ਰਣਜੀਤ ਸਿੰਘ ਸੈਣੀ
ਨਿਧੜਕ ਸਿੰਘ ਪੱਤਰਕਾਰ ਸੀ। ਉਹ ਆਪਣੇਂ ਨਾਂ ਦੀ ਤਰਾਂ ਹੈ ਵੀ ਨਿਧੜਕ ਸੀ। ਉਸਦੀ ਬੇਖੋਫ ਲੇਖਣੀਂ ਦਾ ਮੈਂ ਬਹੁਤ ਕਾਇਲ ਸਾਂ। ਮੇਰੇ ਮੁਤਾਬਿਕ ਉਹ ਸਹੀ ਅਰਥਾਂ ਵਿੱਚ ਪੱਤਰਕਾਰੀ ਕਰ ਰਿਹਾ ਸੀ। ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਆਪਣਾਂ ਫਰਜ਼ ਬਾਖੂਬੀ ਨਿਭਾ ਰਿਹਾ ਸੀ।ਲੋਕਾਂ ਹਿੱਤਾਂ ਦੀ ਖਾਤਿਰ ਸਕੂਲ, ਕਾਲਜ, ਹਸਪਤਾਲ, ਥਾਣਾਂ ਕਿਹੜਾ ਵਿਭਾਗ ਸੀ ਜਿਸ ਖਿਲਾਫ ਉਸ ਨੇਂ ਲਿਖਿਆ ਨਹੀਂ ਸੀ। ਮੇਰਾ ਇੱਕ ਕਰੀਬੀ ਦੋਸਤ ਇੱਕ ਨਿੱਜੀ ਸਕੂਲ ਵਿੱਚ ਕੰਮ ਕਰਦਾ ਸੀ। ਸਕੂਲ ਦੀ ਮੈਨੇਜਮੈਂਟ ਦੇ ਤਾਨਾਸ਼ਾਹੀ ਵਤੀਰੇ ਕਾਰਨ ਸਾਰਾ ਸਟਾਫ ਪੇਸ਼ਾਨ ਸੀ। ਅਧਿਆਪਕਾਂ ਨੂੰ ਬਿਨਾਂ ਕਿਸੇ ਵੀ ਗੱਲ ਤੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਅਧਿਆਪਕਾਂ ਤੇ ਮਾਪਿਆਂ ਦਾ ਸ਼ੋਸ਼ਣ ਹੋ ਰਿਹਾ ਸੀ। ਸੀ ਬੀ ਐਸ ਈ ਬੋਰਡ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ।ਮੈਨੇਜਮੈਂਟ ਪੂਰੀ ਤਰਾਂ ਮਨ ਆਈਆਂ ਕਰ ਰਹੀ ਸੀ।ਅਧਿਆਪਕ ਆਪਣੀ ਨੌਕਰੀ ਕਾਰਨ ਤੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਕਾਰਨ ਚੁੱਪ ਸਨ। ਇੱਕ ਵਾਰ ਇੱਕ ਅਧਿਆਪਕ ਨੇਂ ਅਵਾਜ ਉਠਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਮੈਨੇਜਮੈਂਟ ਦੀ ਉੱਪਰ ਤੱਕ ਪਹੁੰਚ ਹੋਣ ਕਾਰਨ ਕੋਈ ਕਾਰਵਾਈ ਨਹੀਂ ਹੋਈ ਸਗੋਂ ਉਸ ਅਧਿਆਪਕ ਨੂੰ ਆਪਣੀਂ ਨੌਕਰੀ ਤੋਂ ਹੱਥ ਧੋਣੇਂ ਪਏ।ਜਦੋਂ ਮੇਰੇ ਦੋਸਤ ਨੇਂ ਇਹ ਗੱਲ ਮੇਰੇ ਨਾਲ ਕੀਤੀ ਤਾਂ ਮੈਂ ਉਸਨੂੰ ਇਹ ਮਾਮਲਾ ਪੱਤਰਕਾਰ ਨਿਧੜਕ ਸਿੰਘ ਨਾਲ ਸਾਂਝਾ ਕਰਨ ਦੀ ਸਲਾਹ ਦਿੱਤੀ। ਮੇਰੇ ਦੋਸਤ ਨੂੰ ਇਹ ਪਤਾ ਸੀ ਕਿ ਮੇਰੀ ਪੱਤਰਕਾਰ ਨਿਧੜਕ ਸਿੰਘ ਨਾਲ ਕਾਫੀ ਨੇੜਤਾ ਹੈ। ਉਸਨੇਂ ਮੈਨੂੰ ਨਾਲ ਚੱਲਣ ਲਈ ਕਿਹਾ। ਮੈਂ ਵੀ ਨਾਲ ਜਾਣ ਲਈ ਰਾਜੀ ਹੋ ਗਿਆ। ਅਸੀਂ ਉਸਦੇ ਦਫਤਰ ਪਹੁੰਚ ਗਏ। ਉਸਨੇਂ ਸਾਡਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ।ਰਸਮੀਂ ਹਾਲ-ਚਾਲ ਪੁੱਛਣ ਤੋਂ ਬਾਅਦ ਮੈਂ ਆਪਣੇ ਦੋਸਤ ਨਾਲ ਜਾਣ ਪਹਿਚਾਣ ਕਰਵਾਉਦਿਆਂ ਮੈਂ ਆਪਣੇ ਆਉਣ ਦਾ ਕਾਰਨ ਦੱਸਿਆ।ਪੱਤਰਕਾਰ ਨਿਧੜਕ ਸਿੰਘ ਨੇਂ ਸਾਡੀ ਗੱਲ ਧਿਆਨ ਨਾਲ ਸੁਣੀਂ ਅਤੇ ਇਸ ਸਬੰਧ ਵਿੱਚ ਕੁਝ ਨਾ ਕੁਝ ਜਰੂਰ ਕਰਨ ਦਾ ਭਰੋਸਾ ਦਿੱਤਾ। ਅਸੀਂ ਕਾਫੀ ਖੁਸ਼ੀ ਖੁਸ਼ੀ ਉਸਦੇ ਦਫਤਰ ਤੋਂ ਬਾਹਰ ਆਏ। ਮੈਂ ਆਪਣੇ ਦੋਸਤ ਨੂੰ ਅਲਵਿਦਾ ਕਹਿ ਕੇ ਘਰ ਆ ਗਿਆ। ਉਸੇ ਸਮੇਂ ਮੇਰੇ ਫੋਨ ਦੀ ਘੰਟੀ ਵੱਜੀ। ਫੋਨ ਪੱਤਰਕਾਰ ਨਿਧੜਕ ਸਿੰਘ ਦਾ ਸੀ। ਉਸਨੇਂ ਉਸ ਨਿੱਜੀ ਸਕੂਲ ਖਿਲਾਫ ਲਿਖਣ ਤੋਂ ਅਸਮਰੱਥਾ ਪ੍ਰਗਟ ਕੀਤੀ। ਮੇਰੇ ਕਾਰਨ ਪੁੱਛਣ ਤੇ ਉਸਨੇਂ ਦੱਸਿਆ ਕਿ ਉਹ ਸਕੂਲ ਉਸਦੀ ਅਖਬਾਰ ਨੂੰ ਸਪਲੀਮੈਂਟ ਦੇ ਨਾਂ ਤੇ ਮੋਟੀ ਰਕਮ ਦਿੰਦਾ ਹੈ। ਇਸ ਲਈ ਮੇਰੇ ਅਖਬਾਰ ਵਿੱਚ ਇਸ ਸਕੂਲ ਦੇ ਖਿਲਾਫ ਕੁਝ ਨਹੀ ਲਿਖਿਆ ਜਾ ਸਕਦਾ। ਉਸਨੇਂ ਮਾਫ ਕਰਨਾਂ ਕਹਿ ਕੇ ਫੋਨ ਕੱਟ ਦਿੱਤਾ।ਮੈਂਨੂੰ ਇਹ ਸੁਣ ਕੇ ਬਹੁਤ ਧੱਕਾ ਲੱਗਿਆ। ਮੇਰੇ ਮਨ ਵਿੱਚ ਜੋ ਪੱਤਰਕਾਰ ਨਿਧੜਕ ਸਿੰਘ ਦੀ ਤਸਵੀਰ ਸੀ ਉਹ ਟੁਕੜੇ ਟੁਕੜੇ ਹੋ ਗਈ ਸੀ। ਹੋਰ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਹਨਾਂ ਦੇ .ਫਰਜ਼ ਯਾਦ ਕਰਵਾਉਣ ਵਾਲਾ ਅੱਜ ਆਪਣਾਂ .ਫਰਜ ਭੁੱਲ ਗਿਆ ਸੀ।