Breaking News
Home / ਦੁਨੀਆ / ਪਾਕਿ ‘ਚ ਸਿੱਖ ਨੌਜਵਾਨ ਵਿਧਾਇਕ ਬਣਿਆ

ਪਾਕਿ ‘ਚ ਸਿੱਖ ਨੌਜਵਾਨ ਵਿਧਾਇਕ ਬਣਿਆ

ਮੈਂ ਜਲਦੀ ਹੀ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਹੋਵਾਂਗਾ ਨਤਮਸਤਕ : ਮਹਿੰਦਰ ਸਿੰਘ
ਇਸਲਾਮਾਬਾਦ : ਪਾਕਿਸਤਾਨ ‘ਚ ਹੋਈਆਂ ਆਮ ਚੋਣਾਂ ‘ਚ ਲਹਿੰਦੇ ਪੰਜਾਬ ਵਿਚੋਂ ਪਹਿਲਾ ਗੁਰਸਿੱਖ ਨੌਜਵਾਨ ਮੁਲਤਾਨ ਤੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਦਾ ਵਿਧਾਇਕ ਚੁਣਿਆ ਗਿਆ। ਮਹਿੰਦਰ ਸਿੰਘ ਦੇ ਦੱਖਣੀ ਪੰਜਾਬ ਵਿਚੋਂ ਇਕਲੌਤਾ ਸਿੱਖ ਵਿਧਾਇਕ ਚੁਣੇ ਜਾਣ ‘ਤੇ ਸਿੱਖ ਵਸੋਂ ਵਾਲੇ ਸ਼ਹਿਰ ਸ੍ਰੀ ਨਨਕਾਣਾ ਸਾਹਿਬ, ਲਾਹੌਰ, ਸ੍ਰੀ ਪੰਜਾ ਸਾਹਿਬ, ਡੇਹਰਾ ਸਾਹਿਬ, ਪਿਸ਼ਾਵਰ ਤੇ ਸੁਵਾਤ ਇਲਾਕੇ ‘ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਪਹਿਲੇ ਗੁਰਸਿੱਖ ਵਿਧਾਇਕ ਬਣੇ ਮਹਿੰਦਰ ਸਿੰਘ ਮੁਲਤਾਨ ਦੇ ਪਿਤਾ ਗਿਆਨੀ ਰਵੇਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸੇਵਾ ਨਿਭਾਉਂਦੇ ਰਹੇ ਹਨ ਜੋ ਹੁਣ ਸੇਵਾਮੁਕਤ ਹੋ ਗਏ ਹਨ। ਵਿਧਾਇਕ ਮਹਿੰਦਰ ਸਿੰਘ ਨੇ ਐੱਮਬੀਏ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ ਹੈ। ਗੱਲਬਾਤ ਕਰਦਿਆਂ ਮਹਿੰਦਰ ਸਿੰਘ ਨੇ ਕਿਹਾ ਕਿ ਉਹ ਗੁਰੂ ਸਾਹਿਬਾਨ ਦੇ ਰਿਣੀ ਹਨ ਜਿਨ੍ਹਾਂ ਦੀ ਮੇਹਰ ਸਦਕਾ ਉਨ੍ਹਾਂ ਨੂੰ ਪਾਕਿਸਤਾਨ ਪੰਜਾਬ ਅਸੈਂਬਲੀ ਦਾ ਮੈਂਬਰ ਬਣਨ ‘ਤੇ ਆਪਣੇ ਸਿੱਖ ਭਾਈਚਾਰੇ ਦੀ ਅਵਾਜ਼ ਬੁਲੰਦ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਗਿਆਨੀ ਅਵੇਲ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਕੀਤੀ ਦਿਨ ਰਾਤ ਦੀ ਸੇਵਾ ਦਾ ਹੀ ਫਲ ਅੱਜ ਉਨ੍ਹਾਂ ਨੂੰ ਮਿਲਿਆ ਹੈ।
ਉਨ੍ਹਾਂ ਦਾ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਪੂਰੇ ਪਾਕਿਸਤਾਨ ਵਿਖੇ ਜਾਣਿਆ ਜਾਂਦਾ ਹੈ। ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ 7 ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟਾ ਹੈ ਤੇ ਹੁਣ ਮੁਲਤਾਨ ਸ਼ਹਿਰ ‘ਚ ਰਹਿੰਦਾ ਹੈ ਤੇ ਕੱਪੜੇ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ ਇਕ ਬੇਟੀ ਹੈ। ਬਾਕੀ ਭੈਣ ਭਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਰਹਿੰਦੇ ਹਨ। ਮਹਿੰਦਰ ਸਿੰਘ ਨੇ ਆਪਣੇ ਸਿੱਖ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਪਾਕਿਸਤਾਨ ਅੰਦਰ ਚੜ੍ਹਦੀਕਲਾ ‘ਚ ਰਹਿਣ ਲਈ ਪੂਰਨ ਗੁਰਸਿੱਖ ਹੋਣਾ ਹੋਵੇਗਾ। ਮਹਿੰਦਰ ਸਿੰਘ ਦਾ ਪੀਟੀਆਈ ਪਾਰਟੀ ਵੱਲੋਂ ਘੱਟ ਗਿਣਤੀਆਂ ਵਿਚੋਂ ਵਿਧਾਇਕ ਚੁਣੇ ਜਾਣ ‘ਤੇ ਅੱਜ ਸ੍ਰੀ ਨਨਕਾਣਾ ਸਾਹਿਬ, ਲਾਹੌਰ, ਮੁਲਤਾਨ, ਸਿੰਧ, ਪਿਸ਼ਾਵਰ, ਸ੍ਰੀ ਪੰਜਾ ਸਾਹਿਬ ਵਿਖੇ ਸਿੱਖਾਂ ਭੰਗੜੇ ਪਾ ਕੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਮਹਿੰਦਰ ਸਿੰਘ ਨੇ ਪੰਜਾਬ ਦੇ ਇਕਲੌਤੇ ਵਿਧਾਇਕ ਦੀ ਸੀਟ ਤੋਂ ਰਮੇਸ਼ ਸਿੰਘ ਅਰੋੜਾ ਨੂੰ ਹਰਾਇਆ ਹੈ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …