ਟੋਕੀਓ : ਸੱਤ ਪ੍ਰਮੁੱਖ ਸਨਅਤੀ ਮੁਲਕਾਂ ਦੇ ਗੁੱਟ ਜੀ-7 ਦੇ ਸਿਖਰਲੇ ਆਗੂਆਂ ਨੇ ਇਥੇ ਮੀਟਿੰਗਾਂ ਮਗਰੋਂ ਇਜ਼ਰਾਈਲ-ਹਮਾਸ ਜੰਗ ‘ਤੇ ਸਾਂਝਾ ਰੁਖ ਅਖਤਿਆਰ ਕਰਦਿਆਂ ਹਮਾਸ ਦੀ ਨਿੰਦਾ ਕੀਤੀ, ਇਜ਼ਰਾਈਲ ਦੇ ਰੱਖਿਆ ਦੇ ਅਧਿਕਾਰ ਦੀ ਹਮਾਇਤ ਕੀਤੀ ਅਤੇ ਗਾਜ਼ਾ ਪੱਟੀ ‘ਚ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ‘ਚ ਤੇਜ਼ੀ ਲਿਆਉਣ ਲਈ ਮਾਨਵੀ ਆਧਾਰ ‘ਤੇ ਸੰਘਰਸ਼ ਰੋਕਣ ਦਾ ਸੱਦਾ ਦਿੱਤਾ ਹੈ। ਜੀ-7 ਮੁਲਕਾਂ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ ਅਤੇ ਅਮਰੀਕਾ ਨੇ ਇਕ ਬਿਆਨ ‘ਚ ਇਜ਼ਰਾਈਲ ਖਿਲਾਫ ਹਮਾਸ ਦੇ ਹਮਲਿਆਂ ਦੀ ਆਲੋਚਨਾ ਕੀਤੀ ਅਤੇ ਫਲਸਤੀਨੀਆਂ ਲਈ ਭੋਜਨ, ਪਾਣੀ, ਮੈਡੀਕਲ ਦੇਖ-ਭਾਲ ਤੇ ਪਨਾਹ ਮੁਹੱਈਆ ਕਰਾਉਣ ਲਈ ਫੌਰੀ ਕਦਮ ਚੁੱਕਣ ‘ਤੇ ਜ਼ੋਰ ਦੇਣ ਦੀ ਮੰਗ ਕੀਤੀ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਜਪਾਨ ਅਤੇ ਇਟਲੀ ਦੇ ਵਿਦੇਸ਼ ਮੰਤਰੀਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਹ ਫੌਰੀ ਲੋੜੀਂਦੀ ਸਹਾਇਤਾ, ਆਮ ਲੋਕਾਂ ਦੀ ਆਵਾਜਾਈ ਅਤੇ ਬੰਧਕਾਂ ਦੀ ਰਿਹਾਈ ਦੀ ਸਹੂਲਤ ਲਈ ਮਾਨਵੀ ਆਧਾਰ ‘ਤੇ ਸੰਘਰਸ਼ ਰੋਕਣ ਦੀ ਹਮਾਇਤ ਕਰਦੇ ਹਨ। ਉਨ੍ਹਾਂ ਫਲਸਤੀਨੀਆਂ ਖਿਲਾਫ ਕੱਟੜਪੰਥੀ ਹਿੰਸਾ ‘ਚ ਵਾਧੇ ਦੀ ਵੀ ਨਿਖੇਧੀ ਕੀਤੀ। ਮੰਤਰੀਆਂ ਨੇ ਪੂਰਬੀ ਅਤੇ ਦੱਖਣੀ ਚੀਨ ਸਾਗਰਾਂ ਦੇ ਹਾਲਾਤ ਬਾਰੇ ਵੀ ਚਿੰਤਾ ਪ੍ਰਗਟਾਈ ਅਤੇ ਉਥੇ ਇਕਪਾਸੜ ਹਾਲਾਤ ਬਦਲਣ ਦੀ ਕਿਸੇ ਵੀ ਕੋਸ਼ਿਸ਼ ਦਾ ਤਿੱਖਾ ਵਿਰੋਧ ਕਰਨ ਦਾ ਫ਼ੈਸਲਾ ਲਿਆ ਹੈ। ਜਪਾਨ ਦੇ ਵਿਦੇਸ਼ ਮੰਤਰੀ ਯੋਕੋ ਕਾਮੀਕਾਵਾ ਨੇ ਉੱਤਰੀ ਕੋਰੀਆ ਬਾਰੇ ਚਿੰਤਾ ਜ਼ਾਹਿਰ ਕੀਤੀ। ਜੀ-7 ਦੇ ਵਿਦੇਸ਼ ਮੰਤਰੀਆਂ ਨੇ ਉੱਤਰੀ ਕੋਰੀਆ ਵੱਲੋਂ ਬੈਲਿਸਟਿਕ ਮਿਜ਼ਾਈਲਾਂ ਲਗਾਤਾਰ ਦਾਗੇ ਜਾਣ ਅਤੇ ਉਸ ਵੱਲੋਂ ਰੂਸ ਨੂੰ ਹਥਿਆਰ ਦਿੱਤੇ ਜਾਣ ਦੀ ਨਿੰਦਾ ਕੀਤੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …