Breaking News
Home / ਦੁਨੀਆ / ਰੂਸ ਨਾਲ ਪ੍ਰਮਾਣੂ ਹਥਿਆਰ ਸਮਝੌਤਾ ਖਤਮ ਕਰੇਗਾ ਅਮਰੀਕਾ

ਰੂਸ ਨਾਲ ਪ੍ਰਮਾਣੂ ਹਥਿਆਰ ਸਮਝੌਤਾ ਖਤਮ ਕਰੇਗਾ ਅਮਰੀਕਾ

ਡੋਨਾਲਡ ਟਰੰਪ ਨੇ ਰੂਸ ‘ਤੇ ਸਮਝੌਤੇ ਦੇ ਉਲੰਘਣ ਦਾ ਲਾਇਆ ਦੋਸ਼, ਦੋਵਾਂ ਦੇਸ਼ਾਂ ਵਿਚਕਾਰ 1987 ਵਿਚ ਹੋਇਆ ਸੀ ਇਹ ਸਮਝੌਤਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੀਬ ਤਿੰਨ ਦਹਾਕੇ ਪਹਿਲੇ ਰੂਸ ਨਾਲ ਹੋਏ ਪਰਮਾਣੂ ਹਥਿਆਰ ਕੰਟਰੋਲ ਸਮਝੌਤੇ ਨੂੰ ਜਲਦੀ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਇੰਟਰਮੀਡੀਏਟ-ਰੇਂਜ ਨਿਊਕਲੀਅਰ ਫੋਰਸਿਜ਼ ਸਮਝੌਤੇ ਦਾ ਰੂਸ ਲਗਾਤਾਰ ਉਲੰਘਣ ਕਰ ਰਿਹਾ ਹੈ। ਇਸ ਲਈ ਅਮਰੀਕਾ ਇਕੱਲਾ ਇਸ ਦਾ ਭਾਰ ਨਹੀਂ ਢੋਅ ਸਕਦਾ। ਦੋਵਾਂ ਦੇਸ਼ਾਂ ਵਿਚਕਾਰ 1987 ਵਿਚ ਹੋਇਆ ਇਹ ਸਮਝੌਤਾ ਅਮਰੀਕਾ ਅਤੇ ਉਸ ਦੇ ਯੂਰਪੀ ਸਹਿਯੋਗੀਆਂ ਦੀ ਸੁਰੱਖਿਆ ਨਿਸ਼ਚਿਤ ਕਰਦਾ ਹੈ। ਇਸ ‘ਤੇ ਅਮਰੀਕਾ ਦੇ ਤੱਤਕਾਲੀ ਰਾਸ਼ਟਰਪਤੀ ਰੋਨਾਲਡ ਰੀਗਨ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਮਿਖਾਈਲ ਗੋਰਬਾਚੋਵ ਨੇ ਦਸਤਖਤ ਕੀਤੇ ਸਨ। ਇਸ ਸਮਝੌਤੇ ਤਹਿਤ ਦੋਨੋਂ ਦੇਸ਼ ਧਰਤੀ ਤੋਂ ਦਾਗੀਆਂ ਜਾਣ ਵਾਲੀਆਂ 500 ਤੋਂ 5500 ਕਿਲੋਮੀਟਰ ਰੇਂਜ ਵਾਲੀਆਂ ਮਿਜ਼ਾਈਲਾਂ ਦਾ ਨਿਰਮਾਣ ਜਾਂ ਪ੍ਰੀਖਣ ਨਹੀਂ ਕਰ ਸਕਦੇ ਪ੍ਰੰਤੂ ਕੁਝ ਸਾਲ ਪਹਿਲੇ ਰੂਸ ਨੇ ਨੋਵਾਟਰ ਮਿਜ਼ਾਈਲ ਲਾਂਚ ਕੀਤੀ ਸੀ। ਅਮਰੀਕਾ ਦਾ ਮੰਨਣਾ ਹੈ ਕਿ ਇਹ ਮਿਜ਼ਾਈਲ ਪਾਬੰਦੀਸ਼ੁਦਾ ਰੇਂਜ ਵਾਲੀ ਹੈ। ਇਸ ਮਿਜ਼ਾਈਲ ਨੂੰ ਲੈ ਕੇ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਨਾਟੋ (ਨਾਰਥ ਐਟਲਾਂਟਿਕ ਟੀਟੀ ਆਰਗੇਨਾਈਜੇਸ਼ਨ) ਦੇ ਅਧਿਕਾਰੀਆਂ ਨੂੰ ਆਗਾਹ ਕਰਦੇ ਹੋਏ ਕਿਹਾ ਸੀ ਕਿ ਜੇ ਰੂਸ ਨੋਵਾਟਰ ਮਿਜ਼ਾਈਲ ਵਾਪਸ ਨਹੀਂ ਲੈਂਦਾ ਹੈ ਤਾਂ ਇਸ ਸਮਝੌਤੇ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ। ਟਰੰਪ ਨੇ ਸ਼ਨਿਚਰਵਾਰ ਨੂੰ ਇਥੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਅਸੀਂ ਇਸ ਸਮਝੌਤੇ ਨੂੰ ਖ਼ਤਮ ਕਰਨ ਜਾ ਰਹੇ ਹਾਂ। ਸਾਰੇ ਦੇਸ਼ ਹਥਿਆਰ ਬਣਾ ਰਹੇ ਹਨ ਤਾਂ ਸਾਨੂੰ ਵੀ ਉਸ ਰੇਂਜ ਦੇ ਹਥਿਆਰ ਬਣਾਉਣੇ ਹੋਣਗੇ। ਟਰੰਪ ਨੇ ਸਮਝੌਤੇ ਦੇ ਉਲੰਘਣ ‘ਤੇ ਚੁੱਪੀ ਧਾਰਨ ਲਈ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਬਰਾਕ ਨੇ ਸਮਝੌਤਾ ਕਿਉਂ ਨਹੀਂ ਤੋੜਿਆ? ਜੇ ਚੀਨ ਅਤੇ ਰੂਸ ਸਮਝਦਾਰੀ ਵਿਖਾ ਕੇ ਅਜਿਹੇ ਹਥਿਆਰ ਨਾ ਬਣਾਉਣ ਦਾ ਸਮਝੌਤਾ ਕਰਨ ਤਾਂ ਮੈਨੂੰ ਖ਼ੁਸ਼ੀ ਹੋਵੇਗੀ ਪ੍ਰੰਤੂ ਜਦੋਂ ਤਕ ਇਸ ਦਾ ਉਲੰਘਣ ਹੋ ਰਿਹਾ ਹੈ ਅਮਰੀਕਾ ਇਸ ਦੇ ਇਕੱਲਿਆਂ ਪਾਲਣ ਨਹੀਂ ਕਰੇਗਾ।

Check Also

ਰੂਸ ਅਤੇ ਯੂਕਰੇਨ ਤੁਰੰਤ ਜੰਗਬੰਦੀ ਕਰਕੇ ਗੱਲਬਾਤ ਸ਼ੁਰੂ ਕਰਨ : ਡੋਨਾਲਡ ਟਰੰਪ

ਜ਼ੇਲੈਂਸਕੀ ਨਾਲ ਮੀਟਿੰਗ ਉਪਰੰਤ ਟਰੰਪ ਨੇ ਕੀਤਾ ਐਲਾਨ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਰਾਸ਼ਟਰਪਤੀ …