Breaking News
Home / ਨਜ਼ਰੀਆ / ਕਰੋਨਾ ਦਾ ਇਕ ਪਹਿਲੂ ਇਹ ਵੀ

ਕਰੋਨਾ ਦਾ ਇਕ ਪਹਿਲੂ ਇਹ ਵੀ

ਡਾ ਗੁਰਬਖ਼ਸ਼ ਸਿੰਘ ਭੰਡਾਲ
ਕਰੋਨਾਵਾਇਰਸ ਦੇ ਕਹਿਰ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਹਰ ਦੇਸ਼ ਆਪਣੇ ਸਾਧਨਾਂ ਅਤੇ ਸਮਰੱਥਾ ਅਨੁਸਾਰ ਇਸਦਾ ਸਾਹਮਣਾ ਕਰ ਰਿਹਾ ਹੈ ਤਾਂ ਕਿ ਆਪਣੇ ਨਾਗਰਿਕਾਂ ਨੂੰ ਸਿਹਤਮੰਦ ਰੱਖਿਆ ਜਾ ਸਕੇ। ਇਤਹਿਆਤ ਵਰਤਣ ਦੀਆਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਨੇ। ਸੰਸਾਰ ਦੀ ਅਰਥ-ਵਿਵਸਥਾ ਡਾਵਾਂ ਡੋਲ ਹੋ ਗਈ ਹੈ। ਇਕ ਪਿੰਡ ਬਣੀ ਦੁਨੀਆਂ ਫਿਰ ਆਪੋ-ਆਪਣਿਆਂ ਦਾਇਰਿਆਂ ਵਿਚ ਸੀਮਤ ਹੋ ਗਈ ਹੈ। ਅੰਤਰ-ਰਾਸ਼ਟਰੀ ਸਰਹੱਦਾਂ ਬੰਦ ਨੇ। ਹਵਾਈ ਉਡਾਣਾਂ ਬੰਦ। ਸਮੁੱਚੀ ਆਵਾਜਾਈ ਬੰਦ ਹੋਣ ਨਾਲ ਲੋਕ ਆਪੋ-ਆਪਣੇ ਘਰਾਂ ਵਿਚ ਰਹਿਣ ਲਈ ਮਜ਼ਬੂਰ। ਵਿਦਿਅਕ ਅਦਾਰੇ, ਖੇਡ ਮੈਦਾਨ, ਮਨੋਰੰਜਨ ਦੇ ਕੇਂਦਰ, ਵਪਾਰਕ ਅਦਾਰੇ ਜਾਂ ਹੋਟਲ/ਰੈਸਟੋਰੈਂਟ ਬੰਦ ਹੋ ਗਏ ਨੇ ਅਤੇ ਸਿਮਟ ਗਈ ਏ ਮਨੁੱਖੀ ਭਟਕਣਾ।
ਕਰੋਨਾ ਵਾਇਰਸ ਦੇ ਹੋਣ ਵਾਲੇ ਪ੍ਰਭਾਵਾਂ ਬਾਰੇ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਕਿ ਸਮੁੱਚੀ ਦੁਨੀਆਂ ਹੀ ਰੁੱਕ ਜਾਵੇਗੀ। ਸਿਸਟਮ ਸਥਿਰ ਹੋ ਜਾਵੇਗਾ। ਸਮੁੱਚੀ ਦੁਨੀਆਂ ਘਰਾਂ ਵਿਚ ਬੰਦ। ਲੋਕ ਬਿਮਾਰ ਹੋ ਰਹੇ ਨੇ। ਕੁਝ ਇਕਾਂਤਵਾਸ ਵਿਚ ਰਹਿਣ ਲਈ ਮਜ਼ਬੂਰ। ਜ਼ਿਆਦਾ ਗੰਭੀਰ ਮਰੀਜ ਹਸਪਤਾਲਾਂ ਵਿਚ ਵੱਖਰੇ ਰੱਖੇ ਜਾ ਰਹੇ ਨੇ।
ਪਰਕਰੋਨਾ ਵਾਇਰਸ ਨੇ ਮਨੁੱਖ ਨੂੰ ਇਹ ਵੀ ਸਮਝਾ ਦਿਤਾ ਕਿ ਮਨੁੱਖ ਕਿੰਨਾ ਵੀ ਵੱਡਾ ਹੋ ਜਾਵੇ, ਕੁਦਰਤੀ ਭਿਆਨਤਾ ਸਾਹਵੇਂ ਬਹੁਤ ਹੀ ਨਿਗੂਣਾ ਏ। ਇਸ ਕੁਦਰਤੀ ਮਹਾਂਮਾਰੀ ਨੇ ਐਟਮੀ ਤੇ ਬਾਇਓਲੋਜੀਕਲ ਯੁੱਧ ਦੀ ਤਿਆਰੀ ਵਿਚ ਰੁੱਿਝਆਂ ਦੇਸ਼ਾਂ ਨੂੰ ਵੀ ਇਹ ਦਰਸਾ ਦਿਤਾ ਕਿ ਅਜੇਹੇ ਹਥਿਆਰਾਂ ਨਾਲ ਲੜੀ ਜਾਣ ਵਾਲੀ ਭਵਿੱਖੀ ਜੰਗ ਦੌਰਾਨ ਮਨੁੱਖਤਾ ਦਾ ਕੀ ਹਾਸ਼ਰ ਹੋਵੇਗਾ?
ਕਰੋਨਾ ਦੇ ਕਹਿਰ ਕਾਰਨ ਸੜਕਾਂ ਸੁੰਨਸਾਨ ਹਨ। ਸੜਕਾਂ ਨੂੰ ਮਿਲੇਗਾ ਅਰਾਮ। ਕੁਝ ਰਾਹਤ ਜਰੂਰ ਮਹਿਸੂਸ ਕਰਨਗੀਆਂ। ਹਵਾ ਦੇ ਪ੍ਰਦੂਸ਼ਣ ਕਾਰਨ ਅਸਮਾਨ ਕਦੇ ਵੀ ਨੀਲਾ ਦਿਖਾਈ ਨਹੀਂ ਸੀ ਦੇਂਦਾ। ਹੁਣ ਪਲੀਤਪੁਣੇ ਦੇ ਘਟਣ ਨਾਲ ਅੰਬਰ ਅਤੇ ਇਸਦੇ ਵਿਹੜੇ ਵਿਚ ਜਗਦੇ ਤਾਰਿਆਂ ਨੂੰ ਮਿਲਣ ਅਤੇ ਇਹਨਾਂ ਨਾਲ ਸੰਵਾਦ ਰਚਾਉਣ ਦੀ ਤਮੰਨਾ, ਮਨੁੱਖੀ ਮਨ ਵਿਚ ਜਰੂਰ ਪੈਦਾ ਹੋਵੇਗੀ। ਮਨੁੱਖ ਨੂੰ ਸ਼ਾਇਦ ਪਤਾ ਲੱਗੇ ਕਿ ਅੰਬਰ ਦੀ ਸੁੰਦਰਤਾ ਨੂੰ ਨਿਹਾਰਨ ਅਤੇ ਇਸਨੂੰ ਅੰਤਰੀਵ ਵਿਚ ਵਸਾਉਣ ਤੋਂ ਕਿੰਨੇ ਦੂਰ ਚਲੇ ਗਏ ਸਾਂ?
ਦੁਨੀਆਂ ਦੇ ਭੀੜ-ਭੜੱਕੇ ਤੇ ਸ਼ੋਰਓਗੁੱਲ ਵਿਚ ਗਵਾਚ ਗਿਆ ਚਿੜੀਆਂ ਦਾ ਚਹਿਕਣਾ, ਪਰਿੰਦਿਆਂ ਦੇ ਬੋਲ, ਪੱਤਿਆਂ ਦੀ ਸੰਗੀਤਕਤਾ ਅਤੇ ਹਵਾ ਦੀ ਰੁੱਮਕਣੀ ਨੂੰ ਮਨੁੱਖ ਹੁਣ ਜਰੂਰ ਸੁਣਦਾ ਹੋਵੇਗਾ ਜਿਹਨਾਂ ਦੀ ਮਧੁਰਤਾ ਤੋਂ ਮਹਿਰੂਮ ਹੋਇਆ ਬੰਦਾ, ਖੁਦ ਤੋਂ ਹੀ ਬੇਮੁੱਖੀ ਦੀ ਜੂਨ ਹੰਢਾ ਰਿਹਾ ਸੀ। ਆਦਮੀ ਨੂੰ ਜਰੂਰ ਸੁਣਦਾ ਹੋਵੇਗਾ ਮਨ ਵਿਚੋਂ ਉਠੀਆਂ ਭਾਵ-ਤਰੰਗਾਂ ਦਾ ਗੁਣਗਾਣ ਅਤੇ ਸਕੂਨਤਾ ਦਾ ਅਭਾਵ।
ਘਰ ਨੂੰ ਸਿਰਫ਼ ਰੈਣ-ਬਸੇਰਾ ਸਮਝਣ ਵਾਲੇ ਮਨੁੱਖ ਨੂੰ ਘਰ ਵਿਚ ਰਹਿੰਦਿਆਂ, ਘਰ ਦੀਆਂ ਕੰਧਾਂ ‘ਚ ਸਿਮਟੀ ਖਾਮੋਸ਼ੀ ਦੇ ਮੁਖਾਤਬ ਹੋਣਾ ਪੈਂਦਾ ਹੋਵੇਗਾ। ਉਹ ਮਕਾਨ ਨੂੰ ਘਰ ਸਮਝ, ਇਸਦੇ ਨਿੱਘੜੇ ਅਹਿਸਾਸਾਂ ਨਾਲ ਲਬਰੇਜ਼ ਹੋਇਆ, ਸੁੱਖਨਤਾ ਨੂੰ ਮਾਣ ਕੇ ਸ਼ਰਸ਼ਾਰਹੁੰਦਾ ਹੋਵੇਗਾ। ਉਹ ਬੀਤੇ ਵਕਤ ਨੂੰ ਜਰੂਰ ਕੋਸਦਾ ਹੋਵੇਗਾ ਜਦ ਉਹ ਖੁਦ ਤੋਂ ਹੀ ਬਹੁਤ ਦੂਰ ਜਾ ਚੁੱਕਿਆ ਸੀ। ਸ਼ਾਇਦ ਉਸਨੂੰ ਪਤਾ ਲੱਗ ਜਾਵੇ ਕਿ ਉਸਦੇ ਬੱਚੇ ਕਿਹੜੇ ਸਕੂਲ ਅਤੇ ਕਿਸ ਕਲਾਸ ਵਿਚ ਪੜਦੇ ਨੇ? ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਮਿਲਣ ਅਤੇ ਉਹਨਾਂ ਨਾਲ ਪਿਆਰ ਕਰਨ ਤੇ ਅਪਣੱਤ ਭਰੇ ਪਲਾਂ ਨੂੰ ਜਿਊਣ ਦਾ ਮੌਕਾ ਜਰੂਰ ਮਿਲੇਗਾ। ਦੁਨੀਆਂ ਦੀ ਭੱਜਦੌੜ ਵਿਚ ਗਵਾਚ ਗਿਆ ਮਨੁੱਖ ਅਜੇਹੀ ਮਹਾਂਮਾਰੀ ਦੇ ਸਮੇਂ ਹੀ ਆਪਣੇ ਆਪ ਦੇ ਸਭ ਤੋਂ ਕਰੀਬ ਹੁੰਦਾ ਕਿਉਂਕਿ ਉਸਨੂੰ ਆਪਣੇ ਬਾਰੇ ਸੋਚਣ ਅਤੇ ਖੁਦ ਦਾ ਮੁਲਾਂਕਣ ਕਰਨ ਦਾ ਮੌਕਾ ਜੁ ਮਿਲਦਾ।
ਕਰੋਨਾ ਕਾਰਨ ਆਲੇ-ਦੁਆਲੇ ਸੁੰਨ ਹੈ। ਮਨੁੱਖ ਇਕਾਂਤਵਾਸ ਵਿਚ ਹੈ। ਪਰ ਇਹ ਇਕੱਲਤਾ ਨਹੀਂ ਕਿਉਂਕਿ ਇਕੱਲਤਾ ਹੰਢਾਉਣਾ ਮਜ਼ਬੂਰੀ ਹੁੰਦੀ ਹੈ। ਇਹ ਇਕਾਂਤਵਾਸ ਹਾਲਾਤ ਦੀ ਮਜ਼ਬੂਰੀ ਕਾਰਨ ਹੈ, ਬੰਦੇ ਦੀ ਮਜ਼ਬੂਰੀ ਨਹੀਂ। ਇਕਾਂਤਵਾਸ ਨੂੰ ਇਕਾਗਰਤਾ ਅਤੇ ਆਤਮਿਕ ਵਿਕਾਸ ਲਈ ਵਰਤ ਕੇ ਮਨੁੱਖ ਇਸ ਮੌਕੇ ਦੀ ਨਜ਼ਾਕਤ ਨੂੰ ਆਪਣਾ ਹਾਸਲ ਬਣਾ ਸਕਦਾ ਹੈ। ਇਸ ਇਕਾਂਤਵਾਸ ਦੌਰਾਨ ਕਿਤਾਬਾਂ ਨਾਲ ਦੋਸਤੀ ਪਾਓ। ਸੋਹਣੀ ਜ਼ਿੰਦਗੀ ਦੀਆਂ ਤਰਕੀਬਾਂ ਨੂੰ ਜੀਵਨ-ਜਾਚ ਬਣਾਓ। ਮਨ ਵਿਚ ਦੱਬੀਆਂ ਕਲਾਵਾਂ ਨੂੰ ਮੁੜ ਤੋਂ ਜਗਾਉਣ ਦਾ ਇਹ ਹੈ ਸੁੰਦਰ ਮੌਕਾ ਹੈ ਜਦ ਮਨੁੱਖ ਕੋਲ ਸਮਾਂ ਹੀ ਸਮਾਂ ਹੈ। ਖ਼ੈਰ-ਸੁੱਖ ਪੁੱਛਣ ਦੇ ਬਹਾਨੇ, ਰੁੱਸ ਗਏ ਮਿੱਤਰਾਂ ਨੂੰ ਫ਼ੋਨ ਕਰੋ। ਪੁਰਾਣੀਆਂ ਸਾਝਾਂ ਨੂੰ ਪੁਨਰ-ਸੰਜੀਵ ਕਰੋ।
ਕਰੋਨਾ ਨਾਲ ਲੋਕ ਤਾਂ ਮਰ ਰਹੇ ਨੇ ਪਰ ਪੁਨਰ-ਸੰਜੀਵ ਹੋ ਰਿਹਾ ਹੈ ਭਰਾਤਰੀ ਭਾਵ, ਆਪਸੀ ਮਿਲਵਰਤਣ, ਪੀੜਤ ਦੀ ਸਾਰ ਲੈਣ ਦੀ ਕਾਹਲ, ਲੋੜਵੰਦਾਂ ਦੀ ਮਦਦ ਕਰਨ ਦੀ ਤਮੰਨਾ, ਸਰਬੱਤ ਦੇ ਭਲੇ ਦੀ ਲੋਚਾ, ਵੰਡ ਕੇ ਛੱਕਣ ਵਾਲਾ ਵਰਤਾਰਾ ਅਤੇ ਆਪਣੀ ਸਿਹਤਯਾਬੀ ਵਿਚੋਂ ਕਿਸੇ ਰੋਗੀ ਦੀ ਤੰਦਰੁੱਸਤੀ ਨੂੰ ਕਿਆਸਣ ਦਾ ਹੁੱਨਰ। ਦੁੱਖ ਤਾਂ ਵੱਧ ਰਹੇ ਨੇ ਪਰ ਸੁੱਖਾਂ ਦੀ ਮੰਨਤਾਂ ਮੰਗਣ ਵਾਲਿਆਂ ਦੀ ਗਿਣਤੀ ਜ਼ਿਆਦਾ ਵੱਧ ਰਹੀ ਹੈ। ਖਾਣ ਪੀਣ ਦੀਆਂ ਵਸਤਾਂ ਖਰੀਦੋ ਪਰ ਖਰੀਦ ਵਿਚ ਲਾਲਚ ਨਾ ਹੋਵੇ।
ਇਸ ਮਹਾਂਮਾਰੀ ਨੇ ਇਹ ਵੀ ਦਰਸਾ ਦਿਤਾ ਕਿ ਜ਼ਿਆਦਾਤਰ ਵਪਾਰੀ ਲੋਕ ਆਪਣੇ ਮੁਨਾਫ਼ੇ ਤੀਕ ਹੀ ਸੀਮਤ ਹੁੰਦੇ। ਉਹਨਾਂ ਦਾ ਲੋਭ ਇਸ ਹੱਦ ਤੀਕ ਗਰਕ ਜਾਂਦਾ ਕਿ ਉਹ ਸੰਕਟ ਦੇ ਸਮੇਂ ਵਿਚ ਲੋੜ ਦੀਆਂ ਵਸਤਾਂ ਦੀ ਮਨਸੂਈ ਘਾਟ ਪੈਦਾ ਕਰਕੇ, ਦੁੱਗਣੇ/ਤਿੱਗਣੇ ਭਾਅ ‘ਤੇ ਵਸਤਾਂ ਵੇਚਦੇ। ਸ਼ਾਇਦ ਉਹ ਭੁੱਲ ਜਾਂਦੇ ਨੇ ਕਿ ਜਦ ਅਜੇਹੀ ਮਹਾਂਮਾਰੀ ਸਾਹਵੇਂ ਵਿਸ਼ਵ ਹੀ ਨਿਤਾਣਾ ਅਤੇ ਨਿਰਬਲ ਮਹਿਸੂਸ ਕਰੇ ਤਾਂ ਇਹਨਾਂ ਦੇ ਦੌਲਤ-ਅੰਬਾਰ, ਉਹਨਾਂ ਨੂੰ ਸੰਕਟ-ਕਾਲੀਨ ਵਖ਼ਤ ਤੋਂ ਕਿਵੇਂ ਬਚਾਉਣਗੇ? ਹਰ ਵਿਅਕਤੀ ਦਾ ਮਰਨਾ ਨਿਸਚਿੱਤ ਹੈ। ਮੌਤ ਤੋਂ ਬਾਅਦ ਵਿਅਕਤੀ ਨੂੰ ਜੀਵਨ ਵਿਚ ਕਮਾਈ ਹੋਈ ਭਲਿਆਈ ਅਤੇ ਚੰਗਿਆਈ ਕਾਰਨ ਯਾਦ ਕੀਤਾ ਜਾਂਦਾ ਹੈ। ਲੋਭੀ ਅਤੇ ਕਮੀਨੇ ਲੋਕ ਬਹੁਤ ਜਲਦੀ ਲੋਕ-ਚੇਤਿਆਂ ਵਿਚੋਂ ਕਿੱਰ ਜਾਂਦੇ ਨੇ।
ਇਸ ਨਾਜ਼ਕ ਮੌਕੇ ਵਿਚ ਇਹ ਵੀ ਸਪੱਸ਼ਟ ਹੋ ਗਿਆ ਕਿ ਲੱਖਾਂ-ਕਰੋੜਾਂ ਕਮਾਉਣ ਵਾਲੇ ਜ਼ਿਆਦਾਤਰ ਫ਼ਿਲਮੀ ਕਲਾਕਾਰਾਂ, ਗਾਇਕਾਂ, ਖਿਡਾਰੀਆਂ, ਰਾਜਨੇਤਾਵਾਂ, ਦੌਲਤਮੰਦਾਂ ਅਤੇ ਵਪਾਰਕ ਘਰਾਣਿਆਂ ‘ਤੇ ਕਾਬਜ਼ ਲੋਕਾਂ ਵਿਚ ਮਾਨਵਤਾ ਦਾ ਦਰਦ ਬਿਲਕੁਲ ਹੀ ਨਹੀਂ। ਉਹਨਾਂ ਦੀ ਆਤਮਾ ਮਰ ਚੁੱਕੀ ਹੈ ਅਤੇ ਉਹ ਕਦੇ ਵੀ ਦੁੱਖੀ ਮਨੁੱਖਤਾ ਦਾ ਦਰਦ ਵੰਢਾਉਣ ਵਿਚ ਪਹਿਲ ਨਹੀਂ ਕਰਦੇ। ਉਹ ਸਿਰਫ਼ ਨਿੱਜ ਤੀਕ ਸੀਮਤ। ਆਪਣੀਆਂ ਸਲਤਨਤਾਂ ਨੂੰ ਉਸਾਰਨ ਤੀਕ ਹੀ ਉਹਨਾਂ ਦੀ ਸੋਚ ਦੇ ਦਿਸਹੱਦੇ। ਆਪਣੇ ਤੋਂ ਇਲਾਵਾ ਕੁਝ ਵੀ ਨਜ਼ਰ ਨਹੀਂ ਆਉਂਦਾ। ਵੱਡੇ ਡੇਰੇਦਾਰ ਅਤੇ ਧਾਰਮਿਕ ਸਥਾਨਾਂ ‘ਤੇ ਕਾਬਜ਼ ਲੋਕ ਵੀ ਲੋਕ-ਚੜਾਵੇ ਦੇ ਖਜ਼ਾਨੇ ਵਿਚੋਂ ਵਖਤਾਂ ਮਾਰੇ ਸ਼ਰਧਾਲੂਆਂ ਲਈ ਕੁਝ ਵੀ ਕਰਨ ਤੋਂ ਖੱਚਰੀ ਖਾਮੋਸ਼ੀ ਧਾਰੀ ਬੈਠੇ ਨੇ। ਕੀ ਕੋਠੀਆਂ ਵਾਲਿਆਂ ਨੇ ਕਦੇ ਝੁੱਗੀਆਂ ਵਿਚ ਰਹਿੰਦੇ ਲੋਕਾਂ ਦੀ ਅਜੇਹੇ ਵਖਤਾਂ ‘ਚ ਸਾਰ ਲਈ ਹੈ? ਕੀ ਡੇਰਿਆਂ ਅਤੇ ਧਾਰਮਿਕ ਸੰਸਥਾਵਾਂ ਨੇ ਪੀੜਤ ਲੋਕਾਂ ਲਈ ਦਰ ਖੋਲੇ ਨੇ ਤਾਂ ਕਿ ਇਸ ਸਮੇਂ ਉਹਨਾਂ ਨੂੰ ਠਾਹਰ ਅਤੇ ਖਾਣ ਲਈ ਕੁਝ ਮਿਲ ਸਕੇ? ਲੋਕਾਂ ਨੂੰ ਹੁਣ ਸੋਝੀ ਆ ਜਾਵੇਗੀ ਕਿ ਇਹ ਸਟਾਰ,ਗਾਇਕ, ਰਾਜਨੇਤਾ ਜਾਂ ਬਾਬੇ ਸਿਰਫ਼ ਆਮ ਲੋਕਾਈ ਨੂੰ ਭਰਮਾ ਕੇ, ਉਹਨਾਂ ਦੀ ਕਮਾਈ ਨੂੰ ਹੜੱਪਣ ਤੀਕ ਹੀ ਸੀੰਮਤ ਨੇ। ਉਹ ਭੋਲੇ ਭਾਲੇ ਲੋਕਾਂ ਦੀ ਮਾਨਸਿਕਤਾ ਨੂੰ ਵਰਗਲਾ ਕੇ ਨਿੱਜੀ ਮੁਫ਼ਾਦ ਦੀ ਹੀ ਪੂਰਤੀ ਕਰਦੇ ਨੇ।
ਇਹਨਾਂ ਹਾਲਾਤਾਂ ਵਿਚ ਸਭ ਤੋਂ ਵਧੀਆ ਇਹ ਹੋਇਆ ਕਿ ਮਨੁੱਖ ਆਪਣੇ ਵੱਲ ਮੁੜਿਆ ਏ। ਅੰਦਰ ਨੂੰ ਪਰਤਣਾ ਅਤੇ ਖੁਦ ਦੀ ਜਾਮਾ-ਤਲਾਸ਼ੀ ਕਰਨੀ ਬਹੁਤ ਅਹਿਮ ਹੁੰਦੀ। ਇਸ ਵਿਚੋਂ ਹੀ ਇਕ ਨਵੇਂ ਮਨੁੱਖ ਦਾ ਜਨਮ ਹੁੰਦਾ।ਮਨੁੱਖ ਜੋ ਇਨਸਾਨੀਅਤ ਦਾ ਮੁਹਾਂਦਰਾ ਬਣਨ ਵੰਨੀ ਅਹੁਲਦਾ ਏ।
ਕਰੋਨਾ ਵਾਇਰਸ ਨੇ ਇਹ ਵੀ ਦਰਸਾ ਦਿਤਾ ਕਿ ਸ਼ੋਰਗੁੱਲ ਤੋਂ ਅੱਕਿਆਂ ਲਈ ਚੁੱਪ ਕਿੰਨੀ ਜਰੂਰੀ ਹੁੰਦੀ ਹੈ। ਸਮੁੱਚੀ ਕਾਇਨਾਤ ਨੂੰ ਨਿਹਾਰਨਾ ਅਤੇ ਇਸਦੀ ਅਸੀਮਤਾ ਵਿਚੋਂ ਆਪਣੀ ਔਕਾਤ ਨੂੰ ਪਰਿਭਾਸ਼ਤ ਕਰਨਾ ਬਹੁਤ ਅਹਿਮ ਹੁੰਦਾ। ਬੰਦੇ ਨੂੰ ਪਤਾ ਲੱਗਦਾ ਕਿ ਪਰਿਵਾਰ ਕੀ ਏ? ਆਂਢ-ਗੁਆਂਢ ਵਿਚ ਕਿਹੜੇ ਲੋਕ ਵੱਸਦੇ ਨੇ? ਸਮਾਜਿਕ ਸਬੰਧਾਂ ਦੀ ਕੀ ਮਹੱਤਤਾ ਹੈ? ਗਵਾਂਢੀਆਂ ਨਾਲ ਬੋਲ-ਸਾਂਝ ਦੇ ਕੀ ਅਰਥ ਨੇ? ਚੌਗਿਰਦੇ ਵਿਚ ਕੀ ਵਾਪਰ ਰਿਹਾ ਏ? ਕੌਣ ਨੇ ਉਹ ਲੋਕ ਜਿਹੜੇ ਮੇਰੇ ਕੋਲ ਰਹਿੰਦੇ ਹੋਵੇ ਵੀ ਮੇਰੇ ਤੋਂ ਬਹੁਤ ਦੂਰ ਸਨ? ਕੰਧ ਸਾਂਝੀ ਹੋਣ ‘ਤੇ ਵੀ ਕਿਸੇ ਦੇ ਹੂੰਗਰ ਨਹੀਂ ਸੀ ਸੁਣੀਂਦੀ? ਹੁਣ ਤਾਂ ਚਾਰ-ਚੌਫੇਰੇ ਵਿਚਲੀ ਸਾਹ-ਸੁਰੰਗੀ ਦਾ ਨਾਦ ਵੀ ਸੁਣਾਈ ਦਿੰਦਾ ਏ।
ਅਜੇਹੇ ਮੌਕਿਆਂ ‘ਤੇ ਸੋਚ ਵਿਚਲੀ ਨਕਾਤਮਿੱਕਤਾ ਕਾਰਨ ਹੋਣ ਵਾਲੇ ਨੁਕਸਾਨ ਵੀ ਸਾਹਮਣੇ ਆਉਣਗੇ? ਮਨੁੱਖ ਕਿੰਨਾ ਅਕ੍ਰਿਤਘਣ ਹੈ ਕਿ ਉਹ ਆਪਣੀ ਅਰਥੀ ਮੋਢੇ ‘ਤੇ ਚੁੱਕੀ, ਦੁਨੀਆਂ ਨੂੰ ਜਿਊਣ ਦਾ ਗੁਰ ਸਿਖਾਉਣ ਦਾ ਢਕਵੰਗ ਕਰਦਾ ਏ। ਬਾਹਰੀ ਦੁਨੀਆਂ ਵਿਚੋਂ ਹੀ ਜੀਵਨ ਦੀ ਸਾਰਥਿਕਤਾ ਨੂੰ ਸਮਝਣ ਵਾਲਿਆਂ ਨੂੰ ਇਹ ਵੀ ਪਤਾ ਲੱਗੇਗਾ ਕਿ ਕੁਝ ਸਮੇਂ ਲਈ ਘਰ ਵਿਚ ਰਹਿਣ ਦੇ ਕੀ ਅਰਥ ਨੇ? ਜਿਹੜੇ ਘਰਾਂ ਵਿਚ ਰਹਿੰਦੇ ਨੇ ਉਹਨਾਂ ਦੀ ਮਜ਼ਬੂਰੀ ਨੂੰ ਕਦੇ ਵੀ ਆਪਣੇ ਮਕਸਦ ਲਈ ਨਾ ਵਰਤੋਂ। ਸਗੋਂ ਆਪਣੀ ਜੀਵਨ-ਸ਼ੈਲੀ ਵਿਚ ਬਦਲਾਅ ਪੈਦਾ ਕਰਕੇ, ਘਰ ਵਿਚ ਰਹਿੰਦੇ ਮਾਪਿਆਂ ਨਾਲ ਗੱਲਾਂ ਕਰੋ। ਬੱਚਿਆਂ ਨਾਲ ਖੇਡੋ। ਉਹਨਾਂ ਨੂੰ ਅਹਿਸਾਸ ਹੋਵੇਕਿਕੋਈ ਤਾਂ ਆਪਣਾ ਹੈ ਜੋ ਉਹਨਾਂ ਦੀ ਮਾਨਸਿਕਤਾ ਨੂੰ ਸਮਝਦਿਆਂ, ਉਹਨਾਂ ਦੀ ਤੰਦਰੁੱਸਤੀ ਅਤੇ ਮਾਨਸਿਕ ਨਿੱਗਰਤਾ ਦੀ ਹਾਮੀ ਭਰਦਾ ਹੈ। ਆਪਣਿਆਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਅਤੇ ਮਨ ਦੀਆਂ ਪਰਤਾਂ ਫਰੋਲਦਿਆਂ, ਜੀਵਨ ਨੂੰ ਸੁਚਾਰੂ ਤਰੀਕੇ ਨਾਲ ਮੁੜ ਤੋਂ ਜਿਊਣਾ ਸਿਖਿਆ ਜਾ ਸਕਦਾ ਹੈ।
ਇਸ ਵਿਚੋਂ ਇਹ ਵੀ ਸਾਹਮਣੇ ਆਇਆ ਕਿ ਆਪੇ-ਆਪਣੇ ਘੁੱਰਨਿਆਂ ਵਿਚ ਕੈਦ ਲੋਕਾਂ ਨੇ ਆਪਣੇ ਰੌਸ਼ਨਦਾਨ ਅਤੇ ਖਿੜਕੀਆਂ ਨੂੰ ਖੋਲਣਾ ਸਿੱਖ ਲਿਆ ਹੈ। ਦੁਰਗੰਧ ਬਾਹਰ ਨਿਕਲ ਕੇ ਸੁਗੰਧ ਨੂੰ ਅੰਦਰ ਆਉਣ ਲਈ ਹਾਕਾਂ ਮਾਰਦੀ ਏ। ਉਹ ਖਿੜਕੀਆਂ ਤੇ ਬਾਲਕੋਨੀਆਂ ‘ਤੇ ਖੜ ਕੇ, ਗਲੀ ਦੇ ਦੂਸਰੇ ਪਾਸੇ ਦੇ ਗੁਆਂਢੀਆਂ ਨੂੰ ਹਾਕਾਂ ਮਾਰਦੇ, ਉਚੀ ਉਚੀ ਗੱਲਾਂ ਕਰਦੇ ਨੇ। ਮਨਾਂ ਦੀਆਂ ਮੂਕ ਭਾਵਨਾਵਾਂ ਨੂੰ ਗੱਲਬਾਤ ਰਾਹੀਂ ਰੁਆਂਸੀ ਹਵਾ ਦੇ ਨਾਮ ਕਰਦੇ, ਪੌਣ ਨੂੰ ਜਿਊਣ ਦੀ ਆਸ਼ਾ ਨਾਲ ਭਰ ਰਹੇ ਨੇ। ਇਸ ਨਾਲ ਘਰਾਂ ਵਿਚ ‘ਕੱਲੇ ਰਹਿ ਗਏ ਬਜੁਰਗਾਂ ਨੂੰ ਵੀ ਇਹ ਅਹਿਸਾਸ ਹੋਵੇਗਾ ਕਿ ਕੋਈ ਤਾਂ ਉਹਨਾਂ ਦੇ ਗੁਆਂਢ ਵਿਚ ਰਹਿੰਦਾ ਹੈ ਜਿਸਨੂੰ ਲੋੜ ਪੈਣ ‘ਤੇ ਹਾਕ ਤਾਂ ਮਾਰੀ ਜਾ ਸਕਦੀ ਏ।
ਇਸ ਮਹਾਂਮਾਰੀ ਨੇ ਦੁਨਿਆਵੀ ਦੌੜ ਵਿਚ ਹੱਫ਼ੇ ਹੋਏ ਮਨੁੱਖ ਨੂੰ ਰੋਕਿਆ ਹੈ। ਉਹ ਸਾਹ ਲੈ ਰਿਹਾ ਏ। ਸਵੈ-ਚਿੰਤਨ ਜਰੂਰ ਕਰੇਗਾ ਕਿ ਕੀ ਸੀ ਖਾਸ ਜਿਸਨੂੰ ਕਮਾਉਣ ਲਈ ਜੀਵਨ ਨੂੰ ਗਵਾ ਰਿਹਾ ਸਾਂ? ਕੀ ਕਮਾਉਣ ਦੀ ਲੋੜ ਹੈ ਜਿਸਨੇ ਰੂਹ ਦੀ ਖੁਰਾਕ ਬਣਨਾ ਏ? ਫ਼ਿਕਰਾਂ ਮਾਰੇ ਮਨੁੱਖ ਨੂੰ ਸਿਰਫ਼ ਖੁਦ ਦੀ ਫ਼ਿਕਰਮੰਦੀ ਨਹੀਂ ਕਰਨੀ ਚਾਹੀਦੀ ਸਗੌਂ ਸਮਾਜ ਅਤੇ ਦੇਸ਼ ਦੀ ਭਲਾਈ ਵਿਚੋਂ ਹੀ ਬੰਦਿਆਈ ਨੂੰ ਬੰਦਗੀ ਬਣਾਉਣ ਦੀ ਲੋੜ ਹੈ।
ਇਹ ਮਹਾਂਮਾਰੀ ਨੇ ਆਦਮੀ ਨੂੰ ਨਵੇਂ ਸੱਚ ਦੇ ਸਾਹਮਣੇ ਕੀਤਾ ਹੈ ਜੋ ਸਾਡੇ ਸੱਭ ਦਾ ਸੱਚ ਹੈ। ਨਵੀਂ ਦ੍ਰਿਸ਼ਟੀ ਨਾਲ ਅਸੀਂ ਆਪਣੇ ਪਰਿਵਾਰ, ਸਮਾਜ, ਦੇਸ਼ ਅਤੇ ਦੁਨੀਆਂ ਨੂੰ ਦੇਖਣ ਅਤੇ ਸਮਝਣ ਦੇ ਯੋਗ ਹੋ ਸਕਦੇ ਹਾਂ ਕਿ ਕਿਸੇ ਵੇਲੇ, ਕੁਝ ਵੀ, ਕਿਸੇ ਵੀ ਅਸਥਾਨ ‘ਤੇ ਕੁਝ ਵੀ ਅਣਕਿਹਾ ਅਤੇ ਅਣਕਿਆਸਿਆ ਵਾਪਰ ਸਕਦਾ ਹੈ। ਸਿਰਫ਼ ਲੋੜ ਹੈ ਕਿ ਮਨੁੱਖ ਆਪਣੇ ਤੋਂ ਕਦੇ ਵੀ ਦੂਰ ਨਾ ਜਾਵੇ ਸਗੋਂ ਖੁਦ ਦੇ ਕੋਲ ਰਹੇ ਤਾਂ ਕਿ ਅਜੇਹੇ ਹਾਲਾਤਾਂ ਨਾਲ ਬਾਖੂਬੀ ਨਿਪਟਿਆ ਜਾ ਸਕੇ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਡੇ ਲਈ ਕੀ ਜਰੂਰੀ ਹੈ? ਕਿੰਨੀਆਂ ਕੁ ਨੇ ਸਾਡੀਆਂ ਲੋੜਾਂ? ਕਿੱਡਾ ਕੁ ਘਰ ਰਹਿਣ ਲਈ ਲੋੜੀਂਦਾ ਏ? ਕਿੰਨਾ ਕੁਝ ਜਰੂਰੀ ਹੈ ਮਨੁੱਖੀ ਹੋਂਦ ਲਈ? ਕਿੰਨੀਆਂ ਅਹਿਮ ਹਨ ਕੁਦਰਤੀ ਨਿਆਨਤਾਂ? ਕਿੰਨਾ ਜਰੂਰੀ ਹੈ ਮਨੁੱਖ ਦਾ ਮਨੁੱਖ ਨਾਲ ਮਿਲਾਪ?ਕਿੰਨੀ ਮਹਾਨ ਹੈ ਮਨੁੱਖ ਦੀ ਕੁਦਰਤ ਨਾਲ ਸਾਂਝ? ਕਿੰਨੀਆਂ ਅਹਿਮ ਨੇ ਪਿਆਰ ਦੀਆਂ ਤੰਦਾਂ? ਕਿੰਨਾ ਫ਼ਿਕਰ ਹੁੰਦਾ ਹੈ ਆਪਣੀ ਸਿਹਤ ਤੇ ਜਾਨ ਦਾ? ਸਿਰਫ਼ ਉਹ ਲੋਕ ਹੀ ਇਤਿਹਾਸ ਦਾ ਵਰਕਾ ਬਣਦੇ ਨੇ ਜਿਹਨਾਂ ਦੇ ਮਸਤਕ ‘ਤੇ ਲੋਕ-ਭਲਾਈ ਦੀਆਂ ਰੇਖਾਵਾਂ ਦੀ ਕਲਾਨਕਾਸ਼ੀ ਹੁੰਦੀ ਹੈ।
ਯਾਦ ਰੱਖਣਾ ਕਿ ਸਰੀਰਕ ਬਿਮਾਰੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ। ਪਰ ਮਾਨਸਿਕ ਤੌਰ ਤੇ ਕਦੇ ਬਿਮਾਰ ਨਾ ਹੋਣਾ ਸਗੋਂ ਚੜਦੀ ਕਲਾ ਵਿਚ ਰਹਿਣਾ ਕਿਉਂਕਿ ਮਨ ਦੀ ਮਜ਼ਬੂਤੀ ਵਿਚੋਂ ਹੀ ਜ਼ਿੰਦਗੀ ਦੀ ਤਾਮੀਰਦਾਰੀ ਹੁੰਦੀ ਹੈ।
ਹੁਣ ਸੋਚਣਾ ਇਹ ਵੀ ਹੈ ਕਿ ਬਦਲੇ ਹੋਏ ਜੀਵਨ-ਹਾਲਾਤਾਂ ਵਿਚ ਖੁਦ ਨੂੰ ਕਿਵੇਂ ਢਾਲਣਾ ਹੈ? ਇਹ ਤੁਹਾਡੇ ‘ਤੇ ਨਿਰਭਰ ਕਰਦਾ ਕਿ ਇਹਨਾਂ ਮਾਯੂਸ ਪਲਾਂ ਵਿਚੋਂ ਖੁਸ਼ੀਆਂ ਨੂੰ ਕਿਵੇਂਤਲਾਸ਼ਣਾ? ਉਦਾਸੀਨਤਾ ਨੂੰ ਦੂਰ ਕਰਕੇ ਮਨ ਦੇ ਹੁਲਾਸ ਨੂੰ ਆਪਣਾ ਹਾਸਲ ਕਿਵੇਂ ਬਣਾਉਣਾ? ਵਿਹੜੇ ਵਿਚਲੇ ਗਮਲਿਆਂ ਵਿਚ ਖਿੱੜੇ ਫੁੱਲਾਂ ਨਾਲ ਗੱਲਾਂ ਕਰੋ। ਬਹਾਰ ਨੂੰ ਬੰਦਾਈ-ਬਰਕਤ ਬਣਾਓ। ਬੂਟਿਆਂ ਨੂੰ ਪਾਣੀ ਪਾਓ। ਤ੍ਰੇਲ ਭਿੱਜੇ ਘਾਹ ‘ਤੇ ਟਹਿਲਣ ਦਾ ਲੁੱਤਫ਼ ਉਠਾਓ। ਰਾਤ ਨੂੰ ਘਰ ਦੀ ਛੱਤ ‘ਤੇ ਚੜ ਕੇ ਅਸਮਾਨ ਵਿਚ ਟਿਮਟਿਮਾਂਦੇ ਤਾਰਿਆਂ ਨਾਲ ਸੰਵਾਦ ਰਚਾਓ। ਉਹਨਾਂ ਦੀਆਂ ਕਿਰਨਾਂ ਨੂੰ ਸੋਚ-ਜ਼ਮੀਂ ਵਿਚ ਉਗਾਓ ਜੋ ਤੁਹਾਡੇ ਲਈ ਰੌਸ਼ਨ ਮਾਰਗ ਬਣ ਸਕਣ। ਲੰਮੇਂ ਲੰਮੇਂ ਸਾਹ ਲਓ। ਆਉਂਦੇ-ਜਾਂਦੇ ਸਾਹਾਂ ਦੀ ਤਰਕ-ਸੰਗਤਾ ਨੂੰ ਜੀਵਨ-ਜੋਤ ਨਾਲ ਜੋੜੋ। ਰੂਹ ਦੇ ਦਰਵਾਜ਼ੇ ਖੋਲੋ। ਇਸ ਨੂੰ ਸੂਖ਼ਮ, ਸਹਿਭਾਵੀ ਅਤੇ ਸੁਖਨਮਈ ਪਲਾਂ ਦਾ ਟਿਕਾਣਾ ਬਣਾਓ। ਤੁਹਾਡੀ ਰੂਹ-ਰੰਗਰੇਜ਼ਤਾ ਵਿਚੋਂ ਹੀ ਰੂਹ ਦੀ ਅਮੀਰੀ ਅਤੇ ਅਲਹਾਮਤਾ ਦਾ ਅੰਦਾਜ਼ ਨਜਰ ਆਵੇਗਾ।
ਅਜੇਹੇ ਮੌਕਿਆਂ ‘ਤੇ ਬਿਮਾਰੀ ਅਤੇ ਮੌਤ ਦਾ ਡਰ ਤਾਂ ਹੁੰਦਾ ਹੈ ਪਰ ਇਸਨੂੰਹਾਊਆ ਨਾ ਬਣਾਓ। ਇਕ ਦੂਜੇ ਤੋਂ ਕੂਝ ਦੂਰੀ ਤਾਂ ਬਣਾਓ ਪਰ ਮਨ ਦੀ ਨੇੜਤਾ ਨੂੰ ਹੋਰ ਵਧਾਓ। ਆਪੋ ਆਪਣੇ ਘਰਾਂ ਵਿਚ ਬੰਦ ਰਹੋ ਪਰ ਸੁੰਗੜੋ ਨਾ ਸਗੋਂ। ਬਿਪਤਾ ਵਿਚ ਘਿਰੇ ਆਪਣਿਆਂ ਨਾਲ ਹੋਰ ਗੂੜਾ ਰਾਬਤਾ ਬਣਾਓ ਜਿਹਨਾਂ ਨੂੰ ਤੁਹਾਡੀ ਪਹਿਲਾਂ ਨਾਲੋਂ ਜ਼ਿਆਦਾ ਲੋੜ ਹੈ। ਅਜੇਹੇ ਮੌਕੇ ‘ਤੇ ਦਿਲਾਂ ਵਿਚ ਪਿਆਰ ਨੂੰ ਮੌਲਣ ਦਿਓ ਅਤੇ ਘ੍ਰਿਣਾ, ਰੰਜ਼ਸ, ਨਫ਼ਰਤ ਜਾਂ ਮਨ-ਮੁਟਾਵ ਨੂੰ ਰੁਕਾਵਟ ਨਾ ਬਣਨ ਦਿਓ। ਕੋਈ ਵੀ ਬਿਪਤਾ ਇਕੱਠੇ ਹੋ ਕੇ ਸਦਾ ਲਈ ਟਾਲੀ ਜਾ ਸਕਦੀ ਏ। ‘ਕੱਲੇ ਰਹੇ ਤਾਂ ਬਿਪਤਾ ਸਾਹਵੇਂ ਹਾਰ ਜਾਵੋਗੇ। ਸੋ ਲੋੜ ਹੈ ਕਿ ਕਰੋਨਾ ‘ਤੇ ਜਿੱਤ ਹਾਸਲ ਕਰਨ ਲਈ ਸਾਰੇ ਹੰਭਲਾ ਮਾਰੀਏ। ਹਾਰ ਜਾਣ ਵਾਲੇ ਲੋਕ ਤਹਿਜ਼ੀਬਵਿਚੋਂ ਸਦਾ ਲਈ ਮਿੱਟ ਜਾਂਦੇ ਨੇ। ਸਦਾ ਜਿਉਂਦੀਆ ਨੇ ਉਹ ਕੌਮਾਂ ਜਿਹਨਾਂ ਨੇ ਆਪਣੀ ਹਿੰਮਤ, ਦਲੇਰੀ ਅਤੇ ਫਰਾਖ਼ਦਿਲੀ ਨਾਲ ਅਜੇਹੀਆਂ ਅਣਹੌਣੀਆਂ ਨੂੰਹਰਾਇਆ ਏ। ਕੋਈ ਵੀ ਮਹਾਂਮਾਰੀ, ਮਨੁੱਖ ਦਾ ਇਮਤਿਹਾਨ ਹੁੰਦਾ ਜੋ ਮਨੁੱਖ ਦੇ ਹੌਂਸਲੇ ਤੋਂ ਕਦੇ ਵੀ ਵੱਡਾ ਨਹੀਂ ਹੁੰਦਾ। ਸਿਰਫ਼ਮਨ ਵਿਚ ਇਸ ਨਾਲ ਲੜਨ ਅਤੇ ਇਸਨੂੰ ਹਰਾਉਣ ਦੀ ਸੋਚ ਹੀ ਹਾਵੀ ਹੋਣੀ ਚਾਹੀਦੀ ਹੈ।
ਜ਼ਿੰਦਗੀ ਹਮੇਸ਼ਾ ਜ਼ਿੰਦਾਬਾਦ ਸੀ, ਜ਼ਿੰਦਾਬਾਦ ਹੈ ਅਤੇ ਸਦਾ ਜ਼ਿੰਦਾਬਾਦ ਰਹੇਗੀ। ਸਿਰਫ਼ ਲੋੜ ਹੈ ਅਜੇਹੇ ਮੌਕੇ ‘ਤੇ ਹਨੇਰੇ ਵਿਚੋਂ ਰਿਸ਼ਮਾਂ ਨੂੰ ਭਾਲਣ ਦੀ। ਇਹਨਾਂ ਦੀ ਕੰਨੀਂ ਫੜ ਕੇ ਰੌਸ਼ਨ ਰਾਹਾਂ ਵੰਨੀਂ ਕਦਮ ਵਧਾਉਣ ਦੀ। ਉਸਾਰੂ ਬਿਰਤੀ ਹੀ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜਬੂਤ ਕਰਦੀ, ਵਿਨਾਸ਼ਕਾਰੀ ਹਾਲਾਤਾਂ ਨੂੰ ਹਰਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅਜੇਹੀ ਜਿੱਕਰਯੋਗ ਭੂਮਿਕਾ ਨਿਭਾਉਣ ਦੀ, ਹੁਣ ਮਨੁੱਖ ਦੀ ਵਾਰੀ ਹੈ। ਆਸ ਹੈ ਕਿ ਮਨੁੱਖ ਕਦੇ ਵੀ ਮਨੁੱਖਤਾ ਨੂੰ ਨਿਰਾਸ਼ ਨਹੀਂ ਕਰੇਗਾ।
ੲੲੲ

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …