Breaking News
Home / ਦੁਨੀਆ / ਯੂਕਰੇਨ ‘ਚ ਪੜ੍ਹਦੇ ਵਿਦਿਆਰਥੀਆਂ ਨੇ ਲਾਏ ਪੱਖਪਾਤ ਦੇ ਦੋਸ਼

ਯੂਕਰੇਨ ‘ਚ ਪੜ੍ਹਦੇ ਵਿਦਿਆਰਥੀਆਂ ਨੇ ਲਾਏ ਪੱਖਪਾਤ ਦੇ ਦੋਸ਼

ਕਈ-ਕਈ ਕਿਲੋਮੀਟਰ ਪੈਦਲ ਚੱਲਣ ਲਈ ਮਜਬੂਰ ਹੋਏ ਵਿਦਿਆਰਥੀ
ਮੁਹਾਲੀ/ਬਿਊਰੋ ਨਿਊਜ਼ : ਰੂਸ-ਯੂਕਰੇਨ ਜੰਗ ਕਾਰਨ ਬਣੇ ਤਣਾਅ ਕਾਰਨ ਭਾਰਤੀ ਖਾਸ ਕਰ ਕੇ ਪੰਜਾਬੀ ਕਾਫ਼ੀ ਚਿੰਤਤ ਹਨ। ਯੂਕਰੇਨ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰਨ ਗਏ ਨੌਜਵਾਨ ਉੱਥੇ ਫਸ ਗਏ ਹਨ। ਭੁੱਖੇ-ਤਿਹਾਏ ਇਹ ਵਿਦਿਆਰਥੀ ਯੂਕਰੇਨ ਪ੍ਰਸ਼ਾਸਨ ਦੇ ਭੇਦ-ਭਾਵ ਦਾ ਸ਼ਿਕਾਰ ਹੋ ਰਹੇ ਹਨ।
ਇਨ੍ਹਾਂ ਵਿੱਚ ਮੁਹਾਲੀ ਜ਼ਿਲ੍ਹੇ ਦੇ ਕਈ ਨੌਜਵਾਨ ਸ਼ਾਮਲ ਹਨ। ਇੱਥੋਂ ਦੇ ਫੇਜ਼-6 ਦੇ ਵਸਨੀਕ ਹਰਵਿੰਦਰ ਗੌਤਮ ਨੇ ਦੱਸਿਆ ਕਿ ਉਸ ਦਾ ਪੁੱਤਰ ਪ੍ਰਬਲ ਗੌਤਮ ਕਰੀਬ 3 ਸਾਲ ਪਹਿਲਾਂ ਐਮਬੀਬੀਐਸ ਦੀ ਪੜ੍ਹਾਈ ਲਈ ਖਾਰਕੀਵ ਮੈਡੀਕਲ ਯੂਨੀਵਰਸਿਟੀ ਗਿਆ ਸੀ। ਉੱਥੇ ਉਸ ਸਣੇ ਕਰੀਬ 200-300 ਨੌਜਵਾਨ ਲੜਕੇ-ਲੜਕੀਆਂ ਫਸੇ ਹੋਏ ਹਨ।
ਉਧਰ, ਪ੍ਰਬਲ ਗੌਤਮ ਨੇ ਵੀਡੀਓ ਜਾਰੀ ਕਰਕੇ ਯੂਕਰੇਨ ਪ੍ਰਸ਼ਾਸਨ ‘ਤੇ ਭੇਦਭਾਵ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਉਹ ਬੜੀ ਮੁਸ਼ਕਲ ਨਾਲ 10 ਕਿਲੋਮੀਟਰ ਪੈਦਲ ਚੱਲ ਕੇ ਰੇਲਵੇ ਸਟੇਸ਼ਨ ‘ਤੇ ਪਹੁੰਚੇ। ਇੱਥੇ ਸਾਰਾ ਦਿਨ ਰੇਲ ਗੱਡੀਆਂ ਵਿੱਚ ਸਿਰਫ਼ ਯੂਕਰੇਨ ਵਾਸੀਆਂ ਨੂੰ ਹੀ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਜਦੋਂ ਭਾਰਤੀ ਨੌਜਵਾਨ ਰੇਲ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਸਨ ਤਾਂ ਉਨ੍ਹਾਂ ਨੂੰ ਧੱਕੇ ਮਾਰ ਕੇ ਹੇਠਾਂ ਉਤਾਰ ਦਿੱਤਾ ਜਾਂਦਾ ਸੀ। ਯੂਕਰੇਨ ਦੇ ਸੁਰੱਖਿਆ ਅਮਲੇ ਵੱਲੋਂ ਭੀੜ ਖਦੇੜਨ ਲਈ ਗੋਲੀਆਂ ਵੀ ਚਲਾਈਆਂ ਗਈਆਂ। ਉਨ੍ਹਾਂ ਆਪਣੇ ਮਾਪਿਆਂ ਨੂੰ ਭੇਜੀ ਇਸ ਵੀਡੀਓ ਵਿੱਚ ਮਦਦ ਦੀ ਅਪੀਲ ਕੀਤੀ ਹੈ।
ਹਰਵਿੰਦਰ ਗੌਤਮ ਨੇ ਦੱਸਿਆ ਕਿ ਮੁਲਕ ਵਿੱਚ ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਲੈਣਾ ਬਹੁਤ ਔਖਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਡਾਕਟਰੀ ਪੜ੍ਹਾਈ ਲਈ ਮਾਪਿਆਂ ਨੂੰ ਲੱਖਾਂ ਕਰੋੜਾਂ ਰੁਪਏ ਡੋਨੇਸ਼ਨ ਦੇਣੀ ਪੈਂਦੀ ਹੈ। ਰਸੂਖਵਾਨਾਂ ਦੇ ਬੱਚੇ ਤਾਂ ਚੰਗੇ ਕਾਲਜਾਂ ਵਿੱਚ ਦਾਖ਼ਲਾ ਲੈ ਲੈਂਦੇ ਹਨ, ਆਮ ਲੋਕਾਂ ਦੇ ਬੱਚੇ ਹੇਠਲੇ ਪੱਧਰ ‘ਤੇ ਕਾਲਜਾਂ ‘ਚ ਭੇਜ ਦਿੱਤੇ ਜਾਂਦੇ ਹਨ। ਇਸ ਕਾਰਨ ਮਾਪਿਆਂ ਨੂੰ ਮਜਬੂਰੀ ਵਿੱਚ ਆਪਣੇ ਬੱਚੇ ਉੱਚ ਸਿੱਖਿਆ ਲਈ ਬੇਗ਼ਾਨੇ ਮੁਲਕ ਭੇਜਣੇ ਪੈਂਦੇ ਹਨ।
ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਫਸੇ ਬੱਚਿਆਂ ਨਾਲ ਕਾਫ਼ੀ ਭੇਦ-ਭਾਵ ਕੀਤਾ ਜਾ ਰਿਹਾ ਹੈ। ਉੱਥੇ ਹੱਡਚੀਰਵੀਂ ਠੰਢ ਵਿਚ ਉਨ੍ਹਾਂ ਦੇ ਬੱਚੇ ਖਾਲੀ ਪੇਟ ਹਾਲਾਤ ਨਾਲ ਲੜ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਯੂਕਰੇਨ ਵਿੱਚ ਫਸੇ ਸਮੂਹ ਭਾਰਤੀਆਂ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ।

Check Also

ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ

ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …