Breaking News
Home / ਨਜ਼ਰੀਆ / ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ.ਡੀ.ਪੀ ਸਿੰਘ ਦੀ ਇਕ ਮੁਲਾਕਾਤ

ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ.ਡੀ.ਪੀ ਸਿੰਘ ਦੀ ਇਕ ਮੁਲਾਕਾਤ

(ਕਿਸ਼ਤ 2)
ਪੰਜਾਬੀ ਤੇ ਪੰਜਾਬੀਅਤ ਲਈ ਜਾਗ੍ਰਤੀ ਮੇਰਾ ਮੁੱਢਲਾ ਫਰਜ਼ : ਡਾ. ਨਾਜ਼
ਡਾ. ਡੀ ਪੀ ਸਿੰਘ
416-859-1856
ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਡਾ. ਸਿੰਘ: ਆਪ ਨੇ ਵਿਦਿੱਅਕ ਖੇਤਰ ਵਿਚ ਕੀ-ਕੀ ਮੱਲਾਂ ਮਾਰੀਆਂ ?
ਡਾ. ਨਾਜ਼: ਜਿਵੇਂ ਮੈਂ ਪਹਿਲਾਂ ਬਿਆਨ ਕੀਤਾ ਹੈ ਸਾਹਿਤਕਾਰੀ, ਸ਼ਾਇਰੀ ਅਤੇ ਪੱਤਰਕਾਰੀ ਮੈਨੂੰ ਗੁੜ੍ਹਤੀ ਵਿਚ ਹੀ ਮਿਲੀ। ਤਹਿਸੀਲ ਨਕੋਦਰ ਦਾ ਪੱਛਮੀ ਭਾਗ ਸਭ ਤੋਂ ਪਛੜ੍ਹਿਆ ਹੋਇਆ ਇਲਾਕਾ ਸੀ। ਕਹਿ ਲਵੋ ਏਸ ਨੂੰ ਦਰਿਆ ਸਤਲੁਜ ਦਾ ਬੇਟ ਜਾਂ ਮੰਡ ਆਖਦੇ ਸਨ। ਜੇ ਮੇਰੀ ਸੂਚਨਾ ਸਹੀ ਹੋਵੇ ਤਾਂ ਮੇਰੇ ਤੋਂ ਪਹਿਲੀ ਪੀੜ੍ਹੀ (ਮੇਰੇ ਪਿਤਾ ਜੀ ਅਤੇ ਚਾਚਾ ਜੀ) ਏਸ ਸਾਰੇ ਮੰਡ ਦੇ ਇਲਾਕੇ ਅੰਦਰ ਪਹਿਲੇ ਪੜ੍ਹੇ ਲਿਖੇ ਯੁਗ ਪੁਰਸ਼ ਸਨ। ਮੇਰੇ ਪਿਤਾ ਜੀ ਐਫ਼. ਸੀ.ਕਾਲਜ, ਲਾਹੌਰ ਵਿਖੇ ਫ਼ਾਰਸੀ ਦੇ ਪ੍ਰੋਫੈਸਰ ਸਨ, ਆਖਿਰ ਵਿਚ ਉਹ ਬੀ.ਬੀ. ਸੀ., ਲੰਡਨ ਤੋਂ ਉਰਦੂ ਅਤੇ ਹਿੰਦੀ ਦੀਆਂ ਖਬਰਾਂ ਦੇ ਰੇਡੀਓ ਪ੍ਰਸਾਰਨ ਦੇ ਹੋਸਟ ਸਨ। ਇਸ ਪ੍ਰਕਾਰ ਹੀ ਚਾਚਾ ਜੀ ਐਲ. ਐਸ.ਐਮ.ਐਫ਼. ਕਰਕੇ ਬ੍ਰਿਟਿਸ਼ ਆਰਮੀ ਦੇ ਮੈਡੀਕਲ ਕੋਰ ਦੇ ਕੈਪਟਨ ਰਹੇ ਹਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਡੇ ਘਰ ਅੰਦਰ ਵਿੱਦਿਆ ਦਾ ਚਸ਼ਮਾ ਵਹਿ ਰਿਹਾ ਸੀ, ਪਰ ਮੇਰਾ ਅਪਣਾ ਰੁਝਾਨ ਪੜ੍ਹਾਈ ਲਿਖਾਈ ਤੋਂ ਉਕਾ ਹੀ ਅਵੇਸਲਾ ਸੀ। ਇੰਝ ਕਹਿ ਲਵੋ, ਸਕੂਲ ਅਤੇ ਪੜ੍ਹਾਈ ਤੋਂ ਸਖ਼ਤ ਨਫ਼ਰਤ ਸੀ। ਸਕੂਲ ਅਤੇ ਟੀਚਰ ਅੱਜ ਵੀ ਮੈਨੂੰ ਪਸੰਦ ਨਹੀਂ। ਬੇਸ਼ਕ ਸਾਰੀ ਉਮਰ ਮੈਂ ਆਪ ਵੀ ਟੀਚਰ ਰਿਹਾ ਹਾਂ ਅਤੇ ਕੈਨੇਡਾ ਕ੍ਰਿਸਚੀਅਨ ਕਾਲਸ, ਜੋ ਯੋਰਕ ਯੂਨੀਵਰਸਟੀ ਦਾ ਭਾਗ ਹੈ, ਏਸ ਦੇ ਧਾਰਮਿਕ ਵਿਭਾਗ ਦਾ ਮੁਖੀ ਵੀ ਰਿਹਾ ਹਾਂ। ਦੋਹਾਂ ਬੇਟਿਆਂ ਨੂੰ ਸਕੂਲ ਛੱਡ ਕੇ ਅਤੇ ਲੈ ਕੇ ਆਉਣ ਦੀ ਡਿਊਟੀ ਮੇਰੀ ਹੁੰਦੀ ਸੀ, ਫਿਰ ਵੀ ਰੋਜ਼ ਸੋਚਦਾ ਸੀ ਕਿ ਏਸ ਤੋਂ ਵੱਡੀ ਸਜ਼ਾ ਸਵੇਰੇ ਸਵੇਰੇ ਕੀ ਹੋ ਸਕਦੀ ਹੇ ਕਿ ਇੱਕ ਬੱਚੇ ਨੂੰ ਸਕੂਲ ਦੇ ਕੈਦਖਾਨੇ ਅੰਦਰ ਬੰਦ ਕੀਤਾ ਜਾਵੇ ।
ਮੇਰੇ ਖਿਆਲ ਅੰਦਰ ਮੈਂ ਕੋਈ 11-12 ਸਾਲ ਦਾ ਹੋਵਾਂਗਾ, ਜਦ ਮੈਂ ਸਕੂਲ ਜਾਣ ਲੱਗਾ। ਸਿੱਧਾ ਅੱਠਵੀਂ ਜਮਾਤ ਅੰਦਰ! ਸੋਚਦਾ ਹਾਂ, ਵਿੱਦਿਆ ਹਜ਼ਾਰਾਂ ਸਾਲਾਂ ਦਾ ਮਣਾਮੂੰਹੀ ਖ਼ਜ਼ਾਨਾ ਲਈ ਬੈਠੀ ਹੈ। ਸਕੂਲ ਅੰਦਰ ਅਧਿਆਪਕ, ਹਰ ਬੱਚੇ ਅੰਦਰ, ਕੇਵਲ ਇੱਕ ਸਿਆਣੇ ਚੋਭੇ ਵਾਂਗਰ ਭਾਲਦਾ ਹੀ ਹੈ ਬਾਹਰੋਂ ਏਸ ਅੰਦਰ ਪਿਉਂਦ ਨਹੀਂ ਕਰਦਾ। ਵਿੱਦਿਆ ਪਛਾਣ ਕਰਵਾਉਣਾ ਹੈ, ਕੋਈ ਘੋਲ਼ ਕਰਵਾਉਣਾ ਜਾਂ ਮਿਸ਼ਰਣ ਪਿਲਾਉਣਾ ਨਹੀਂ! ਦਸਵੀਂ ਜਮਾਤ ਅਪਣੇ ਪਿੰਡ ਨੇੜਲੇ ਖਾਲਸਾ ਹਾਈ ਸਕੂਲ ਨੰਗਲ ਅੰਬੀਆਂ ਤੋਂ ਪਾਸ ਕੀਤੀ। ਏਸ ਹੀ ਸਕੂਲ ਅੰਦਰ ਐਮ. ਏ. ਕਰਨ ਮਗਰੋਂ ਦੋ ਸਾਲ ਅੰਗ੍ਰੇਜ਼ੀ ਭਾਸ਼ਾ ਦਾ ਟੀਚਰ ਵੀ ਰਿਹਾ। ਫੇਰ ਇੱਕ ਸਾਲ ਪਬਲਿਕ ਹਾਇਰ ਸੈਕੰਡਰੀ ਸਕੂਲ ਸ਼ਾਹ ਕੋਟ ਅੰਦਰ ਵੀ ਅਧਿਆਪਕ ਦੇ ਤੌਰ ‘ਤੇ ਅੰਗ੍ਰੇਜ਼ੀ ਪੜ੍ਹਾਈ ਅਤੇ 6 ਜੁਲਾਈ 1968 ਨੂੂੰੰ ਇੰਗਲੈਂਡ ਆ ਡੇਰਾ ਲਾਇਆ।
ਡਾ. ਸਿੰਘ: ਆਪਣੇ ਪ੍ਰੋਫੈਸ਼ਨਲ ਸਫ਼ਰ ਬਾਰੇ ਜਾਣੂ ਕਰਵਾਓ, ਨੌਕਰੀ ਦੀ ਸ਼ੁਰੂਆਤ ਕਿੱਥੋਂ ਹੋਈ? ਕੀ ਕੀ ਸੇਵਾ ਨਿਭਾਈ ਤੇ ਕਿੱਥੇ ਕਿੱਥੇ?
ਡਾ. ਨਾਜ਼: ਅਜ਼ਾਦ ਸੋਚ ਹੋਣ ਕਰਕੇ ਸਰਕਾਰੇ ਦਰਬਾਰੇ ਵਿਚਾਰ ਧਾਰਾ ਦਾ ਟਕਰਾਓ ਹੀ ਰਿਹਾ! ਆਈ.ਏ.ਐਸ.ਤੱਕ ਦਾ ਇਮਤਿਹਾਨ ਤੇ ਬੜੀ ਕਾਮਯਾਬੀ ਨਾਲ ਪਾਸ ਕਰ ਲਿਆ, ਪਰ ਇੰਟਰਵਿਊ ਮੇਰੇ ਵੱਸ ਦਾ ਰੋਗ ਨਹੀਂ ਸੀ! ਸੰਨ 1962 ਦੀ ਨਕਸਲਬਾੜੀ ਲਹਿਰ ਦਾ ਸਰਗਰਮ ਕਾਰਕੁੰਨ ਹੋਣ ਕਰਕੇ ਸਰਕਾਰੀ ਨੌਕਰੀ ਦੇ ਸਾਰੇ ਦਰਵਾਜ਼ੇ ਬੰਦ ਹੀ ਸਨ ਮੇਰੇ ਲਈ! ਸਿਵਾਏ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਲੱਗਣ ਦੇ ਹੋਰ ਕੋਈ ਚਾਰਾ ਨਹੀਂ ਸੀ। ਨਕਸਲਬਾੜੀ ਵਿਚਾਰਧਾਰਾ ਕਾਰਨ ਸਮੇਂ ਦੀ ਸਰਕਾਰ ਦੀ ਅੱਖ ਦਾ ਕੋਕੜੂ ਸਾਂ, ਆਖਰਕਾਰ ਦੇਸ਼ ਬਦਰ ਹੋ ਜਾਣ ਤੋਂ ਵਧ ਹੋਰ ਕੋਈ ਚਾਰਾ ਨਹੀਂ ਸੀ।
ਦੂਜੇ ਪਾਸੇ ਪੱਛਮੀ ਸਰਕਾਰਾਂ ਦਾ ਵੀ ਇਹ ਇੱਕ ਅਹਿਮ ਏਜੰਡਾ ਹੀ ਸੀ ਕਿ ਤੀਜੀ ਧਿਰ ਦੇ ਵਿਕਾਸਸ਼ੀਲ ਦੇਸ਼ਾਂ ਦੇ ਵਿਦਵਾਨ ਅਤੇ ਵਿਗਿਆਨੀ ਲੋਕਾਂ ਨੂੰ ਅਪਣੇ ਦੇਸ਼ਾਂ ਅੰਦਰ ਭਰਤੀ ਕਰੋ। ਨਤੀਜੇ ਵਜੋਂ ਏਸ ਘਾਟ ਕਾਰਨ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਆਪ ਹੀ ਡਾਵਾਂ ਡੋਲ ਹੋ ਜਾਣਗੀਆਂ। ਅੱਜ ਵੀ ਕੈਨੇਡਾ, ਯੂ. ਕੇ.ਅਤੇ ਯੂ.ਐਸ.ਏ. ਅੰਦਰ ਯੂਨੀਵਰਸਟੀਆਂ ਦੇ ਮੁਖੀ, ਆਮ ਕਰਕੇ ਭਾਰਤੀ ਮੂਲ ਦੇ ਵਿਗਿਆਨ ਅਤੇ ਗਿਆਨ ਦੇ ਮਾਹਿਰ ਹੀ ਹਨ। ਇਨ੍ਹਾਂ ਦੇਸ਼ਾਂ ਵਿਚ ਵੱਡੇ ਵੱਡੇ ਡਾਕਟਰ ਅਤੇ ਤਕਨੀਕੀ ਮਾਹਿਰ ਵੀ ਤੀਜੀ ਧਿਰ ਦੇ ਦੇਸ਼ਾਂ ਦੇ ਮਾਹਿਰ ਲੋਕ ਹੀ ਹਨ। ਇਨ੍ਹਾਂ ਦੇਸ਼ਾਂ ਅੰਦਰ ਜੇ ਤੁਸੀਂ ਉੱਚੀ ਕੋਟੀ ਦੇ ਮਾਹਿਰ ਗੁਣੀ ਗਿਆਨੀ ਹੋ, ਅਲੱਗ ਧਾਰਮਿਕ ਵਿਚਾਰ, ਵੱਖਰੀ ਨਸਲ ਜਾਂ ਰੰਗ ਵਾਲੇ ਹੋ, ਅਤੇ ਭਿੰਨ ਸਿਆਸੀ ਵਿਚਾਰਧਾਰਾ ਰੱਖਦੇ ਹੋ ਤਾਂ ਵੀ ਸਰਕਾਰਾਂ ਆਪ ਦੇ ਰਾਹ ਅੰਦਰ ਕੋਈ ਰੁਕਾਵਟ ਪੈਦਾ ਨਹੀਂ ਕਰਦੀਆਂ। ਇੰਗਲੈਂਡ, ਮੇਰੀ ਕਰਮ ਭੂਮੀ ਬਣ ਗਈ, ਇਥੋਂ ਦੇ ਵੱਡੇ ਅਖਬਾਰ ਗਾਰਡੀਅਨ ਦਾ ਮੈਂ 5 ਸਾਲ ਪੱਤਰਕਾਰ ਰਿਹਾ ਹਾਂ। ਮੇਰੇ ਜੀਵਨ ਪੰਧ ਅੰਦਰ ਏਸ ਨੌਕਰੀ ਦਾ ਇੱਕ ਅਹਿਮ ਰੋਲ ਸੀ, ਜਿਸ ਨੇ ਮਿਡਲ ਈਸਟ, ਅਫ਼ਗ਼ਾਨਿਸਤਾਨ, ਅਫ਼ਰੀਕਾ ਅਤੇ ਰੂਸ ਤੱਕ ਦੀਆਂ ਸੈਰਾਂ ਕਰਵਾਈਆਂ। ਸੋਚਦਾ ਹਾਂ ਮੇਰੇ ਲਈ ਸਭ ਤੋਂ ਵੱਡੀ ਯੂਨੀਵਰਸਟੀ ਇਨ੍ਹਾਂ ਦੇਸ਼ਾਂ ਦੀ ਯਾਤਰਾ ਹੀ ਸੀ। ਇਨ੍ਹਾਂ ਸਾਲਾਂ ਅੰਦਰ ਮੇਰੀ ਵਿਚਾਰਧਾਰਾ ਜੋ ਕੁਝ ਵੀ ਅੱਜ ਹੈ, ਵਿਦੇਸ਼ੀ ਕੌਮਾਂ ਅਤੇ ਦੇਸ਼ਾਂ ਨੇ ਹੀ ਘੜ੍ਹੀ ਹੈ। ਇਨ੍ਹਾਂ ਦੇਸ਼ਾਂ ਦੀਆਂ ਸਿਆਸੀ, ਸਮਾਜੀ ਅਤੇ ਧਾਰਮਿਕ ਵਿਚਾਰਧਾਰਾਵਾਂ ਮੇਰੀ ਅੱਜ ਦੀ ਸੋਚ ਤੇ ਗਹਿਰਾ ਅਸਰ ਰੱਖਦੀਆਂ ਹਨ।
ਡਾ. ਸਿੰਘ: ਆਪ ਨੇ ਐਮ. ਏ.ਦੀ ਪੜ੍ਹਾਈ ਅੰਗਰੇਜ਼ੀ ਵਿਸ਼ੇ ਵਿਚ ਕੀਤੀ। ਪੀਐਚ. ਡੀ. ਦੇ ਅਧਿਐਨ ਤੇ ਖੋਜ ਕਾਰਜ ਵੀ ਅੰਗਰੇਜ਼ੀ ਭਾਸ਼ਾ ਵਿਚ ਹੀ ਕੀਤੇ। ਪਰ ਆਪ ਨੇ ਆਪਣੇ ਰਚਨਾ ਕਾਰਜ ਮੁੱਖ ਤੌਰ ਉੱਤੇ ਪੰਜਾਬੀ ਭਾਸ਼ਾ ਵਿਚ ਹੀ ਕੀਤੇ ਹਨ। ਪੰਜਾਬੀ ਭਾਸ਼ਾ ਵਿਚ ਲੇਖਣ ਕਾਰਜਾਂ ਬਾਰੇ ਸਬੱਬ ਕਿਉਂ ਤੇ ਕਿਵੇਂ ਬਣਿਆ?
ਡਾ. ਨਾਜ਼: ਬਹੁਤ ਵੱਡਾ ਅਤੇ ਗਹਿਰਾ ਸਵਾਲ ਹੈ ਆਪ ਦਾ! ਸੰਨ 1985 ਵਿੱਚ ਮੈਂ ਕੈਨੇਡਾ ਦੇਸ਼ ਅੰਦਰ ਪ੍ਰਵਾਸ ਕੀਤਾ। ਭਾਰਤ ਅੰਦਰ, ਸਿੱਖ ਕੌਮ ਲਈ ਇਹ ਬੜੇ ਹੀ ਮੰਦਭਾਗੀ ਦਿਹਾੜੇ ਸਨ। ਸੰਨ 1984 ਦੇ ਘੱਲੂਘਾਰੇ ਦੌਰਾਨ ਹਰਿਮੰਦਰ ਸਾਹਿਬ ਤੇ ਟੈਂਕਾਂ ਅਤੇ ਫੌਜੀ ਹਮਲਾ, ਦਿੱਲੀ ਅੰਦਰ ਸਿੱਖਾਂ ਦੀ ਮਿਥ ਕੇ ਨਸਲਕੁਸ਼ੀ, ਮੇਰੀ ਸਾਈਕੀ ਉੱਤੇ ਅਮਿਟ ਅਤੇ ਗਹਿਰਾ ਅਸਰ ਛੱਡ ਗਈ। ਕਿਸੇ ਕੌਮ ਨੂੰ ਖਤਮ ਕਰਨ ਦਾ ਅਤੇ ਤਵਾਰੀਖ ਦੇ ਪੰਨਿਆਂ ਅੰਦਰ ਦਫ਼ਨ ਕਰ ਦੇਣ ਦਾ, ਜਰਵਾਣਿਆਂ ਕੋਲ ਇੱਕੋ ਇਕ ਵਾਹਿਦ ਹਥਿਆਰ ਹੁੰਦਾ ਹੈ ਕਿ ਇਨ੍ਹਾਂ ਲੋਕਾਂ ਦਾ ਧਰਮ, ਬੋਲੀ ਅਤੇ ਸਮਾਜਿਕ ਹੋਂਦ ਖੋਹ ਲਈ ਜਾਵੇ। ਇਨ੍ਹਾਂ ਹਾਲਤਾਂ ਅੰਦਰ ਸ਼ਿਕਾਰ ਹੋਈਆਂ ਨਸਲਾਂ ਜਾਂ ਕੌਮਾਂ ਦਾ ਸਵੈਮਾਨ ਅਤੇ ਨਿੱਜੀ ਹੋਂਦ ਖਤਮ ਹੋ ਕੇ ਰਹਿ ਜਾਂਦੀ ਹੈ। ਮੇਰੇ ਖਿਆਲ ਅੰਦਰ ਇਹ ਘਟਨਾ ਸਿੱਖ ਧਰਮ, ਨਸਲ, ਬੋਲੀ ਅਤੇ ਪੰਜਾਬੀਅਤ, ਸਮੁੱਚੇ ਤੌਰ ‘ਤੇ ਪੰਜਾਬੀ ਸਭਿਆਚਾਰ ਅਤੇ ਸਭਿੱਅਤਾ ਦੀ ਹਸਤੀ ਨੂੰ ਪਸਤ ਕਰਨ ਦਾ ਵੱਡਾ ਵਾਕਿਆ ਸੀ। ਇਸ ਵਾਰਦਾਤ ਨੇ ਮੇਰੇ ਲਿਖਣ ਦੀ ਪ੍ਰੀਭਾਸ਼ਾ ਬਦਲ ਕੇ ਰੱਖ ਦਿੱਤੀ। ”ਸਿੱਖ ਨੂੰ ਸਵੈਮਾਨ ਦਿਓ” ਪੰਜਾਬੀ ਡੇਲੀ ਅਖਬਾਰ ਅੰਦਰ ਕੋਈ 7 ਅਜੇਹੇ ਹੀ ਛਪੇ ਲੇਖ ਸਨ। ਕਈ ਸੌ ਸਫੇ ਬਣ ਜਾਣਗੇ ਜੇ ਮੈਂ ਏਸ ਵਿਸ਼ੇ ਤੇ ਲਿਖਣਾ ਅਰੰਭ ਕਰ ਦਿਆਂ। ਕੇਵਲ ਏਨਾ ਹੀ ਕਹਾਂਗਾ ਕਿ ਲਗਾਤਾਰ ਪੰਜਾਬੀ ਅੰਦਰ ਲਿਖਣ ਦਾ ਦ੍ਰਿੜ ਇਰਾਦਾ ਅਤੇ ਵਿਸ਼ਵਾਸ ਦਾ ਕਾਰਣ ਕੇਵਲ ਅਤੇ ਕੇਵਲ ਪੰਜਾਬੀਅਤ, ਪੰਜਾਬੀ ਤੇ ਸਿਖ ਧਰਮ ਲਈ ਜਾਗ੍ਰਤੀ, ਮੇਰਾ ਅੱਵਲ ਫ਼ਰਜ਼ ਬਣ ਗਿਆ ਅਤੇ ਹੁਣ ਵੀ ਹੈ। ਬੇਪਤ ਹੋਏ ਲੋਕਾਂ ਲਈ ਵੰਗਾਰ! 19 ਸਾਲ ਇੰਗਲੈਂਡ ਵਸੇਵੇ ਦੌਰਾਨ ਪੰਜਾਬੀ ਵਿਚ ਕੋਈ ਖਾਸ ਦੇਣ ਨਹੀਂ, ਪਰ 1985 ਤੋਂ ਅੱਜ ਤੱਕ ਦੇ 35 ਸਾਲਾਂ ਦੇ ਸਫ਼ਰ ਦੌਰਾਨ ਵਧੇਰੇ ਕਰਕੇ ਪੰਜਾਬੀ ਵਿਚ ਹੀ ਲਿਖਿਆ ਤੇ ਹੁਣ ਵੀ ਇਸੇ ਭਾਸ਼ਾ ਵਿਚ ਲਿਖਦਾ ਹਾਂ।
(ਚੱਲਦਾ)

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …