Home / ਰੈਗੂਲਰ ਕਾਲਮ / ਨਾਵਲ : ਇਥੋਂ ਰੇਗਿਸਤਾਨ ਦਿਸਦਾ ਹੈ

ਨਾਵਲ : ਇਥੋਂ ਰੇਗਿਸਤਾਨ ਦਿਸਦਾ ਹੈ

ਰਿਵਿਊ ਕਰਤਾ : ਡਾ. ਡੀ ਪੀ ਸਿੰਘ
416-859-1856
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਨਾਵਲਕਾਰ ਜਸਵੀਰ ਸਿੰਘ ਰਾਣਾ ਸਮਾਜ ਵਿੱਚਲੀ ਮੁਨਾਫ਼ਾਖੋਰ/ਲੋਟੂ ਜਮਾਤ ਦੇ ਵਿਵਹਾਰ ਤੋਂ ਭਲੀ-ਭਾਂਤ ਜਾਣੂ ਹੈ। ਉਸਦੀ ਅੰਤਰੀਵੀ ਸੋਚ ‘ਚ ਮਾਨਵ-ਪੱਖੀ ਵਲਵਲੇ ਜਨਮ ਲੈ ਕੇ ਇਸ ਨਾਵਲ ਦੇ ਰੂਪ ‘ਚ ਪ੍ਰਗਟ ਹੋਏ ਹਨ। ਇਸੇ ਲਈ ਇਹ ਨਾਵਲ ਮਾਂ-ਬੋਲੀ ਦੀ ਦੁਰਗਤੀ, ਸ਼ਬਦ/ਗਿਆਨ ਦੀ ਮਹਾਨਤਾ ਤੋਂ ਅਣਜਾਣਤਾ, ਮੋਬਾਇਲ ਤੇ ਇੰਟਰਨੈੱਟ ਦੇ ਚਸਕੇ ਕਾਰਣ ਪੈਦਾ ਹੋ ਰਹੇ/ਤੇ ਹੋਣ ਵਾਲੇ ਬਿਖ਼ੜੇ ਹਾਲਾਤਾਂ, ਪਰਵਾਸ ਤੇ ਆਈ. ਈ. ਐੱਲ. ਟੀ. ਐੱਸ. ਦੀ ਦੌੜ, ਧਰਤੀ ਉੱਤੋਂ ਪਾਣੀ ਦੇ ਲਗਾਤਾਰ ਘੱਟਣ ਕਾਰਣ ਪੈਦਾ ਹੋ ਰਹੇ/ਹੋਣ ਵਾਲੇ ਹਾਲਾਤਾਂ, ਨਸ਼ਿਆਂ ਦੀ ਭਰਮਾਰ, ਤੀਬਰ ਸ਼ਹਿਰੀਕਰਨ ਕਾਰਨ ਵੱਡੇ ਪੱਧਰ ਉੱਤੇ ਵਾਪਰ ਰਹੀ ਰੁੱਖਾਂ ਦੀ ਕਟਾਈ, ਤੇ ਉਦਯੋਗਾਂ ਤੋਂ ਨਿਕਲ ਰਹੇ ਮਾਰੂ ਗੈਸੀ ਨਿਕਾਸਾਂ ਤੋਂ ਪੈਦਾ ਹੋਏ/ਹੋਣ ਵਾਲੇ ਹਾਲਾਤਾਂ ਦਾ ਜ਼ਿਕਰ ਕਰਦਾ ਹੈ। ਰਾਜਨੀਤਕ ਨਿਸ਼ਠੁਰਤਾ ਦੇ ਨਾਲ ਨਾਲ, ਕਾਰਪੋਰੇਟ ਜਗਤ ਦੀ ਮੁਨਾਫਾਖੋਰੀ ਵਾਲੀ ਅੰਨ੍ਹੀ ਦੌੜ ਦੀ ਵੀ ਗੱਲ ਕਰਦਾ ਹੈ। ਨਾਵਲਕਾਰ, ਮਾਂ-ਬੋਲੀ ਸੰਬੰਧੀ ਆਪਣੇ ਪਿਆਰ ਦਾ ਇਜ਼ਹਾਰ ਨਾਇਕਾ ਨੀਤੀ ਦੇ ਬੋਲਾਂ ਰਾਹੀਂ ਇੰਝ ਪ੍ਰਗਟ ਕਰਦਾ ਹੈ: ”ਜਦੋਂ ਦੁਨੀਆਂ ਦੇ ਸਾਰੇ ਸਿੱਖਿਆ ਸ਼ਾਸ਼ਤਰੀ ਤੇ ਮਨੋ-ਵਿਗਿਆਨੀ ਇਕ ਮੱਤ ਹਨ ਕਿ ਬੱਚੇ ਦੀ ਮੁਢਲੀ ਸਿੱਖਿਆ ਉਸ ਦੀ ਮਾਤਭਾਸ਼ਾ ਵਿਚ ਹੋਣੀ ਚਾਹੀਦੀ ਹੈ!…ਆਪਣੇ ਲੋਕ ਫਿਰ ਵੀ ਕਿਉਂ …?” ਡਾ. ਤ੍ਰਿਪਾਠੀ ਦੇ ਬੋਲਾਂ ਰਾਹੀਂ ਨਾਵਲਕਾਰ ਇਸ ਸਵਾਲ ਦਾ ਜਵਾਬ ਇੰਝ ਬਿਆਨ ਕਰਦਾ ਹੈ; ”……ਫਿਲਹਾਲ ਐਨਾ ਸਮਝ ਲੈ ਕਿ ਭਾਸ਼ਾ ਦੀ ਵੀ ਇਕ ਸਿਆਸਤ ਹੁੰਦੀ ਹੈ!……..ਪੂੰਜੀ ਔਰ ਸੱਤਾ ਉਪਰ ਕਾਬਜ਼ ਹੋਣ ਲਈ ਸਮੇਂ ਦੀ ਸਿਆਸਤ ਆਪਣੀ ਕੌਮ ਦੀ ਭਾਸ਼ਾ ਡਿਜ਼ਾਈਨ ਕਰਦੀ ਹੈ……!”…….”ਦੁਨੀਆਂ ਦਾ ਹਰ ਦੇਸ਼ ਆਪਣੇ ਬੱਚਿਆਂ ਨੂੰ ਮਾਤ-ਭਾਸ਼ਾ ਵਿਚ ਪ੍ਰਾਇਮਰੀ ਸਿੱਖਿਆ ਦੇ ਰਿਹਾ ਹੈ!…….ਸਿਰਫ ਆਪਣੇ ਲੋਕਾਂ ਨੂੰ ਹੀ ਕੋਈ ਜਾਦੂਗਰ ਓਪਰੀ ਭਾਸ਼ਾ ਦਾ ਜਾਦੂ ਸਿਖਾ ਗਿਆ ਹੈ……!”
ਲੇਖਕ ਜਸਵੀਰ ਸਿੰਘ ਰਾਣਾ ਦੀ ਇਹ ਰਚਨਾ ਨਵੇਂ ਦਿਸਹੱਦਿਆਂ ਦੀ ਦੱਸ ਪਾਉਂਦੀ ਹੋਈ ਤਿੱਖੇ ਸ਼ਬਦਾਂ ਰਾਹੀਂ ਆਪਣੇ ਭਾਵਾਂ ਨੂੰ ਪ੍ਰਗਟ ਕਰਦੀ ਹੈ। ਇਹ ਨਾਵਲ ਸਮਾਜ ਵਿੱਚ ਲੁੱਟੇ ਜਾ ਰਹੇ ਵਰਗ ਦੀ ਪੈਰਵੀ ਕਰਦਾ ਹੋਇਆ, ਹਾਕਮ ਜਮਾਤ ਦੇ ਘੜੇ ਸੰਕਲਪਾਂ ਦਾ ਸ਼ਾਬਦਿਕ ਵਿਸਫ਼ੋਟ ਕਰਦਾ ਹੈ। ਰਚਨਾਕਾਰ ਦੀ ਫਿਕਰਮੰਦੀ ਇਸ ਪੱਖੋਂ ਵੀ ਜ਼ਾਹਿਰ ਹੁੰਦੀ ਹੈ ਕਿ ਢਾਹੂ ਕੀਮਤਾਂ, ਜਿਸ ਦਾ ਪ੍ਰਸਾਰ ਖੱਪਤਵਾਦੀ ਸਭਿਆਚਾਰ ਕਰ ਰਿਹਾ ਹੈ, ਉਹ ਇਨਕਲਾਬੀ ਤੇ ਲੋਕ ਪੱਖੀ ਕੀਮਤਾਂ ਨੂੰ ਢਾਹ ਲਗਾ ਰਹੀਆਂ ਹਨ। ਲੇਖਕ, ਇਸ ਪੂੰਜੀਵਾਦੀ ਵਿਚਾਰਧਾਰਾ ਦੇ ਪ੍ਰਛਾਵੇਂ ਹੇਠ ਪਲ ਰਹੇ ਅਮਾਨਵੀ ਅੰਸ਼ਾਂ ਦੀ ਤਲਾਸ਼ ਕਰਦਾ ਹੈ ਤੇ ਫੇਰ ਉਨ੍ਹਾਂ ਦੇ ਵਿਰੁੱਧ ਅਵਾਜ਼ ਬਣਦਾ ਹੈ। ਲੇਖਕ ਦਾ ਮੰਨਣਾ ਹੈ ਕਿ ਇਸ ਪੂੰਜੀਵਾਦੀ ਵਰਤਾਰੇ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ, ਤੀਜੀ ਦੁਨੀਆਂ ਦੇ ਮੁਲਕਾਂ ਨੂੰ ਆਪਣੇ ਸ਼ਿਕੰਜੇ ਵਿੱਚ ਫ਼ਸਾ ਕੇ, ਬਹੁ-ਕੌਮੀ ਕੰਪਨੀਆਂ ਰਾਹੀਂ ਉਤਪਾਦ ਦੇ ਬਹਾਨੇ ਆਰਥਿਕ, ਭੁਗੋਲਿਕ, ਤੇ ਸਮਾਜਿਕ ਲੁੱਟ-ਕੀਤੀ ਹੈ। ਸਭਿਆਚਾਰਕ ਲੁੱਟ ਲਈ ਲੱਚਰ-ਸਭਿਆਚਾਰ ਪ੍ਰਫੁਲਿੱਤ ਕੀਤਾ ਹੈ। ਇਸ ਸਭਿਆਚਾਰ ਨੇ ਮਾਨਵੀ ਕੀਮਤਾਂ ਨੂੰ ਖ਼ਤਮ ਕਰਕੇ ਮਾਨਸਿਕ ਤੌਰ ਤੇ ਮਨੁੱਖ ਨੂੰ ਮੰਡੀ ਦਾ ਗੁਲਾਮ ਬਣਾ ਦਿੱਤਾ ਹੈ। ਮਨੁੱਖ ਦਾ ਰਿਸ਼ਤਾ ਕੁਦਰਤ ਤੇ ਵਿਰਸੇ ਨਾਲੋਂ ਤੋੜ, ਪੈਸੇ ਅਤੇ ਵਸਤੂ ਪ੍ਰਾਪਤੀ ਦੀ ਦੌੜ ਨਾਲ ਜੋੜ ਦਿੱਤਾ ਹੈ। ਸੋਸ਼ਲ ਮੀਡੀਆ ਵਿੱਚ ਮਨੁੱਖ ਆਪਣਾ ਨਵਾਂ ਸੰਸਾਰ ਸਿਰਜਦਾ ਹੋਇਆ, ਆਪਣੇ ਆਪ ਨੂੰ ਆਧੁਨਿਕ ਮਨੁੱਖ ਹੋਣ ਦਾ ਭਰਮ ਪਾਲੀ ਬੈਠਾ ਹੈ। ਅਜਿਹੀ ਪ੍ਰਵਿਰਤੀ, ਉਸ ਨੂੰ ਪਰਿਵਾਰ ਤੇ ਸਮਾਜ ਨਾਲ ਜੋੜਨ ਦੀ ਬਜਾਏ ਸਮਾਜਿਕ ਸਰੋਕਾਰਾਂ ਨਾਲੋਂ ਅੱਡ ਕਰ ਰਹੀ ਹੈ। ਸਮਕਾਲੀ ਮਨੁੱਖ ਨਾਲ ਜੁੜੇ ਅਜਿਹੇ ਅਨੇਕ ਵਿਸ਼ੇ ਇਸ ਨਾਵਲ ਵਿੱਚ ਸਮੋਏ ਹੋਏ ਹਨ। ਇਸ ਨਾਵਲ ਦਾ ਇੱਕ ਸਰੋਕਾਰ ਲੋਕਾਂ ਦੀ ਆਪਸੀ ਸਾਂਝ, ਮੁਹੱਬਤ-ਪਿਆਰ ਦੀ ਬਾਤ ਪਾਉਂਦਾ ਹੋਇਆ, ਜੰਗਬਾਜ਼ਾਂ ਨਾਲ ਨਫ਼ਰਤ ਤੇ ਅਮਨ ਲਈ ਦੁਆ ਕਰਦਾ ਹੈ।
ਇਹ ਨਾਵਲ ਵਿਚ ਲੇਖਕ, ਮਾਂ-ਬੋਲੀ, ਪੰਜਾਬੀ ਸਭਿਆਚਾਰ ਤੇ ਇਨਸਾਨੀਅਤ ਪ੍ਰਤਿ ਮੋਹ ਦਿਖਾਉਂਦਾ ਹੋਇਆ, ਖੁਰ ਰਹੇ ਰਿਸ਼ਤਿਆਂ, ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਅਤੇ ਪੈਸੇ ਲਈ ਵਿਕ ਰਹੀ ਜ਼ਮੀਰ ਪ੍ਰਤੀ ਦੁੱਖ ਪ੍ਰਗਟਾਉਂਦਾ ਨਜ਼ਰ ਆਉਂਦਾ ਹੈ। ਪੂਰਵ-ਪੂੰਜੀਵਾਦ ਪ੍ਰਬੰਧ ਅਤੇ ਪੂੰਜੀਵਾਦੀ ਪ੍ਰਬੰਧ ਦਾ ਤੁਲਨਾਤਮਕ ਪੱਖ ਪੇਸ਼ ਕਰਦਾ ਹੈ। ਇਹ ਸਮੁੱਚਾ ਨਾਵਲ ਸਮਾਜਿਕ, ਸਭਿਆਚਾਰਕ ਅਤੇ ਵਾਤਵਰਣੀ ਸਰੋਕਾਰਾਂ ਦੀ ਪੇਸ਼ਕਾਰੀ ਸਿੱਧੇ ਰੂਪ ਵਿੱਚ ਕਰਦਾ ਹੋਇਆ ਮਨੁੱਖਤਾ ਦੇ ਹੱਕ ਵਿੱਚ ਸੁਰ ਅਲਾਪਦਾ ਹੈ। ਲੇਖਕ ਸਮਾਜ ਵਿੱਚ ਦੁਖਾਂਤਕ ਦਸ਼ਾ ‘ਚ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਪ੍ਰਤੀ ਚਿੰਤਿਤ ਹੁੰਦਾ ਹੈ। ਉਹ ਸਮਾਜ ਦੀ ਅਜਿਹੀ ਸਥਿਤੀ ਲਈ ਜੁੰਮੇਵਾਰ ਕਾਰਨਾਂ ਦੀ ਤਲਾਸ਼ ਕਰਦਾ ਹੈ। ਉਹ ਸੋਹਣੇ ਸਮਾਜ ਨੂੰ ਪੈਦਾ ਕਰਨ ਦੀ ਇੱਛਾ ਪਾਲਦਾ ਹੋਇਆ ਚੇਤੰਨਮਈ ਰਾਹਾਂ ਦਾ ਖੁਰਾ ਨੱਪਦਾ ਹੈ। ਸਮਾਜਿਕ, ਸਭਿਆਚਾਰਕ ਤੇ ਵਾਤਾਵਰਣੀ ਕੁਰੀਤੀਆ ਨੂੰ ਖ਼ਤਮ ਕਰਕੇ ਸਮਾਨਤਾ, ਖੁਸ਼ਹਾਲੀ ਤੇ ਕੁਦਰਤੀ ਸੁਮੇਲਤਾ ਵਾਲਾ ਸਮਾਜ ਸਿਰਜਣ ਦੇ ਰਾਹਾਂ ਦੀ ਤਲਾਸ਼ ਕਰਦਾ ਨਾਵਲਕਾਰ, ਹਰ ਅਮਾਨਵੀ ਅੰਸ਼ ਦਾ ਵਰਨਣ ਇਸ ਨਾਵਲ ‘ਚ ਪੂਰੀ ਬੇਬਾਕੀ ਨਾਲ ਕਰ ਜਾਂਦਾ ਹੈ। ਲੇਖਕ ਵਲੋਂ ਇਸ ਰਚਨਾ ਦੀ ਪੇਸ਼ਕਾਰੀ ਨਾਵਲੀ ਵਿਧਾ ਦਾ ਨਿਵੇਕਲਾ ਮਾਡਲ ਪੇਸ਼ ਕਰਦੀ ਹੈ। ਇਸ ਵਿਚ ਉਸ ਨੇ ਕਈ ਢੰਗਾਂ ਜਿਵੇਂ ਫਿਲਮਾਂ, ਸੁਪਨੇ, ਡਾਇਰੀ, ਖੱਤ, ਨੋਟਸ, ਖੋਜ, ਪ੍ਰਯੋਗਸ਼ਾਲਾਈ ਰਿਸਰਚ ਜੁਗਤਾਂ, ਨਾਟਕਾਂ ਵਿਚ ਵਰਤੀ ਜਾਂਦੀ ਸੂਤਰਧਾਰ ਦੀ ਆਵਾਜ਼-ਵਿਧਾ ਵਰਤੋਂ, ਵਾਤਰਾਲਾਪੀ ਸੰਵਾਦ, ਵਿਗਿਆਨ-ਗਲਪੀ ਕਥਾ ਬਿਰਤਾਂਤ, ਕਹਾਣੀ ਵਿਧਾ ਦੀਆਂ ਸੰਕੇਤਕ ਤੇ ਨਾਵਲੀ ਵਿਧਾ ਦੇ ਵਿਸਥਾਰ-ਵਿਸ਼ਲੇਸ਼ਣ ਆਦਿ ਦੀ ਬਾਖੂਬੀ ਵਰਤੋਂ ਕੀਤੀ ਹੈ। ਲੇਖਕ ਨੇ ਫ਼ਲੈਸ਼-ਬੈਕ ਦੀ ਵਿਧੀ ਦੀ ਉਚਿਤ ਵਰਤੋਂ ਕਰਦੇ ਹੋਏ ਪੁਰਾਤਨ ਸਭਿਆਚਾਰ, ਕੁਦਰਤ ਨਾਲ ਸਹਿਹੌਂਦ, ਤੇ ਅਮੀਰ ਮਨੁੱਖੀ ਵਿਰਾਸਤ ਨਾਲ ਪਾਠਕਾਂ ਨੂੰ ਰੁਬਰੂ ਕਰਵਾਇਆ ਹੈ।
”ਇੱਥੋਂ ਰੇਗਿਸਤਾਨ ਦਿਸਦਾ ਹੈ” ਇਕ ਵਧੀਆ ਨਾਵਲ ਹੈ ਜੋ ਮਾਂ-ਬੋਲੀ, ਪੰਜਾਬੀ ਸੱਭਿਆਚਾਰ ਅਤੇ ਵਾਤਾਵਰਣ ਦੇ ਵਿਭਿੰਨ ਪਹਿਲੂਆਂ ਉੱਤੇ ਵਿਸਤਾਰਿਤ ਜਾਣਕਾਰੀ ਪੇਸ਼ ਕਰਦਾ ਹੈ। ਸਮਕਾਲੀ ਸਮਾਜਿਕ ਹਾਲਾਤਾਂ ਅਤੇ ਵਾਤਾਵਰਣ ਦੇ ਅਨੇਕ ਅੰਗਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦਾ ਹੈ। ਪਾਠਕਾਂ ਨੂੰ ਪੰਜਾਬੀ ਬੋਲੀ ਨਾਲ ਪਿਆਰ, ਸ਼ਬਦ/ਗਿਆਨ ਪ੍ਰਤਿ ਚੇਤਨਾ ਤੇ ਵਾਤਾਵਰਣੀ ਸਾਂਭ ਸੰਭਾਲ ਕਾਰਜਾਂ ਲਈ ਪ੍ਰੇਰਿਤ ਕਰਨ ਦੇ ਆਸ਼ੇ ਨਾਲ, ਲੇਖਕ ਨੇ ਸਮਾਜਿਕ ਤੇ ਵਾਤਾਵਰਣੀ ਮਸਲਿਆਂ ਦਾ ਵਿਖਿਆਨ ਕਰਦੇ ਹੋਏ, ਉਨ੍ਹਾਂ ਨੂੰ ਮਨੁੱਖੀ ਜੀਵਨ ਦੇ ਸਹੀ ਮਨੋਰਥ ਬਾਰੇ ਚੇਤੰਨ ਹੋਣ ਦੀ ਦੱਸ ਪਾਈ ਹੈ। ਪੰਜਾਬੀ ਪਾਠਕਾਂ ਨੂੰ ਇਹ ਨਾਵਲ ਪੜ੍ਹ ਕੇ, ਇਸ ਵਿਚ ਉਪਲਬਧ ਕਰਵਾਈ ਗਈ ਜਾਣਕਾਰੀ ਤੋਂ ਲਾਭ ਉਠਾਉਣਾ ਚਾਹੀਦਾ ਹੈ। ਜਸਵੀਰ ਸਿੰਘ ਰਾਣਾ ਦੀ ਲੇਖਣ ਸ਼ੈਲੀ ਮਨੋਵਚਨੀ, ਵਾਰਤਾਲਾਪੀ ਅੰਦਾਜ਼ ਵਾਲੀ, ਸਰਲ ਅਤੇ ਸਪਸ਼ਟਤਾਪੂਰਣ ਹੈ। ਜਸਵੀਰ ਨੇ ਹੱਥਲੇ ਨਾਵਲ ਵਿਚ ਕੁਦਰਤ ਨਾਲ ਸੁਮੇਲਤਾ ਸੰਬੰਧੀ ਗੁਰਬਾਣੀ ਦੇ ਉਚਿਤ ਹਵਾਲੇ ਵੀ ਪੇਸ਼ ਕੀਤੇ ਹਨ।
ਜਸਵੀਰ ਸਿੰਘ ਰਾਣਾ ਸਮਾਜਿਕ ਤੇ ਵਾਤਾਵਰਣੀ ਮਸਲਿਆਂ ਦੇ ਸੰਚਾਰਕ/ਨਾਵਲਕਾਰ ਵਜੋਂ ਅਨੁਸਰਣਯੋਗ ਮਾਡਲ ਹੈ। ਉਸ ਦਾ ਇਹ ਨਾਵਲ ਸਮਾਜਿਕ ਤੇ ਸੱਭਿਆਚਾਰਕ ਸਰੋਕਾਰਾਂ ਤੇ ਵਾਤਾਵਰਣ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਲੇਖਕ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਿਹਾ ਹੈ। ਚਹੁ-ਰੰਗੇ ਸਰਵਰਕ ਨਾਲ ਡੀਲਕਸ ਬਾਇਡਿੰਗ ਵਾਲੀ ਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ ਅਤੇ ਟਾਇਪਿੰਗ ਦੀਆਂ ਉਕਾਈਆਂ ਤੋਂ ਮੁਕਤ ਹੈ। ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਨਾਵਲ ਵਿਧਾ ਦੀ ਵਰਤੋਂ ਨਾਲ, ਸਮਕਾਲੀ ਵਾਤਾਵਰਣੀ ਤੇ ਭਾਸ਼ਾਈ ਹਾਲਾਤਾਂ ਬਾਰੇ ਉਚਿਤ ਸਾਹਿਤ ਦੀ ਉਪਲਬਧੀ ਲਈ ਨਵੀਂ ਪਿਰਤ ਪਾਉਂਦਾ ਨਜ਼ਰ ਆਉਂਦਾ ਹੈ। ਆਸ ਹੈ ਹੋਰ ਲੇਖਕ ਵੀ ਇਸ ਉੱਦਮ ਦਾ ਅਨੁਸਰਣ ਕਰਦੇ ਹੋਏ, ਸਾਹਿਤ ਦੀਆਂ ਵਿਭਿੰਨ ਵਿਧੀਆਂ ਦੀ ਵਰਤੋਂ ਨਾਲ, ਮਾਂ-ਬੋਲੀ, ਪੰਜਾਬੀ ਸੱਭਿਆਚਾਰ ਤੇ ਵਾਤਾਵਰਣ ਦੇ ਵਿਭਿੰਨ ਪਹਿਲੂਆਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਭੂਰ ਸਾਹਿਤ ਆਮ ਪਾਠਕਾਂ ਤਕ ਪਹੁੰਚਾਉਣ ਲਈ ਆਪਣਾ ਯੋਗਦਾਨ ਪਾਣਗੇ। ”ਇੱਥੋਂ ਰੇਗਿਸਤਾਨ ਦਿਸਦਾ ਹੈ” ਇਕ ਅਜਿਹਾ ਨਾਵਲ ਹੈ ਜੋ ਹਰ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦਾ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਪਾਠਕ ਸਮਕਾਲੀ ਭਾਸ਼ਾਈ, ਸੱਭਿਆਚਾਰਕ ਤੇ ਵਾਤਾਵਰਣੀ ਹਾਲਾਤਾਂ ਦਾ ਸਹੀ ਰੂਪ ਸਮਝ, ਉਨ੍ਹਾਂ ਦੀ ਉਚਿਤ ਸਾਂਭ-ਸੰਭਾਲ ਦੇ ਅਮਲੀ ਕਾਰਜਾਂ ਨੂੰ ਆਪਣੇ ਜੀਵਨ ਚਲਣ ਦਾ ਅੰਗ ਬਣਾ ਕੇ, ਧਰਤੀ ਉੱਤੇ ਖੁਸ਼ਹਾਲ ਮਨੁੱਖੀ ਸਮਾਜ ਸਿਰਜਣ ਵਿਚ ਆਪਣਾ ਉਚਿਤ ਯੋਗਦਾਨ ਪਾ ਸਕਣ।
(ਸਮਾਪਤ-)
ਡਾ. ਡੀ. ਪੀ. ਸਿੰਘ, ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਲੇਖ ਤੇ ਕਹਾਣੀਆਂ ਆਦਿ, ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅੱਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਂਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਸੈਕੰਡਰੀ ਤੇ ਪੋਸਟ-ਸੈਕੰਡਰੀ ਵਿਦਿਅਕ ਸੰਸੰਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ।

Check Also

ਪਰਵਾਸੀਨਾਮਾ

– ਗਿੱਲ ਬਲਵਿੰਦਰ+1 416-558-5530 ਪੱਤਝੜ ਵਿੱਚ ਪੱਤੇ ਪੱਤਝੜਦੀਜਦ-ਜਦ ਰੁੱਤ ਆਈ, ਰੁੱਖਾਂ ਤੋਂ ਡਿੱਗਣ ਨਾਕੀਤੀ ਸੰਗ਼ …