Breaking News
Home / ਦੁਨੀਆ / ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਦੀ ਮਾਸਿਕ ਇਕੱਤਰਤਾ ਵਿਚ ਖ਼ੂਬਸੂਰਤ ਰਚਨਾਵਾਂ ਅਤੇ ਵਡਮੁੱਲੇ ਵਿਚਾਰ ਪੇਸ਼ ਕੀਤੇ ਗਏ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਦੀ ਮਾਸਿਕ ਇਕੱਤਰਤਾ ਵਿਚ ਖ਼ੂਬਸੂਰਤ ਰਚਨਾਵਾਂ ਅਤੇ ਵਡਮੁੱਲੇ ਵਿਚਾਰ ਪੇਸ਼ ਕੀਤੇ ਗਏ

ਕੈਲਗਰੀ/ਮਹਿੰਦਰਪਾਲ ਸਿੰਘ ਪਾਲ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮਾਸਿਕ ਇਕੱਤਰਤਾ 15 ਤਰੀਕ ਨੂੰ ਤਰਲੋਚਨ ਸਿੰਘ ਸੈਂਹਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਸਾਥ ਬਲਜਿੰਦਰ ਸੰਘਾ ਅਤੇ ਪਰਮਿੰਦਰ ਰਮਨ ਨੇ ਦਿੱਤਾ।
ਮੀਟਿੰਗ ਦੀ ਸ਼ੁਰੂਆਤ ਵਿੱਚ ਸਕੱਤਰ ਬਲਬੀਰ ਗੋਰਾ ਨੇ ਸਭ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਰਚਨਾਵਾਂ ਅਤੇ ਵਿਚਾਰਾਂ ਦੇ ਦੌਰ ਦੀ ਸ਼ੁਰੂਆਤ ਕਰਨ ਲਈ ਨਰਿੰਦਰ ਸਿੰਘ ਢਿੱਲੋਂ ਨੂੰ ਸੱਦਾ ਦਿੱਤਾ। ਨਰਿੰਦਰ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਲੇਖਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਰਚਨਾਵਾਂ ਵਿਚ ਵੱਧ ਤੋਂ ਵੱਧ ਪੰਜਾਬੀ ਦੇ ਸ਼ਬਦ ਵਰਤਣ ਅਤੇ ਉਨ੍ਹਾਂ ਸ਼ਬਦਾਂ ਦਾ ਪ੍ਰਯੋਗ ਕਰਨ ਜਿਹੜੇ ਆਮ ਪਾਠਕ ਦੀ ਨੂੰ ਆਸਾਨੀ ਨਾਲ ਸਮਝ ਆ ਸਕਣ। ਕਵਿਤਾ ਲਿਖਣ ਸਮੇਂ ਲੇਖਕ ਨੂੰ ਅਲੰਕਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਨੂੰ ਹੋਰ ਵੀ ਲੋਕ ਪ੍ਰਿਯਾ ਹੋਣ ਵਿਚ ਸਹਾਈ ਹੋਣਗੇ। ਕਹਾਣੀਆਂ ਲਿਖਣ ਸਮੇਂ ਸ਼ੁਰੂਆਤ ਤੋਂ ਹੀ ਉਹ ਸ਼ੈਲੀ ਵਰਤਣੀ ਚਾਹੀਦੀ ਹੈ ਜਿਸ ਨਾਲ ਪਾਠਕ ਪੜ੍ਹਦੇ ਸਾਰ ਹੀ ਉਸ ਕਹਾਣੀ ਵਿਚ ਖੁੱਭ ਜਾਣ ਅਤੇ ਆਪਣੀਆਂ ਕਹਾਣੀਆਂ ਵਿਚ ਭੂਗੋਲਿਕ ਸਥਿਤੀਆਂ ਨੂੰ ਉਜਾਗਰ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਦੀ ਲਿਖਤ ਜ਼ਿੰਦਾ ਰਹਿ ਸਕੇ। ਇਸ ਤੋਂ ਬਾਅਦ ਸੁਰਿੰਦਰ ਗੀਤ ਨੇ ਪਿਛਲੇ ਦਿਨੀਂ ਸਰੀ ਵਿਚ ਹੋਏ ਸਾਹਿਤ ਸੰਮੇਲਨ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ। ਇਹ ਸੰਮੇਲਨ ਸੁੱਖੀ ਬਾਠ ਦੇ ਯਤਨ ਨਾਲ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ ਕੈਨੇਡਾ, ਅਮਰੀਕਾ ਅਤੇ ਭਾਰਤ ਤੋਂ ਸਾਹਿਤਕਾਰ ਸ਼ਾਮਲ ਹੋਏ।
ਸੁਰਿੰਦਰ ਗੀਤ ਨੇ ਆਪ ਵੀ ਇਸ ਸੰਮੇਲਨ ਵਿਚ ਹਿੱਸਾ ਲਿਆ ਸੀ ਅਤੇ ਇਸ ਨੂੰ ਇੱਕ ਕਾਮਯਾਬ ਸਮਾਗਮ ਦੱਸਿਆ। ਨਾਲ ਹੀ ਸੁਰਿੰਦਰ ਗੀਤ ਨੇ ਆਪਣੀ ਇੱਕ ਖ਼ੂਬਸੂਰਤ ਗ਼ਜ਼ਲ ਤਰੰਨਮ ਵਿਚ ਪੇਸ਼ ਕੀਤੀ। ਬਾਅਦ ਵਿਚ ਸੁਖਵਿੰਦਰ ਤੂਰ ਨੇ ਵੀ ਗੀਤ ਜੀ ਦਾ ਲਿਖਿਆ ਹੋਇਆ ਇੱਕ ਖ਼ੂਬਸੂਰਤ ਗੀਤ ਪੇਸ਼ ਕੀਤਾ। ਬੱਚੀ ਪ੍ਰਭਲੀਨ ਕੌਰ ਗਰੇਵਾਲ ਨੇ ਇੱਕ ਖ਼ੂਬਸੂਰਤ ਕਵਿਤਾ ਪੜ੍ਹੀ ਜਿਸ ਦੀ ਵਧੀਆ ਪੇਸ਼ਕਾਰੀ ਵੀ ਸੀ।
ਇਸ ਬੱਚੀ ਦੀ ਹੌਸਲਾ-ਅਫ਼ਜ਼ਾਈ ਲਈ ਉਸ ਨੂੰ ਸਭਾ ਵੱਲੋਂ ਇੱਕ ਤੋਹਫ਼ਾ ਵੀ ਭੇਂਟ ਕੀਤਾ ਗਿਆ। ਜਗਦੀਸ਼ ਸਿੰਘ ਚੋਕਾ ਨੇ ਸਾਹਿਤ, ਕਲਾ ਅਤੇ ਭਾਸ਼ਾ ਭਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਲੇਖਕਾਂ ਨੂੰ ਯਥਾਰਥਵਾਦੀ ਅਤੇ ਲੋਕ ਪੱਖੀ ਸਾਹਿਤ ਲਿਖਣ ਲਈ ਤਾਕੀਦ ਕੀਤੀ। ਮਹਿੰਦਰਪਾਲ ਸਿੰਘ ਪਾਲ ਨੇ ਆਪਣੀ ਇੱਕ ਗ਼ਜ਼ਲ ਪੇਸ਼ ਕੀਤੀ। ਲਖਵਿੰਦਰ ਸਿੰਘ ਜੌਹਲ, ਪਰਮਿੰਦਰ ਰਮਨ, ਜੋਰਾਵਰ ਸਿੰਘ ਬੰਸਲ, ਬਲਜਿੰਦਰ ਸੰਘਾ ਨੇ ਆਪਣੀਆਂ ਲਿਖੀਆਂ ਪ੍ਰਭਾਵ ਪੂਰਨ ਕਵਿਤਾਵਾਂ ਪੇਸ਼ ਕੀਤੀਆਂ। ਮੰਗਲ ਚੱਠਾ ਸਭਾ ਦੇ ਮੈਂਬਰਾਂ ਵੱਲੋਂ ਰਚਿਆ ਜਾ ਰਿਹਾ ਸਾਹਿਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਰਾਜਿੰਦਰਪਾਲ ਸਿੰਘ ਹੁੰਦਲ ਨੇ ਅਫ਼ਜ਼ਲ ਐਸ ਰੰਧਾਵਾ ਦੀ ਵਿਅੰਗਮਈ ਰਚਨਾ ਸਾਂਝੀ ਕੀਤੀ। ਜਸਬੀਰ ਸਿੰਘ ਸਹੋਤਾ ਨੇ ਵੀ ਕੁੱਝ ਸ਼ੇਅਰ ਅਤੇ ਵਿਚਾਰ ਪੇਸ਼ ਕੀਤੇ। ਮਨਮੋਹਨ ਸਿੰਘ ਬਾਠ ਨੇ ਚਰਨ ਸਿੰਘ ਸਫ਼ਰੀ ਦਾ ਲਿਖਿਆ ਹੋਇਆ ਇੱਕ ਗੀਤ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਰਾਜਿੰਦਰ ਕੌਰ ਚੋਕਾ ਨੇ ਭਾਰਤ ਵਿਚ ਬਾਲ ਮਜ਼ਦੂਰੀ ਦੀ ਦਰਦਨਾਕ ਅਤੇ ਸ਼ਰਮਨਾਕ ਅਵਸਥਾ ਬਾਰੇ ਅੰਕੜੇ ਸਾਂਝੇ ਕੀਤੇ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਨਾਲ ਹੀ ਉਨ੍ਹਾਂ ਨੇ ਗਗਨਦੀਪ ਸਿੰਘ ਦੀ ਦੀਵਾਲੀ ਬਾਰੇ ਇੱਕ ਵਿਲੱਖਣ ਅਤੇ ਖ਼ੂਬਸੂਰਤ ਕਵਿਤਾ ਸੁਣਾਈ। ਕਮਲਜੀਤ ਕੌਰ ਗਰੇਵਾਲ ਨੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ ਪੰਜਾਬੀ ਲਿਖਾਰੀ ਸਭਾ ਦਾ ਧੰਨਵਾਦ ਕੀਤਾ ਅਤੇ ਕੁੱਝ ਹੋਰ ਯਤਨ ਕਰਨ ਲਈ ਸੁਝਾਉ ਵੀ ਦਿੱਤੇ।
ਤਰਲੋਕ ਸਿੰਘ ਚੁੱਘ ਨੇ ਚੁਟਕਲਿਆਂ ਦੀ ਪਟਾਰੀ ਖੋਲ੍ਹ ਕੇ ਸਭ ਨੂੰ ਹੱਸਣ ਲਈ ਮਜਬੂਰ ਕੀਤਾ।
ਸਕੱਤਰ ਬਲਬੀਰ ਗੋਰਾ ਨੇ ਆਪਣੇ ਗੀਤਾਂ ਦੇ ਕੁੱਝ ਹਿੱਸੇ ਸਾਂਝੇ ਕੀਤੇ ਅਤੇ ਸਭਾ ਵੱਲੋਂ ਸੁਖਵਿੰਦਰ ਤੂਰ ਨੂੰ ਉਨ੍ਹਾਂ ਦੇ ਬੇਟੇ ਦੇ ਵਿਆਹ ਲਈ ਵਧਾਈ ਦਿੱਤੀ ਅਤੇ ਚਾਹ ਸਨੈਕਸ ਦੇ ਪ੍ਰਬੰਧ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਅਖੀਰ ਵਿਚ ਪ੍ਰਧਾਨ ਤਰਲੋਚਨ ਸੈਹਿੰਬੀ ਨੇ ਆਏ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਪੰਜਾਬੀ ਬੋਲੀ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਭਾ ਦੀ ਅਗਲੀ ਮੀਟਿੰਗ 19 ਨਵੰਬਰ ਨੂੰ ਹੋਵੇਗੀ। ਵਧੇਰੇ ਜਾਣਕਾਰੀ ਲਈ ਪਾਠਕ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਬਲਬੀਰ ਗੋਰਾ ਨਾਲ 403-472-2662 ‘ਤੇ ਸੰਪਰਕ ਕਰ ਸਕਦੇ ਹਨ।

 

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …