ਚੇਤੰਨ ਰੁੱਖ ਦਾ ਸੁਨੇਹਾ
ਡਾ. ਦੇਵਿੰਦਰ ਪਾਲ ਸਿੰਘ
ਪਹਾੜੀ ਖੇਤਰ ਦਾ ਉਹ ਜੰਗਲੀ ਖਿੱਤਾ ਖੂਬ ਹਰਿਆ ਭਰਿਆ ਤੇ ਵਿਸ਼ਾਲ ਸੀ। ਇਸ ਜੰਗਲ ਦੇ ਠੀਕ ਅੰਦਰ, ਇਕ ਬਹੁਤ ਹੀ ਅਦਭੁੱਤ ਤੇ ਪ੍ਰਾਚੀਨ ਰੁੱਖ ਮੌਜੂਦ ਸੀ। ਇਹ ਰੁੱਖ ਕੋਈ ਆਮ ਰੁੱਖ ਨਹੀਂ ਸੀ, ਸਗੋਂ ਇਹ ਤਾਂ ਮਨੁੱਖਾਂ ਵਰਗੀ ਸੂਝ-ਬੂਝ ਵਾਲੀ, ਚੇਤੰਨ ਤੇ ਸੰਵੇਦਨਸ਼ੀਲ ਹੋਂਦ ਸੀ। ਇਸ ਦੀਆਂ ਵੱਡ-ਆਕਾਰੀ ਸ਼ਾਖਾਵਾਂ ਅਸਮਾਨ ਨੂੰ ਛੂੰਹਦੀਆਂ ਜਾਪ ਰਹੀਆਂ ਸਨ, ਅਤੇ ਇਸ ਦੀਆਂ ਜੜ੍ਹਾਂ ਜਰਖੇਜ਼ ਧਰਤੀ ਦੇ ਧੁਰ ਅੰਦਰ ਤਕ ਫੈਲੀਆਂ ਹੋਈਆਂ ਸਨ। ਇੰਝ ਇਹ ਰੁੱਖ ਕੁਦਰਤ ਦਾ ਵਿਲੱਖਣ ਪ੍ਰਗਟਾ ਜਾਪ ਰਿਹਾ ਸੀ।
ਐਲਡਰ ਨਾਮੀ ਇਹ ਦਰੱਖਤ ਪਿਛਲੀਆਂ ਕਈ ਸਦੀਆਂ ਤੋਂ ਜੰਗਲ ਦਾ ਵਾਸੀ ਸੀ। ਆਪਣੇ ਲੰਮੇ ਜੀਵਨ ਕਾਲ ਵਿੱਚ ਇਸ ਨੇ ਕਈ ਮਨੁੱਖੀ ਪੀੜ੍ਹੀਆਂ ਦੇ ਜਨਮ, ਵਿਕਾਸ ਤੇ ਅੰਤ ਨੂੰ ਦੇਖਿਆ ਸੀ। ਉਨ੍ਹਾਂ ਦੇ ਜੀਵਨ ਸਫ਼ਰ ਨੂੰ ਜਾਣਿਆ ਅਤੇ ਸੰਸਾਰ ਦੇ ਬਦਲਦੇ ਰੂਪ ਨੂੰ ਮਾਣਿਆ ਸੀ। ਪਰ ਹਰ ਗੁਜ਼ਰ ਰਹੇ ਸਮੇਂ ਨਾਲ, ਇਹ ਮਨੁੱਖਾਂ ਅਤੇ ਕੁਦਰਤ ਦੇ ਆਪਸੀ ਸੰਬੰਧਾਂ ਬਾਰੇ ਸੋਚ ਸੋਚ ਹੋਰ ਵਧੇਰੇ ਚਿੰਤਤ ਹੁੰਦਾ ਜਾ ਰਿਹਾ ਸੀ।
ਉਸ ਦਿਨ, ਜਿਵੇਂ ਹੀ ਚੜ੍ਹਦੇ ਸੂਰਜ ਦੀਆਂ ਸੁਰਖ਼ ਕਿਰਨਾਂ ਨੇ ਅੰਬਰ ਵਿਚ ਗੁਲਾਬੀ ਰੰਗ ਭਰ ਦਿੱਤਾ ਸੀ, ਲਿਲੀ ਨਾਮ ਦੀ ਇੱਕ ਮੁਟਿਆਰ ਜੰਗਲ ਵਿੱਚ ਹਾਇਕਿੰਗ ਕਰਦੀ ਕਰਦੀ ਰਸਤਾ ਭੁੱਲ ਗਈ। ਰਾਹੋਂ ਭਟਕ, ਵਾਪਸੀ ਦਾ ਰਸਤਾ ਲੱਭਦੀ, ਉਹ ਜੰਗਲ ਦੇ ਹੋਰ ਅੰਦਰ ਚਲਦੀ ਗਈ। ਅਚਾਨਕ ਉਸ ਨੂੰ ਇਕ ਵਿਸ਼ਾਲ ਰੁੱਖ ਨਜ਼ਰੀ ਪਿਆ। ਪ੍ਰਾਚੀਨ ਐਲਡਰ ਦੀ ਵਿਸ਼ਾਲਤਾ ਤੇ ਸ਼ਾਨ ਨੂੰ ਵੇਖ ਉਸ ਦੀਆਂ ਅੱਖਾਂ ਟੱਡੀਆਂ ਹੀ ਰਹਿ ਗਈਆ।
”ਵਾਹ! ਬਹੁਤ ਅਜਬ ਰੁੱਖ ਹੈ ਇਹ ਤਾਂ,” ਐਲਡਰ ਦੇ ਮੋਟੇ ਤਣੇ ਨੂੰ ਛੂੰਹਦਿਆਂ ਉਹ ਬੋਲੀ।
”ਮੈਂ ਐਲਡਰ ਹਾਂ, ਇਸ ਜੰਗਲ ਦਾ ਸਰਪ੍ਰਸਤ,” ਹਵਾ ਦੀਆਂ ਲਹਿਰਾਂ ਉੱਤੇ ਤੈਰਦੀ ਇਕ ਸੰਜੀਦਾ ਆਵਾਜ਼ ਲਿਲੀ ਦੇ ਕੰਨਾਂ ਨਾਲ ਆ ਟਕਰਾਈ।
ਉਸ ਨੇ ਹੈਰਾਨਗੀ ਨਾਲ ਆਲੇ ਦੁਆਲੇ ਨਜ਼ਰ ਮਾਰੀ। ਪਰ ਇਥੇ ਤਾਂ ਰੁੱਖਾਂ, ਵੇਲਾਂ-ਬੂਟਿਆਂ ਜਾਂ ਚਹਿਚਹਾਉਂਦੇ ਪੰਛੀਆ ਤੋਂ ਬਿਨ੍ਹਾਂ ਕੋਈ ਵੀ ਹੋਰ ਨਜ਼ਰ ਨਹੀਂ ਸੀ ਆ ਰਿਹਾ। ‘ਤਾਂ ਫਿਰ ਇਹ ਆਵਾਜ਼ ਕਿਸ ਦੀ ਸੀ?’ ਉਹ ਦੇ ਮਨ ਵਿਚ ਸਵਾਲ ਸੀ।
‘ਇਹ ਮੈਂ ਹਾਂ, ਐਲਡਰ, ਜੰਗਲ ਦਾ ਸਰਪ੍ਰਸਤ।’
ਲਿਲੀ ਨੇ ਉਪਰ ਵੱਲ ਨਜ਼ਰ ਦੌੜਾਈ, ਵਿਸ਼ਾਲ ਰੁੱਖ ਦੀਆਂ ਸ਼ਾਖਾਵਾਂ ਵਿਚ ਅਨੇਕ ਪੰਛੀ ਲੁਕਣ-ਮੀਟੀ ਖੇਲ ਰਹੇ ਸਨ। ‘ਕੀ ਇਹ ਆਵਾਜ਼ ਇਸ ਰੁੱਖ ਦੀ ਹੈ?’ ਉਹ ਸੋਚ ਰਹੀ ਸੀ। ‘ਸ਼ਾਇਦ… ਪਰ ਰੁੱਖ ਤਾਂ ਬੋਲ ਨਹੀਂ ਸਕਦੇ… ਕੀ ਇਥੇ ਕੋਈ ਬਦ-ਰੂਹ ਹੈ ਜਾਂ ਭੂਤ-ਪ੍ਰੇਤ? ਅਜਿਹਾ ਖਿਆਲ ਆਉਂਦਿਆਂ ਹੀ ਉਹ ਘਬਰਾ ਗਈ। ਮਾਰੇ ਘਬਰਾਹਟ ਦੇ ਉਹ ਪ੍ਰੇਸ਼ ਭਰੀਆਂ ਨਜ਼ਰਾਂ ਨਾਲ ਉਥੋਂ ਖਿਸਕ ਜਾਣ ਦਾ ਰਸਤਾ ਭਾਲਣ ਲੱਗੀ।
‘ਘਬਰਾ ਨਾ। ਕੋਈ ਖ਼ਤਰਾ ਨਹੀਂ ਹੈ। ਹੌਸਲਾ ਰੱਖ।’ ਸੁਣਾਈ ਦੇ ਰਹੀ ਆਵਾਜ਼ ਰੁੱਖ ਵਿਚੋਂ ਹੀ ਆ ਰਹੀ ਲੱਗ ਰਹੀ ਸੀ।
ਇਨ੍ਹਾਂ ਧਰਵਾਸ ਭਰੇ ਬੋਲਾਂ ਨੇ ਲਿੱਲੀ ਨੂੰ ਕੁਝ ਢਾਰਸ ਦਿੱਤੀ।
‘ਜਾਪਦਾ ਹੈ ਕਿ ਇਹ ਰੁੱਖ ਬੋਲ ਸਕਦਾ ਹੈ।’ ਉਸ ਦਾ ਖਿਆਲ ਸੀ। ਤਦ ਹੀ ਉਹ ਬੋਲ ਉੱਠੀ। ‘ਤੁਸੀਂ ਗੱਲ ਕਰ ਸਕਦੇ ਹੋ?’
‘ਹਾਂ, ਬੇਟੀ। ਇਸ ਪ੍ਰਾਚੀਨ ਜੰਗਲ ਦੀ ਕੁਦਰਤ ਨੇ ਆਪਣੀ ਦੈਵੀ ਤਾਕਤ ਰਾਹੀਂ ਮੈਨੂੰ ਚੇਤੰਨਤਾ ਬਖ਼ਸ਼ੀ ਹੈ ਤੇ ਮੇਰੇ ਅੰਦਰ ਸੋਚਣ, ਸਮਝਣ ਤੇ ਬੋਲਣ ਦੇ ਗੁਣ ਸੁਭਾਵਿਕ ਹੀ ਪੈਦਾ ਹੋ ਗਏ ਹਨ।’
‘ਵਾਹ! ਇਹ ਤਾਂ ਬਹੁਤ ਅਜਬ ਗੱਲ ਹੈ…!’ ਹੁਣ ਤਕ ਲਿੱਲੀ ਦੇ ਸਵੈ-ਭਰੋਸੇ ਨੇ ਉਸ ਦਾ ਡਰ ਖ਼ਤਮ ਕਰ ਦਿੱਤਾ ਸੀ। ‘ਐਲਡਰ! ਮੈਂ ਤੁਹਾਡੇ ਬਾਰੇ ਜਾਨਣਾ ਚਾਹਾਂਗੀ।’ ਉਹ ਬੋਲੀ।
‘ਮੈਂ ਜੀਵਾਂ ਦੀਆਂ ਕਈ ਪੀੜ੍ਹੀਆਂ ਨੂੰ ਇਥੇ ਵਿਚਰਦੇ ਹੋਏ ਦੇਖਿਆ ਹੈ। ਉਨ੍ਹਾਂ ਨੂੰ ਪੈਦਾ ਹੁੰਦੇ, ਵਧਦੇ ਫੁੱਲਦੇ ਤੇ ਅੰਤ ਵਿਚ ਕਾਲ ਦਾ ਨਿਵਾਲਾ ਬਣਦੇ ਦੇਖਿਆ ਹੈ। ਪਰ ਅੱਜਕੱਲ੍ਹ ਮੈਂ ਇਸ ਧਰਤੀ ਉੱਤੇ ਜੀਵਾਂ ਦੇ ਭਵਿੱਖ ਬਾਰੇ ਸੋਚ ਕੇ ਫਿਕਰਮੰਦ ਹਾਂ। ਮੌਜੂਦਾ ਸਮੇਂ ਦੌਰਾਨ ਮਨੁੱਖ ਤੇ ਕੁਦਰਤ ਦਾ ਆਪਸੀ ਸੰਤੁਲਨ ਗੜਬੜ੍ਹਾ ਗਿਆ ਹੈ। ਕੁਦਰਤੀ ਹਾਲਾਤ ਵਿਚ ਵੱਡੇ ਪੱਧਰ ਉੱਤੇ ਉੱਥਲ ਪੁੱਥਲ ਵਾਪਰਣੀ ਸ਼ੁਰੂ ਹੋ ਚੁੱਕੀ ਹੈ। ਸਮੇਂ ਦੇ ਬੀਤਣ ਨਾਲ ਇਹ ਹਾਲਾਤ ਹੋਰ ਵਧੇਰੇ ਖ਼ਰਾਬ ਹੋਣ ਦਾ ਅੰਦਾਜ਼ਾ ਹੈ।’ ਲਿਲੀ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਈਆ। ‘ਅਜਿਹੀ ਹਾਲਤ ਵਿਚ, ਮੇਰੇ ਵਰਗੀ ਇਕੱਲੀ ਕੁੜੀ ਭਲਾ ਕਰ ਵੀ ਕੀ ਸਕਦੀ ਹੈ?’
‘ਅੱਜ ਮਨੁੱਖ ਭੁੱਲ ਗਏ ਹਨ ਕਿ ਉਹ ਕੁਦਰਤ ਦਾ ਇੱਕ ਅਨਿੱਖੜਵਾਂ ਅੰਗ ਹਨ। ਉਹ ਕੁਦਰਤੀ ਚੋਗਿਰਦੇ ਨਾਲ ਮਨੁੱਖੀ ਜੀਵਨ ਦੀ ਸੁਮੇਲਤਾ ਦੇ ਮਹੱਤਵ ਨੂੰ ਭੁੱਲ ਚੁੱਕੇ ਹਨ। ਹੋਰਨਾਂ ਨੂੰ ਕੁਦਰਤ ਦੀ ਮਹੱਤਤਾ ਬਾਰੇ ਜਾਣੂ ਕਰਵਾਓ, ਅਤੇ ਉਨ੍ਹਾਂ ਨੂੰ ਇਸ ਦੀ ਰੱਖਿਆ ਕਰਨ ਲਈ ਪ੍ਰੇਰਿਤ ਕਰੋ… ਇਹ ਤੇਰੇ ਤੇ ਉਨ੍ਹਾਂ ਸਾਰੇ ਲੋਕਾਂ ‘ਤੇ ਨਿਰਭਰ ਕਰਦਾ ਹੈ ਜੋ ਇਸ ਪਾੜੇ ਨੂੰ ਪੂਰਣ ਲਈ ਤੇਰੇ ਸੁਨੇਹੇ ਨੂੰ ਸੁਣਨਗੇ।’ ਐਲਡਰ ਦੇ ਸਿਆਣਪ ਭਰੇ ਬੋਲ ਸਨ।
‘ਮੈਂ ਤੁਹਾਡੇ ਸੁਨੇਹੇ ਨੂੰ ਲੋਕਾਂ ਤਕ ਪਹੁੰਚਾਣ ਦੀ ਪੂਰੀ ਕੋਸ਼ਿਸ਼ ਕਰਾਂਗੀ।’ ਲਿਲੀ ਨੇ ਸਹਿਮਤੀ ਭਰੇ ਢੰਗ ਨਾਲ ਸਿਰ ਹਿਲਾਂਉਂਦੇ ਹੋਏ ਕਿਹਾ।
ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਲਿਲੀ ਨੇ ਐਲਡਰ ਤੋਂ ਪ੍ਰਾਪਤ ਗਿਆਨ ਨੂੰ ਆਪਣੇ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਨਾਲ ਸਾਂਝਾ ਕੀਤਾ। ਜਲਦੀ ਹੀ, ਅਦਭੁੱਤ ਵਿਸ਼ਾਲ ਰੁੱਖ ਦਾ ਚਰਚਾ ਦੂਰ-ਦੂਰ ਤੱਕ ਫੈਲ ਗਿਆ। ਇਸ ਚਰਚੇ ਨੇ ਲੋਕਾਂ ਨੂੰ ਇਸ ਰੁੱਖ ਬਾਰੇ ਹੋਰ ਜਾਨਣ ਲਈ ਉਤਸਕ ਕਰ ਦਿੱਤਾ। ਜਿਵੇਂ-ਜਿਵੇਂ ਇਸ ਰੁੱਖ ਬਾਰੇ ਖ਼ਬਰ ਫੈਲਦੀ ਗਈ, ਬਹੁਤ ਸਾਰੇ ਲੋਕ ਐਲਡਰ ਨੂੰ ਦੇਖਣ ਲਈ ਜੰਗਲ ਵੱਲ ਆਉਣ ਲੱਗੇ। ਰੁੱਖ ਨੂੰ ਦੇਖਣ ਆਏ ਲੋਕਾਂ ਦੇ ਇਕੱਠਾਂ ਦੌਰਾਨ ਲਿਲੀ ਨੇ ਕੁਦਰਤ ਅਤੇ ਮਨੁੱਖੀ ਤਰੱਕੀ ਦੇ ਵਿਚਕਾਰ ਨਾਜ਼ੁਕ ਸੰਤੁਲਨ ਦੇ ਮਹੱਤਵ ਬਾਰੇ ਉਨ੍ਹਾਂ ਨੂੰ ਜਾਣੂੰ ਕਰਵਾਣਾ ਸ਼ੁਰੂ ਕਰ ਦਿੱਤਾ।
ਇਕ ਦਿਨ, ਲਿਲੀ, ਇਕ ਅਜਿਹੇ ਇਕੱਠ ਵਿੱਚ, ਲੋਕਾਂ ਸਾਮ੍ਹਣੇ ਖੜ੍ਹੀ ਸੀ, ਸਾਰੇ ਐਲਡਰ ਬਾਰੇ ਜਾਨਣ ਲਈ ਉਤਸੁਕ ਸਨ। ‘ਜੀ ਆਇਆ ਨੂੰ!’ ਲਿਲੀ ਦੇ ਬੋਲ ਸਨ। ਉਸ ਦੀ ਆਵਾਜ਼ ਸਿਆਣਪ ਤੇ ਆਤਮ-ਵਿਸ਼ਵਾਸ ਭਰਪੂਰ ਸੀ। ‘ਅਸੀਂ ਅੱਜ ਇੱਥੇ ਐਲਡਰ ਦੀ ਵਿਸ਼ਾਲਤਾ ਤੇ ਖੁਬਸੂਰਤੀ ਦੀ ਪ੍ਰਸ਼ੰਸਾ ਕਰਨ ਲਈ ਨਹੀਂ, ਸਗੋਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤ ਨੂੰ ਸੁਰੱਖਿਅਤ ਰੱਖਣ ਦੇ ਮਹੱਤਵ ਨੂੰ ਸਮਝਣ ਲਈ ਇਕੱਠੇ ਹੋਏ ਹਾਂ।’
ਇੱਕ ਅਧਖੜ ਉਮਰ ਦੇ ਆਦਮੀ ਨੇ ਆਪਣਾ ਹੱਥ ਉੱਚਾ ਕੀਤਾ। ਉਹ ਆਮ ਲੋਕਾਂ ਦੀ ਫ਼ਿਕਰਮੰਦੀ ਨੂੰ ਜ਼ੁਬਾਨ ਦਿੰਦਾ ਬੋਲਿਆ ‘ਪਰ ਸਾਡੇ ਸਮਾਜ ਦੇ ਵਿਕਾਸ ਲਈ ਤਰੱਕੀ ਜ਼ਰੂਰੀ ਹੈ। ਅਸੀਂ ਵਾਤਾਵਰਣ ਨੂੰ ਪ੍ਰਭਾਵਿਤ ਕੀਤੇ ਬਿਨਾਂ ਤਰੱਕੀ ਕਿਵੇਂ ਹਾਸਲ ਕਰ ਸਕਦੇ ਹਾਂ?’
ਲਿਲੀ ਮੁਸਕਰਾਂਦਿਆਂ ਬੋਲੀ, ”ਤੁਸੀਂ ਬਿਲਕੁਲ ਸਹੀ ਹੋ। ਤਰੱਕੀ ਜ਼ਰੂਰੀ ਹੈ, ਪਰ ਇਹ ਕੁਦਰਤ ਦੇ ਵਿਨਾਸ਼ ਦੀ ਕੀਮਤ ਉੱਤੇ ਨਹੀਂ ਹੋਣੀ ਚਾਹੀਦੀ। ਸਾਨੂੰ ਕੁਦਰਤ ਤੇ ਤਰੱਕੀ ਵਿਚ ਸੁਮੇਲਤਾ ਤੇ ਸੰਤੁਲਨ ਦੀ ਸਥਾਪਤੀ ਦਾ ਤਰੀਕਾ ਲੱਭਣਾ ਹੋਵੇਗਾ। ਅਸੀੰ ਅਜਿਹਾ ਕਰ ਸਕਦੇ ਹਾਂ, ਨਵੇਂ ਜੰਗਲ ਲਗਾ ਕੇ ਅਤੇ ਮੌਜੂਦਾ ਜੰਗਲਾਂ ਦੀ ਸਹੀ ਸਾਂਭ-ਸੰਭਾਲ ਕਰ ਕੇ।”
ਇੱਕ ਹੋਰ ਮੁਟਿਆਰ ਬੋਲੀ, ‘ਅਸੀਂ ਸ਼ਹਿਰਾਂ ਦਾ ਕੀ ਕਰੀਏ? ਉਹ ਤੇਜ਼ੀ ਨਾਲ ਫੈਲ ਰਹੇ ਹਨ, ਅਤੇ ਹਰੀਆਂ ਭਰੀਆਂ ਥਾਵਾਂ ਨੂੰ ਕੰਕਰੀਟ ਵਿਚ ਬਦਲਿਆ ਜਾ ਰਿਹਾ ਹੈ।’
‘ਸਾਨੂੰ ਵਾਤਾਵਰਣ-ਅਨੁਕੂਲ ਸ਼ਹਿਰ ਬਣਾਉਣ ਵੱਲ ਧਿਆਨ ਦੇਣਾ ਹੋਵੇਗਾ। ਸ਼ਹਿਰਾਂ ਵਿਚ ਅਸੀਂ ਰੁੱਖਾਂ, ਪਾਰਕਾਂ, ਤੇ ਬਾਗ-ਬਗੀਚਿਆਂ ਨੂੰ ਸੁਯੋਗ ਥਾਂ ਦੇ ਕੇ ਅਜਿਹਾ ਕਰ ਸਕਦੇ ਹਾਂ। ਘਰਾਂ ਵਿਚ ਸਾਨੂੰ ਪੌਦਿਆਂ ਤੇ ਬਗੀਚੀਆਂ ਨੂੰ ਥਾਂ ਦੇਣੀ ਹੋਵੇਗੀ। ਇੰਝ ਅਸੀਂ ਨਾ ਸਿਰਫ਼ ਪ੍ਰਦੂਸ਼ਣ ਨੂੰ ਘੱਟ ਕਰ ਸਕਾਂਗੇ, ਸਗੋਂ ਇਹ ਸਾਨੂੰ ਸਿਹਤ ਲਈ ਜ਼ਰੂਰੀ ਸ਼ੁੱਧ ਵਾਤਾਵਰਣ ਵੀ ਮੁਹਈਆ ਕਰੇਗਾ।’ ਲਿਲੀ ਦੇ ਬੋਲ ਸਨ।
ਜਿਵੇਂ ਅਜਿਹਾ ਵਿਚਾਰ-ਵਟਾਂਦਰਾ ਜਾਰੀ ਰਿਹਾ, ਐਲਡਰ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦੇ ਹੋਏ, ਲਿਲੀ ਨੇ ਵਾਤਾਵਰਣ ਦੀਆਂ ਵੱਖ-ਵੱਖ ਚੁਣੌਤੀਆਂ ਨੂੰ ਹੱਲ ਕਰਨ ਲਈ ਊਰਜਾ ਸਰੋਤਾਂ ਦੀ ਸੁਯੋਗ ਵਰਤੋਂ, ਪੁਰਾਣੀਆਂ ਚੀਜ਼ਾਂ ਦੀ ਮੁੜ-ਵਰਤੋਂ, ਅਤੇ ਪਲਾਸਟਿਕ ਦੀ ਖਪਤ ਘਟਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਿਆ। ਲੋਕਾਂ ਨੇ ਇਨ੍ਹਾਂ ਵਿਚਾਰਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ, ਅਤੇ ਇੰਝ ਵਾਤਵਾਰਣ ਸਾਂਭ-ਸੰਭਾਲ ਲਹਿਰ ਨੇ ਹੌਲੇਹੌਲੇ ਤੇਜ਼ੀ ਫੜ ਲਈ।
ੲੲੲ
ਇੱਕ ਦਿਨ, ਲੱਕੜਹਾਰਿਆ ਦੀ ਇਕ ਟੋਲੀ ਜੰਗਲ ਵਿਖੇ ਆ ਪਹੁੰਚੀ। ਉਹ ਜੰਗਲ ਵਿਚੋਂ ਲੰਘਣ ਵਾਲੇ ਹਾਈਵੇਅ ਲਈ ਰੁੱਖਾਂ ਨੂੰ ਕੱਟ ਰਸਤਾ ਤਿਆਰ ਕਰਨ ਲਈ ਆਏ ਸਨ।
ਲਿਲੀ ਲਈ ਇਹ ਵੱਡੇ ਇਮਤਿਹਾਨ ਦਾ ਸਮਾਂ ਸੀ। ਉਹ ਸੋਚਾਂ ਵਿਚ ਡੁੱਬ ਗਈ। ਸਥਾਨਕ ਸ਼ਹਿਰਾਂ ਵਿਚਲੀ ਦੂਰੀ ਨੂੰ ਤੈਅ ਕਰਨ ਲਈ ਲੱਗਦੇ ਸਮੇਂ ਨੂੰ ਘਟਾਉਣ ਲਈ ਹਾਈਵੇਅ ਦੀ ਤਾਂ ਸਖ਼ਤ ਜਰੂਰਤ ਹੈ ਸੀ, ਪਰ ਕੀ ਅਜਿਹਾ ਰੁੱਖਾਂ ਨੂੰ ਕੱਟੇ ਬਿਨ੍ਹਾਂ ਨਹੀਂ ਕੀਤਾ ਜਾ ਸਕਦਾ? ਕੀ ਹਾਈਵੇਅ ਜੰਗਲ ਵਿਚੋਂ ਨਾ ਲੰਘ ਕੇ ਕਿਸੇ ਹੋਰ ਥਾਂ ਉੱਤੇ ਨਹੀਂ ਬਣਾਇਆ ਜਾ ਸਕਦਾ? ਜੇ ਅਜਿਹਾ ਸੰਭਵ ਹੈ ਤਾਂ ਫ਼ਿਰ ਜੰਗਲ ਕੱਟ ਕੇ ਕੁਦਰਤ ਨੂੰ ਇੰਨਾ ਨੁਕਸਾਨ ਕਿਉਂ ਪਹੁੰਚਾਇਆ ਜਾਵੇ? ਪਰ ਅਜਿਹਾ ਤਾਂ ਹੋ ਨਹੀਂ ਸਕਦਾ ਕਿ ਹਾਈਵੇਅ ਅਧਿਕਾਰੀਆਂ ਨੇ ਜੰਗਲ ਨੂੰ ਬਚਾਉਣ ਖ਼ਾਤਰ ਬਦਲਵੇਂ ਮਾਰਗ ਬਾਰੇ ਨਾ ਸੋਚਿਆ ਹੋਵੇ… ਕਿੰਨੇ ਹੀ ਸਵਾਲਾਂ ਨੇ ਲਿਲੀ ਨੂੰ ਘੇਰ ਲਿਆ ਸੀ। ਲਿਲੀ ਦੁਵਿਧਾ ਵਿਚ ਸੀ ਕੀ ਕਰੇ ਜਾਂ ਨਾ ਕਰੇ। ਅਜਿਹੀ ਹਾਲਤ ਵਿਚ ਉਸ ਨੇ ਐਲਡਰ ਕੋਲੋਂ ਸਲਾਹ ਲੈਣ ਬਾਰੇ ਸੋਚਿਆ।
ਐਲਡਰ ਕੋਲ ਪਹੁੰਚ ਉਹ ਬੋਲੀ, ‘ਪਿਆਰੇ ਦੋਸਤ! ਹਾਈਵੇਅ ਬਣਾਉਣ ਲਈ ਕੁਝ ਲੋਕ ਜੰਗਲ ਨੂੰ ਕੱਟਣਾ ਚਾਹੁੰਦੇ ਹਨ! ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ।’ ‘ਮਨੁੱਖੀ ਤਰੱਕੀ ਦੇ ਕੰਮਾਂ-ਕਾਰਾਂ ਨੂੰ ਰੋਕਣਾ ਸੰਭਵ ਨਹੀਂ, ਪਰ ਤੂੰ ਤੇ ਤੇਰੇ ਸਾਥੀ ਉਨ੍ਹਾਂ ਲੋਕਾਂ ਨੂੰ ਸਮਝ ਪ੍ਰਦਾਨ ਕਰ ਸਕਦੇ ਹਨ,’ ਰੁੱਖ ਨੇ ਜਵਾਬ ਦਿੱਤਾ। ‘ਉਨ੍ਹਾਂ ਨੂੰ ਦੱਸੋ ਕਿ ਅਗਿਆਨਤਾ, ਤਬਾਹੀ ਦਾ ਕਾਰਣ ਬਣਦੀ ਹੈ। ਕੁਦਰਤ, ਵਾਤਾਵਰਣ ਤੇ ਜੀਵਾਂ ਦੇ ਆਪਸੀ ਸੰਬੰਧਾਂ ਬਾਰੇ ਉਨ੍ਹਾਂ ਨੂੰ ਚੇਤੰਨ ਕਰੋ। ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੇ ਮਹੱਤਵ ਨੂੰ ਸਮਝਣ ਵਿੱਚ ਉਨ੍ਹਾਂ ਦੀ ਮਦਦ ਕਰੋ।’
ਲਿਲੀ ਤੇ ਉਸ ਦੇ ਸਾਥੀਆਂ ਨੇ ਐਲਡਰ ਦੇ ਸੁਝਾਅ ਅਨੁਸਾਰ, ਲੱਕੜਹਾਰਿਆਂ ਤੇ ਹਾਈਵੇਅ ਅਧਿਕਾਰੀਆਂ ਨਾਲ ਮੀਟਿੰਗਾਂ ਕਰਦੇ ਹੋਏ ਕੁਦਰਤੀ ਵਾਤਵਾਰਣ ਦੇ ਮਹਤੱਵ ਅਤੇ ਇਸ ਦੀ ਸੁਰੱਖਿਆ ਲਈ ਪੁਰਜ਼ੋਰ ਅਪੀਲ ਕੀਤੀ। ਉਨ੍ਹਾਂ ਦੀ ਸੂਝਭਰੀ ਜਾਣਕਾਰੀ ਅਤੇ ਭਾਵੁਕ ਅਪੀਲ ਨੇ ਅਧਿਕਾਰੀਆਂ ਦੇ ਮਨ ਨੂੰ ਛੂੰਹ ਲਿਆ, ਅਤੇ ਉਨ੍ਹਾਂ ਨੇ ਆਪਣੇ ਕੰਮਾਂ ਬਾਰੇ ਮੁੜ ਵਿਚਾਰ ਕਰਨ ਦਾ ਫੈਸਲਾ ਕੀਤਾ।
ਫਲਸਰੂਪ ਜੰਗਲ ਦਾ ਵੱਡਾ ਹਿੱਸਾ ਕੱਟੇ ਜਾਣ ਤੋਂ ਬਚ ਗਿਆ। ਹਾਈਵੇਅ ਹੇਠ ਆਏ ਜੰਗਲ ਦੇ ਖੇਤਰ ਜਿੰਨੇ ਹੋਰ ਖੇਤਰ ਉੱਤੇ ਨਵਾਂ ਜੰਗਲ ਵੀ ਲਗਾਇਆ ਗਿਆ।
ੲੲੲ
ਉਪਰੋਕਤ ਘਟਨਾ ਤੋਂ ਉਤਸ਼ਾਹਿਤ ਹੋ, ਲਿਲੀ ਤੇ ਉਸ ਦੀ ਟੀਮ ਨੇ ਐਲਡਰ ਦਾ ਸੁਨੇਹਾ ਘਰ ਘਰ ਪਹੁੰਚਾਣ ਲਈ ਨਵੀਂ ਮੁਹਿੰਮ ਸ਼ੁਰੂ ਕਰ ਲਈ।
ਲਿਲੀ ਤੇ ਉਸ ਦੇ ਸਾਥੀ ਜਾਣਦੇ ਸਨ ਕਿ ਸਥਾਈ ਤਬਦੀਲੀ ਲਈ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ। ਇਸੇ ਲਈ ਉਨ੍ਹਾਂ ਨੇ ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਤੱਕ ਪਹੁੰਚ ਕੀਤੀ। ਬੱਚਿਆਂ ਲਈ ਵਰਕਸ਼ਾਪਸ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ। ਇਕ ਦਿਨ ਲਿਲੀ ਨੂੰ ਸਕੂਲ ਦੀ ਅਸੈਂਬਲੀ ਵਿਚ ਬੋਲਣ ਦਾ ਮੌਕਾ ਮਿਲਿਆ।
”ਬੱਚਿਓ, ਤੁਸੀਂ ਸਾਡਾ ਭਵਿੱਖ ਹੋ,” ਉਸ ਨੇ ਸਰੋਤਿਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ। ”ਤੁਹਾਡੇ ਕੋਲ ਦੁਨੀਆਂ ਅੰਦਰ ਇੱਕ ਵੱਡਾ ਫ਼ਰਕ ਪੈਦਾ ਕਰ ਸਕਣ ਵਾਲੀ ਸ਼ਕਤੀ ਹੈ। ਯਾਦ ਰੱਖੋ, ਹਰ ਛੋਟੀ ਜਿਹੀ ਕਾਰਵਾਈ ਵੀ ਵੱਡਾ ਫ਼ਰਕ ਪੈਦਾ ਕਰਨ ਦੀ ਤਾਕਤ ਰੱਖਦੀ ਹੈ। ਕੋਸ਼ਿਸ ਰਹੇ ਕਿ ਹਰ ਬੱਚਾ ਇੱਕ ਰੁੱਖ ਲਗਾਏ, ਕੂੜੇ-ਕਰਕੱਟ ਨੂੰ ਇਧਰ-ਉਧਰ ਖਿਲਾਰਣ ਦੀ ਥਾਂ ਕੂੜੇਦਾਨ ਵਿਚ ਪਾਇਆ ਜਾਵੇ ਅਤੇ ਬੇਫ਼ਜੂਲ ਬਿਜਲੀ, ਪਾਣੀ ਤੇ ਕਾਗਜ਼ਾਂ ਦੀ ਖਪਤ ਤੋਂ ਗੁਰੇਜ਼ ਕਤਿਾ ਜਾਵੇ। ਸਾਦਾ ਤੇ ਸੁਚੱਜਾ ਜੀਵਨ ਚਲਣ ਮਹੱਤਵਪੂਰਣ ਹੈ।”
ਉਸ ਦੇ ਸ਼ਬਦਾਂ ਨੇ ਵਿਦਿਆਰਥੀਆਂ ਦੇ ਮਨਾਂ ਉੱਤੇ ਗਹਿਰਾ ਪ੍ਰਭਾਵ ਛੱਡਿਆ ਅਤੇ ਉਹ ਕੁਦਰਤ ਦੇ ਸੁਰੱਖਿਆ ਕਾਰਜਾਂ ਨਾਲ ਭਾਵਨਾਤਮਕ ਤੌਰ ਉੱਤੇ ਜੁੜ ਗਏ। ਲਿਲੀ ਤੇ ਉਸ ਦੀ ਟੀਮ ਦੇ ਉਦਮਾਂ ਸਦਕਾ ਕਈ ਸਕੂਲਾਂ ਨੇ ਨੇਚਰ ਕਲੱਬ ਸ਼ੁਰੂ ਕਰ ਲਏ, ਰੁੱਖ ਲਗਾਉਣ ਦੀਆਂ ਮੁਹਿੰਮਾਂ ਦਾ ਆਯੋਜਨ ਕੀਤਾ ਜਾਣ ਲਗ ਪਿਆ, ਅਤੇ ਇੱਥੋਂ ਤੱਕ ਕਿ ਸਥਾਨਕ ਜਲ ਸਰੋਤਾਂ ਨੂੰ ਸਾਫ਼ ਕਰਨ ਲਈ ਵੀ ਮੁਹਿੰਮਾਂ ਸ਼ੁਰੂ ਹੋ ਗਈਆਂ। ਜਿਵੇਂ ਹੀ ਹੋਰ ਤੇ ਹੋਰ ਲੋਕ ਇਸ ਜਨ-ਮੁਹਿੰਮ ਵਿੱਚ ਸ਼ਾਮਲ ਹੋਏ, ਇੱਸ ਲਹਿਰ ਦਾ ਪ੍ਰਭਾਵ ਪੂਰੇ ਖੇਤਰ ਵਿੱਚ ਫੈਲ ਗਿਆ। ਜੰਗਲਾਂ ਅਤੇ ਕੁਦਰਤੀ ਸਥਾਨਾਂ ਦੀ ਸੁਰੱਖਿਆ ਦੀ ਜੁੰਮੇਵਾਰੀ ਸਥਾਨਕ ਭਾਈਚਾਰਿਆਂ ਨੇ ਸੰਭਾਲ ਲਈ। ਭਿੰਨਭਿੰਨ ਖੇਤਰਾਂ ਦੀਆਂ ਵਾਤਾਵਰਣੀ ਸੁਰੱਖਿਆ ਸਭਾਵਾਂ ਨੇ ਵੱਖ-ਵੱਖ ਸਥਾਨਕ ਮੁੱਦਿਆਂ ਦੇ ਟਿਕਾਊ ਹੱਲ ਲੱਭਣ ਲਈ ਸਰਕਾਰਾਂ ਅਤੇ ਕਾਰਪੋਰੇਸ਼ਨਾਂ ਨਾਲ ਮਿਲ ਕੇ ਕੰਮ ਕੀਤਾ।
ਸਮੇਂ ਦੇ ਗੁਜ਼ਰਨ ਨਾਲ, ਵਾਤਵਰਣੀ ਸੁਰੱਖਿਆ ਲਹਿਰ ਨੇ ਪ੍ਰਭਾਵਸ਼ਾਲੀ ਨੇਤਾਵਾਂ ਅਤੇ ਪ੍ਰਮੁੱਖ ਸਮਾਜੀ ਹਸਤੀਆਂ ਦਾ ਧਿਆਨ ਖਿੱਚਿਆ। ਹੁਣ ਵਾਤਾਵਰਣੀ ਪਹਿਰੇਦਾਰਾਂ ਦੇ ਯਤਨ ਹੋਰ ਤੇਜ਼ ਹੋ ਗਏ। ਫਲਸਰੂਪ ਸਰਕਾਰਾਂ ਨੇ ਵਾਤਾਵਰਣ ਦੀ ਰੱਖਿਆ ਲਈ ਕਾਨੂੰਨ ਬਣਾਏ, ਅਤੇ ਕੰਪਨੀਆਂ ਨੇ ਆਪਣੇ ਕਾਰੋਬਾਰੀ ਮਾਮਲਿਆਂ ਵਿੱਚ ਵਾਤਾਵਰਣ ਦੀ ਜ਼ਿੰਮੇਵਾਰੀ ਨੂੰ ਸ਼ਾਮਲ ਕਰਨ ਦੇ ਮਹੱਤਵ ਨੂੰ ਪਛਾਣਿਆ।
ਇੰਝ ਲਿਲੀ ਤੇ ਉਸ ਦੇ ਸਾਥੀਆਂ ਦੇ ਵਾਤਾਵਰਣ ਦੀ ਸੰਭਾਲ ਸੰਬੰਧਤ ਯਤਨਾਂ ਨੂੰ ਫਲ ਲੱਗਾ। ਸਮੇਂ ਨਾਲ ਲਿਲੀ ਨੂੰ ਅੰਤਰਰਾਸ਼ਟਰੀ ਮੰਚਾਂ ਉੱਤੇ ਬੋਲਣ ਦਾ ਸੱਦਾ ਪ੍ਰਾਪਤ ਹੋਇਆ। ਅਜਿਹੇ ਮੰਚਾਂ ਉੱਤੇ ਉਸ ਨੇ ਚੇਤੰਨ ਰੁੱਖ ਅਤੇ ਇਸ ਤੋਂ ਪ੍ਰੇਰਿਤ ਤਬਦੀਲੀ ਦੀ ਕਹਾਣੀ ਨੂੰ ਸਾਂਝਾ ਕੀਤਾ। ਉਸ ਦੀ ਭਾਵੁਕ ਅਪੀਲ ਨੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨੂੰ ਵਿਸ਼ਵ ਦੀ ਕੁਦਰਤੀ ਵਿਰਾਸਤ ਦੀ ਰੱਖਿਆ ਲਈ ਇਕੱਠੇ ਹੋ ਕੇ ਯਤਨ ਕਰਨ ਲਈ ਪ੍ਰੇਰਿਤ ਕੀਤਾ। ਲਿੱਲੀ ਦੇ ਅਣਥੱਕ ਯਤਨਾਂ ਦੀ ਮਾਨਤਾ ਵਿੱਚ, ਉਸ ਨੂੰ ‘ਵਿਸ਼ਵ ਵਾਤਾਵਰਣੀ ਨਾਇਕਾ ਇਨਾਮ’ ਨਾਲ ਸਨਮਾਨਿਤ ਕੀਤਾ ਗਿਆ। ਉਸ ਨੇ ਇਹ ਇਨਾਮ ਐਲਡਰ ਨੂੰ ਸਮਰਪਿਤ ਕਰਦੇ ਹੋਏ ਕਿਹਾ, ‘ਐਲਡਰ ਇੱਕ ਅਜਿਹਾ ਚੇਤੰਨ ਰੁੱਖ ਹੈ ਜਿਸ ਨੇ ਹਰ ਕਦਮ ਉੱਤੇ ਉਸ ਦਾ ਮਾਰਗਦਰਸ਼ਨ ਕੀਤਾ ਹੈ।’
ਲਿਲੀ ਦੇ ਅਟੁੱਟ ਦ੍ਰਿੜ ਇਰਾਦੇ ਅਤੇ ਉਸ ਦੀ ਟੀਮ ਦੇ ਨਿਰੰਤਰ ਯਤਨਾਂ ਸਦਕਾ, ਕੁਦਰਤ ਅਤੇ ਮਨੁੱਖੀ ਤਰੱਕੀ ਵਿਚਕਾਰ ਸੰਤੁਲਨ ਹੌਲੀ-ਹੌਲੀ ਬਹਾਲ ਹੋ ਗਿਆ। ਤੇ ਇਸ ਤਰ੍ਹਾਂ, ਚੇਤੰਨ ਰੁੱਖ ਦੇ ਸੁਨੇਹੇ ਨੂੰ ਸੁਣਨ ਵਾਲੀ ਮੁਟਿਆਰ, ਵਾਤਾਵਰਣੀ ਸੁਰੱਖਿਆ ਕਾਰਜਾਂ ਵਿਚ ਪਾਏ ਵਿਲੱਖਣ ਯੋਗਦਾਨ ਨਾਲ ਦੁਨੀਆ ਉੱਤੇ ਅਮਿੱਟ ਛਾਪ ਛੱਡਦੀ ਹੋਈ ਆਉਣ ਵਾਲੀਆਂ ਪੀੜ੍ਹੀਆਂ ਦਾ ਪ੍ਰੇਰਨਾ ਸਰੋਤ ਬਣ ਗਈ।
ਜਿਵੇਂ-ਜਿਵੇਂ ਸਾਲ ਬੀਤਦੇ ਗਏ, ਐਲਡਰ ਦੇ ਆਲੇ-ਦੁਆਲੇ ਜੰਗਲ ਵਧਦਾ ਗਿਆ। ਇਸ ਦਾ ਹਰਾ-ਭਰਾ ਚੋਗਿਰਦਾ, ਜੰਗਲੀ ਜੀਵਾਂ ਲਈ ਪਨਾਹਗਾਹ ਬਣ ਗਿਆ। ਇੰਝ ਮਨੁੱਖ ਨੇ ਵਿਕਾਸ ਦੇ ਨਾਲ ਨਾਲ ਕੁਦਰਤ ਨਾਲ ਸੁਮੇਲਤਾ ਵਾਲਾ ਜੀਵਨ ਢੰਗ ਵੀ ਸਿੱਖ ਲਿਆ।
ਹੁਣ ਪ੍ਰਾਚੀਨ ਤੇ ਵਿਸ਼ਾਲ ਐਲਡਰ, ਰੁਮਕਦੀ ਹਵਾ ਦੀਆਂ ਲਹਿਰਾਂ ਨਾਲ ਝੂਲਦੀਆਂ ਟਾਹਣੀਆਂ ਸੰਗ ਮਾਣਮੱਤਾ ਖੜ੍ਹਾ ਸੀ, ਕਿਉਂਕਿ ਉਹ ਜਾਣ ਚੁੱਕਾ ਸੀ ਕਿ ਉਸ ਦਾ ਸੁਨੇਹਾ ਬਹੁਤ ਸਾਰੇ ਲੋਕਾਂ ਦੇ ਮਨਾਂ ਨੂੰ ਛੂੰਹ ਗਿਆ ਸੀ। ਚੇਤੰਨ ਰੁੱਖ ਨੇ ਮਨੁੱਖਾਂ ਨੂੰ ਕੁਦਰਤ ਦੀ ਰੱਖਿਆ ਲਈ ਪ੍ਰੇਰਿਤ ਕੀਤਾ ਸੀ, ਅਤੇ ਉਸ ਦੀ ਵਿਰਾਸਤ ਧਰਤੀ ਦੇ ਇਤਿਹਾਸ ਵਿਚ ਸੁਨਿਹਰੇ ਅੱਖਰਾਂ ਨਾਲ ਸਦਾ ਲਈ ਉੱਕਰੀ ਜਾ ਚੁੱਕੀ ਸੀ।
ਡਾ. ਦੇਵਿੰਦਰ ਪਾਲ ਸਿੰਘ ਖੋਜੀ, ਲੇਖਕ ਤੇ ਅਧਿਆਪਕ ਹੈ ਜੋ ਮਿਸੀਸਾਗਾ, ਓਂਟਾਰੀਓ, ਕੈਨੇਡਾ ਦਾ ਵਾਸੀ ਹੈ।
Website: drdpsinghauthor.wordpress.com
Email: [email protected]