ਪ੍ਰਿੰ. ਸਰਵਣ ਸਿੰਘ
ਕਬੱਡੀ ਦੇ ਪ੍ਰਮੋਟਰ ਵੀਰੋ,
ਕਬੱਡੀ ਪੰਜਾਬੀਆਂ ਦੀ ਮਾਂ ਖੇਡ ਮੰਨੀ ਜਾਂਦੀ ਹੈ। ਮਾਂ ਦਾ ਦਰਜਾ ਬਹੁਤ ਉੱਚਾ ਹੁੰਦੈ। ਮਾਂ ਨੂੰ ਕੋਈ ਹੀਮ ਕੀਮ ਹੋ ਜਾਵੇ ਤਾਂ ਧੀਆਂ ਪੁੱਤਰ ਸੌ ਓਹੜ ਪੋਹੜ ਕਰਦੇ ਹਨ। ਜੇ ਅਸੀਂ ਕਬੱਡੀ ਨੂੰ ਸੱਚਮੁੱਚ ਹੀ ਮਾਂ ਖੇਡ ਸਮਝਦੇ ਹਾਂ ਤੇ ਉਸ ਦੇ ਸੱਚੇ ਪੁੱਤਰ ਹਾਂ ਤਾਂ ਕਬੱਡੀ ਨੂੰ ਡਰੱਗ ਮੁਕਤ ਕਰਨਾ ਸਾਡਾ ਸਭ ਦਾ ਫਰਜ਼ ਹੈ। ਕੀਹਨੂੰ ਨਹੀਂ ਪਤਾ ਕਿ ਕਬੱਡੀ ਹੁਣ ਡਰੱਗ ਦੀ ਮਾਰ ਹੇਠ ਹੈ। ਖਿਡਾਰੀ ਅਪਾਹਜ/ਨਿਪੁੰਸਕ ਹੋ ਰਹੇ ਹਨ ਤੇ ਮਰ ਵੀ ਰਹੇ ਹਨ। ਨਵੇਂ ਖਿਡਾਰੀ ਟੀਕਿਆਂ ‘ਤੇ ਲੱਗ ਰਹੇ ਹਨ। ਪੰਜਾਬ ਦੇ ਕਿਸੇ ਵੀ ਕਬੱਡੀ ਟੂਰਨਾਮੈਂਟ ‘ਤੇ ਜਾਓ, ਉਹਲੇ ਵਾਲੀਆਂ ਥਾਵਾਂ ‘ਤੇ ਸਰਿੰਜਾਂ ਪਈਆਂ ਦਿਸ ਪੈਣਗੀਆਂ। ਹੋਰ ਕਿਹੜੇ ਸਬੂਤ ਚਾਹੀਦੇ ਹਨ? ਕਦੋਂ ਜਾਗਾਂਗੇ ਅਸੀਂ?
ਕਦੇ ਮੈਂ ਲਿਖਿਆ ਸੀ: ਪੰਜਾਬੀ ਕਬੱਡੀ ਦੇ ਦੀਵਾਨੇ ਹਨ। ਆਸ਼ਕ ਹਨ, ਮਸਤਾਨੇ ਹਨ। ਬੇਸ਼ੱਕ ਬਿਜਲੀ ਕੜਕਦੀ ਹੋਵੇ, ਝੱਖੜ ਝੁਲਦਾ ਹੋਵੇ, ਨਦੀ ਚੜ੍ਹੀ ਹੋਵੇ, ਸ਼ੀਹਾਂ ਨੇ ਪੱਤਣ ਮੱਲੇ ਹੋਣ ਪਰ ਪਤਾ ਲੱਗ ਜਾਵੇ ਸਹੀ ਕਿ ਪਰਲੇ ਪਾਰ ਕਬੱਡੀ ਦਾ ਕਾਂਟੇਦਾਰ ਮੈਚ ਹੋ ਰਿਹੈ। ਫੇਰ ਕਿਹੜਾ ਪੰਜਾਬੀ ਹੈ ਜਿਹੜਾ ਵਗਦੀ ਨੈਂ ਨਾ ਠਿੱਲ੍ਹੇ? ਉਹ ਰਾਹ ‘ਚ ਪੈਂਦੇ ਸੱਪਾਂ ਸ਼ੀਹਾਂ ਦੀ ਵੀ ਪਰਵਾਹ ਨਹੀਂ ਕਰੇਗਾ ਤੇ ਕਬੱਡੀ ਦੇ ਪਿੜ ਦੁਆਲੇ ਜਾ ਖੜ੍ਹੇਗਾ। ਜਿਵੇਂ ਹਿੰਦ ਮਹਾਂਦੀਪ ਦੇ ਲੋਕਾਂ ਨੂੰ ਕ੍ਰਿਕਟ ਨੇ ਪੱਟਿਆ, ਜੱਗ ਜਹਾਨ ਦੇ ਗੋਰੇ ਕਾਲਿਆਂ ਨੂੰ ਫੁੱਟਬਾਲ ਨੇ ਕਮਲੇ ਕੀਤਾ ਉਵੇਂ ਕੁਲ ਦੁਨੀਆ ‘ਚ ਖਿਲਰੇ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ। ਵੀਰ ਮੇਰਿਓ, ਕੀ ਹੁਣ ਵੀ ਪੰਜਾਬੀ ਨਦੀਆਂ ਠਿੱਲ੍ਹ ਕੇ ਕਬੱਡੀ ਦੇ ਪਿੜ ਦੁਆਲੇ ਜੁੜਦੇ ਹਨ? ਕੀ ਕਬੱਡੀ ਦੇ ਪਹਿਲਾਂ ਜਿੰਨੇ ਦਰਸ਼ਕ ਹਨ?ਕੀ ਹੁਣ ਵੀ ਕਬੱਡੀ ਦੇ ਖਿਡਾਰੀ ਨਸ਼ੇ ਪੱਤੇ ਬਗ਼ੈਰ ਜੁੱਸੇ ਕਮਾ ਕੇ, ਕਬੱਡੀ ਦੇ ਤਕੜੇ ਖਿਡਾਰੀ ਬਣ ਕੇ ਹੀ ਹਵਾਈ ਜਹਾਜ਼ ਚੜ੍ਹਦੇ ਹਨ?ਕਿਤੇ ਸਾਲ ਦਰ ਸਾਲ ਨਸ਼ੇ ਪੱਤੇ ਦੇ ਸਹਾਰੇ ਹੀ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਤਾਂ ਨਹੀਂ ਮੁੱਛੀ ਜਾਂਦੇ? ਜਿਹੜੇ ਖਿਡਾਰੀ ਡਰੱਗਾਂ ਦੇ ਸਿਰ ‘ਤੇ ਕਬੱਡੀਆਂ ਪਾਉਂਦੇ ਜਾਂ ਜੱਫੇ ਲਾਉਂਦੇ ਹਨ ਕੀ ਉਹ ਖਰੇ ਖਿਡਾਰੀਆਂ ਦਾ ਹੱਕ ਨਹੀਂ ਮਾਰ ਰਹੇ? ਕੀ ਨਵੇਂ ਖਿਡਾਰੀਆਂ ਨੂੰ ਡਰੱਗਾਂ ਵੱਲ ਨਹੀਂ ਧੱਕ ਰਹੇ?ਕੀ ਦੇਣ ਹੈ ਅਜਿਹੇ ਡਰੱਗੀ ਖਿਡਾਰੀਆਂ ਦੀ ਮਾਂ ਖੇਡ ਕਬੱਡੀ ਨੂੰ?ਕਾਹਦੇ ਲਈ ਅਜਿਹੇ ਖਿਡਾਰੀਆਂ ਦੇ ਮੋਟਰ ਸਾਈਕਲਾਂ, ਕਾਰਾਂ, ਜੀਪਾਂ ਤੇ ਟ੍ਰੈਕਟਰਾਂ ਨਾਲ ਮਾਨ ਸਨਮਾਨ ਕਰੀ ਜਾਂਦੇ ਓ?ਆਪਾਂ ਡਰੱਗੀ ਖਿਡਾਰੀਆਂ ਨਾਲ ਹਾਂ ਜਾਂ ਹੋਣਹਾਰ ਖਰੇ ਖਿਡਾਰੀਆਂ ਨਾਲ? ਹਾਲਾਤ ਏਥੋਂ ਤੱਕ ਪੁੱਜ ਚੁੱਕੇ ਹਨ ਕਿ ਕੋਈ ਫੈਡਰੇਸ਼ਨ ਡੋਪੀ ਖਿਡਾਰੀਆਂ ਨੂੰ ਬੈਨ ਕਰਦੀ ਹੈ ਤਾਂ ਕੋਈ ਹੋਰ ਫੈਡਰੇਸ਼ਨ ਬੈਨ ਹੋਏ ਖਿਡਾਰੀਆਂ ਨੂੰ ਗੱਜ-ਵੱਜ ਕੇ ਖਿਡਾਉਣ ਲੱਗਦੀ ਹੈ। ਇਹ ਕਿਹੋ ਜਿਹੀ ਕਬੱਡੀ ਪ੍ਰੋਮੋਸ਼ਨ ਹੋਈ?
ਖੇਡਾਂ ਜੁਆਨਾਂ ਦੇ ਜੁੱਸੇ ਤਕੜੇ ਤੇ ਨਰੋਏ ਬਣਾਉਣ, ਚੰਗੀਆਂ ਆਦਤਾਂ ਪਾਉਣ, ਲੜਾਈਆਂ ਝਗੜਿਆਂ ਤੋਂ ਬਚਾਉਣ, ਵਧੀਆ ਇਨਸਾਨ ਬਣਾਉਣ, ਸਰੀਰਾਂ ‘ਚ ਪੈਦਾ ਹੋ ਰਹੀ ਵਾਧੂ ਊਰਜਾ ਦਾ ਸਹੀ ਨਿਕਾਸ ਕਰਨ, ਮਿਲਵਰਤਣ ਤੇ ਉਸਾਰੂ ਮੁਕਾਬਲੇ ਦੀ ਭਾਵਨਾ ਉਪਜਾਉਣ, ਸਿਹਤਮੰਦ ਮਨੋਰੰਜਨ ਕਰਨ ਅਤੇ ਐਕਸੇਲੈਂਸ ਭਾਵ ਖੇਡ ਨੂੰ ਸਿਖਰ ‘ਤੇ ਪੁਚਾਉਣ ਤੇ ਦਰਸਾਉਣ ਲਈ ਹੁੰਦੀਆਂ ਹਨ। ਖੇਡਾਂ ਖਿਡਾਰੀਆਂ ਨੂੰ ਨਸ਼ਿਆਂ ‘ਤੇ ਲਾ ਕੇ ਕੱਪ ਜਿੱਤਣ ਲਈ ਨਹੀਂ ਹੁੰਦੀਆਂ।
18 ਅਗੱਸਤ 2018 ਨੂੰ ਟੋਰਾਂਟੋ ਦਾ 28ਵਾਂ ਕੈਨੇਡਾ ਕਬੱਡੀ ਕੱਪ ਮਿਸੀਸਾਗਾ ਦੇ ਹਰਸ਼ੀ ਸੈਂਟਰ ਵਿਚ ਹੋ ਰਿਹੈ ਜਿਸ ਵਿਚ ਮੰਨੇ ਦੰਨੇ ਕਬੱਡੀ ਖਿਡਾਰੀ ਖੇਡਣਗੇ। ਉਹ ਵੱਖ ਵੱਖ ਮੁਲਕਾਂ ਦੇ ਨਾਵਾਂ ‘ਤੇ ਬਣਾਈਆਂ ਟੀਮਾਂ ਲਈ ਖਰੀਦੇ ਹੋਣਗੇ। ਟੀਮਾਂ ਦੇ ਨਾਂ ਹਨ ਭਾਰਤ, ਪਾਕਿਸਤਾਨ, ਕੈਨੇਡਾ ਈਸਟ, ਕੈਨੇਡਾ ਵੈਸਟ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਤੇ ਯੂਰਪ। ਭਾਰਤ ਦੇ ਤਕੜੇ ਖਿਡਾਰੀ ਵੱਖ ਵੱਖ ਮੁਲਕਾਂ ਦੀਆਂ ਟੀਮਾਂ ਲਈ ਖਰੀਦ ਲਏ ਜਾਣਗੇ। ਇੰਜ ਭਾਰਤੀ ਟੀਮ ਦੇ ਪੱਲੇ ਬਚੇ-ਖੁਚੇ ਖਿਡਾਰੀ ਰਹਿਣਗੇ। ਜਿੱਤਣਾ ਫਿਰ ਕਿਥੋਂ? ਕਦੇ ਕਿਹਾ ਜਾਂਦਾ ਸੀ, ਕੱਪ ਓਹੀ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿਚ ਜਾਨਾਂ। ਹੁਣ ਕਿਹਾ ਜਾਂਦੈ, ਕੱਪ ਓਹੀ ਜਿੱਤਣਗੇ ਜਿਨ੍ਹਾਂ ਦੇ ਝੋਲਿਆਂ ਵਿਚ ਸਮਾਨਾ। ਕੱਪ ਕਰਾਉਣ ਵਾਲਿਆਂ ਨੂੰ ਚਾਹੀਦੈ ਕਿ ਵਰਲਡ ਕੱਪ ਖੇਡਣ ਵਾਲੇ ਖਿਡਾਰੀਆਂ ਦੇ ਡੋਪ ਟੈਸਟ ਜ਼ਰੂਰ ਕਰਵਾਉਣ। ਸਾਰਿਆਂ ਦੇ ਨਹੀਂ ਤਾਂ ਘੱਟੋ-ਘੱਟ ਕੱਪ ਦਾ ਫਾਈਨਲ ਮੈਚ ਖੇਡਣ ਵਾਲਿਆਂ ਦੇ ਜਾਂ ਜੇਤੂਆਂ ਅਤੇ ਬੈਸਟ ਧਾਵੀ ਤੇ ਬੈਸਟ ਜਾਫੀ ਦੇ ਤਾਂ ਜ਼ਰੂਰ ਕਰਵਾ ਲੈਣ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਸਾਰਾ ਪਤਾ ਲੱਗ ਜਾਵੇਗਾ। ਉਹ ਅਧੂਰੇ ਡਰੱਗ ਟੈਸਟ ਨਹੀਂ ਸਗੋਂ ਪੂਰੇ ਡੋਪ ਟੈਸਟ ਹੋਣ। ਇਸ ਮੌਕੇ ਬਹੁਤ ਸਾਰੇ ਕਬੱਡੀ ਪ੍ਰੋਮੋਟਰ ਤੇ ਕਬੱਡੀ ਫੈਡਰੇਸ਼ਨਾਂ ਵਾਲੇ ਆਏ ਹੋਣਗੇ। 17 ਅਗੱਸਤ ਦੇ ਡਿਨਰ ਤੇ 19 ਅਗੱਸਤ ਦੇ ਲੰਚ ਉਤੇ ਕਬੱਡੀ ਪ੍ਰੋਮੋਟਰ ਕਬੱਡੀ ਦੇ ਸੁਧਾਰ ਲਈ ਵਿਚਾਰ ਵਟਾਂਦਰਾ ਕਰ ਸਕਦੇ ਹਨ।
2006 ਵਿਚ ਜਦੋਂ ਮੀਡੀਏ ਨੇ ਕਬੱਡੀ ਨੂੰ ਲੱਗ ਰਿਹਾ ਡਰੱਗ ਦਾ ਕੋਹੜ ਕਬੱਡੀ ਕਲੱਬਾਂ ਤੇ ਫੈਡਰੇਸ਼ਨਾਂ ਦੇ ਧਿਆਨ ਵਿਚ ਲਿਆਂਦਾ ਸੀ ਤਾਂ ਫੈਡਰੇਸ਼ਨਾਂ ਨੇ ਮਤੇ ਪਾਸ ਕੀਤੇ ਸਨ ਕਿ 2007 ਦਾ ਕਬੱਡੀ ਸੀਜ਼ਨ ਕੈਨੇਡਾ ਤੇ ਇੰਗਲੈਂਡ ਵਿਚ ਡੋਪ ਟੈਸਟ ਕਰਾ ਕੇ ਹੀ ਖਿਡਾਇਆ ਜਾਵੇਗਾ। ਪਰ ਉਹਦੇ ਉਤੇ ਅਮਲ ਨਾ ਕੀਤਾ ਗਿਆ। ਬਹੁਤੇ ਕਲੱਬਾਂ ਨੇ ਵੋਟ ਪਾ ਦਿੱਤੀ ਕਿ ਡੋਪ ਟੈਸਟ ਕਰਾਉਣੇ ਰਹਿਣ ਦਿਓ ਕਿਉਂਕਿ ਖਿਡਾਰੀ ਮਸਾਂ ਕੈਨੇਡਾ/ਇੰਗਲੈਂਡ ਸੱਦੇ ਨੇ! ਇਸ ਖੁੱਲ੍ਹ ਦਾ ਫਾਇਦਾ ਉਠਾਉਂਦਿਆਂ ਜਿਨ੍ਹਾਂ ਖਿਡਾਰੀਆਂ ਨੇ ਡਰਦਿਆਂ ਟੀਕੇ ਲਾਉਣੇ ਛੱਡ ਦਿੱਤੇ ਸਨ ਉਹ ਦੁਬਾਰਾ ਲਾਉਣ ਲੱਗ ਪਏ ਤੇ ਪਿੱਛੇ ਤਾਰਾਂ ਖੜਕਾ ਦਿੱਤੀਆਂ ਪਈ ਏਥੇ ਤਾਂ ਹਰੀ ਝੰਡੀ ਐ! ਆਉਣ ਵਾਲੇ ਮਾਲ ਮੱਤਾ ਲਈ ਆਉਣ ਕਿਉਂਕਿ ਕੈਨੇਡਾ ‘ਚ ਮਿਲਦਾ ਨਹੀਂ ਜਾਂ ਬਹੁਤ ਮਹਿੰਗਾ ਮਿਲਦੈ। ਜਦੋਂ ਮਾਲ ਮੱਤੇ ਨਾਲ ਲੈਸ ਇਕ ਖਿਡਾਰੀ ਵੈਨਕੂਵਰ ਹਵਾਈ ਅੱਡੇ ‘ਤੇ ਫੜਿਆ ਗਿਆ ਤਾਂ ਕਬੱਡੀ ਫੈਡਰੇਸ਼ਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਕਬੱਡੀ ਕਲੱਬਾਂ ਨੂੰ ਫੰਡ ਦੇਣ ਵਾਲੇ ਵੀ ਕਹਿਣ ਲੱਗ ਪਏ ਕਿ ਕਬੱਡੀ ਟੂਰਨਾਮੈਂਟ ਕਰਾਉਣ ਦੀ ਥਾਂ ਸਾਥੋਂ ਡੋਪ ਟੈਸਟ ਕਰਾਉਣ ਦਾ ਈ ਫੰਡ ਲੈ ਲਵੋ ਪਰ ਕਬੱਡੀ ਨੂੰ ਡਰੱਗ ਮੁਕਤ ਕਰੋ।
