
ਭਾਜਪਾ ’ਚ ਸ਼ਾਮਲ ਹੋ ਗਏ ਅਕਸ਼ੇ ਕਾਂਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕਾ ਇੰਦੌਰ ਵਿਚ ਚੋਣਾਂ ਤੋਂ 14 ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਕਸ਼ੇ ਕਾਂਤੀ ਨੇ ਆਪਣਾ ਨਾਮਜ਼ਦਗੀ ਪਰਚਾ ਵਾਪਸ ਲੈ ਲਿਆ ਹੈ। ਯਾਨੀ ਅਕਸ਼ੇ ਕਾਂਤੀ ਹੁਣ ਲੋਕ ਸਭਾ ਚੋਣਾਂ ਨਹੀਂ ਲੜਨਗੇ। ਉਨ੍ਹਾਂ ਨੇ ਅੱਜ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਤੇ ਮੰਤਰੀ ਕੈਲਾਸ਼ ਵਿਜੇਵਰਗੀਏ ਅਤੇ ਵਿਧਾਇਕ ਰਮੇਸ਼ ਮੇਂਦੋਲਾ ਦੇ ਨਾਲ ਕੁਲੈਕਟਰ ਦਫਤਰ ਵਿਚ ਜਾ ਕੇ ਨਾਮਜ਼ਦਗੀ ਪਰਚਾ ਵਾਪਸ ਲੈ ਲਿਆ। ਇੰਦੌਰ ਵਿਚ ਨਾਮਜ਼ਦਗੀਆਂ ਵਾਪਸ ਲੈਣ ਦਾ ਅੱਜ ਆਖਰੀ ਦਿਨ ਸੀ। ਕੁਲੈਕਟਰ ਦਫਤਰ ਵਿਚ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ ਅਕਸ਼ੇ ਕਾਂਤੀ ਭਾਜਪਾ ਦੇ ਦਫਤਰ ਪਹੁੰਚ ਗਏ ਅਤੇ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਭਾਜਪਾ ਦੇ ਆਗੂ ਕੈਲਾਸ਼ ਵਿਜੇਵਰਗੀਏ ਨੇ ਅਕਸ਼ੇ ਕਾਂਤੀ ਦਾ ਸਵਾਗਤ ਕੀਤਾ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਤੋਂ 22 ਅਪ੍ਰੈਲ ਨੂੰ ਭਾਜਪਾ ਉਮੀਦਵਾਰ ਬਿਨਾ ਮੁਕਾਬਲਾ ਹੀ ਲੋਕ ਸਭਾ ਦੀ ਚੋਣ ਜਿੱਤ ਗਏ ਸਨ। ਅਜਿਹਾ ਇਸ ਕਰਕੇ ਹੋਇਆ ਸੀ ਕਿ ਕਾਂਗਰਸੀ ਉਮੀਦਵਾਰ ਦਾ ਨਾਮਜ਼ਦਗੀ ਪਰਚਾ ਰੱਦ ਹੋ ਗਿਆ ਸੀ ਅਤੇ ਹੋਰ ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲੈ ਲਏ ਸਨ।