3.6 C
Toronto
Thursday, November 6, 2025
spot_img
Homeਦੁਨੀਆਮੁੰਬਈ ਹਮਲੇ ਪਿੱਛੇ ਪਾਕਿ ਅੱਤਵਾਦੀ : ਨਵਾਜ਼ ਸ਼ਰੀਫ

ਮੁੰਬਈ ਹਮਲੇ ਪਿੱਛੇ ਪਾਕਿ ਅੱਤਵਾਦੀ : ਨਵਾਜ਼ ਸ਼ਰੀਫ

ਭਾਰਤ ਦੇ ਦਾਅਵੇ ‘ਤੇ ਸ਼ਰੀਫ ਦੀ ਮੋਹਰ, ਅੱਤਵਾਦ ਨੂੰ ਹਮਾਇਤ ਦੀ ਨੀਤੀ ‘ਤੇ ਉਠਾਇਆ ਸਵਾਲ
ਇਸਲਾਮਾਬਾਦ/ਬਿਊਰੋ ਨਿਊਜ਼ : ਮੁੰਬਈ ਹਮਲੇ ਪਿੱਛੇ ਪਾਕਿਸਤਾਨੀ ਅੱਤਵਾਦੀਆਂ ਦਾ ਹੱਥ ਹੋਣ ਦੇ ਭਾਰਤ ਦੇ ਦਾਅਵੇ ‘ਤੇ ਹੁਣ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਵੀ ਮੋਹਰ ਲਗਾ ਦਿੱਤੀ ਹੈ। ਡਾਨ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਪਾਕਿਸਤਾਨੀ ਅੱਤਵਾਦੀਆਂ ਨੇ ਹੀ 2008 ਵਿਚ ਮੁੰਬਈ ਵਿਚ ਕਤਲੇਆਮ ਕੀਤਾ ਸੀ। ਉਸ ਭਿਆਨਕ ਅੱਤਵਾਦੀ ਹਮਲੇ ਵਿਚ 166 ਭਾਰਤੀ ਅਤੇ ਵਿਦੇਸ਼ੀ ਨਾਗਰਿਕ ਮਾਰੇ ਗਏ ਸਨ।
ਸ਼ਰੀਫ ਦੀ ਇਹ ਇੰਟਰਵਿਊ ਸ਼ਨੀਵਾਰ ਨੂੰ ਨਸ਼ਰ ਹੋਈ ਸੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਅਸੀਂ ਅੱਤਵਾਦੀਆਂ ਨੂੰ ਸਰਹੱਦ ਪਾਰ ਕਰਨ ਅਤੇ ਮੁੰਬਈ ਵਿਚ ਡੇਢ ਸੌ ਵਿਅਕਤੀਆਂ ਨੂੰ ਮਾਰਨ ਦੀ ਇਜਾਜ਼ਤ ਦੇ ਸਕਦੇ ਹਾਂ?ਇਹ ਗੱਲ ਮੈਨੂੰ ਸਮਝਾਓ ਮੈਨੂੰ?ਸ਼ਰੀਫ ਨੇ ਪੁੱਛਿਆ ਕਿ ਆਖਰ ਅਸੀਂ ਕਿਉਂ ਨਹੀਂ ਇਸ ਮਾਮਲੇ ਦੀ ਸੁਣਵਾਈ ਪੂਰੀ ਕਰ ਸਕੇ? ਹਮਲੇ ਵਿਚ ਸ਼ਾਮਲ ਲੋਕਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾ ਸਕੀ? ਇਹ ਪੂਰੀ ਤਰ੍ਹਾਂ ਨਾਲ ਮੰਨਣ ਯੋਗ ਨਹੀਂ ਹੈ। ਇਹ ਇਕ ਅਜਿਹਾ ਮਾਮਲਾ ਹੈ, ਜਿਸ ਨਾਲ ਸਾਨੂੰ ਜੂਝਣਾ ਪੈ ਰਿਹਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਇਸ ਬਾਰੇ ਟੋਕਿਆ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਾਨੂੰ ਇਸ ਸਬੰਧੀ ਕਿਹਾ। ਭਾਰਤ 10 ਪਾਕਿਸਤਾਨੀ ਅੱਤਵਾਦੀਆਂ ਦੇ ਮੁੰਬਈ ਹਮਲੇ ‘ਚ ਸ਼ਾਮਲ ਰਹਿਣ ਦਾ ਦੋਸ਼ ਲਗਾਉਂਦਾ ਰਿਹਾ ਹੈ। ਭਾਰਤ ਮੁਤਾਬਕ, ਪਾਕਿਸਤਾਨੀ ਅੱਤਵਾਦੀ ਜਥੇਬੰਦੀ ਲਸ਼ਕਰ ਏ ਤੋਇਬਾ ਨੇ ਇਸ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚੀ ਸੀ। ਪਾਕਿਸਤਾਨੀ ਅੱਤਵਾਦੀ ਕਸਾਬ ਨੂੰ ਜ਼ਿੰਦਾ ਫੜ ਲਿਆ ਗਿਆ ਸੀ ਅਤੇ ਅਦਾਲਤ ਦੇ ਫੈਸਲੇ ਪਿੱਛੋਂ ਉਸ ਨੂੰ ਫਾਂਸੀ ਦੇ ਦਿੱਤੀ ਗਈ ਸੀ। ਉਸ ਅੱਤਵਾਦੀ ਵਾਰਦਾਤ ਕਾਰਨ ਭਾਰਤ ਤੇ ਪਾਕਿਸਤਾਨ ਇਕ ਸਮੇਂ ਜੰਗ ਦੇ ਕਰੀਬ ਪਹੁੰਚ ਗਏ ਸਨ। ਫੌਜ ਦੀ ਦਖਲਅੰਦਾਜ਼ੀ ਤੇ ਬੇਲਗਾਮ ਅੱਤਵਾਦੀ ਜਥੇਬੰਦੀਆਂ ਵਲੋਂ ਇਸ਼ਾਰਾ ਕਰਦੇ ਹੋਏ ਸ਼ਰੀਫ ਨੇ ਕਿਹਾ ਕਿ ਪਾਕਿ ‘ਚ ਤਿੰਨ ਸਮਾਨਾਂਤਰ ਸਰਕਾਰਾਂ ਹਨ। ਇਸ ਨੂੰ ਰੋਕਣਾ ਪਵੇਗਾ।
ਪਾਕਿ ਨੇ ਸ਼ਰੀਫ ਦੇ ਬਿਆਨ ਨੂੰ ਦੱਸਿਆ ਗਲਤ
ਇਸਲਾਮਾਬਾਦ : ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲੋਂ ਮੁੰਬਈ ਹਮਲੇ ਦੇ ਕਬੂਲਨਾਮੇ ਮਗਰੋਂ ਪਾਕਿਸਤਾਨ ਦੀ ਸਿਵਲ ਅਤੇ ਫ਼ੌਜੀ ਲੀਡਰਸ਼ਿਪ ਵਿਚ ਹਲਚਲ ਮਚ ਗਈ ਹੈ। ਸ਼ਰੀਫ਼ ਦੇ ਵਿਵਾਦਤ ਬਿਆਨ ਕਰਕੇ ਕੌਮੀ ਸੁਰੱਖਿਆ ਕਮੇਟੀ (ਐਨਐਸਸੀ) ਨੂੰ ਉੱਚ ਪੱਧਰੀ ਬੈਠਕ ਸੱਦਣੀ ਪੈ ਗਈ ਅਤੇ ਉਨ੍ਹਾਂ ਦੇ ਬਿਆਨ ਨੂੰ ਸਰਬਸੰਮਤੀ ਨਾਲ ਗਲਤ ਅਤੇ ਗੁੰਮਰਾਹਕੁਨ ਕਰਾਰ ਦਿੱਤਾ ਗਿਆ। ਕਿਹਾ ਗਿਆ ਕਿ ਮੁੰਬਈ ਹਮਲੇ ਦੇ ਮੁਕੱਦਮੇ ਵਿਚ ਦੇਰੀ ਲਈ ਪਾਕਿਸਤਾਨ ਨਹੀਂ ਭਾਰਤ ਜ਼ਿੰਮੇਵਾਰ ਹੈ। ਐਨਐਸਸੀ ਦੀ ਬੈਠਕ ਮਗਰੋਂ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਸ਼ਰੀਫ਼ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਫ਼ੌਜੀ ਲੀਡਰਸ਼ਿਪ ਦੇ ਖ਼ਦਸ਼ਿਆਂ ਤੋਂ ਜਾਣੂ ਕਰਵਾਇਆ।

RELATED ARTICLES
POPULAR POSTS