ਕਬੱਡੀ ਸੀਜ਼ਨ 2008 ਤੋਂ ਪਹਿਲਾਂ ਉਨਟਾਰੀਓ, ਬੀ.ਸੀ.ਤੇ ਯੂ. ਕੇ. ਦੀਆਂ ਕਬੱਡੀ ਫੈਡਰੇਸ਼ਨਾਂ ਨੇ ਫਿਰ ਮਤੇ ਪਾਏ ਪਈ ਐਤਕੀਂ ਹਰ ਹਾਲਤ ਵਿਚ ਖਿਡਾਰੀਆਂ ਦੇ ਡੋਪ ਟੈਸਟ ਕਰਾਏ ਜਾਣਗੇ। ਇਹ ਟੈਸਟ ਕਾਫੀ ਮਹਿੰਗੇ ਸਨ ਫਿਰ ਵੀ ਕਬੱਡੀ ਫੈਡਰੇਸ਼ਨਾਂ ਨੇ ਕਰਵਾ ਲਏ। 2008 ਵਿਚ ਕੈਨੇਡਾ ਪਹੁੰਚੇ ਕਬੱਡੀ ਖਿਡਾਰੀਆਂ ਦੇ 350 ਅਤੇ ਇੰਗਲੈਂਡ ਪਹੁੰਚਿਆਂ ਦੇ 250 ਡੋਪ ਟੈੱਸਟ ਕੀਤੇ ਗਏ ਜਿਨ੍ਹਾਂ ਰਾਹੀਂ 119 ਖਿਡਾਰੀ ਡਰੱਗੀ ਨਿਕਲੇ। ਟੈਸਟਾਂ ‘ਤੇ ਖਰਚਾ ਤਾਂ ਕਾਫੀ ਹੋਇਆ ਪਰ ਓਨਾ ਫਿਰ ਵੀ ਨਹੀਂ ਹੋਇਆ ਜਿੰਨਾ ਖਿਡਾਰੀ ਡਰੱਗਾਂ ਉਤੇ ਖਰਚਦੇ ਸਨ। ਇਹ ਤਸੱਲੀ ਵਾਲੀ ਗੱਲ ਸੀ ਕਿ 8 ਅਗੱਸਤ 2008 ਦੀ ਮੀਟਿੰਗ ਵਿਚ ਉਨਟਾਰੀਓ, ਬੀ. ਸੀ., ਯੂ. ਕੇ. ਤੇ ਪੰਜਾਬ ਦੀਆਂ ਕਬੱਡੀ ਫੈਡਰੇਸ਼ਨਾਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਡੋਪ ਟੈਸਟ ਵਿਚ ਡਰੱਗੀ ਸਾਬਤ ਹੋਏ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਦੇਸ਼ ਵਿਚ ਕੋਈ ਕਲੱਬ ਕਬੱਡੀ ਨਹੀਂ ਖਿਡਾਏਗਾ। ਪਰ ਇਸ ਫੈਸਲੇ ਉਤੇ ਅਮਲ ਨਾ ਕੀਤਾ ਗਿਆ।
ਡੋਪ ਟੈਸਟਾਂ ਵਿਚ ਜਿਨ੍ਹਾਂ ਖਿਡਾਰੀਆਂ ਦਾ ਸੈਂਪਲ ਇਕ ਵਾਰ ਪਾਜ਼ੇਟਿਵ ਆਇਆ ਉਨ੍ਹਾਂ ਨੂੰ ਇਕ ਹਜ਼ਾਰ ਡਾਲਰ ਜੁਰਮਾਨਾ ਤੇ ਇਕ ਸਾਲ ਲਈ ਕਿਤੇ ਵੀ ਕਬੱਡੀ ਖੇਡਣ ਤੋਂ ਬੈਨ ਕੀਤਾ ਗਿਆ ਸੀ। ਬੈਨ ਮੁੱਕਣ ਤੋਂ ਬਾਅਦ ਦੁਬਾਰਾ ਖੇਡਣ ਲੱਗੇ ਅਤੇ ਦੂਜੀ ਵਾਰ ਪਾਜ਼ੇਟਿਵ ਆਏ ਖਿਡਾਰੀ ਨੂੰ ਕਬੱਡੀ ਦੇ ਮੈਦਾਨ ‘ਚੋਂ ਜੀਵਨ ਭਰ ਲਈ ਬੈਨ ਕਰਨ ਦਾ ਫੈਸਲਾ ਕੀਤਾ ਗਿਆ ਸੀ। ਫੈਸਲਾ ਹੋਇਆ ਸੀ ਕਿ ਜਿਹੜੇ ਕਲੱਬ, ਅਕੈਡਮੀਆਂ, ਐਸੋਸੀਏਸ਼ਨਾਂ ਜਾਂ ਫੈਡਰੇਸ਼ਨਾਂ ਬੈਨ ਹੋਏ ਖਿਡਾਰੀਆਂ ਨੂੰ ਬੈਨ ਦੌਰਾਨ ਖਿਡਾਉਣਗੀਆਂ ਉਨ੍ਹਾਂ ਦਾ ਕੋਈ ਵੀ ਖਿਡਾਰੀ ਇੰਗਲੈਂਡ ਜਾਂ ਕੈਨੇਡਾ ਵਿਚ ਨਹੀਂ ਸੱਦਿਆ ਜਾਵੇਗਾ। ਜੇ ਕੋਈ ਹੋਰ ਮੁਲਕ ਉਨ੍ਹਾਂ ਨੂੰ ਸੱਦਦਾ ਹੈ ਤਾਂ ਉਥੇ ਇੰਗਲੈਂਡ ਤੇ ਕੈਨੇਡਾ ਦੀਆਂ ਫੈਡਰੇਸ਼ਨਾਂ ਵੱਲੋਂ ਕੋਈ ਖਿਡਾਰੀ ਨਹੀਂ ਭੇਜਿਆ ਜਾਵੇਗਾ। ਕਬੱਡੀ ਕਲੱਬਾਂ, ਫੈਡਰੇਸ਼ਨਾਂ ਤੇ ਟੂਰਨਾਮੈਂਟ ਕਰਾਉਣ ਵਾਲਿਆਂ ਨੂੰ ਚਾਹੀਦਾ ਸੀ ਕਿ ਜਿੰਨੇ ਸਮੇਂ ਲਈ ਡਰੱਗੀ ਖਿਡਾਰੀਆਂ ਦੇ ਖੇਡਣ ਉਤੇ ਪਾਬੰਦੀ ਸੀ ਓਨਾ ਸਮਾਂ ਉਨ੍ਹਾਂ ਨੂੰ ਨਾ ਖਿਡਾਇਆ ਜਾਂਦਾ ਸਗੋਂ ਸੁਧਰਨ ਦਾ ਮੌਕਾ ਦਿੱਤਾ ਜਾਂਦਾ। ਇਸ ਦੌਰਾਨ ਕਬੱਡੀ ਦੀਆਂ ਪੈਰਲਲ ਫੈਡਰੇਸ਼ਨਾਂ ਬਣ ਗਈਆਂ ਜੋ ਡੋਪ ਟੈਸਟ ਕਰਾ ਕੇ ਡਰੱਗੀ ਖਿਡਾਰੀਆਂ ਨੂੰ ਆਪਣੇ ਹੱਥੋਂ ਨਹੀਂ ਸਨ ਗੁਆਉਣਾ ਚਾਹੁੰਦੀਆਂ। ਡਰੱਗ ਦੇ ਵਪਾਰੀ ਵੀ ਨਹੀਂ ਸੀ ਚਾਹੁੰਦੇ ਕਿ ਉਹਨਾਂ ਦਾ ਕਾਰੋਬਾਰ ਬੰਦ ਹੋਵੇ। ਜਿਹੜੇ ‘ਕਬੱਡੀ ਪ੍ਰਮੋਟਰ’ ਡੋਪੀ ਖਿਡਾਰੀਆਂ ਨੂੰ ਡਾਲਰਾਂ ਨਾਲ ਨਿਵਾਜਦੇ ਹਨ ਉਹ ਉਨ੍ਹਾਂ ਦਾ ਭਲਾ ਕਰਨ ਦੀ ਥਾਂ ਉਨ੍ਹਾਂ ਦਾ ਬੁਰਾ ਕਰਦੇ ਹਨ ਜੋ ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗੇਗਾ। ਕਬੱਡੀ ਵਿਚ ਆਈ ਡਰੱਗ ਨੇ ਚੰਗੀ ਸੋਚ ਵਾਲੇ ਲੋਕਾਂ ਦਾ ਕਬੱਡੀ ਤੋਂ ਮੋਹ ਭੰਗ ਕਰ ਦਿੱਤਾ ਹੈ। ਹੁਣ ਕਬੱਡੀ ਟੂਰਨਾਮੈਂਟਾਂ ਸਮੇਂ ਓਨੇ ਦਰਸ਼ਕ ਨਹੀਂ ਜੁੜਦੇ ਜਿੰਨੇ ਕਦੇ ਪਹਿਲਾਂ ਜੁੜਦੇ ਸਨ।
2010 ਵਿਚ ਪੰਜਾਬ ਦੇ ਪਹਿਲੇ ਕਬੱਡੀ ਵਰਲਡ ਕੱਪ ਸਮੇਂ ਡੋਪ ਟੈਸਟ ਕੀਤੇ ਤਾਂ 23 ਖਿਡਾਰੀ ਟਰਾਇਲਾਂ ਸਮੇਂ ਤੇ 9 ਟੂਰਨਾਮੈਂਟ ਦੌਰਾਨ ਪਾਜ਼ੇਟਿਵ ਪਾਏ ਗਏ ਸਨ। ਪੰਜਾਬ ਦੇ ਦੂਜੇ ਕਬੱਡੀ ਵਰਲਡ ਕੱਪ-2011 ਲਈ ਭਾਰਤੀ ਟੀਮ ਦੀ ਚੋਣ ਕਰਨ ਵੇਲੇ 51 ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਿਨ੍ਹਾਂ ਵਿਚੋਂ 20 ਖਿਡਾਰੀ ਪਾਜ਼ੇਟਿਵ ਨਿਕਲੇ। ਕੱਪ ਦੌਰਾਨ ਹਰ ਮੈਚ ਪਿੱਛੋਂ ਦੋਹਾਂ ਟੀਮਾਂ ਦੇ ਦੋ-ਦੋ ਖਿਡਾਰੀਆਂ ਦੇ ਸੈਂਪਲ ਲਏ ਜਾਂਦੇ ਰਹੇ ਤੇ ਦੋ ਦਿਨਾਂ ਬਾਅਦ ਨਤੀਜਾ ਨਸ਼ਰ ਕੀਤਾ ਜਾਂਦਾ ਰਿਹਾ। ਦੂਜੇ ਵਿਸ਼ਵ ਕੱਪ ਵਿਚ ਕੁਲ 311 ਡੋਪ ਟੈਸਟ ਕੀਤੇ ਗਏ ਜਿਨ੍ਹਾਂ ਉਤੇ 47 ਲੱਖ ਰੁਪਏ ਖਰਚ ਹੋਏ। ਕੱਪ ਦੌਰਾਨ 52 ਤੇ ਟਰਾਇਲਾਂ ਦੌਰਾਨ 20 ਖਿਡਾਰੀ ਜੋੜ ਕੇ ਕੁਲ 72 ਖਿਡਾਰੀ ਡਰੱਗੀ ਨਿਕਲੇ। ਉਨ੍ਹਾਂ ਵਿਚ ਇੰਗਲੈਂਡ ਦੇ 10, ਕੈਨੇਡਾ 8, ਅਮਰੀਕਾ 8, ਸਪੇਨ 7, ਆਸਟ੍ਰੇਲੀਆ 6, ਇਟਲੀ 6, ਨਾਰਵੇ 3, ਭਾਰਤ 1, ਪਾਕਿਸਤਾਨ 1, ਜਰਮਨੀ 1 ਅਤੇ ਅਰਜਨਟੀਨਾ ਦਾ ਵੀ 1 ਖਿਡਾਰੀ ਸੀ। ਟਰਾਇਲਾਂ ਦੌਰਾਨ ਭਾਰਤ ਦੇ 20 ਖਿਡਾਰੀ ਡਰੱਗੀ ਨਿਕਲੇ ਸਨ ਜਿਨ੍ਹਾਂ ਵਿਚ 1 ਜੋੜ ਕੇ ਕੁਲ 21 ਬਣਦੇ ਸਨ! ਕਬੱਡੀ ਵਿਚ ਡਰੱਗ ਦੇ ਕੋਹੜ ਦਾ ਇਲਾਜ ਕਰਨਾ ਬੇਸ਼ੱਕ ਸੌਖਾ ਨਹੀਂ ਪਰ ਜੇ ਸਾਰੇ ਕਬੱਡੀ ਪ੍ਰੇਮੀ ਤਹੱਈਆ ਕਰ ਲੈਣ ਤਾਂ ਔਖਾ ਵੀ ਨਹੀਂ। ਕਬੱਡੀ ਲਈ ਫੰਡ ਦੇਣ ਵਾਲੇ ਮੁੱਢਲੀ ਸ਼ਰਤ ਇਹ ਰੱਖਣ ਕਿ ਸਾਡਾ ਪੈਸਾ ਖਰੇ ਖਿਡਾਰੀਆਂ ‘ਤੇ ਲੱਗੇ ਨਾ ਕਿ ਡਰੱਗੀ ਖਿਡਾਰੀਆਂ ਉਤੇ। ਦਰਸ਼ਕ ਵੀ ਖਰੇ ਖਿਡਾਰੀਆਂ ਦੀ ਖੇਡ ਵੇਖਣ ਨਾ ਕਿ ਡਰੱਗੀ ਖਿਡਾਰੀਆਂ ਦੀ। ਜੇ ਕੋਈ ਡਰੱਗੀ ਖਿਡਾਰੀਆਂ ਨੂੰ ਖਿਡਾਉਣ ਦੀ ਹਿਮਾਕਤ ਕਰੇ ਤਾਂ ਦਰਸ਼ਕ ਉਹਨੂੰ ਹੂਟ ਕਰਨ ਤਾਂ ਕਿ ਹੋਰਨਾਂ ਨੂੰ ਸਬਕ ਮਿਲੇ। ਇਨਾਮਾਂ ਨਾਲ ਹੌਂਸਲਾ ਖਰੇ ਖਿਡਾਰੀਆਂ ਦਾ ਵਧਾਇਆ ਜਾਵੇ ਨਾ ਕਿ ਡਰੱਗੀ ਖਿਡਾਰੀਆਂ ਦਾ। ਲਚਰ ਗਾਇਕੀ ਤੇ ਡਰੱਗੀ ਕਬੱਡੀ ਤਦੇ ਬੰਦ ਹੋ ਸਕਦੀ ਹੈ ਜੇ ਲੋਕ ਖ਼ੁਦ ਸਾਥ ਦੇਣ। ਜੇ ਪੁਰਾਣੇ ਖਿਡਾਰੀ ਡਰੱਗਾਂ ਤੋਂ ਬਿਨਾਂ ਸਾਲਾਂ-ਬੱਧੀ ਕਬੱਡੀ ਖੇਡਦੇ ਰਹੇ ਤਾਂ ਨਵੇਂ ਖਿਡਾਰੀ ਕਿਉਂ ਨਹੀਂ ਖੇਡ ਸਕਦੇ?
ਵਿਦੇਸ਼ਾਂ ਦੀਆਂ ਕਬੱਡੀ ਫੈਡਰੇਸ਼ਨਾਂ ਪੰਜਾਬ ਤੋਂ ਕੇਵਲ ਉਨ੍ਹਾਂ ਖਿਡਾਰੀਆਂ ਨੂੰ ਹੀ ਸੱਦਣ ਜਿਹੜੇ ਵੀਜ਼ਾ ਅਰਜ਼ੀ ਨਾਲ ਵਾਡਾ/ਨਾਡਾ ਤੋਂ ਡੋਪ ਟੈੱਸਟ ਕਰਵਾਏ ਦਾ ਸਰਟੀਫਿਕੇਟ ਲਾਉਣ। ਸੱਦੇ ਗਏ ਖਿਡਾਰੀਆਂ ਦੇ ਐਟ ਰੈਡਮ ਡੋਪ ਟੈਸਟ ਵੀ ਹੋਣ। ਕਬੱਡੀ ਨੂੰ ਡਰੱਗ ਦੀ ਮਾਰ ਤੋਂ ਬਚਾਉਣ ਲਈ ਨੇਕਨੀਅਤੀ ਦੀ ਲੋੜ ਹੈ। ਐਵੇਂ ਜਾਅ੍ਹਲੀ ਡੋਪ ਟੈਸਟ ਕਰਾਉਣ ਦਾ ਡਰਾਮਾ ਰਚ ਕੇ ਕਬੱਡੀ ਪ੍ਰੇਮੀਆਂ ਤੇ ਖਰੇ ਖਿਡਾਰੀਆਂ ਦੀਆਂ ਅੱਖਾਂ ਵਿਚ ਘੱਟਾ ਨਹੀਂ ਪਾਉਣਾ ਚਾਹੀਦਾ। ਡਰੱਗ ਟੈੱਸਟ ਦੀ ਫੀਸ 40 ਡਾਲਰ ਹੈ ਤੇ ਡੋਪ ਟੈੱਸਟ ਦੀ 200 ਡਾਲਰ।
ਓਨਟਾਰੀਓ ਕਬੱਡੀ ਫੈਡਰੇਸ਼ਨ ਨੇ 2018 ਦੇ ਕਬੱਡੀ ਸੀਜ਼ਨ ਵਿਚ ਲਗਭਗ ਸੌ ਕੁ ਖਿਡਾਰੀਆਂ ਦੇ ਸੈਂਪਲ ਲਏ ਹਨ। ਪਹਿਲੇ ਟੂਰਨਾਮੈਂਟ ਤੋਂ ਹੀ ਪਤਾ ਲੱਗ ਗਿਆ ਸੀ ਕਿ ਅੱਧੋਂ ਵੱਧ ਖਿਡਾਰੀ ਡਰੱਗੀ ਹਨ। ਸੀਜ਼ਨ ਦੌਰਾਨ ਉਨ੍ਹਾਂ ਨੂੰ ਫਿਰ ਵੀ ਖਿਡਾਇਆ ਜਾਂਦਾ ਰਿਹਾ ਤੇ ਕਿਹਾ ਜਾਂਦਾ ਰਿਹਾ ਕਿ ਜਦੋਂ ਕਬੱਡੀ ਦਾ ਸੀਜ਼ਨ ਮੁੱਕ ਗਿਆ ਉਦੋਂ ਡਰੱਗ ਟੈਸਟਾਂ ਦਾ ਨਤੀਜਾ ਐਲਾਨ ਦਿੱਤਾ ਜਾਵੇਗਾ। 2019 ਦੇ ਕਬੱਡੀ ਸੀਜ਼ਨ ਲਈ ਕੋਈ ਵੀ ਡਰੱਗੀ ਖਿਡਾਰੀ ਨਹੀਂ ਸੱਦਿਆ ਜਾਵੇਗਾ। ਬਾਲ ਹੁਣ ਓਨਟਾਰੀਓ ਕਬੱਡੀ ਫੈਡਰੇਸ਼ਨ ਦੇ ਪਾਲੇ ਵਿਚ ਹੈ। -ਕਬੱਡੀ ਦਾ ਸ਼ੁਭਚਿੰਤਕ
ਸਰਵਣ ਸਿੰਘ