘਣ ਨਾਲ ਮੌਤ ਵੀ ਹੋ ਜਾਂਦੀ ਹੈ। ਉਪਰੇਸ਼ਨ ਕਰਨ ਸਮੇ ਜੋ ਬੇਹੋਸ਼ੀ ਦਿਤੀ ਜਾਂਦੀ ਹੈ ਉਸ ਵਿਚ ਕਲੋਰੋਫਾਰਮ ਗੈਸ ਦਾ ਇਸਤੇ ਮਾਲ ਹੁੰਦਾ ਹੈ। ਤਮਾਖੂ ਦੇ ਸੇਵਨ (ਸਿਗਰਟ) ਦਾ ਸਬੰਧ ਨਾਸਾਂ ਨਾਲ ਹੀ ਤਾਂ ਹੁੰਦਾ ਹੈ। ਜਿਨ੍ਹੀ ਦੇਰ ਮੂੰਹ ਰਾਹੀ ਧੂਆਂ ਖਿਚਕੇ ਨਾਸਾਂ ਰਾਹੀਂ ਬਾਹਰ ਨਹੀਂ ਸੁਟਿਆ ਜਾਂਦਾ ਉਨ੍ਹੀ ਦੇਰ ਸਿਗਰਟ ਦਾ ਨਸ਼ਾ ਨਹੀਂ ਚੜ੍ਹਦਾ। ਅਜੋਕੀਆਂ ਡਰੱਗਜ਼ ਅਮੂਮਨ ਨਾਸਾਂ ਰਾਹੀ ਲਈਆਂ ਜਾਂਦੀਆਂ ਹਨ। ਬੜੀ ਦੇਰ ਤਕ ਅਮਲੀ ਲੋਕ ਨੁਸਆਰ ਦਾ ਇਸਤੇਮਾਲ ਕਰਦੇ ਰਹੇ ਹਨ। ਅਸਲੀਅਤ ਇਹ ਹੈ ਕਿ ਸਾਡੀਆਂ ਨਾਸਾਂ ਦੇ ਮਗਰ ਅਤੇ ਗਲੇ ਦੇ ਉਪਰ ਵਲ ਇਕ ਨਰਮ ਝਿਲੀ ਹੁੰਦੀ ਹੈ, ਜਿਸ ਉਪਰ ਬਾਹਰੋਂ ਆਉਣ ਵਾਲੀ ਹਰ ਹਵਾ ਦਾ ਅਸਰ ਕਬੂਲਿਆ ਜਾਂਦਾ ਹੈ। ਐਥੇ ਗੰਧ ਦਾ ਵਿਸਲਲੇਸ਼ਣ ਹੁੰਦਾ ਹੈ। ਚੰਗੀ ਅਤੇ ਮਾੜੀ ਚੀਜ਼ ਦੀ ਪਹਿਚਾਣ ਹੁੰਦੀ ਹੈ। ਇਸਦੇ ਸੁਨੇਹੇ ਤੁਰੰਤ ਦਿਮਾਗ ਤਕ ਪਹੁੰਚਦੇ ਹਨ ਅਤੇ ਦਿਮਾਗ ਸਰੀਰ ਨੂੰ ਹਾਂ ਜਾ ਨਾਹ ਦਾ ਸੰਕੇਤ ਭੇਜਦਾ ਹੈ, ਜਿਸ ਅਨੁਸਾਰ ਅਸੀਂ ਫੈਸਲਾ ਕਰਦੇ ਹਾਂ ਕਿ ਇਹ ਚੀਜ਼ ਸਾਡੇ ਖਾਣ ਯੋਗ ਹੈ ਜਾਂ ਨਹੀਂ ਹੈ। ਇਸੇ ਗੰਧ ਵਾਲੀ ਜਗਾਹ ਦੇ ਆਸ ਪਾਸ ਹੀ ਗਲਾ ਹੁੰਦਾ ਹੈ ਜਿਥੇ ਟੌਨਸਲਜ਼ ਰਖੇ ਗਏ ਹਨ। ਇਹ ਆਰਗਨ ਵੀ ਖਾਣਪੀਣ ਵਾਲੀਆਂ ਚੀਜ਼ਾ ਵਿਚੋਂ ਗਲਤ ਚੀਜ਼ਾ ਨੂੰ ਅੰਦਰ ਜਾਣੋ ਰੋਕਦੇ ਹਨ। ਕੁਲ ਮਿਲਾਕੇ ਇਸ ਨਿਕੀ ਜਹੀ ਜਗਾਹ ਸਰੀਰਕ ਰਖਸ਼ਾ ਪ੍ਰਣਾਲੀ ਦਾ ਕੇਂਦਰ ਸਥਾਪਤ ਕੀਤਾ ਗਿਆ ਹੈ, ਕੁਦਰਤ ਵਲੋਂ।
ਜਿਵੇਂ ਹੋਮਿਓਪੈਥੀ ਇਕ ਸੂਖਮ ਚਕਿਤਸਾ ਪ੍ਰਣਾਲੀ ਹੈ, ਇਵੇਂ ਹੀ ਅਰੋਮਾਥਰੈਪੀ ਵੀ ਇਕ ਸੂਖਮ ਇਲਾਜ ਕਲਾ ਹੈ। ਇਸੇ ਦੇ ਵਿਸਥਾਰ ਵਿਚੋਂ ਹੀ ਅਤਰ ਫੁਲੇਲ ਦੀ ਕਾਢ ਨਿਕਲੀ ਸੀ। ਇਹ ਜਾਣਕਾਰੀ ਹਜਾਰਾਂ ਸਾਲ ਪੁਰਾਣੀ ਹੈ। ਅਰੋਮਾਥਰੈਪੀ ਵਿਚ ਫੁਲਾਂ, ਪਤਿਆਂ ਅਤੇ ਬੀਜ਼ਾਂ ਦੇ ਤੇਲ ਜਾਂ ਰਸਾਇਣਾ ਦੇ ਇਸਤੇਮਾਲ ਹੁੰਦੇ ਹਨ। ਸਿਰਦਰਦ, ਜੋੜਾ ਦੇ ਦਰਦ ਅਤੇ ਮਾਨਸਿਕ ਵਿਕਾਰਾਂ ਦੇ ਇਲਾਜ ਇਸ ਥਰੈਪੀ ਰਾਹੀਂ ਕੀਤੇ ਜਾਂਦੇ ਹਨ। ਸਰੀਰਕ ਮਾਲਸ਼ਾਂ ਸਮੇ ਵਖ ਵਖ ਵਿਆਧੀਆਂ ਲਈ ਵਖ ਵਖ ਤੇਲ ਇਸਤੇਮਾਲ ਕੀਤੇ ਜਾਂਦੇ ਹਨ। ਸਾਨ੍ਹੇ ਦਾ ਤੇਲ ਪੁਰਾਣੇ ਸਮਿਆਂ ਵਿਚ ਮਰਦਾਵੇਂਪਨ ਲਈ ਬੜਾ ਮਸ਼ਹੁਰ ਹੁੰਦਾ ਸੀ। ਸਰਕਾਰੀ ਅੰਕੜਿਆ ਜਾਂ ਵਖ ਵਖ ਸਰਵੇਖਣਾ ਰਾਹੀ ਪਤਾ ਲਗਾ ਹੈ ਕਿ ਭਾਵੇਂ ਅਰੋਮਾਥਰੈਪੀ 17 ਚਕਿਤਸਾ ਪ੍ਰਣਾਲੀਆਂ ਵਿਚੋਂ ਇਕ ਜਰੂਰ ਹੈ, ਪਰ ਕਿਸੇ ਖਾਸ ਬੀਮਾਰੀ ਦੇ ਇਲਾਜ ਲਈ ਇਸਦੇ ਇਸਤੇਮਾਲ ਹੋਣ ਦਾ ਕੋਈ ਸਬੁਤ ਨਹੀਂ ਮਿਲਦਾ। ਇਹ ਥਰੈਪੀ ਆਮ ਤੰਦਰੁਸਤੀ ਵਿਚ ਇਜ਼ਾਫਾ ਜਰੂਰ ਕਰਦੀ ਹੈ।
ਤੁਸੀਂ ਇਸ ਜਾਣਕਾਰੀ ਨਾਲ ਹੈਰਾਨ ਹੋ ਜਾਵੋਗੇ ਕਿ ਜਦ ਵੀ ਕਿਸੇ ਜਗਾਹ ਕੋਈ ਗੰਧ ਪੈਦਾ ਹੋ ਜਾਵੇ, ਸਮਝੋ ਉਥੇ ਕੋਈ ਜੀਵ ਪੈਦਾ ਹੋਣ ਵਾਲਾ ਹੈ। ਗੰਧ ਰਸਾਇਣਾ ਵਿਚੋਂ ਪੈਦਾ ਹੁੰਦੀ ਹੈ ਅਤੇ ਰਸਾਇਣ ਜੀਵ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ। ਚਮੜੀ ਉਪਰ ਜੂਆਂ ਪੈਦਾ ਹੋਣ ਤੋਂ ਪਹਿਲਾਂ ਇਕ ਗੰਦੀ ਸਮੈਲ ਪੈਦਾ ਹੁੰਦੀ ਹੈ। ਜਖਮ ਵਿਚ ਕੀੜੇ ਪੈਣ ਤੋਂ ਪਹਿਲਾਂ ਮੁਛਕ ਪੈਦਾ ਹੁੰਦੀ ਹੈ ਅਤੇ ਇਸੇ ਤਰ੍ਹਾਂ ਉਲੀ ਤੋਂ ਪਹਿਲਾਂ ਕਮਰਿਆ ਵਿਚੋਂ ਹੱਬਕ ਆਉਣ ਲਗਦੀ ਹੈ। ਬੰਗਾਲੇ ਕਿਸੇ ਜਗਾਹ ਸੱਪ ਦੇ ਮਾਜੂਦ ਹੋਣ ਲਈ, ਉਥੋਂ ਦੀ ਬੂਅ ਦੀ ਜਾਂਚ ਕਰਦੇ ਹਨ। ਓਝੇ (ਤੰਤਰਿਕ) ਚੁੜੇਲਾਂ ਭੂਤਾਂ ਦੇ ਵਾਸੇ ਵਾਲੀ ਜਗਾਹ ਦੀ ਸੁੰਘਕੇ ਜਾਂਚ ਕਰਦੇ ਹਨ। ਸੰਸਾਰ ਦੀ ਹਰ ਜੀਵ ਅਤੇ ਨਿਰਜੀਵ ਚੀਜ਼ ਦੀ ਇਕ ਗੰਧ ਹੁੰਦੀ ਹੈ, ਜਿਸ ਨੂੰ ਬ੍ਰੀਕਬੁਧ  ਲੋਕ ਪਹਿਚਾਣ ਸਕਦੇ ਹਨ। ਖੁਸ਼ਬੂਈਆਂ ਮਨ ਲਭਾਉਂਦੀਆਂ ਹਨ ਅਤੇ ਬਦਬੂਈਆਂ ਤਕਲੀਫ ਦੇਂਦੀਆਂ ਹਨ।
ਸਭ ਤੋਂ ਸਸਤੇ ਵਿਚ ਖੁਸਬੂਈਆਂ ਦਾ ਅਨੰਦ ਲੈਣ ਲਈ ਧੂਪ ਦੀ ਈਜਾਦ ਹੋਈ ਸੀ। ਧੂਪਾਂ ਯਾਨੀ ਅਗਰਬੱਤੀਆਂ ਲਈ ਅਨੇਕਾਂ ਨੁਸਖ਼ੇ ਮਿਲਦੇ ਹਨ। ਅਜਕਲ ਸੈਂਟਿਡ ਮੋਮਬਤੀਆਂ ਦਾ ਬੜਾ ਰਿਵਾਜ ਹੈ। ਕਿਸੇ ਵਿਚ ਸੰਦਲ ਕਿਸੇ ਵਿਚ ਕਲੀਆਂ ਅਤੇ ਕਿਸੇ ਵਿਚ ਗੁਲਾਬ ਦੀ ਖੁਸ਼ਬੂਈ ਹੁੰਦੀ ਹੈ। ਅਤਰ ਫੁਲੇਲ ਦੀ ਇਕ ਪੂਰੀ ਸੂਰੀ ਸੰਨਤ (ਇੰਡਸਟਰੀ) ਹਰ ਮੁਲਕ ਵਿਚ ਮੌਜੂਦ ਹੈ। ਫਰਾਂਸ ਖੁਸ਼ਬੂਈਆਂ ਲਈ ਜਾਣਿਆ ਜਾਂਦਾ ਮੁਲਕ ਹੈ। ਇਸ ਮੁਲਕ ਵਿਚ ਬਣੇ ਸੈਂਟ ਸਭ ਤੋਂ ਵਧ ਕੀਮਤੀ ਗਿਣੇ ਗਏ ਹਨ। ਤੁਸੀ ਇਸ ਤਥ ਨਾਲ ਹੈਰਾਨ ਰਹਿ ਜਾਵੋਗੇ ਕਿ ਫਰਾਂਸ ਜਿਤਨਾਂ ਸੈਂਟਾ ਲਈ ਮਸ਼ਹੁਰ ਹੈ ਉਤਨਾ ਹੀ ਪ੍ਰੇਮ ਪਿਆਰ ਅਤੇ ਮੁਹੱਬਤਾਂ ਲਈ ਮਸ਼ਹੂਰ ਹੈ। ਜਿਤਨਾ ਆਰਟ ਅਤੇ ਬੁਤਕਾਰੀ ਫਰਾਂਸ ਵਿਚ ਉਪਲਭਤ ਹੈ, ਉਨ੍ਹੀ ਕਿਸੇ ਹੋਰ ਮੁਲਕ ਵਿਚ ਨਹੀਂ। ਸੰਸਾਰ ਪ੍ਰਸਿਧ  ਮੋਨਾਲੀਸਾ ਦਾ ਪੋਰਟਰੇਟ ਫਰਾਸ ਦੇ ਆਰਟਿਸਟ ਦੀ ਹੀ ਕਰਾਮਾਤ ਸੀ ਅਤੇ ਉਹ ਮੌਲਿਕ ਚਿਤਰ ਅਜ ਵੀ ਫਰਾਂਸ ਦੇ ਅਜਾਇਬ ਘਰ ਵਿਚ ਪਿਆ ਹੋਇਆ ਹੈ। ਸੰਸਾਰ ਪ੍ਰਸਿੱਧ ਸੰਗਮਰਮਰ ਵਿਚ ਤਰਾਸ਼ਿਆ ਖੂਬਸੂਰਤੀ ਦੀ ਰਾਣੀ ਵੀਨਸ ਦਾ ਬੁਤ ਵੀ ਫਰਾਂਸ ਵਿਚ ਹੀ ਹੈ। ਦੁਨੀਆਂ ਵਿਚ ਜਿਨੇ ਵੀ ਕਰਾਈਸਟ ਨਾਲ ਤੁਅੱਲਕ ਰਖਦੇ ਮਸ਼ਹੁਰ ਚਿਤਰ ਹਨ, ਤਕਰੀਬਨ ਸਭ ਦੇ ਸਭ ਫਰਾਂਸ ਦੇ ਚਿਤਰਕਾਰਾਂ ਦੀ ਦੇਣ ਹਨ। ਬੰਦੇ ਦੀ ਸੂਖਮ ਕਲਾ ਅਤੇ ਸਿਰਜਣ ਸ਼ਕਤੀ ਦਾ ਕੋਈ ਅਨੂਠਾ ਸਬੰਧ ਖੁਸ਼ਬੂਈਆਂ ਨਾਲ ਜਰੂਰ ਹੈ।
ਦੁਨੀਆਂ ਦੀ ਕੋਈ ਚੀਜ਼ ਐਸੀ ਨਹੀਂ ਜਿਸ ਵਿਚੋਂ ਹਰ ਪਲ ਇਕ ਉਰਜਾਂ ਨਾ ਨਿਕਲ ਰਹੀ ਹੋਵੇ। ਇਸਦੀ ਗਤੀ ਤਪਸ਼ ਅਤੇ ਠੰਡ ਨਾਲ ਵਧਦੀ ਘਟਦੀ ਰਹਿੰਦੀ ਹੈ। ਵਿਗਿਆਨ ਨੇ ਇਸਨੂੰ ਰੇਡੀਏਸ਼ਨ ਦਾ ਨਾਮ ਦਿਤਾ ਹੈ। ਆਮ ਬੋਲੀ ਵਿਚ ਇਸਨੂੰ ਵਾਸ਼ਪੀਕਰਣ ਅਤੇ ਅਧਿਆਤਮਿਕ ਬੋਲੀ ਵਿਚ ਵਾਸ਼ਨਾ ਕਿਹਾ ਗਿਆ ਹੈ। ਫੌਰੈਂਸਿਕ ਸਾਇੰਸ ਵਾਲੇ ਧਰਤੀ ਦੀ ਹਰ ਵਸਤੂ ਦੀ ਉਮਰ ਇਸੇ ਰੇਡੀਏਸ਼ਨ ਦੀ ਗਤੀ ਤੋਂ ਆਂਕਦੇ ਹਨ। ਇਹ ਉਰਜਾ ਪ੍ਰਕਿਰਤੀ ਦੀ ਹਰ ਜੀਵਤ ਚੀਜ਼ ਉਪਰ ਅਸਰਦਰਾਜ਼ ਹੁੰਦੀ ਹੈ। ਸਾਡਾ ਮਾਨਸਿਕ ਤਾਣਾ ਬਾਣਾ ਇਨ੍ਹਾਂ ਊਰਜਾਵਾਂ ਦੇ ਅਸਰ ਅਧੀਨ ਰਹਿੰਦਾ ਹੈ। ਸਾਡੇ ਮੂਡ ਇਨ੍ਹਾਂ ਵਾਸ਼ਨਾਵਾਂ ਨਾਲ ਬਦਲਦੇ ਹਨ। ਫੁੱਲਾਂ ਦੇ ਬਾਗਾਂ ਵਿਚ ਜਾਕੇ ਕਿਸਦਾ ਮਨ ਨਹੀਂ ਖਿਲਦਾ ਹੋਵੇਗਾ। ਕਿਆ ਕਮਾਲ ਹੈ! ਕਾਇਨਾਤ ਵਿਚ ਰਾਤਰੀ ਸਭ ਜੀਵਾਂ ਲਈ ਅਰਾਮ ਕਰਨ ਦਾ ਸਮਾ ਹੁੰਦਾ ਹੈ। ਇਸ ਕਾਰਣ ਰਾਤ ਸਮੇ ਬਹੁਤ ਸਾਰੇ ਪੇੜ ਪੌਦੇ ਐਸੀ ਖੁਸ਼ਬੋਈ ਵਾਤਾਵਰਣ ਵਿਚ ਖਿਲਾਰਦੇ ਹਨ ਜਿਸ ਨਾਲ ਨੀਂਦਰਾ ਹੋਰ ਘੂੜੀ ਹੋ ਜਾਏ। ਮੂੰਗਰਾ ਚੰਬੇਲੀ ਸੰਦਲ ਅਤੇ ਰਾਤਰਾਣੀ ਵਰਗੇ ਪੌਦੇ ਰਾਤ ਸਮੇ ਵਧੇਰੇ ਉਤੇਜਤ ਹੋ ਜਾਂਦੇ ਹਨ। ਵੈਸੇ ਨੀਂਦਰ ਸਮੇ ਬੰਦੇ ਦਾ ‘ਗੰਧ ਨਰੀਖਣ’ ਬੰਦ ਹੋ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੀ ਗੰਧ ਕੁਝ ਸਮੇ ਵਾਸਤੇ ਹੀ ਅਸਰਦਾਇਕ ਹੁੰਦੀ ਹੈ, ਇਕ ਵਿਸ਼ੇਸ਼ ਸਮੇ ਬਾਅਦ ਉਸ ਗੰਧ ਵਾਸਤੇ ਸਵਿਚ ਆਫ ਹੋ ਜਾਂਦਾ ਹੈ। ਗੰਧ ਕੇਵਲ ਸੰਕੇਤ ਦੇਣ ਲਈ ਹੁੰਦੀ ਹੈ, ਲਗਾਤਾਰਤਾ ਲਈ  ਨਹੀਂ ਹੁੰਦੀ।
ਪੰਡਤ ਵਿਦਿਆ ਜਾਂ ਹਥ ਰੇਖਾ ਗਿਆਨ ਵਾਂਗ, ਸਰੀਰਕ ਗੰਧ ਗਿਆਨ ਵੀ ਬੜਾ ਵਿਸ਼ੇਸ਼ ਗਿਆਨ ਹੈ। ਪੁਰਾਣੇ ਵੈਦ ਅਤੇ ਜੋਤਸ਼ੀ ਸਰੀਰਕ ਗੰਧ ਤੋਂ ਬੰਦੇ ਦਾ ਅਤੇ ਉਸਦੇ ਵਿਕਾਰਾਂ ਦਾ ਅਣਦਾਜ਼ਾ ਲਗਾਉਂਦੇ ਸਨ। ਅਜ ਦੇ ਵਿਗਿਆਨੀ ਇਸ ਮਤ ਨਾਲ ਸਹਿਮਤ ਹਨ ਕਿ ਕਿਸੇ ਵੀ ਬੰਦੇ ਦੀਆਂ ਹਥ ਰੇਖਾਵਾਂ ਦੁਸਰੇ ਨਾਲ ਮੇਲ ਨਹੀਂ ਖਾਂਦੀਆਂ। ਮੁਦਤਾਂ ਤੋਂ ਬੰਦੇ ਦੀ ਸਨਾਖਤ ਅੰਗੂਠੇ ਦੇ ਨਿਸ਼ਾਨ ਤੋ ਲਗਦੀ ਰਹੀ ਹੈ। ਹੁਣ ਇਸਦਾ ਬਦਲ ਡੀਐਨਏ ਟੈਸਟ ਜਾਂ ਅੱਖਾ ਦੀਆਂ ਕੌਰਨੀਆਂ ਦੀ ਬਣਤਰ ਤੋਂ ਲਗਦਾ ਹੈ। ਦਰਅਸਲ ਬਰੀਕੀ ਤੌਰਤੇ ਬੰਦੇ ਦਾ ਕੁਝ ਵੀ ਦੂਸਰੇ ਨਾਲ ਮੇਲ ਨਹੀਂ ਖਾਦਾ। ਇਸੇ ਤਰ੍ਹਾਂ ਸਰੀਰਕ ਗੰਧ ਹੁੰਦੀ ਹੈ।
ਹਰ ਇਨਸਾਨ ਦੀ ਗੰਧ ਵਖ ਵਖ ਹੈ। ਐਥੋਂ ਤਕ ਕਿ ਉਸਦੇ ਮੂਡਾਂ ਨਾਲ ਵੀ ਇਹ ਬਦਲਦੀ ਹੈ। ਗੁਸੇ ਵਿਚ ਹੋਰ, ਉਦਾਸੀ ਵਿਚ ਹੋਰ ਅਤੇ ਪਿਆਰ ਵਿਚ ਹੋਰ। ਜਾਨਵਰ ਤਾਂ ਇਸ ਗੰਧ ਤੋਂ ਬਹੁਤ ਕੁਝ ਦੀ ਪਰਖ ਕਰਦੇ ਹਨ। ਇਕ ਕੁਤਾ ਦੂਸਰੇ ਨੂੰ ਸੁੰਘਕੇ ਪਤਾ ਕਰਦਾ ਹੈ ਕਿ ਦੂਸਰਾ ਮੇਰੇ ਨਾਲ ਲੜਾਈ ਦੇ ਮੂਡ ਵਿਚ ਹੈ ਜਾਂ ਮੈਥੋਂ ਡਰਦਾ ਹੈ। ਤਕਰੀਬਨ ਸਾਰੇ ਹੀ ਨਰ ਜਾਨਵਰ, ਮਦੀਨ ਦੇ ਪਿਆਰ ਦਾ ਅਣਦਾਜਾ ਉਸਨੂੰ ਸੁੰਘਕੇ ਲਗਾਉਂਦੇ ਹਨ। ਇਹ ਸਿਲਸਿਲਾ ਐਡਾ ਪ੍ਰਬਲ ਹੈ ਕਿ ਜਾਨਵਰ ਇਕ ਦੂਸਰੇ ਦੀ ਪੂਰੀ ਪੜਤਾਲ ਕਰਨ ਲਈ ਇਕ ਦੁਸਰੇ ਦਾ ਕੀਤਾ ਪਿਛਾਬ ਵੀ ਸੁੰਘਦੇ ਹਨ। ਸਮੂਹ ਜਾਣਕਾਰੀ ਇਸ ਤਥ ਉਪਰ ਅਧਾਰਤ ਹੈ ਕਿ ਹਰ ਜੀਵ ਦੀ ਆਪਣੀ ਇਕ ਕਮਿਸਟਰੀ ਹੁੰਦੀ ਹੈ। ਹਰ ਰਸਾਇਣ ਦੀ ਇਕ ਗੰਧ ਹੁੰਦੀ ਹੈ ਅਤੇ ਸਮੂਹ ਰਸਾਇਣਾ ਦਾ ਮਿਲਗੋਭਾ ਸਾਡਾ ਸਰੀਰ, ਇਕ ਸਮੂਹਕ ਕਿਸਮ ਦੀ ਗੰਧ, ਫਿਜ਼ਾ ਵਿਚ ਹਰਦਮ ਖਿਲਾਰਦਾ ਰਹਿੰਦਾ ਹੈ।
ਪੁਰਾਤਨ ਰਿਸ਼ੀਆਂ ਮੁਨੀਆਂ ਨੇ ਇਸ ਗਿਆਨ ਨੂੰ ਇਸ ਹਦ ਤਕ ਵਿਕਸਤ ਕਰ ਰਖਿਆ ਸੀ ਕਿ ਉਨ੍ਹਾ ਨੇ ਮਰਦਾ ਅਤੇ ਅੋਰਤਾਂ ਦੀਆਂ ਕਿਸਮਾ ਨੂੰ ਆਂਕ ਦਿਤਾ ਹੋਇਆ ਹੈ। ਤਿੰਨ ਕਿਸਮਾਂ ਦੇ ਮਰਦ ਅਤੇ ਚਾਰ ਕਿਸਮ ਦੀਆਂ ਅੋਰਤਾਂ। ਔਰਤਾਂ ਵਿਚ ਸਰਬੋਤਮ ਸ਼੍ਰੇਣੀ ‘ਪਦਮਣੀ’ ਅਤੇ ਮਰਦਾਂ ਵਿਚ ਸਰਬੋਤਮ ਰਵਾ ‘ਆਸ਼ਵਾ’ ਯਾਨੀ ਘੋੜਾ ਮਰਦ। ਬੰਦਿਆਂ ਦੀਆਂ ਬਾਕੀ ਦੋ ਕਿਸਮਾ ਹਨ ਵਰਿਸ਼ਵਾ ਯਾਨੀ ਸੰਢਾ ਅਤੇ ਸ਼ਸ਼ਵਾ ਯਾਨੀ ਖਰਗੋਸ਼। ਇਸੇ ਤਰ੍ਹਾਂ ਔਰਤਾਂ ਦੀਆਂ ਬਾਕੀ ਤਿੰਨ ਕਿਸਮਾ ਹਨ, ‘ਚਿਤ੍ਰਨੀ’ ਯਾਨੀ ਚਿਤ੍ਰਕਲਾ ਦੀ ਸ਼ੌਕੀਨ, ‘ਸੰਖਨੀ’ ਯਾਨੀ ਘੋਗੇ ਵਰਗੀ, ਹਸਤਨੀ ਯਾਨੀ ਹਾਥੀ ਵਰਗੀ। ਪਦਮਨੀ ਦੇ ਸਰੀਰ ਦੀ ਗੰਧ ਲਿਲੀ ਦੇ ਫੁਲ ਵਰਗੀ ਅਤੇ ਚਿਤ੍ਰਨੀ ਦੀ ਗੰਧ ਸ਼ਹਿਦ ਵਰਗੀ ਦਸੀ ਗਈ ਹੈ। ਕੁੱਤਾ ਇਕ ਐਸਾ ਜਾਨਵਰ ਬੰਦੇ ਦੇ ਹਥ ਲਗਾ ਹੈ ਜਿਸਨੇ ਸੂਹ ਕਢਣ ਦੀਆਂ ਅਜੀਬੋ ਗ੍ਰੀਬ ਕਰਾਮਾਤਾਂ ਕੀਤੀਆਂ ਹਨ। ਪੋਲੀਸ ਦਾ ਅੱਧਾ ਕੰਮ ਕੁੱਤੇ ਕਰ ਰਹੇ ਹਨ। ਕੁਤੇ ਦੀ ਸੁੰਘਣ ਸ਼ਕਤੀ ਅਤੇ ਇਸਨੂੰ ਸਾਂਭਕੇ ਯਾਦ ਰੱਖਣ ਦੀ ਸ਼ਕਤੀ ਕਮਾਲ ਦੀ ਹੈ। ਇਹ ਜਾਨਵਰ ਕਿਸੇ ਸਥਾਨ ਉਪਰ ਕਿਸੇ ਖਾਸ ਬੰਦੇ ਦੀ ਗੰਧ ਸੁੰਘਕੇ, ਉਸ ਬੰਦੇ ਨੂੰ ਲੋਕਾਂ ਦੀਆਂ ਭੀੜਾ ਵਿਚੋਂ ਲੱਭ ਸਕਦਾ ਹੈ। ਅਟੈਚੀਕੇਸ ਵਿਚ ਛੁਪਾਕੇ ਰੱਖੇ ਕਰੰਸੀ ਨੋਟ ਅਤੇ ਡਰੱਗਜ਼ ਦਾ ਪਤਾ ਦੇ ਸਕਦਾ ਹੈ।
ਸਾਇੰਸ ਦਾਨਾਂ ਨੇ ਦੂਸਰੇ ਪਲੈਨਿਟਸ ਉਪਰ ਜਾ ਕੇ ਫੋਟੋ ਖਿੱਚਣ ਦਾ ਬੰਦੋਬਸਤ ਕਰ ਲਿਆ ਹੈ। ਉਥੋਂ ਦੀਆਂ ਗੈਸਾ ਨੂੰ ਪਹਿਚਾਣ ਲਿਆ ਹੈ। ਪਥਰ ਵੀ ਮੰਗਵਾ ਲਏ ਹਨ ਪਰ ਅਜਿਹਾ ਕੋਈ ਜੰਤਰ ਹਾਲਾਂ ਤਿਆਰ ਨਹੀ ਕਰ ਸਕੇ ਜਿਸ ਤੋਂ ਉਥੋਂ ਦੀ ਗੰਧ ਦਾ ਪਤਾ ਲਗ ਸਕੇ। ਅਜੋਕੀ ਸਾਇੰਸ ਇਸ ਮਾਮਲੇ ਹਾਲਾਂ ਬਹੁਤ ਪਿਛੇ ਹੈ। ਜਦ ਇਹੋ ਜਿਹਾ ਕੋਈ ਜੰਤਰ ਬਣ ਗਿਆ ਤਾਂ ਝਟ ਸਮਝ ਲਗ ਜਾਵੇਗੀ ਕਿ ਉਥੇ ਬੰਦਾ ਰਹਿ ਸਕਦਾ ਹੈ ਜਾਂ ਨਹੀ। ਜਿਵੇਂ ਅਧਿਆਤਮਿਕ ਗਿਆਨ ਮੁਤਾਬਿਕ ਪ੍ਰਮਾਤਮਾ ਇਕ ਸਰਬਵਿਆਪਿਕ ਚੇਤਨਾਂ ਦਾ ਨਾਮ ਹੈ, ਉਵੇਂ ਹੀ ਸੰਸਾਰ ਵਿਚ ਗੰਧ ਵੀ ਉਸ ਪ੍ਰਮਾਤਮਾ ਦਾ ਇਕ ਰੂਪ ਹੈ, ਇਕ ਪਹਿਚਾਣ ਹੈ ਅਤੇ ਇਕ ਮਹਾਨ ਸੱਚ ਹੈ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …