Breaking News
Home / ਨਜ਼ਰੀਆ / ਵਧੀਆ ਵਰਕਰ, ਆਗੂ ਅਤੇ ਮਨੁੱਖ ਪਰਮਜੀਤ ਬੜਿੰਗ

ਵਧੀਆ ਵਰਕਰ, ਆਗੂ ਅਤੇ ਮਨੁੱਖ ਪਰਮਜੀਤ ਬੜਿੰਗ

ਹਰਜੀਤ ਬੇਦੀ
ਬਚਪਨ ਵਿੱਚ ਸੁਣਦੇ ਹੁੰਦੇ ਸੀ,” ਐਵੇਂ ਪਿੰਡ ਨਾ ਸੰਘੇੜੇ ਜਾਣੀ, ਟਿੱਬਿਆਂ ‘ਚ ਪੈਣ ਕੱਸੀਆ”। ਸੰਘੇੜਾ ਵਾਕਿਆ ਹੀ ਬਹੁਤ ਵਧੀਆ ਪਿੰਡ ਸੀ ਜਿਹੜਾ ਹੁਣ ਬਰਨਾਲੇ ਸ਼ਹਿਰ ਦਾ ਹੀ ਇੱਕ ਭਾਗ ਬਣ ਚੁੱਕਾ ਹੈ। ਮੈਨੂੰ ਯਾਦ ਹੈ ਕਿ ਦੂਜੀ ਤੀਜੀ ਵਿੱਚ ਪੜ੍ਹਦਿਆਂ ਛੁੱਟੀਆਂ ਵਿੱਚ ਕਾਹਨੇਕੇ ਤੋਂ ਦਾਦੀ ਨਾਲ ਮੇਰੇ ਬਾਪੂ ਦੀ ਮਾਸੀ ਦੇ ਪਿੰਡ ਮਹਿਲ ਕਲਾਂ ਜਾਣ ਲਈ ਸੰਘੇੜੇ ਵਿੱਚੋਂ ਦੀ ਜਾਣਾ ਪੈਂਦਾ ਸੀ ਤੇ ਕੁੱਝ ਵਾਟ ਕੱਸੀ ਦੇ ਨਾਲ ਨਾਲ ਕਰਨੀ ਪੈਂਦੀ ਸੀ। ਉਸ ਪਿੰਡ ਵਿੱਚ ਹੀ ਜੰਮਿਆ ਸੀ ਪਰਮਜੀਤ ਸਿੰਘ। ਘਰ ਦੀ ਹਾਲਤ ਉਸ ਸਮੇਂ ਮੁਤਾਬਕ ਬਹੁਤੀ ਚੰਗੀ ਨਹੀਂ ਸੀ ਤੇ ਉੱਤੋਂ ਬਜੁਰਗਾਂ ਵਲੋਂ ਜ਼ਿਆਦਾ ਕੰਮ ਕਰਨ ਦੇ ਲਾਲਚ ਵਿੱਚ ਪੋਸਤ ਤੇ ਨਾਗਣੀ ਦਾ ਸਹਾਰਾ ਲੈਣ ਕਰ ਕੇ ਤਾਂ ਹਾਲਤ ਬਹੁਤ ਪਤਲੀ ਪੈ ਗਈ ਤੇ ਕੁੱਝ ਜਮੀਨ ਗਹਿਣੇ ਵੀ ਪੈ ਗਈ। ਪਰਮਜੀਤ ਨੇ ਇਸ ਨੂੰ ਇੱਕ ਚੈਲਿੰਜ ਵਜੋਂ ਲਿਆ ਤੇ ਪੜ੍ਹਾਈ ਦੇ ਨਾਲ ਨਾਲ ਖੇਤੀ ਦਾ ਕੰਮ ਕਰ ਕੇ ਘਰ ਦੀ ਹਾਲਤ ਸੁਧਾਰਨ ਲਈ ਬਹੁਤ ਹੀ ਮੁਸ਼ੱਕਤ ਕੀਤੀ। ਐਗਰੀਕਲਚਰਲ ਯੂਨੀਵਰਸਿਟੀ ਨਾਲ ਸੰਪਰਕ ਕਰ ਕੇ ਵਧੀਆ ਖੇਤੀ ਕਰ ਕੇ ਪੈਦਾਵਾਰ ਕਰਨ ਵਿੱਚ ਮੋਹਰੀ ਬਣ ਗਿਆ। ਇਸ ਮੁਸ਼ੱਕਤ ਭਰੇ ਜੀਵਨ ਵਿੱਚ ਉਸ ਨੇ ਹਾਲਤਾਂ ਬਾਰੇ ਘੋਖ ਕੀਤੀ ਅਤੇ ਉਹ ਚਿੰਤਕ ਬਣ ਗਿਆ। ਆਮ ਲੋਕਾਂ ਵਾਂਗ ਲਾਈਲੱਗ ਨਾ ਬਣ ਕੇ ਪਰਿਵਾਰ ਦੇ ਨਾਲ ਨਾਲ ਪਿੰਡ ਦੀ ਬਿਹਤਰੀ ਲਈ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਪਣੀ ਯੋਗਤਾ ਆਪਣੇ ਤੱਕ ਹੀ ਸੀਮਤ ਨਾ ਰੱਖ ਕੇ ਹੋਰ ਕਿਸਾਨਾਂ ਦੀ ਸਹਾਇਤਾ ਵੀ ਕਰਨ ਲੱਗਾ ਤੇ ਉਹਨਾਂ ਦੇ ਖੇਤਾਂ ਵਿੱਚ ਖੁਦ ਜਾ ਕੇ ਉਹਨਾਂ ਦੀਆਂ ਫਸਲਾਂ ਦਾ ਨਿਰੀਖਣ ਕਰਨਾ ਤੇ ਆਪਣੇ ਗਿਆਨ ਮੁਤਾਬਕ ਬਚਾਅ ਲਈ ਸੁਝਾਅ ਦੇਣਾ ਉਸ ਦਾ ਸਮਾਜ ਲਈ ਕੁੱਝ ਕਰਨ ਦਾ ਵਲਵਲਾ ਹੀ ਸੀ। ਪਿੰਡ ਤੇ ਇਲਾਕੇ ਦੇ ਕਈ ਕਿਸਾਨ ਬਿਮਾਰੀ ਲੱਗੇ ਬੂਟੇ ਪੁੱਟ ਕੇ ਉਸ ਕੋਲ ਲੈ ਆਉਂਦੇ ਤੇ ਉਨ੍ਹਾਂ ਨੂੰ ਬਿਮਾਰੀ ਦਾ ਹੱਲ ਮਿਲ ਜਾਂਦਾ।
ਅੱਜ ਦੇ ਸਵਾਰਥੀ ਯੁਗ ਵਿੱਚ ਵੀ ਉਹ ਸਾਂਝ ਪੁਗਾਉਣੀ ਜਾਣਦਾ ਹੈ। ਪਿੰਡ ਰਹਿੰਦਿਆਂ ਤਿੰਨ ਗੁਆਂਢੀ ਮੋਟਰਾਂ ਵਾਲੇ ਪਰਿਵਾਰਾਂ ਦੀ ਚਾਹ ਇੱਕੋ ਮੋਟਰ ਤੇ ਸਾਂਝੀ ਬਣਦੀ ਸੀ ਤੇ ਇਕੱਠੇ ਬੈਠ ਕੇ ਰੋਟੀ ਖਾਂਦੇ। ਇਸੇ ਤਰ੍ਹਾਂ ਆਲੇ ਦੁਆਲੇ ਦੇ ਖੇਤਾਂ ਵਾਲੇ ਰਲ ਕੇ ਉਸ ਦੀ ਦੇਖ ਰੇਖ ਹੇਠ ਚੂਹੇ ਮਾਰ ਦੁਆਈ ਪਾਉਂਦੇ।
ਪਰਮਜੀਤ ਅਜੇ ਕਾਲਜ਼ ਵਿੱਚ ਪੜ੍ਹਦਾ ਹੀ ਸੀ ਕਿ ਪਿੰਡ ਦੇ ਇੱਕ ਸੂਦ-ਖੋਰ ਦਾ ਕਤਲ ਹੋ ਗਿਆ। ਅਗਾਂਹਵਧੂ ਖਿਆਲਾਂ ਦਾ ਹੋਣ ਕਰ ਕੇ ਉਸ ਨੂੰ ਪਿੰਡ ਦੇ ਤਿੰਨ ਹੋਰ ਨੌਜਵਾਨ ਮੁੰਡਿਆਂ ਨਾਲ ਫੜ ਕੇ ਪੁਲਿਸ ਵਲੋਂ ਨਾਜਾਇਜ਼ ਖਿੱਚ-ਧੂਹ ਕੀਤੀ ਗਈ। ਬੀ ਐੱਡ ਕਰਨ ਉਪਰੰਤ ਆਰਜ਼ੀ ਤੌਰ ‘ਤੇ ਅਧਿਆਪਕ ਦੀ ਨੌਕਰੀ ਮਿਲ ਗਈ। ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਜਿਸ ਨੂੰ ਉਸਾਰਨ ਵਿੱਚ ਮੇਰੀ ਭੂਮਿਕਾ ਵੀ ਰਹੀ ਹੈ ਦੇ ਸੱਦੇ ਤੇ ਉਸ ਨੇ ਯੂਨੀਅਨ ਵਲੋਂ ਜੇਲ੍ਹ ਭਰੋ ਅੰਦੋਲਨ ਵਿੱਚ ਪਟਿਆਲਾ ਜੇਲ੍ਹ ਦੀਆਂ ਰੋਟੀਆਂ ਵੀ ਖਾਧੀਆਂ। ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਵਰਗਿਆਂ ਦੇ ਸਾਥ ਨੇ ਇਸ ਦੀ ਅਗਾਂਹ-ਵਧੂ ਸੋਚ ਨੂੰ ਹੋਰ ਵੀ ਪ੍ਰਫੁੱਲਤ ਕੀਤਾ ਅਤੇ ਉਹ ਅਧਿਆਪਕ ਯੂਨੀਅਨ ਅਤੇ ਤਰਕਸ਼ੀਲ ਸੋਸਾਇਟੀ ਦਾ ਬਹੁਤ ਹੀ ਸਰਗਰਮ ਕਾਰਕੁੰਨ ਰਿਹਾ।
ਪਿੰਡ ਦੇ ਇੱਕ ਗਰੀਬ ਨਾਈ ਪਰਿਵਾਰ ਦੀ ਲੜਕੀ ਜੋ ਜ਼ਿਲ੍ਹਾ ਬਠਿੰਡਾ ਦੇ ਪਿੰਡ ਪਥਰਾਲਾ ਵਿੱਚ ਵਿਆਹੀ ਹੋਈ ਸੀ, ਸਹੁਰੇ ਘਰੋਂ ਗਾਇਬ ਹੋ ਗਈ ਜਿਸ ਦੀ ਭਾਲ ਅਤੇ ਬਰਾਮਦੀ ਵਾਸਤੇ ਇਸ ਨੇ ਅੱਗੇ ਲੱਗ ਕੇ ਇੱਕ ਕਮੇਟੀ ਬਣਾਈ ਜਿਸ ਨੇ ਉਸ ਨੂੰ ਲੱਭਣ ਵਾਸਤੇ ਸਿਰਤੋੜ ਯਤਨ ਕੀਤਾ। ਇਸ ਵਿੱਚ ਡਾ: ਵਿਨੀਤਾ ਨੇ ਵੀ ਸਹਿਯੋਗ ਦਿੱਤਾ। ਬਠਿੰਡੇ ਉੱਚ ਅਧਿਕਾਰੀਆਂ ਅਤੇ ਪਾਰਲੀਮੈਂਟ ਤੱਕ ਆਵਾਜ਼ ਉਠਾਈ ਤੇ ਸੀ ਬੀ ਆਈ ਤੋਂ ਪੜਤਾਲ ਕਰਵਾਈ। ਇਸੇ ਕਮੇਟੀ ਨੇ ਪਿੰਡ ਵਿੱਚੋਂ ਸਮਾਜਿਕ ਬੁਰਾਈਆਂ ਜਿਵੇਂ ਬਜੁਰਗਾਂ ਦੇ ਭੋਗ ‘ਤੇ ਬੇਲੋੜਾ ਖਰਚ ਜਿਸ ਨਾਲ ਗਰੀਬ ਤੇ ਹੇਠਲੇ ਵਰਗ ਦੇ ਲੋਕ ਬਰਬਾਦ ਹੋ ਜਾਂਦੇ ਹਨ ਨੂੰ ਪ੍ਰੈਕਟੀਕਲ ਤੌਰ ‘ਤੇ ਰੋਕਿਆ। ਸਾਂਝੇ ਤੌਰ ‘ਤੇ ਫੈਸਲਾ ਕਰਕੇ ਭੋਗ ਗੁਰਦਵਾਰੇ ਪਾਉਣਾ ਅਤੇ ਲੱਡੂ ਜਲੇਬੀਆਂ ‘ਤੇ ਰੋਕ ਲਾਈ। ਕਮੇਟੀ ਦਾ ਇੱਕ ਮੈਂਬਰ ਭੋਗ ‘ਤੇ ਹਾਜ਼ਰ ਹੋ ਕੇ ਦੱਸਦਾ ਕਿ ਇਹ ਪਿੰਡ ਦਾ ਫੈਸਲਾ ਹੈ ਤਾਂ ਕਿ ਪਰਿਵਾਰ ਰਿਸ਼ਤੇਦਾਰਾਂ ਵਿੱਚ ਘੱਟ ਖਰਚ ਕਰਨ ਲਈ ਨੁਕਤਾਚੀਨੀ ਦਾ ਸ਼ਿਕਾਰ ਨਾ ਹੋਵੇ। ਪਿੰਡ ਦੇ ਸਾਰੇ ਧਾਰਮਿਕ ਸਥਾਨਾਂ ਦੀ ਮੀਟਿੰਗ ਬੁਲਾ ਕੇ ਉਹਨਾਂ ਨੂੰ ਇਸ ਗੱਲ ਲਈ ਰਜਾਮੰਦ ਕੀਤਾ ਕਿ ਸਪੀਕਰ ਵਾਰੀ ਸਿਰ ਇੱਕ ਹੀ ਸਥਾਨ ਤੋਂ ਲਾਇਆ ਜਾਵੇ ਤਾਂ ਕਿ ਵਿਦਿਆਰਥੀਆਂ ਅਤੇ ਬਿਮਾਰਾਂ ਨੂੰ ਔਖ ਨਾ ਹੋਵੇ। ਪਰਮਜੀਤ ਦੇ ਸੱਚੇ ਸੁੱਚੇ ਕਿਰਦਾਰ ਤੋਂ ਪਰਭਾਵਤ ਪਿੰਡ ਦੇ ਲੋਕ ਉਸ ਦਾ ਮਾਨ-ਸਤਿਕਾਰ ਅਤੇ ਉਸ ਤੇ ਪੂਰਾ ਭਰੋਸਾ ਕਰਦੇ। ਜਦੋਂ ਕਿਸੇ ਪਰਿਵਾਰ ਦਾ ਮੁੰਡਾ ਅਲੱਗ ਹੁੰਦਾ ਤਾਂ ਉਸ ਦੇ ਨਿਰਪੱਖ ਹੋਣ ਕਰ ਕੇ ਉਸ ਦੀ ਲੋੜ ਸਮਝ ਕੇ ਉਸ ਨੂੰ ਜ਼ਰੂਰ ਸੱਦਿਆ ਜਾਂਦਾ।
ਕਹਿਣੀ ਅਤੇ ਕਰਨੀ ਦੇ ਪੱਕੇ ਪਰਮਜੀਤ ਨੇ ਆਪਣਾ ਵਿਆਹ ਬੜਾ ਹੀ ਸਾਦਾ ਅਤੇ ਬਗੈਰ ਦਹੇਜ ਦੇ ਕਰਵਾਇਆ। ਕਿਉਂਕਿ ਸਾਡੇ ਸਮਾਜ ਲਈ ਇਹ ਅਚੰਭੇ ਵਾਲੀ ਗੱਲ ਸੀ ਕਿ ਜ਼ਮੀਨ ਦਾ ਮਾਲਕ ਅਤੇ ਸਰਕਾਰੀ ਮੁਲਾਜਮ ਜੱਟਾਂ ਦਾ ਮੁੰਡਾ ਬਿਨਾਂ ਦਹੇਜ ਦੇ ਵਿਆਹ? ਪਿੰਡ ਦੇ ਕਈ ਲੋਕ ਤਾਂ ਇੱਥੋਂ ਤੱਕ ਸੋਚਣ ਲੱਗੇ ਕਿ ਜਰੂਰ ਅੰਦਰਖਾਤੇ ਕੁੱਝ ਲਿਆ ਹੈ। ਕੁੱਝ ਦੇਰ ਬਾਦ ਆਪਣੇ ਭਰਾਵਾਂ ਦੇ ਵਿਆਹ ਵੀ ਇਸੇ ਤਰ੍ਹਾਂ ਕੀਤੇ ਤਾਂ ਪਿੰਡ ਵਾਲਿਆਂ ਨੂੰ ਸਮਝ ਲੱਗੀ ਕਿ ਇਉਂ ਵੀ ਹੋ ਸਕਦਾ ਹੈ ਅਤੇ ਇਸ ਦਾ ਹਾਂ ਪੱਖੀ ਅਸਰ ਹੋਰ ਲੋਕਾਂ ਤੇ ਵੀ ਪਿਆ।
ਪੰਜਾਬ ਵਿੱਚ ਤਰਕਸ਼ੀਲ ਲਹਿਰ ਦੇ ਮੋਢੀ ਮੇਘ ਰਾਜ ਮਿੱਤਰ ਦੇ ਪਿਤਾ ਬਿਰਜ ਲਾਲ ਜੀ ਇਸ ਇਲਾਕੇ ਦੇ ਪਹਿਲੇ ਸਰੀਰ ਦਾਨੀ ਸਨ। ਉਹਨਾਂ ਦੇ ਮ੍ਰਿਤਕ ਸਰੀਰ ਨੂੰ ਡੀ ਐਮ ਸੀ ਦੀ ਟੀਮ ਲੈਣ ਆਈ ਤੇ ਉਸ ਦੇ ਭੋਗ ਤੇ ਹੀ ਪਰਮਜੀਤ ਅਤੇ ਬਲਬੀਰ ਬੜਿੰਗ ਦੀ ਜੋੜੀ ਨੇ ਹੋਰ ਕਈਆਂ ਸਮੇਤ ਆਪਣੀ ਬੌਡੀ ਦਾਨ ਕਰ ਦਿੱਤੀ। ਉਸ ਨੇ 23 ਸਤੰਬਰ 2006 ਨੂੰ ਇਸ ਬਾਰੇ ਇੱਕ ਵਸੀਅਤ ਵੀ ਕੀਤੀ ਕਿ ” ਮੈਂ ਮਾਰਕਸੀ ਵਿਚਾਰਧਾਰਾ ਦਾ ਹਾਮੀ ਹਾਂ ਅਤੇ ਪੁਨਰ ਜਨਮ ਵਿੱਚ ਵਿਸ਼ਵਾਸ਼ ਨਹੀਂ ਰਖਦਾ। ਮੇਰੇ ਮਰਨ ਉਪਰੰਤ ਭੋਗ ਵਗੈਰਾ ਦੀ ਕੋਈ ਧਾਰਮਿਕ ਰਸਮ ਨਾ ਕੀਤੀ ਜਾਵੇ। ਮੇਰਾ ਸਵਰਗ ਜਾਂ ਨਰਕ ਵਿੱਚ ਕੋਈ ਵਿਸ਼ਵਾਸ਼ ਨਹੀਂ ਹੈ। ਵਾਰਸਾਂ ਤੋਂ ਉਮੀਦ ਕਰਦਾ ਹਾਂ ਕਿ ਉਹ ਮੇਰੀ ਇੱਛਾ ਜਰੂਰ ਪੂਰੀ ਕਰਨਗੇ”। ਇਸ ਵਸੀਅਤ ਉੱਤੇ ਉਸ ਨੇ ਪਤਨੀ , ਪੁੱਤਰਾਂ , ਭਰਾਵਾਂ ਅਤੇ ਦੋ ਮਿੱਤਰਾਂ ਦੇ ਦਸਤਖਤ ਕਰਵਾਏ। ਟੋਰਾਂਟੋ ਯੂਨੀਵਰਸਟੀ ਕੋਲ ਵੀ ਬੜਿੰਗ ਜੋੜੀ ਨੇ ਆਪਣੇ ਸਰੀਰ ਦਾਨ ਕੀਤੇ ਹੋਏ ਹਨ। ਮਾਸਟਰ ਪਰਮਜੀਤ ਕੈਨੇਡਾ ਆ ਕੇ ਪਰਮਜੀਤ ਬੜਿੰਗ ਬਣ ਗਿਆ। ਜਥੇਬੰਦਕ ਸੋਚ ਹੋਣ ਕਾਰਣ ਆਉਣ ਸਾਰ ਹੀ ਆਪਣੇ ਏਰੀਏ ਦੀ ਰੈੱਡ ਵਿੱਲੋ ਕਲੱਬ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ। ਚੰਗਾ ਬੁਲਾਰਾ ਅਤੇ ਜਥੇਬੰਦਕ ਸੂਝ ਬੂਝ ਕਾਰਨ ਕਲੱਬ ਦਾ ਕੈਸ਼ੀਅਰ ਚੁਣਿਆ ਗਿਆ। ਉਸ ਨਾਲ ਮੇਰਾ ਵਾਹ ਇੱਕ ਪਰੋਗਰਾਮ ਵਿੱਚ ਜਦ ਉਹ ਸਟੇਜ ਚਲਾ ਰਿਹਾ ਸੀ ਪਿਆ। ਮੈਂ ਉਸ ਤੋਂ ਬੋਲਣ ਲਈ ਸਮਾਂ ਮੰਗਿਆ ਪਰ ਉਸ ਨੇ ਇਹ ਕਹਿੰਦੇ ਨਾਂਹ ਕਰ ਦਿੱਤੀ ਕਿ ਸਾਰਾ ਪਰੋਗਰਾਮ ਪਹਿਲਾਂ ਹੀ ਉਲੀਕਿਆ ਹੋਇਆ ਹੈ। ਉਸ ਤੋਂ ਬਾਦ ਦੇ ਪਰੋਗਰਾਮਾਂ ਵਿੱਚ ਉਹ ਮੈਥੋਂ ਪਹਿਲਾਂ ਪੁੱਛਦਾ ਕਿ ਕੁੱਝ ਬੋਲਣਾ ਚਾਹੁੰਦਾ ਹੈ? ਉਸ ਨੇ ਆਪ ਤਰੱਦਦ ਕਰ ਕੇ ਮੇਰੀ ਕਿਤਾਬ ”ਹਕੀਕਤ” ਛਪਵਾਈ ਤੇ 100 ਕਾਪੀਆਂ ਇੰਡੀਆ ਤੋਂ ਲੈ ਕੇ ਵੀ ਆਇਆ।
ਸੀਨੀਅਰਜ਼ ਕਲੱਬ ਵਿੱਚ ਕੰਮ ਕਰਦਾ ਹੋਣ ਕਰ ਕੇ ਉਸ ਨੂੰ ਹੋਰ ਕਲੱਬਾਂ ਵਿੱਚ ਵੀ ਜਾਣਾ ਪੈਂਦਾ ਸੀ। ਉਸ ਨੂੰ ਇੱਕ ਗੱਲ ਬੜੀ ਚੁਭਦੀ ਸੀ ਕਿ ਕਲੱਬਾਂ ਵਲੋਂ ਆਪਣੀਆਂ ਮੰਗਾਂ ਬਾਰੇ ਦਸਦੇ ਹੋਏ ਸਿਟੀ ਦੀਆਂ ਮੰਗਾ ਫੈਡਰਲ, ਫੈਡਰਲ ਦੀਆਂ ਪਰੋਵਿੰਸ ਅਤੇ ਪਰੋਵਿੰਸ ਨਾਲ ਸਬੰਧਤ ਸਿਟੀ ਵਿਚਲੇ ਨੁਮਾਇੰਦਿਆਂ ਨੂੰ ਪੇਸ਼ ਕਰ ਦਿੱਤੀਆਂ ਜਾਂਦੀਆਂ। ਉਸ ਨੇ ਇਸ ਦੇ ਹੱਲ ਲਈ ਸਾਰੇ ਕਲੱਬਾਂ ਦੀ ਇੱਕ ਸਾਂਝੀ ਸੰਸਥਾ ਬਣਾਉਣ ਬਾਰੇ ਸੋਚਿਆ ਅਤੇ ਇਹ ਗੱਲ ਉਹ ਜਿੱਥੇ ਵੀ ਜਾਂਦਾ ਸਾਂਝੀ ਕਰਦਾ। ਉਸ ਦੀ ਮਿਹਨਤ ਨੂੰ ਫਲ ਲੱਗਾ ਤੇ ਅਖੀਰ ਬੜੀ ਜਦੋ-ਜਹਿਦ ਤੋਂ ਬਾਦ ਬਰੈਂਪਟਨ ਦੇ ਬਹੁਤ ਸਾਰੇ ਕਲੱਬਾਂ ਦੀ ਇੱਕ ਸਾਂਝੀ ਜਥੇਬੰਦੀ ” ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ, ਬਰੈਂਪਟਨ” ਹੋਂਦ ਵਿੱਚ ਆਈ। ਜਿਸ ਦਾ ਉਹ ਪ੍ਰਧਾਨ ਹੈ। ਜਿਸ ਨੇ ਬਹੁਤ ਮੀਟਿੰਗਾਂ ਵਿੱਚ ਸੋਚ ਵਿਚਾਰ ਤੋਂ ਬਾਅਦ ਸੀਨੀਅਰਜ਼ ਦੀ ਮੰਗਾ ਨੂੰ ਕੈਟਾਗਰੀ ਵਾਈਜ਼ ਕਰ ਕੇ ਸਬੰਧਤ ਅਦਾਰਿਆਂ ਨਾਲ ਗੱਲ ਬਾਤ ਰਾਹੀਂ ਸੀਨੀਅਰਜ਼ ਦੇ ਮਸਲੇ ਹੱਲ ਕਰਨ ਦੀ ਜਦੋ-ਜਹਿਦ ਆਰੰਭ ਕੀਤੀ ਹੋਈ ਹੈ ਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਹੋਇਆ ਵੀ ਹੈ। ਉਹ ਨਿਜੀ ਤੌਰ ‘ਤੇ ਸੀਨੀਅਰਾਂ ਦੀਆਂ ਸਪੈਸਲਿਸਟ ਡਾਕਟਰਾਂ ਨਾਲ ਮੁਲਾਕਾਤ, ਸਰਵਿਸ ਕੈਨੇਡਾ ਅਤੇ ਹੋਰ ਥਾਵਾਂ ਤੇ ਉਹਨਾਂ ਨਾਲ ਜਾਂਦਾ ਹੈ ਜਾਂ ਆਪਣੇ ਕਿਸੇ ਹੋਰ ਸਾਥੀ ਨੂੰ ਭੇਜਦਾ ਹੈ।
ਸੀਨੀਅਰਜ਼ ਕਲੱਬਾਂ ਤੋਂ ਬਿਨਾਂ ਪਰਮਜੀਤ ਬੜਿੰਗ ਨਾਰਥ ਅਮੈਰਿਕਨ ਤਰਕਸ਼ੀਲ਼ ਸੁਸਾਇਟੀ ਦਾ ਸਿਰ- ਕੱਢ ਮੈਂਬਰ ਹੈ। ਪਿਛਲੇ ਸਮੇਂ ਜਦ ਪੰਜਾਬ ਸਰਕਾਰ ਵਲੋਂ ਪਰਵਾਸੀ ਪੈਨਸ਼ਨਰਾਂ ਤੇ ਕੁਹਾੜਾ ਚੱਲਣ ਲੱਗਾ ਤਾਂ ਉਸ ਨੇ ”ਪਰਵਾਸੀ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ” ਬਣਾਉਣ ਵਿੱਚ ਮੋਹਰੀ ਰੋਲ ਨਿਭਾਇਆ ਤੇ ਪੈਨਸ਼ਨਰਾਂ ਨੇ ਉਸ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ॥ ਏਕਤਾ ਦਾ ਮੁਦਈ ਹੋਣ ਕਰ ਕੇ ਉਸ ਨੇ ਇਹ ਮਹਿਸੂਸ ਕਰ ਕੇ ਕਿ ਇੱਥੇ ਸ਼ੋਸ਼ਲ ਲਾਈਫ ਦੀ ਘਾਟ ਹੈ ”ਡਿਸਟਰਿਕਟ ਬਰਨਾਲਾ ਫੈਮਲੀਜ਼ ਐਸੋਸੀਏਸ਼ਨ” ਬਣਾਉਣ ਲਈ ਵੀ ਇਲਾਕੇ ਦੇ ਲੋਕਾਂ ਨਾਲ ਤਾਲਮੇਲ ਇਸ ਮਕਸਦ ਨਾਲ ਕੀਤਾ ਕਿ ਕਨੇਡਾ ਦੀ ਰੁਝੇਵਿਆਂ ਭਰੀ ਜਿੰਦਗੀ ਵਿੱਚ ਔਕੜ ਸਮੇਂ ਇਲਾਕੇ ਦੇ ਲੋਕ ਇੱਕ ਦੂਜੇ ਦੇ ਦੁੱਖ-ਸੁੱਖ ਵਿੱਚ ਇਕੱਠੇ ਹੋ ਜਾਣ। ਪਰਮਜੀਤ ਦੇ ਅਜਿਹੇ ਕਿਰਦਾਰ ਤੇ ਉਸ ਦੇ ਲੜਕਿਆਂ ਤੇ ਪੂਰਾ ਅਸਰ ਹੈ, ਵੱਡਾ ਲੜਕਾ ਬਲਜੀਤ ਬੜਿੰਗ ਨੇ ਸੀਨੀਅਰਜ ਨੂੰ ਕੰਪਿਊਟਰ ਦੀ ਸਿਖਲਾਈ ਦਿੱਤੀ ਅਤੇ ਛੋਟਾ ਕੁਲਵਿੰਦਰ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਹੁੰਦਾ ਹੈ। ਪਰਮਜੀਤ ਅਤੇ ਉਸਦਾ ਪਰਿਵਾਰ ਇੱਥੇ ਆ ਕੇ ਆਪਣੇ ਪਿੰਡ ਦੇ ਲੋਕਾਂ ਨੂੰ ਨਹੀਂ ਭੁੱਲਿਆ ਉਸ ਵਲੋਂ ਪਿੰਡ ਦੇ ਸਰਕਾਰੀ ਸਕੂਲ ਦੇ ਪਹਿਲੀ ਤੋਂ ਦਸਵੀਂ ਤੱਕ ਫਸਟ, ਸੈਕਿੰਡ ਅਤੇ ਥਰਡ ਆਉਣ ਵਾਲੇ ਬੱਚਿਆਂ ਨੂੰ 2008 ਤੋਂ ਲਗਾਤਾਰ ਪਿੰਡ ਦੀ ਕਮੇਟੀ ਰਾਹੀਂ ਵਜੀਫੇ ਦਿੱਤੇ ਜਾ ਰਹੇ ਹਨ।
ਆਮ ਤੌਰ ‘ਤੇ ਇਹ ਦੇਖਣ ਵਿੱਚ ਆਉਂਦਾ ਹੈ ਕਿ ਬਹੁਤੇ ਲੋਕ ਸੰਸਥਾਵਾਂ ਦੇ ਅਹੁਦਿਆਂ ਨੂੰ ਚੁੰਬੜਣ ਦੀ ਲਾਲਸਾ ਰਖਦੇ ਹਨ। ਪਰੰਤੂ ਪਰਮਜੀਤ ਇਸ ਤੋਂ ਉਲਟ ਹੈ ਉਹ ਵਰਕਰ ਬਣ ਕੇ ਕੰਮ ਕਰਨਾ ਲੋਚਦਾ ਹੈ ਪਰ ਲੋਕ ਉਸ ਨੂੰ ਆਗੂ ਦੇ ਤੌਰ ‘ਤੇ ਦੇਖਣਾ ਪਸੰਦ ਕਰਦੇ ਹਨ। ਉਸ ਵਿੱਚ ਇਹ ਗੁਣ ਵੀ ਹੈ ਕਿ ਹਰ ਤਰ੍ਹਾਂ ਦੇ ਬੰਦੇ ਨਾਲ ਐਡਜਸਟ ਕਰ ਲੈਂਦਾ ਹੈ ਜਿਸ ਨੂੰ ਉਹ ਪਸੰਦ ਨਹੀਂ ਵੀ ਕਰਦਾ ਉਸ ਨੂੰ ਵੀ ਉਸ ਨੇ ਕਦੇ ਲਾਹ ਕੇ ਪਰ੍ਹੇ ਨਹੀਂ ਸੁੱਟਿਆ। ਉਸ ਦਾ ਕਹਿਣਾ ਹੈ ਕਿ ”ਆਪਣੇ ਹਮ ਖਿਆਲ ਬੰਦੇ ਬਹੁਤ ਘੱਟ ਮਿਲਦੇ ਹਨ ਐਡਜਸਟਮੈਂਟ ਕਰ ਕੇ ਹੀ ਸਮਾਜ ਵਿੱਚ ਵਿਚਰਿਆ ਜਾ ਸਕਦਾ ਹੈ। ਬੱਸ ਨੇਕ ਨੀਅਤੀ ਨਾਲ ਆਪਣਾ ਕੰਮ ਕਰਦੇ ਜਾਓ”। ਉਸ ਨੂੰ ਚੁਗਲ ਖੋਰ ਬੰਦਿਆਂ ਨਾਲ ਅਲਰਜੀ ਜਰੂਰ ਹੈ। ਇਹ ਮੈਂ ਉਸ ਨੂੰ ਪ੍ਰਤੱਖ ਤੌਰ ‘ਤੇ ਜਾਣਿਆ ਹੈ।
ਇੱਕ ਘਟਨਾ ਵਿੱਚ ਜਥੇਬੰਦੀ ਦੇ ਇੱਕ ਅਹੁਦੇਦਾਰ ਨੇ ਮੇਰੇ ਸਾਹਮਣੇ ਪ੍ਰਧਾਨ ਦੀ ਚੁਗਲੀ ਕਰ ਦਿੱਤੀ ਅਖੇ ਉਸ ਨੂੰ ਤਾਂ ਉਸ ਦੀ ਬਰਾਦਰੀ ਵਾਲਿਆਂ ਨੇ ਕੱਢਿਆ ਹੋਇਆ ਹੈ, ਆਪਾਂ ਪ੍ਰਧਾਨ ਬਣਾਈ ਬੈਠੇ ਆ। ਪਰਮਜੀਤ ਤੇ ਮੇਰਾ ਉਸ ਨੂੰ ਇੱਕੋ ਹੀ ਜਵਾਬ ਸੀ ਕਿ ਉਸ ਨੂੰ ਆਪਾਂ ਸਭ ਨੇ ਚੁਣਕੇ ਪ੍ਰਧਾਨ ਬਣਾਇਆ ਹੈ। ਜੇ ਨਹੀਂ ਚੰਗਾ ਲਗਦਾ ਅਗਲੀ ਚੋਣ ‘ਚ ਬਦਲ ਦਿਓ। ਇਸ ਤਰ੍ਹਾਂ ਕਿਸੇ ਨੂੰ ਬੇਇੱਜਤ ਕਰ ਕੇ ਅੱਧ ਵਿਚਾਲੇ ਲਾਂਭੇ ਕਰਨਾ ਠੀਕ ਨਹੀਂ। ਬੱਸ ਉਸ ਬੰਦੇ ਨੂੰ ਤਾਂ ਚੁਗਲੀ ਮਾਰ ਕੇ ਚੌਧਰੀ ਬਣਨ ਦੀ ਆਦਤ ਸੀ ਤੇ ਇੱਥੇ ਦਾਲ ਗਲਦੀ ਨਾ ਦੇਖ ਕੇ ਉਸ ਨੇ ਪ੍ਰਧਾਨ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਉਹ ਕੰਨਾਂ ਦਾ ਕੱਚਾ ਸੀ ਤੇ ਨਤੀਜਾ ਸੰਸਥਾ ਦੇ ਦੋਫਾੜ ਹੋਣ ‘ਚ ਨਿਕਲਿਆ।
ਪਰਮਜੀਤ ਵਿਚਾਰਧਾਰਕ ਤੌਰ ‘ਤੇ ਪੂਰਾ ਪਰਪੱਕ ਹੈ ਜਿਸ ਗੱਲ ਨੂੰ ਠੀਕ ਸਮਝਦਾ ਹੈ ਉਸ ਤੇ ਡਟ ਕੇ ਪਹਿਰਾ ਵੀ ਦਿੰਦਾ ਹੈ ਪਰ ਵਿਰੋਧੀ ਵਿਚਾਰਾਂ ਵਾਲੇ ਨੂੰ ਲਿਤਾੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਦੇ ਵੀ ਨਹੀਂ ਕਰਦਾ ਸਗੋਂ ਦਲੀਲ ਨਾਲ ਗੱਲ ਕਰ ਕੇ ਆਪਣੀ ਗੱਲ ਜਚਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਜਿੱਥੋਂ ਤੱਕ ਹੋ ਸਕੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਕਿਸੇ ਨੂੰ ਵੀ ਉਸ ਦੇ ਨਿਰਸਵਾਰਥ ਸਮਾਜ ਸੇਵੀ ਹੋਣ ਬਾਰੇ ਕੋਈ ਭੁਲੇਖਾ ਨਹੀਂ ਪਰ ਹੰਕਾਰੀ,ਹਿੰਡੀ, ਗੱਲਾਂ ਨਾਲ ਮਹਿਲ ਉਸਾਰਨ ਵਾਲੇ ਤੇ ਚੌਧਰ ਦੇ ਭੁੱਖੇ ਭਾਵੇਂ ਉਸ ਦੀ ਆਲੋਚਨਾ ਕਰਦੇ ਹੋਣ। ਮਨੁੱਖੀ ਗੁਣਾਂ ਵਾਲੇ ਬੰਦੇ ਕਦੇ ਵੀ ਚੜ੍ਹਦੇ ਸੂਰਜ ਨੂੰ ਸਲਾਮੀ ਨਹੀਂ ਕਰਦੇ ਸਗੋਂ ਸੱਚ ਸੁਣਾਸਿੀ ਸੱਚ ਕੀ ਬੇਲਾ ਵਰਗੇ ਮਹਾਨ ਬੋਲ ਪੁਗਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਿਸੇ ਨੂੰ ਤਕੜਾ ਸਮਝ ਕੇ ਉਸ ਦੀ ਟੈਂ ਨਹੀਂ ਮੰਨਦਾ ਤੇ ਨਾ ਹੀ ਕਮਜੋਰ ਸਮਝ ਕੇ ਉਸ ਨੂੰ ਦਰੜਦਾ ਹੈ। ਮੈਨੂੰ ਇਹ ਆਸ ਹੀ ਨਹੀਂ ਯਕੀਨ ਵੀ ਹੈ ਕਿ ਜਿਸ ਜੋਖਮ ਭਰੇ ਰਾਹ ਤੇ ਚੱਲ ਕੇ ਉਹ ਸਮਾਜ ਲਈ ਜੋ ਕੁੱਝ ਕਰਨਾ ਚਾਹੁੰਦਾ ਹੈ ਉਸ ਨੂੰ ਪੂਰਾ ਕਰਨ ਲਈ ਸਾਬਤ ਕਦਮੀ ਨਿਰੰਤਰ ਆਪਣਾ ਸਫਰ ਜਾਰੀ ਰੱਖੇਗਾ। – 647-924-9087

 

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …