Breaking News
Home / ਨਜ਼ਰੀਆ / ਇਹ ਜੋ ਬੈਠੇ ਨੇ

ਇਹ ਜੋ ਬੈਠੇ ਨੇ

ਡਾ. ਗੁਰਬਖ਼ਸ਼ ਸਿੰਘ ਭੰਡਾਲ
001-216-556-2080
ਇਹ ਜੋ ਬੈਠੇ ਨੇ, ਇਹ ਬੈਠੇ ਨਹੀਂ ਸਗੋਂ ਹੁਣ ਹੀ ਤਾਂ ਉਠੇ ਨੇ। ਹੁਣ ਹੀ ਇਹਨਾਂ ਦੀ ਜਾਗ ਖੁੱਲ੍ਹੀ ਹੈ, ਬੜੀ ਲੰਮੀਂ ਨੀਮ-ਬੇਹੋਸ਼ੀ ਤੋਂ ਬਾਅਦ। ਇਹਨਾਂ ਦੇ ਹੌਂਸਲਿਆਂ ਨੇ ਭਰੀ ਹੈ ਅੰਗੜਾਈ। ਇਹਨਾਂ ਦੀ ਸੋਚ ਵਿਚ ਉਗਿਆ ਏ ਨਵਾਂ ਸੂਰਜ ਜਿਸਦੀ ਰੌਸ਼ਨੀ ਵਿਚ ਇਹਨਾਂ ਨੇ ਮੰਜ਼ਲਾਂ ਦੀ ਪੈੜ ਨੱਪਣੀ ਏ ਤੇ ਨਵੇਂ ਦਿੱਸਹੱਦਿਆਂ ਨੂੰ ਆਪਣੇ ਨਾਵੇਂ ਕਰਨਾ। ਮਸਾਂ-ਮਸਾਂ ਤਾਂ ਇਹ ਜਾਗੇ ਨੇ ਆਪਣੇ ਹੱਕਾਂ ਦੀ ਰਾਖੀ ਲਈ, ਹੋ ਰਹੀਆਂ ਬੇਇਨਸਾਫ਼ੀਆਂ ਨੂੰ ਠੱਲ ਪਾਉਣ ਲਈ, ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਅਤੇ ਸਮੇਂ ਦੇ ਵਰਕਿਆਂ ‘ਤੇ ਹਸਤਾਖਰ ਉਕਰਨ ਲਈ। ਇਹ ਹੁਣ ਖੜ੍ਹੇ ਹੋ ਗਏ ਨੇ। ਉਮਡ ਆਇਆ ਨੇ ਇਹਨਾਂ ਦੇ ਕਦਮਾਂ ਵਿਚ ਉਤਸ਼ਾਹ ਅਤੇ ਪੈਰਾਂ ਦੀਆਂ ਬਿਆਈਆਂ ਨੂੰ ਹੈ ਖੁਦ ਤੇ ਨਾਜ਼। ਇਹਨਾਂ ਦੇ ਹੱਥਾਂ ਦੇ ਪਏ ਰੱਟਣਾਂ ਦੀਆਂ ਕਹਾਣੀਆਂ, ਮਸਤਕ ਵਿਚ ਉਗ ਆਈਆਂ ਨੇ। ਇਸਦੀ ਇਬਾਰਤ ਨੇ ਬੀਤੇ ਇਤਿਹਾਸ ਨੂੰ ਮੁੜ ਤੋਂ ਦੁਹਰਾਉਣ ਅਤੇ ਨਵੀਂ ਤਹਿਜ਼ੀਬ ਸਿਰਜਣ ਲਈ ਹੱਲਾਸ਼ੇਰੀ ਬਣਨਾ ਏ।
ਇਹ ਜੋ ਬੈਠੇ ਨੇ ਇਹਨਾਂ ਨੂੰ ਸਮੇਂ ਦੇ ਹਾਕਮਾਂ ਨੇ ਮਜਬੂਰ ਕਰ ਦਿੱਤਾ ਕਿ ਉਹ ਇਕਜੁੱਟ ਹੋ, ਫਿਰਕਿਆਂ ਤੇ ਜਾਤਾਂ ਤੋਂ ਉਪਰ ਉਠਣ। ਨਵੀਂ ਕਤਾਰਬੰਦੀ, ਹਰ ਮੂੰਹ ਵਿਚ ਪੈਂਦੀ ਬੁਰਕੀ ਨੂੰ ਸਲਾਮ ਕਹਿਣ ਲਈ ਅੱਗੇ ਆਈ ਏ। ਹਰੇਕ ਨੂੰ ਅੰਨਦਾਤਿਆਂ ਦੇ ਬਹੁਮੁੱਲੇ ਜੀਵਨ-ਦਾਨੀ ਰੁੱਤਬੇ ਨੂੰ ਮੁਖਾਤਬ ਹੋਣ ਲਈ ਪ੍ਰੇਰਤ ਕੀਤਾ ਏ।
ਇਹ ਜੋ ਚਿੱਟੀਆਂ ਦਾਹੜੀਆਂ ਵਾਲੇ ਬਾਬੇ ਬੈਠੇ ਨੇ, ਦਰਅਸਲ ਇਹ ਉਹਨਾਂ ਬਾਬਿਆਂ ਦੀਆਂ ਹੂਬਹੂ ਸ਼ਕਲਾਂ ਨੇ ਜਿਹਨਾਂ ਨੇ ਕਦੇ ਜੱਲ੍ਹਿਆਂਵਾਲੇ ਬਾਗ ਨੂੰ ਖੂਨ ਨਾਲ ਰੰਗਿਆ ਸੀ। ਨਨਕਾਣੇ ਦੇ ਮਹੰਤ ਦੀ ਦਰਿੰਦਗੀ ਦਾ ਮੁਕਾਬਲਾ ਕੀਤਾ। ਗੁਰੂ ਕੇ ਬਾਗ, ਜੈਤੋ ਦਾ ਮੋਰਚਾ ਵਿਚ ਵਿਦੇਸ਼ੀ ਹੁਕਮਰਾਨਾਂ ਨੂੰ ਉਹਨਾਂ ਦੀ ਹੈਸੀਅਤ ਦਿਖਾਈ। ਇਹ ਤਾਂ ਉਹ ਬਾਬੇ ਨੇ ਜਿਹਨਾਂ ਨੇ ਨੰਗੇ ਧੜ ਰੇਲ-ਗੱਡੀ ਨੂੰ ਰੋਕਿਆ, ਜੇਲ੍ਹਖਾਨਿਆਂ ਵਿਚ ਜਵਾਨੀ ਰੋਲੀ ਅਤੇ ਪਿਆਰੇ ਦੇਸ਼ ਲਈ ਜਾਨਾਂ ਦੀ ਅਹੂਤੀ ਦੇਣ ਲੱਗਿਆ ਕਦੇ ਪਿੱਠ ਨਹੀਂ ਦਿਖਾਈ। ਇਹਨਾਂ ਬਜ਼ੁਰਗਾਂ ਦੇ ਵਡੇਰੇ ਹੀ ਸਨ ਜਿਹਨਾਂ ਨੇ ઑਪੱਗੜੀ ਸੰਭਾਲ ਜੱਟਾ਼ ਵਰਗੇ ਅੰਦੋਲਨ ਨਾਲ ਅੰਗਰੇਜ਼ੀ ਹਕੂਮਤ ਨੂੰ ਵੀ ਝੁਕਾ ਦਿਤਾ ਸੀ। ਇਹਨਾਂ ਦੀਆਂ ਰਗਾਂ ਵਿਚ ਆਪਣੇ ਗੁਰੂਆਂ ਦੀ ਕਰਤਾਰੀ ਸ਼ਕਤੀ ਦਾ ਪ੍ਰਵਾਹ ਚੱਲਦਾ ਹੈ। ਇਹ ਬਾਬੇ ਆਪਣੇ ਪੋਤਰਿਆਂ ਦੀ ਜ਼ਮੀਨ ਨੂੰ ਬਚਾਉਣ ਅਤੇ ਵਿਰਾਸਤ ਨੂੰ ਅੱਗੇ ਤੋਰਨ ਲਈ ਮੋਹਰੀ ਲਾਣੇਦਾਰ ਬਣੇ ਹੋਏ ਨੇ। ਇਹ ਬਾਬੇ ਆਪਣੀ ਮਾਂ ਵਰਗੀ ਜ਼ਮੀਨ ਨੂੰ ਬਚਾਉਣ ਆਏ ਨੇ ਜਿਹਨਾਂ ਦੀ ਮਹਿਕ ਉਹਨਾਂ ਦੇ ਜੁੱਸੇ ਤੇ ਮੁੜ੍ਹਕੇ ਵਿਚ ਹੈ। ਉਹਨਾਂ ਦੇ ਦੀਦਿਆਂ ਵਿਚ ਮਿੱਟੀ ਦੀ ਰੰਗਤ। ਇਸ ਮਿੱਟੀ ਨੇ ਹੀ ਖਲਵਾਣਾਂ, ਖੂਹਾਂ ਅਤੇ ਖੇਤਾਂ ਨੂੰ ਭਾਗ ਲਾਏ। ਉਹ ਰੂਹ ਵਿਚ ਰਚੀ ਮਿੱਟੀ ਦੀ ਮਹਿਕ ਨੂੰ ਕਿਵੇਂ ਮਨਫ਼ੀ ਕਰ ਸਕਦੇ? ਬਾਬਿਆਂ ਦੀਆਂ ਅੱਖਾਂ ਵਿਚ ਤੈਰਦਾ ਹੈ ਉਹਨਾਂ ਪਲ੍ਹਾਂ ਦਾ ਤੁਸੱਵਰ ਜਦ ਉਹ ਜਿੱਤ ਕੇ ਆਪਣੇ ਘਰਾਂ ਤੇ ਖੇਤਾਂ ਨੂੰ ਪਰਤਣਗੇ ਅਤੇ ਖੇਤ ਦੀ ਮਿੱਟੀ ਮੱਥੇ ਨੂੰ ਲਾਉਣਗੇ।
ਇਹ ਜੋ ਚਾਂਦੀ ਰੰਗੇ ਵਾਲਾਂ ਵਾਲੀਆਂ ਬੈਠੀਆਂ ਨੇ ਇਹ ਤਾਂ ਮਾਵਾਂ ਨੇ ਛਾਂਵਾਂ ਵੰਡਣ ਵਾਲੀਆਂ। ਦੁਆਵਾਂ ਨਾਲ ਆਪਣੀਆਂ ਨਸਲਾਂ ਨੂੰ ਅੱਗੇ ਵਧਾਉਣ ਵਾਲੀਆਂ। ਇਹ ਤਾਂ ਆਪਣੇ ਪੁੱਤਰਾਂ, ਪੋਤਿਆਂ ਅਤੇ ਆਰ-ਪਰਿਵਾਰ ਦੀਆਂ ਰੀਤਾਂ, ਰਿਵਾਜਾਂ ਅਤੇ ਰਵਾਇਤਾਂ ਨੂੰ ਅੱਗੇ ਤੋਰਨ ਲਈ ਹੀ ਮੋਹਰੀ ਬਣ ਕੇ ਆਈਆਂ ਨੇ। ਇਹ ਤਾਂ ਮਾਈ ਭਾਗੋ ਦੀਆਂ ਵਾਰਸ ਨੇ। ਇਹ ਉਹਨਾਂ ਮਾਵਾਂ ਦੀ ਕੁੱਖੋਂ ਜਾਂਈਆਂ ਜਿਹਨਾਂ ਨੇ ਆਪਣੇ ਬੱਚਿਆਂ ਦੇ ਟੋਟੇ ਗਲਾਂ ਵਿਚ ਪਵਾਏ, ਸਿਰਾਂ ਦੇ ਸਾਈਆਂ ਨੂੰ ਮੌਤ ਵਿਹਾਜਣ ਲਈ ਭੇਜਿਆ, ਦੇਸ਼ ਦੀ ਅਜਾਦੀ ਲਈ ਪੁੱਤਾਂ ਨੂੰ ਵਾਰਿਆ ਅਤੇ ਹੁਣ ਵੀ ਜਿਹਨਾਂ ਦੇ ਪੁੱਤ ਸਰਹੱਦਾਂ ‘ਤੇ ਸ਼ਹੀਦ ਹੋ ਰਹੇ ਨੇ। ਸ਼ਹੀਦਾਂ ਦੀਆਂ ਪਤਨੀਆਂ ਅਤੇ ਮਾਵਾਂ ਦੀ ਦਲੇਰੀ ਅਤੇ ਹੱਠ ਨੂੰ ਕੌਣ ਝੁਕਾ ਸਕਦਾ? ਮਾਵਾਂ ਨੂੰ ਆਪਣੀਆਂ ਕੁੱਖ ‘ਤੇ ਮਾਣ ਹੈ। ਇਹਨਾਂ ਮਾਵਾਂ ਦੀਆਂ ਅੱਖਾਂ ਵਿਚ ਉਗੀ ਹੋਈ ਲਿਸ਼ਕ ਤੇ ਚਿਹਰਿਆਂ ਦਾ ਨੂਰ ਦੇਖਣਾ! ਇਹਨਾਂ ਦੀਆਂ ਝੁੱਰੜੀਆਂ ਵਿਚ ਸਿਦਕ ਤੇ ਸਬਰ ਦੀ ਕਲਾ-ਨਕਾਸ਼ੀ ਨੂੰ ਪੜਨਾ ਤਾਂ ਪਤਾ ਲੱਗੇਗਾ ਇਹ ਮਾਵਾਂ ਬੈਠਣ ਨਹੀਂ ਆਈਆਂ। ਸਗੋਂ ਇਹ ਆਪਣੇ ਲਾਣੇ ਦੇ ਕੱਫ਼ਣ ਲੈ ਕੇ ਹੀ ਆਈਆਂ ਨੇ। ਜਦ ਕੋਈ ਮਾਂ ਕੱਫ਼ਣ ਨੂੰ ਆਪਣੀ ਚੁੰਨੀ ਬਣਾ ਲਵੇ ਤਾਂ ਹਾਕਮਾਂ ਦੀ ਨੀਦ ਵੀ ਹੰਘਾਲੀ ਜਾਂਦੀ ਅਤੇ ਕੰਬ ਜਾਂਦੀਆਂ ਨੇ ਦਰਿੰਦਗੀ ਤੇ ਜੁਲਮ ਦੀਆਂ ਦੀਵਾਰਾਂ। ਇਹ ਮਾਵਾਂ ਹੱਥਾਂ ਦੀਆਂ ਪੱਕੀਆਂ ਰੋਟੀਆਂ ਦੇ ਨਾਲ ਨਾਲ, ਜਵਾਨ ਪੁੱਤਰਾਂ ਨੂੰ ਪਰੋਸਦੀਆਂ ਨੇ ਰੋਟੀ ਦੀ ਕਸਮ।
ਇਹ ਜੋ ਚੇਤੰਨ ਹੋ ਕੇ ਨੌਜਵਾਨ ਬੈਠੇ ਦਿੱਸਦੇ, ਦਰਅਸਲ ਇਹ ਉਹ ਨੇ ਜਿਹਨਾਂ ਨੂੰ ਨਸ਼ਈ ਕਹਿ ਕੇ ਭੰਡਿਆ ਗਿਆ। ਇਹਨਾਂ ਨੇ ਆਪਣੇ ਜੋਸ਼ ਤੇ ਹੋਸ਼ ਨੂੰ ਜ਼ਰਬ ਦੇ ਕੇ ਆਪਣੀ ਤਾਕਤ ਬਣਾ ਲਿਆ ਏ। ਬਜੁਰਗਾਂ ਦੀ ਰਹਿਨੁਮਾਈ ਵਿਚ ਲੋਹੇ ਦੀ ਦਵਾਰ ਬਣ ਕੇ ਡੱਟੇ ਨੇ। ਇਹਨਾਂ ਦੀਆਂ ਰਗਾਂ ਵਿਚ ਭਗਤ ਸਿੰਘ ਅਤੇ ਸਰਾਭੇ ਦਾ ਹੀ ਖੂਨ ਦੌੜਦਾ ਹੈ। ਇਹਨਾਂ ਦੀ ਸੋਚ ਵਿਚ ਊਧਮ ਸਿੰਘ ਦੀ ਕਸਮ ਵੀ ਸ਼ਾਮਲ ਹੈ ਜਿਹੜੀ ਉਹਨਾਂ ਨੇ ਜੱਲਿਆਂਵਾਲੇ ਬਾਗ ਦੀ ਮਿੱਟੀ ਨੂੰ ਚੁੰਮ ਕੇ ਚੁੱਕੀ ਸੀ ਅਤੇ ਕਈ ਸਾਲਾਂ ਬਾਅਦ ਲੰਡਨ ਵਿਚ ਜਾ ਕੇ ਪੂਰੀ ਕੀਤੀ ਸੀ। ਇਹ ਨੌਜਵਾਨ ਤਾਂ ਭਗਤ ਸਿੰਘ ਵਾਂਗ ਦਿੱਲੀ ਦੇ ਬੋਲੇ ਕੰਨਾਂ ਨੂੰ ਆਪਣੀ ਅਵਾਜ਼ ਸੁਣਾਉਣ ਆਏ ਨੇ। ਇਹਨਾਂ ਨੇ ਆਪਣੀਆਂ ਸੋਚਾਂ ਤੇ ਸੁਪਨਿਆਂ ਨੂੰ ਤਿੱੜਕਣ ਨਹੀਂ ਦੇਣਾ ਅਤੇ ਨਾ ਹੀ ਆਪਣੇ ਹਿੱਸੇ ਦੀ ਧਰਤੀ ਤੇ ਅਸਮਾਨ ਨੂੰ ਕਿਸੇ ਦੇ ਨਾਮ ਹੋਣ ਦੇਣਾ। ਇਹ ਤਾਂ ਉਸ ਕੌਮ ਦੇ ਵਾਰਸ ਆ ਜਿਹੜੀ ਖੁਦ ਨੂੰ ਦਾਅ ‘ਤੇ ਲਾ, ਅਣਖ, ਗੈਰਤ ਅਤੇ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਿੰਦੀ। ਇਹ ਤਾਂ ਪੰਜਾਬ ਦੀ ਉਸ ਵਿਰਾਸਤ ਦੇ ਮਾਲਕ ਨੇ ਜਿਹਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਦਰਾ ਖ਼ੈਬਰ, ਤਿੱਬਤ ਤੇ ਲਾਲ ਕਿਲੇ ਤੀਕ ਫੈਲੀਆਂ ਹੋਈਆਂ ਨੇ। ਇਹ ਤਾਂ ਉਹਨਾਂ ਸਾਹਿਬਜ਼ਾਦਿਆਂ ਦੀ ਤਾਸੀਰ ਦੇ ਮਾਲਕ ਨੇ ਜਿਹਨਾਂ ਨੇ ਚਮਕੌਰ ਸਾਹਿਬ ਅਤੇ ਸਰਹਿੰਦ ਵਿਚ ਸਮੇਂ ਦੀ ਹਕੂਮਤ ਨੂੰ ਪੈਰਾਂ ਹੇਠ ਲਿਆੜਿਆ। ਇਹਨਾਂ ਦੇ ਮੱਥਿਆਂ ਵਿਚ ਉਗੇ ਹੋਏ ਸੂਰਜਾਂ ਦੇ ਤੱਪਤੇਜ਼ ਸਾਹਵੇਂ ਫਿੱਕੀ ਏ ਰਾਜਸੀ ਪਲੱਤਣਾਂ ਵਿਚ ਡੁੱਬੀ ਹੋਈ ਕਮੀਨਗੀ। ਜਿੱਤ ਦੇ ਅਲੰਮਬਰਦਾਰ ਇਹ ਨੌਜਵਾਨ ਸੂਹੀ ਸੋਚ ਦੀ ਮਹਿੰਦੀ ਲਾ ਕੇ ਹੀ ਨਵੇਂ ਅਗਾਜ਼ ਦਾ ਪ੍ਰਤੀਕ ਨੇ। ਇਹ ਬੈਠੇ ਨਹੀਂ ਸਗੋਂ ਇਹ ਉਹ ਚੱਲਦੀ ਵਹੀਰ ਨੇ ਜਿਹਨਾਂ ਨੇ ਸਮਿਆਂ ਦੀਆਂ ਮੁਹਾਰਾਂ ਨੂੰ ਮੋੜਨਾ ਏ।
ਇਹ ਜੋ ਬੀਬੀਆਂ ਗੋਦੀਆਂ ਵਿਚ ਬਾਲ ਲੈ ਕੇ ਬੈਠੀਆਂ ਨਜ਼ਰ ਆਉਂਦੀਆਂ ਨੇ, ਅਸਲ ਵਿਚ ਇਹ ਆਪਣੇ ਬਾਲਕਾਂ ਨੂੰ ਗੁੱੜਤੀ ਦਿਵਾਉਣ ਆਈਆਂ ਨੇ ਕਿ ਕਿਵੇਂ ਇਤਿਹਾਸ ਸਿਰਜਿਆ ਜਾਂਦਾ ਹੈ? ਕਿਵੇਂ ਸੜਕਾਂ ‘ਤੇ ਉਗਦੇ ਨੇ ਸ਼ਹਿਰ?ਕਿਵੇਂ ਸੜਕਾਂ ਦੇ ਕਿਨਾਰਿਆਂ ‘ਤੇ ਫੈਲਦੇ ਨੇ ਖੇਤ?ਕਿਵੇਂ ਸੁੰਨੀਆਂ ਜੂਹਾਂ ਵਿਚ ਵੀ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਜਾ ਸਕਦੀ?ਕਿਵੇਂ ਦੋ ਦਿਨ ਦੇ ਧਰਨੇ ਨੂੰ ਮਹੀਨਿਆਂ ਤੱਕ ਵਧਾਇਆ ਜਾ ਸਕਦਾ?ਕਿਵੇਂ ਹਮਦਰਦੀ ਅਤੇ ਸਾਂਝੀਵਾਲਤਾ ਵਿਚੋਂ ਇਕ ਦੂਜੇ ਲਈ ਸੁਖਨ ਤੇ ਸਹਿਜ ਉਪਜਾਇਆ ਜਾ ਸਕਦਾ? ਇਹ ਉਹ ਔਰਤਾਂ ਨੇ ਜੋ ਸਿਰ ‘ਤੇ ਮੰਢਾਸਾ ਬੰਨ੍ਹ, ਟਰੈਕਟਰ ਵੀ ਚਲਾਉਂਦੀਆਂ, ਨੱਕੇ ਵੀ ਮੋੜਦੀਆਂ ਅਤੇ ਨਰਮਾ ਚੁੱਗਦੀਆਂ ਜੀਵਨ ਦੇ ਗੀਤ ਵੀ ਗਾਉਂਦੀਆਂ ਨੇ। ਇਹਨਾਂ ਦੀ ਰਗ ਰਗ ਵਿਚ ਜ਼ਿੰਦਗੀ ਮੌਲਦੀ। ਉਹ ਤਾਂ ਦੁਸ਼ਵਾਰੀਆਂ ਵਿਚੋਂ ਦੁਆਵਾਂ ਅਤੇ ਔਕੜਾਂ ਵਿਚੋਂ ਅਰਦਾਸਾਂ ਨੂੰ ਜਨਮ ਦੇਂਦੀਆਂ, ਨਵੀਆਂ ਪੇਸ਼ਬੰਦੀਆਂ ਦੀ ਪ੍ਰਕਰਮਾ ਕਰਦੀਆਂ ਨੇ। ਇਹਨਾਂ ਵਿਚੋਂ ਕਦੇ ਕੋਈ ਰਾਣੀ ਝਾਂਸੀ ਬਣੀ ਸੀ। ਇਹਨਾਂ ਦੀਆਂ ਸੁਲੱਖਣੀਆਂ ਕੁੱਖਾਂ ਨੇ ਹੀ ਭਵਿੱਖ ਦੇ ਸੂਰਬੀਰਾਂ ਤੇ ਯੋਧਿਆਂ ਲਈ ਜਨਮਦਾਤੀ ਬਣਨਾ ਏ ਜਿਹਨਾਂ ਨੇ ਕਦੇ ਅਟਕ ਨੂੰ ਵੀ ਅਟਕਾਉਣਾ ਅਤੇ ਕਦੇ ਸਰਸਾ ਨਦੀ ਦੇ ਪਾਣੀ ਨੂੰ ਠਹਿਰ ਜਾਣ ਲਈ ਕਹਿਣਾ ਏ। ਇਹਨਾਂ ਜਾਗੀਆਂ ਔਰਤਾਂ ਨੇ ਹੁਣ ਨਹੀਂ ਸੌਣਾ। ਨਾ ਹੀ ਉਹਨਾਂ ਦੀ ਚੇਤਨਾ ਵਿਚੋਂ ਅਮੀਰ ਪ੍ਰੰਪਰਾਵਾਂ ਨੇ ਮਨਫ਼ੀ ਹੋਣਾ। ਇਤਿਹਾਸ ਦੇ ਵਰਕੇ ਫਰੋਲਦਿਆਂ, ਆਉਣ ਵਾਲੀਆਂ ਨਸਲਾਂ ਇਹਨਾਂ ਮਾਵਾਂ ‘ਤੇ ਫ਼ਖਰ ਜ਼ਰੂਰ ਕਰਿਆ ਕਰਨਗੀਆਂ।
ਇਹ ਜੋ ਸਾਬਕਾ ਫੌਜੀ ਸੀਨਿਆਂ ‘ਤੇ ਤਮਗੇ ਸਜਾ ਕੇ ਬੈਠੇ ਨੇ, ਕਦੇ ਇਹਨਾਂ ਦੇ ਦੀਦਿਆਂ ਵਿਚ ਝਾਕਣ ਦੀ ਹਿੰਮਤ ਕਰਨਾ! ਉਹ ਜਵਾਨੀ ਦੇਸ਼ ਲਈ ਅਰਪਿੱਤ ਕਰਨ ਤੋਂ ਬਾਅਦ ਹੁਣ ਆਪਣੀ ਹੀ ਜਮੀਂ ਦੀ ਰਾਖੀ ਲਈ ਆਏ ਨੇ। ਉਹਨਾਂ ਦੇ ਚੇਤਿਆਂ ਵਿਚ ਸੱਜਰਾ ਹੈ ਜਰਨਲ ਅਰੋੜਾ ਦੇ ਸਾਹਵੇਂ ਸਵਾ ਲੱਖ ਪਾਕਿਸਤਾਨੀ ਫੌਜੀਆਂ ਵਲੋਂ ਆਤਮ ਸਮਰਪੱਣ। ਇਹ ਤਾਂ ਅਜ਼ਾਦ ਹਿੰਦ ਫੌਜੀਆਂ ਦੀ ਕੁੱਲ ਵਿਚੋਂ ਨੇ ਜਿਹਨਾਂ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਹਿੱਤ, ਕਾਲੇ ਪਾਣੀਆਂ ਵਿਚ ਸੁਡੌਲ ਜਿੰਦਾਂ ਨੂੰ ਗਾਲਿਆ। ਇਹਨਾਂ ਨੂੰ ਸਿੱਖ ਜਰਨੈਲਾਂ ਦੀਆਂ ਉਹ ਕਹਾਣੀਆਂ ਹੁਣ ਵੀ ਯਾਦ ਨੇ ਕਿ ਕਿਵੇਂ ਕੱਲੇ ਕੱਲੇ ਜੰਗਜੂਆਂ ਨੇ ਸੈਂਕੜੇ ਦੁਸ਼ਮਣਾਂ ਨੂੰ ਚਿੱਤ ਕੀਤਾ? ਫੌਜੀਆਂ ਦਾ ਮਾਣਮੱਤਾ ਇਤਿਹਾਸ ਆਪਣੀ ਵਰਦੀ ‘ਤੇ ਉਕਰਾ ਅਤੇ ਖੁਦ ਨੂੰ ਦਾਅ ‘ਤੇ ਲਾਉਣ ਵਾਲਿਆਂ ਵਿਚੋਂ ਦਲੇਰੀ, ਅਣਖ, ਜ਼ਜਬਾਤ ਅਤੇ ਸਿੱਦਕਦਿਲੀ ਨੂੰ ਕਿਵੇਂ ਕਮਜ਼ੋਰ ਕੀਤਾ ਜਾ ਸਕਦਾ? ਬਰਫ਼ੀਲੀ ਵਾਦੀਆਂ ਵਿਚ ਸਰਹੱਦਾਂ ‘ਤੇ ਪਹਿਰੇ ਦੇਣ ਵਾਲਿਆਂ ਲਈ ਇਹਨਾਂ ਕਠਿਆਈਆਂ ਦੇ ਕੋਈ ਅਰਥ ਨਹੀਂ। ਇਹ ਤਾਂ ਮੁਸ਼ਕਲਾਂ ਵਿਚੋਂ ਹੀ ਜੀਵਨ ਨੂੰ ਨਵੀਂ ਦਿਖ ਅਤੇ ਦਸ਼ਾ ਦੇਣ ਦੇ ਆਦੀ ਨੇ।
ਇਹ ਜੋ ਨਿੱਕੇ-ਨੱਕੇ ਜੁਆਕ ਆਪਣੇ ਮਾਪਿਆਂ ਨਾਲ ਬੈਠੇ ਦਿੱਸਦੇ ਨੇ ਦਰਅਸਲ ਇਹ ਜਗਦੀਆਂ ਮਸ਼ਾਲਾਂ ਦੇ ਸੂਚਕ ਨੇ। ਇਹਨਾਂ ਦੇ ਅਵਚੇਤਨ ਵਿਚ ਇਸ ਇਕੱਠ ਨੇ ਕੁਝ ਅਜਿਹਾ ਧਰ ਦਿੱਤਾ ਏ ਜਿਸਨੇ ਇਹਨਾਂ ਦੇ ਵਿਅਕਤੀਤੱਵ, ਵਰਤੋਂ-ਵਿਵਹਾਰ, ਚੱਜ-ਅਚਾਰ ਅਤੇ ਸਦਾਚਾਰ ਨੂੰ ਅਜਿਹਾ ਲਹਿਜ਼ਾ ਪ੍ਰਦਾਨ ਕਰਨਾ ਏ ਜਿਸਨੇ ਨਵੇਂ ਸਮਾਜ ਦਾ ਸ਼ੀਸ਼ਾ ਬਣ ਜਾਣਾ। ਇਹ ਹੀ ਆਪਣੀ ਪੁਰਾਤਨ ਵਿਰਾਸਤ ਨੂੰ ਜਾਗਦੀ ਜ਼ਮੀਰ ਬਣਾ ਕੇ, ਆਉਣ ਵਾਲੀ ਸਦੀ ਦੇ ਨਾਮ ਕਰਨਗੇ। ਕੌਣ ਕੱਢ ਸਕਦਾ ਏ ਇਹਨਾਂ ਦੇ ਮਨਾਂ ਵਿਚੋਂ ਮਾਪਿਆਂ ਵਲੋਂ ਇਸ ਸਮੇਂ ਦੌਰਾਨ ਹੰਢਾਈਆਂ ਤੰਗੀਆਂ ਤੇ ਤੁੱਰਸ਼ੀਆਂ? ਮਾਂ-ਪਿਉ ਦੇ ਮੁੱਖੜੇ ‘ਤੇ ਆਏ ਜਲਾਲ ਨੂੰ, ਚੜ੍ਹਦੀ ਕਲਾ ਵਿਚ ਰਹਿਣ ਨੂੰ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨੂੰ? ਇਹਨਾਂ ਬੱਚਿਆਂ ਨੂੰ ਸਦਾ ਯਾਦ ਰਹੇਗਾ ਕਿ ਕਿਵੇਂ ਬਜ਼ੁਰਗਾਂ ਨੇ ਪੁਲਿਸ ਕੋਲੋਂ ਲਾਠੀਆਂ ਖਾ ਕੇ ਵੀ ਉਹਨਾਂ ਨੂੰ ਭੁੱਖੇ ਸਮਝ ਕੇ ਲੰਗਰ ਛਕਾਇਆ? ਕਿਵੇਂ ਕਿਸੇ ਦੀ ਪੀੜਾ ਵਿਚ ਉਹਨਾਂ ਦੀਆਂ ਅੱਖਾਂ ਨਮ ਹੋਈਆਂ?ਕਿਵੇਂ ਚਾਰ ਜਣਿਆਂ ਨੇ ਇਕ ਰੋਟੀ ਨੂੰ ਚਾਰ ਹਿੱਸਿਆਂ ਵਿਚ ਵੰਡ ਕੇ ਰੱਜਤਾ ਦਾ ਡਕਾਰ ਮਾਰਿਆ? ਕਿਵੇਂ ਅੰਬਰ ਹੇਠ ਪੋਹ ਦੀਆਂ ਯੱਖ ਰਾਤਾਂ ਵਿਚ, ਹਮਉਮਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਕਥਾ ਸੁਣਦਿਆਂ, ਕਹਿਰ ਦੀ ਠੰਢ ਦਾ ਅਹਿਸਾਸ ਰੱਜ ਕੇ ਮਾਣਿਆ? ਇਹ ਬੱਚੇ ਹੀ ਇਸ ਇਤਿਹਾਸ ਦੇ ਚਸ਼ਮਦੀਦ ਗਵਾਹ ਹੋਣਗੇ ਅਤੇ ਖੋਜ਼ਕਾਰ ਇਹਨਾਂ ਬੱਚਿਆਂ ਵਿਚੋਂ ਇਸ ਅੰਂਦੋਲਨ ਦੀਆਂ ਕਈ ਪਰਤਾਂ ਦੀ ਨਿਸ਼ਾਨਦੇਹੀ ਕਰਨਗੀਆਂ।
ਇਹ ਜੋ ਬੈਠੇ ਲੱਗਦੇ ਆ ਦਰਅਸਲ ਇਹ ਤਾਂ ਤੁਰ ਰਹੇ ਨੇ ਸੂਰਜੀ-ਸੋਚ ਦੇ ਮਾਰਗੀਂ। ਸਾਂਝੀਵਾਲਤਾ ਦੀ ਪੌੜੀ ਚੜ੍ਹਦੇ। ਇਹਨਾਂ ਨੂੰ ਪਤਾ ਹੈ ਕਿ ਸਫ਼ਰ ਸਦਾ ਜਾਰੀ ਰਹਿੰਦਾ। ਨਿਰੰਤਰਤਾ ਦੇ ਚਸ਼ਮਦੀਦ ਗਵਾਹ ਨੇ, ਬੈਠੇ ਹੋਏ ਨਜ਼ਰ ਆਉਂਦੇ ਇਹ ਅਦਭੁੱਤ ਲੋਕ।
ਇਹ ਜੋ ਬੈਠੇ ਹੋਏ ਨੇ ਇਹ ਤਾਂ ਉਹਨਾਂ ਮਿੱਥਾਂ ਨੂੰ ਤੋੜਨ ਵੀ ਆਏ ਨੇ ਜੋ ਸਮੇਂ ਦੇ ਹਾਕਮਾਂ ਨੇ ਲੋਕ-ਮਨਾਂ ਵਿਚ ਸਿਰਜ ਦਿੱਤੀਆਂ ਸਨ। ਉਸ ਪਾੜ ਨੂੰ ਮਿਟਾਉਣ ਆਏ ਨੇ ਜੋ ਹਕੂਮਤ ਨੇ ਪਾਏ। ਇਹਨਾਂ ਨੇ ਕੁਰਸੀ ਦੇ ਪਾਵੇ ਬਣੇ ਲੋਕਾਂ ਨੂੰ ਨੰਗਿਆ ਕੀਤਾ ਏ ਜੋ ਆਪਣੀ ਜ਼ਮੀਰ ਗਹਿਣੇ ਧਰ, ਖੁਦ ਦੀ ਬੋਲੀ ਲਾਉਂਦੇ ਆ। ਇਹਨਾਂ ਨੇ ਦਿਖਾ ਦਿਤਾ ਕਿ ਕਹਿਣੀ ਤੇ ਕਥਨੀ ਵਿਚ ਕਿੰਨਾ ਅੰਤਰ ਹੁੰਦਾ? ਕਿਵੇਂ ਮਿਰਗ-ਤ੍ਰਿਸ਼ਨਾ ਰਾਹੀਂ ਸਿਰਜੇ ਬਿੰਬ ਤਿੱੜਕਦੇ ਨੇ?ਕਿਵੇਂ ਸਪੱਸ਼ਟ ਹੋ ਜਾਂਦੀਆਂ ਨੇ ਕਿਸੇ ਵਿਸ਼ੇਸ਼ ਵਰਗ ਲਈ ਪੈਦਾ ਕੀਤੀਆਂ ਗਲਤਫ਼ਹਿਮੀਆਂ? ਇਹਨਾਂ ਨੇ ਸਮੇਂ ਨੂੰ ਇਹ ਵੀ ਦਰਸਾ ਦਿੱਤਾ ਕਿ ਸਭ ਤੋਂ ਅਹਿਮ ਹੁੰਦੇ ਨੇ ਲੋਕ ਅਤੇ ਇਹਨਾਂ ਦੀ ਅਗਵਾਈ ਵਿਚ ਨਿੱਜੀ ਰੋਸੇ, ਗਿੱਲੇ ਜਾਂ ਸ਼ਿਕਵੇ ਕੋਈ ਥਾਂ ਨਹੀਂ ਰੱਖਦੇ। ਇਹਨਾਂ ਤਾਂ ਇਹ ਵੀ ਦਰਸਾ ਦਿੱਤਾ ਕਿ ਸੰਘਰਸ਼ ਨੂੰ ਕੌਮਾਂ, ਮਜ਼ਹਬਾਂ ਜਾਂ ਖਿੱਤਿਆਂ ਵਿਚ ਵੰਡਿਆ ਨਹੀਂ ਜਾ ਸਕਦਾ। ਹੱਕਾਂ ਲਈ ਵਿੱਢਿਆ ਸੰਘਰਸ਼ ਸਿਰਫ਼ ਲੋਕਾਂ ਦਾ ਅਤੇ ਲੋਕਾਂ ਲਈ ਹੀ ਹੁੰਦਾ।
ਇਹ ਜੋ ਨੀਲੇ ਬਾਣਿਆਂ ਤੇ ਦੁਮਾਲਿਆਂ ਵਿਚ ਸੱਜੇ ਬੈਠੇ ਨੇ, ਇਹਨਾਂ ਦੇ ਚਿਹਰਿਆਂ ‘ਤੇ ਸ਼ਾਂਤ ਰੋਹ ਦਾ ਜਲਾਲ ਹੈ। ਇਹਨਾਂ ਦੀ ਪਿੱਠ ‘ਤੇ ਹੈ ਚਮਕੌਰ ਦੀ ਗੜੀ, ਮੁੱਕਤਸਰ ਦੀ ਜੰਗ, ਛੋਟਾ ਤੇ ਵੱਡਾ ਘਲੂਘਾਰਾ, ਚੱਪੜਚਿੱੜੀ ਦੇ ਮੈਦਾਨ ਵਿਚ ਦਿਖਾਈ ਬਹਾਦਰੀ ਅਤੇ ਜ਼ਾਂਬਾਜ਼ੀ। ਇਹਨਾਂ ਦੇ ਘੋੜਿਆਂ ਦੀਆਂ ਟਾਪਾਂ ਸੁਣ ਕੇ ਹੁਣ ਵੀ ਗਜ਼ਨਵੀ ਅਤੇ ਅਬਦਾਲੀ ਦੀਆਂ ਪੀਹੜੀਆਂ ਤ੍ਰਭਕਦੀਆਂ ਨੇ। ਇਹਨਾਂ ਦੇ ਘੋੜਿਆਂ ਦੀਆਂ ਕਾਠੀਆਂ ਹੀ ਇਹਨਾਂ ਦਾ ਰੈਣ-ਬਸੇਰਾ ਅਤੇ ਛੋਲਿਆਂ ਦੀ ਮੁੱਠ ਚੱਬ ਕੇ ਜਿੰਦਾ ਰਹਿਣ ਦੀ ਜ਼ਿੰਦਾਦਿਲੀ, ਇਹਨਾਂ ਦੀ ਤਵਾਰੀਖ਼। ਇਹਨਾਂ ਦੀਆਂ ਉਚੀਆਂ ਨਜ਼ਰਾਂ ਵਿਚ ਅਬਦਾਲੀ ਵਲੋਂ ਅਗਵਾ ਕੀਤੀਆਂ ਧੀਆਂ-ਭੈਣਾਂ ਨੂੰ ਛੁਡਾ ਕੇ, ਆਦਰ-ਸਹਿਤ ਉਹਨਾਂ ਦੇ ਘਰੀਂ ਪਹੁੰਚਣ ਦਾ ਸ਼ਰਫ਼ ਵੀ ਸ਼ਾਮਲ ਹੈ।
ਕਦੇ ਵੀ ਇਹਨਾਂ ਬੈਠੈ ਹੋਇਆਂ ਨੂੰ ਬੈਠੇ ਹੋਏ ਨਹੀਂ ਸਮਝਣਾ। ਇਹ ਤਾਂ ਸੁਚੇਤ ਹੋਏ ਉਹ ਲੋਕ ਨੇ ਜਿਹਨਾਂ ਨੇ ਬੋਲੇ ਕੰਨਾਂ ਨੂੰ ਲੋਕ-ਅਵਾਜ਼ ਸੁਣਨ ਲਈ ਮਜਬੂਰ ਕੀਤਾ। ਜਿਹਨਾਂ ਦੀ ਪੈੜਚਾਲ ਸੁਣ ਕੇ ਹਾਕਮ ਤ੍ਰਭਕ ਕੇ ਉਠਿਆ। ਜਿਹਨਾਂ ਦੀ ਗੂਫ਼ਤਗੂ ਸੁਣਕੇ ਹਾਕਮ ਨੂੰ ਪੈਰਾਂ ਹੇਠੋਂ ਜਮੀਂ ਖਿਸਕਦੀ ਨਜ਼ਰ ਆਈ। ਜਿਹਨਾਂ ਨੇ ਦੱਸ ਦਿਤਾ ਕਿ ਜਦ ਕੋਈ ਜਾਗਦਾ ਏ ਤਾਂ ਫਿਰ ਕੋਈ ਉਸਦੇ ਹੱਕਾਂ ਨੂੰ ਹੱਥਿਆ ਨਹੀਂ ਸਕਦਾ।
ਜਾਗਦੀ ਜ਼ਮੀਰ, ਜੋਸ਼, ਜ਼ਜ਼ਬਾਤ ਅਤੇ ਰੋਹੀਲੇ ਹੌਕਰਿਆਂ ਨਾਲ ਭਰੇ ਹੋਏ ਇਹਨਾਂ ਲੋਕਾਂ ਨੂੰ ਸਲਾਮ। ਇਤਿਹਾਸ ਸਦਾ ਇਹਨਾਂ ਦਾ ਸ਼ੁਕਰਗੁਜਾਰ ਰਹੇਗਾ ਕਿਉਂਕਿ ਅਜੇਹੇ ਲੋਕਾਂ ਕਰਕੇ ਹੀ ਇਤਿਹਾਸ ਸਿਰਜੇ ਜਾਂਦੇ ਨੇ।
ਇਹ ਜੋ ਬੈਠੇ ਨੇ ਇਹਨਾਂ ਨੇ ਦਿਲ ਤੋਂ ਦਿੱਲੀ ਤੀਕ ਦਾ ਸਫ਼ਰ ਕਰ ਲਿਆ ਏ। ਇਸ ਸਫ਼ਰ ਨੇ ਹੀ ਜ਼ਿੰਦਗੀ ਦੀ ਤਵਾਰੀਖ਼ ਨੂੰ ਨਵੇਂ ਅਰਥ ਦੇਣੇ ਨੇ।
ੲੲੲ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …