Breaking News
Home / ਰੈਗੂਲਰ ਕਾਲਮ / ਜ਼ਮੀਰ ਦੀ ਦਵਾਈ

ਜ਼ਮੀਰ ਦੀ ਦਵਾਈ

ਸਿਰ ਨਾ ਝੁਕਾਓ ਵਾਗ ਮੋੜੋ ਤਕਦੀਰ ਦੀ।
ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ।

ਦੱਲਪੁਣਾਂ ਰੋਗ ਹੋਵੇ ਆਖਰੀ ਚਾਹੇ ਪੇਜ ‘ਤੇ।
ਰੋਗ ਭਾਵੇਂ ਪਹੁੰਚਾ ਹੋਵੇ ਆਖਰੀ ਸਟੇਜ ‘ਤੇ।
ਹਲੂਣੇ ਨਾਲ ਖੁੱਲੂ ਅੱਖ ਦਿਲ ਦੇ ਅਮੀਰ ਦੀ।
ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ।

ਸਾਡੇ ਕੋਲ ਸਾਰੇ ਹੱਲ ਸਾਰੀਆਂ ਦਵਾਈਆਂ ਨੇ।
ਕਦੇ ਨਾਂ ਸਟੋਰ ਬਾਹਰ ਵਾਲੇ ਤੋਂ ਲਿਖਾਈਆਂ ਨੇ।
ਪਹਿਲੀਆਂ ਖੁਰਾਕਾਂ ਨਾਲ ਲੋੜ ਥੋੜੀ ਧੀਰ ਦੀ।
ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ।

ਲ਼ੱਤਾਂ ਹੋਣ ਕੰਬਦੀਆਂ ਜੇ ਹੱਕ ਲੈਣ ਲਈ।
ਜੀਅ ਮਚਲਾਉਂਦਾ ਹੋਵੇ ਲੁੱਚਿਆਂ ਕੋਲ ਬੈਹਣ ਲਈ।
ਡਰ ਵਾਲੀ ਚੀਸ ਹੋਵੇ ਕਾਲਜੇ ਨੂੰ ਚੀਰਦੀ।
ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ।

ਪੇਟ ਵਿੱਚ ਘਾਊਂ ਮਾਊਂ ਹੋਕੇ ਜੇ ਵਰੋਲਾ ਉੱਠੇ।
ਬੇਗੈਰਤ ਦੀ ਗੈਸ ਵਾਲਾ ਇੱਕਦੱਮ ਗੋਲਾ ਉੱਠੇ।
ਖਚਰਾ ਜਿਹਾ ਹਾਸਾ ਆਵੇ ਬੇਸ਼ਰਮੀ ਤਸੀਰ ਦੀ।
ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ।

ਹਵਾਸ ਹੋਣ ਉੱਡਦੇ ਤਾਂ ਫਿਰ ਬੰਦਾ ਕੀ ਕਰੇ।
ਝੂਠੀਆਂ ਗਵਾਹੀਆਂ ਦੇਣ ਨੂੰ ਜੇ ਜੀਅ ਕਰੇ।
ਉਸਦੇ ਲਈ ਸਖਤ ਦਵਾਈ ਜੋ ਅਖੀਰ ਦੀ।
ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ।

ਲਿਬੜੀ ਜੇ ਸੋਚ ਵਾਲਾ ਕਿਸੇ ਨੂੰ ਲਬੇੜੇ ਕੋਈ।
ਚੈਨ ਨਾਲ ਬੈਠਿਆਂ ਨੂੰ ਜਾਣ ਬੁੱਝ ਛੇੜੇ ਕੋਈ।
ਉਹਦੀ ਵੀ ਪਵਾ ਦਵਾਂਗੇ ਕਿੱਕਲੀ ਕਲੀਰ ਦੀ।
ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ।

ਵੱਖੀਆਂ ‘ਤੇ ਹੱਥ ਰੱਖ ਆਕੜਕੇ ਖੜੇ ਕੋਈ।
ਕਾਰੇ ਕਰ ਪੁੱਠੇ ਦੋਸ਼ ਕਿਸੇ ਸਿਰ ਮੜੇ ਕੋਈ।
ਕੱਢ ਦਵਾਂਗੇ ਉਸਦੀ ਵੀ ਗਰਮੀ ਸਰੀਰ ਦੀ।
ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ।

ਧੋਖੇਬਾਜ਼ ਬੰਦੇ ਕੋਲੋਂ ਹਾਰਿਆ ਕੋਈ ਰੇਸ ਹੋਵੇ।
ਰਪਟ ਲਿਖਾਕੇ ਐਵੇਂ ਪਾਉਂਦਾ ਝੂਠਾ ਕੇਸ ਹੋਵੇ।
ਉਹਨੂੰ ਵੀ ਦਵਾ ਦਵਾਂਗੇ ਧੂਣੀ ਕਿਸੇ ਪੀਰ ਦੀ।
ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ।

ਢਾਣੀਆਂ ‘ਚ ਬੈਠ ਆਉਂਦੀ ਚੱਜ ਦੀ ਨਾ ਗੱਲ ਹੋਵੇ।
ਵੈਦ ਹੋਏ ਫੇਲ ਹੋਣ ਹੋਇਆ ਨਾ ਕੋਈ ਹੱਲ ਹੋਵੇ।
ਦਲੇਰ ਬਣੋ ਛੱਡੋ ਗੱਲ ਫੂਕਾਂ ਵਾਲੀ ਖੀਰ ਦੀ।
ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ।

ਅਣਖ ਦੇ ਮੁਰੀਦ ਥੋੜੇ ਗ੍ਰਾਹਕ ਬੜੇ ਘੱਟ ਨੇ।
ਲ਼ੁੱਚਿਆਂ ਦੇ ਨਾਲ ਟੋਲੇ ਤੁਰ ਪੈਂਦੇ ਝੱਟ ਨੇ।
ਕੌੜ ਥੋੜੀ ਲੱਗਣੀ ਆਂ ਅਣਖਾਂ ਦੇ ਤੀਰ ਦੀ।
ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ।

ਮੌਤੋਂ ਪਹਿਲਾਂ ਸਹਿਕਦੀ ਜ਼ਮੀਰ ਮੌਕਾ ਮੰਗਦੀ।
ਆਜੋ ਸ਼ਰੇਆਮ ਭੋਰਾ ਲੋੜ ਨਹੀਂ ਗੀ ਸੰਗ ਦੀ।
ਬਣਾਂ ਦਈਏ ‘ਸ਼ਿਨਾਗ ਸੰਧੂ’ ਗੇਂਦ ਅਸੀਂ ਲੀਰ ਦੀ।
ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ।

ਸ਼ਿਨਾਗ ਸਿੰਘ ਸੰਧੂ
ਮੋ: 97816-93300

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …