Breaking News
Home / ਨਜ਼ਰੀਆ / ਸਵਰਾਜਬੀਰ ਦਾ ਨਵਾਂ ਨਾਟਕ “ਅਗਨੀ ਕੁੰਡ”

ਸਵਰਾਜਬੀਰ ਦਾ ਨਵਾਂ ਨਾਟਕ “ਅਗਨੀ ਕੁੰਡ”

ਡਾ. ਹਰਜੋਧ ਸਿੰਘ
ਸਵਰਾਜਬੀਰ ਪੰਜਾਬੀ ਸਾਹਿਤਕ ਜਗਤ ਦਾ ਅਜਿਹਾ ਹਾਸਲ ਹੈ, ਜਿਹੜਾ ਆਪਣੀਆਂ ਸਾਹਿਤਕ ਕਿਰਤਾਂ ਲਈ ਸਮੱਗਰੀ ਦਾ ਆਧਾਰ ਭਾਰਤੀ ਇਤਿਹਾਸਕ-ਮਿਥਿਹਾਸਕ ਤੱਥਾਂ ਤੇ ਮਿੱਥਾਂ, ਪੁਰਾਣਿਕ ਕਥਾਵਾਂ, ਸਭਿਆਚਾਰਕ ਪ੍ਰਤਿਮਾਨਾਂ, ਲੋਕਧਾਰਕ ਤੱਥਾਂ ਅਤੇ ਧਾਰਮਿਕ ਅਕੀਦਿਆਂ ਨੂੰ ਸਿਰਫ਼ ਬਣਾਉਂਦਾ ਹੀ ਨਹੀਂ ਸਗੋਂ ਉਹ ਆਪਣੇ ਗਿਆਨ ਅਤੇ ਤਰਕ ਸ਼ਕਤੀ ਵਿਸ਼ਲੇਸ਼ਣ ਕਰਦਿਆਂ ਸ਼ਾਬਦਿਕ ਸੰਰਚਨਾ ਵਿਚ ਪੇਸ਼ ਕਰਦਾ ਹੈ। ਸਵਰਾਜਬੀਰ ਆਪਣੇ ਨਾਟਕਾਂ ਵਿੱਚ ਪੁਰਾਣਿਕ ਕਥਾਵਾਂ, ਇਤਿਹਾਸਕ, ਮਿਥਿਹਾਸਕ ਤੱਥਾਂ ਤੇ ਮਿੱਥਾਂ ਨੂੰ ਸਿਰਫ਼ ਬ੍ਰਾਹਮਣਵਾਦੀ ਨਜ਼ਰੀਏ ਤੋਂ ਪੇਸ਼ ਨਹੀਂ ਕਰਦਾ, ਉਹ ਲੋਕ ਮਾਨਸਿਕਤਾ ਦਾ ਹਿੱਸਾ ਬਣ ਚੁੱਕੇ ਲੋਕ-ਪਾਤਰਾਂ, ਲੋਕ-ਗਥਾਵਾਂ, ਲੋਕ-ਕਹਾਣੀਆਂ, ਲੋਕ-ਮੁਹਾਵਰੇ ਨੂੰ ਰਚਨਾਤਮਕਤਾ ਦਾ ਹਿੱਸਾ ਬਣਾਉਂਦਾ ਹੈ। ਇਸ ਉਪਰੋਕਤ ਦੇ ਪ੍ਰਸੰਗ ਵਿੱਚ ਜਿੱਥੇ ਉਸ ਦੇ ਪਹਿਲਾਂ ਲਿਖੇ ਨਾਟਕਾਂ ਨੂੰ ਰੱਖ ਸਕਦੇ ਹਾਂ ਉੱਥੇ ਸਵਰਾਜਬੀਰ ਦਾ ਨਵਾਂ ਲਿਖਿਆ ਨਾਟਕ ‘ਅਗਨੀ ਕੁੰਡ’ ਵਿਸ਼ੇਸ਼ ਮਹੱਤਵ ਦਾ ਲਖ਼ਾਇਕ ਹੈ। ਜਿੱਥੇ ਇਸ ਨਾਟਕ ਦੇ ਆਧਾਰ ਦੀਆਂ ਤੰਦਾਂ ਭਾਰਤੀ ਪੁਰਾਣ ਕਥਾ ਵਿੱਚ ਪਈਆਂ ਹਨ ਉਥੇ ਹੀ ਇਹ ਨਾਟਕ ਆਪਣੀ ਬਣਤਰ ਲਈ ਲੋਕ ਕਥਾ ਨੂੰ ਆਧਾਰ ਬਣਾਉਂਦਾ ਹੈ। ਸਵਰਾਜਬੀਰ ਦੇ ਆਪਣੇ ਸ਼ਬਦਾਂ ਵਿੱਚ ”ਕਥਾ ਮੂਲ ਤੌਰ ‘ਤੇ ਸਰਪਸਤਰ ਯੱਗ ਦੀ ਹੈ। ਸਰਪਸਤਰ ਯੱਗ ਦੋ ਧਿਰਾਂ ਵਿੱਚ ਹੋਏ ਯੁੱਧ ਦਾ ਮੈਟਾਫ਼ਰ ਹੈ। ਮੇਰੇ ਨਾਟਕ ਦੀ ਮੂਲ ਕਥਾ ਵੀ ਇਹੀ ਹੈ ਪਰ ਮੈਂ ਕਹਾਣੀ ਦੇ ਤੰਦ ਮਹਾਂਭਾਰਤ ਤੇ ਪੁਰਾਣਾਂ ਦੇ ਨਾਲ-ਨਾਲ ਉਸ ਕਥਾ ਤੋਂ ਲਏ ਹਨ ਜੋ ਅੰਬਾਲੇ ਲਾਗਲੇ ਪਿੰਡ ਬਿਬਿਯਾਲ ਦੇ ਦੋ ਮਜ਼੍ਹਬੀ ਸਿੱਖਾਂ ਨੇ ਗਾ ਕੇ ਆਰ.ਸੀ.ਟੈਂਪਲ ਨੂੰ ਸੁਣਾਈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬ੍ਰਾਹਮਣ ਇਸ ਕਥਾ ਨੂੰ ਸੰਸਕ੍ਰਿਤ ਵਿੱਚ ਸਾਂਭਦੇ ਹਨ ਅਤੇ ਦਲਿਤ ਲੋਕ-ਬੋਲੀ ਵਿੱਚ ਗਾਈ ਗਈ ਲੋਕ-ਗਾਥਾ ਵਿੱਚ। ਦੋਹਾਂ ਕਥਾਵਾਂ ਵਿੱਚ ਅੰਤਰ ਹਨ। ਲੋਕ-ਗਾਥਾ ਵਿੱਚ ਨਾਗਰਾਜ ਵਾਸੁਕੀ ਬਾਸੁਕ ਹੋ ਜਾਂਦਾ ਹੈ ਅਤੇ ਪਰੀਕ-ਸ਼ਿਤ ਪਾਰਗ। ਪਰੀਕ-ਸ਼ਿਤ ਵਾਸੁਕੀ ਦੀ ਪੁੱਤਰੀ ਨਿਵਲ ਦੇਵੀ ਨਾਲ ਵਿਆਹ ਕਰਵਾਉਂਦਾ ਹੈ।ਇਸ ਵਿਆਹ ਤੋਂ ਜਨਮੇਜਯ ਦਾ ਜਨਮ ਹੁੰਦਾ ਹੈ। ਇਸ ਤਰ੍ਹਾਂ ਲੋਕ-ਗਾਥਾ ਅਨੁਸਾਰ ਜਨਮੇਜਯ ਦੀਆਂ ਰਗਾਂ ਵਿੱਚ ਵਗਦਾ ਲਹੂ ਸ਼ੁੱਧ ਆਰੀਆ ਨਹੀਂ, ਮਿਸ਼ਰਤ ਹੈ – ਆਰੀਆ ਪਿਉ ਤੇ ਨਾਗ ਮਾਂ ਦਾ ਖੂਨ।” ਸਵਰਾਜਬੀਰ ਦਾ ਨਵਾਂ ਨਾਟਕ ‘ਅਗਨੀ ਕੁੰਡ’ ਉਸ ਦੁਆਰਾ ਪਹਿਲੇ ਲਿਖੇ ਨਾਟਕ ‘ਕ੍ਰਿਸ਼ਨ’ ਦੀ ਕਹਾਣੀ ਦਾ ਵਿਸਥਾਰ ਕਿਹਾ ਜਾ ਸਕਦਾ ਹੈ। ‘ਕ੍ਰਿਸ਼ਨ’ ਨਾਟਕ ਪੁਰਾਣਿਕ ਕਥਾ ਵਿੱਚ ਵਰਣਿਤ ‘ਖਾਂਡਵ ਵਣ’ ਨੂੰ ਤਬਾਹ ਕਰਕੇ ਨਵੇਂ ਨਗਰ ਅਤੇ ਪਾਂਡੂ ਰਾਜ ਨੂੰ ਸਥਾਪਿਤ ਕਰਨ ਦੀ ਮਿੱਥ ‘ਤੇ ਆਧਾਰਿਤ ਹੈ, ਜਿਸ ਵਿੱਚ ਕ੍ਰਿਸ਼ਨ ਅਤੇ ਅਰਜੁਨ ਨੇ ਜੰਗਲ ਵਿੱਚ ਰਹਿਣ ਵਾਲੇ ਲੋਕਾਂ ਨੂੰ ਬੁਰੀ ਤਰ੍ਹਾਂ ਮਾਰਿਆ ਤਾਂ ਕਿ ਪਾਂਡੂ ਰਾਜ ਦੀ ਨੀਂਹ ਪੱਕੇ ਪੈਰੀਂ ਕੀਤੀ ਜਾ ਸਕੇ। ਰਾਜ ਨੂੰ ਪੱਕੇ ਪੈਰੀਂ ਸਥਾਪਿਤ ਅਤੇ ਵਿਸਥਾਰਤ ਕਰਨ ਦੀ ਨੀਤੀ ‘ਅਗਨੀ ਕੁੰਡ’ ਵਿੱਚ ਵੀ ਅਰਜੁਨ ਦੇ ਪੋਤੇ ਪਰੀਕ-ਸ਼ਿਤ ਅਤੇ ਪੜਪੋਤੇ ਜਨਮੇਜਯ ਦੇ ਰੂਪ ਵਿੱਚ ਜਾਰੀ ਰਹਿੰਦੀ ਹੈ ਪ੍ਰਤੂੰ ਇੱਥੇ ਇਸ ਨੀਤੀ ਦਾ ਸਰੂਪ ਬਦਲ ਜਾਂਦਾ ਹੈ। ਇਤਿਹਾਸਕ ਤੌਰ ‘ਤੇ ਦੇਖਿਆ ਜਾਵੇ ਤਾਂ ਜਨਮੇਜਯ ਦੁਆਰਾ ਲਏ ਫੈਸਲਿਆਂ ਨੂੰ ਜਿੱਥੇ ਉਸਦੀ ਹੀਣਭਾਵਨਾ ਕਿ ਨੀਵੇਂ ਦਰਜੇ ਦੇ ਸਮਝੇ ਜਾਂਦੇ ਨਾਗ ਕਬੀਲੇ ਨਾਲ ਆਪਣੀ ਮਾਂ ਰਾਹੀਂ ਖੂਨ ਦੇ ਰਿਸ਼ਤੇ ਵਿੱਚ ਬੱਝੇ ਹੋਏ, ਬਚਪਨ ਤੋਂ ਆਪਣੇ ਰਾਜ ਪ੍ਰਬੰਧਕਾਂ ਅਤੇ ਮੰਤਰੀਆਂ ਦੀ ਦੇਖ-ਰੇਖ ਵਿੱਚ ਰਾਜ ਕਰਨ ਅਤੇ ਆਪਣੇ ਪਿਤਾ ਮਹਾਰਾਜ ਪਰੀਕ-ਸ਼ਿਤ ਦੀ ਤਾਕਤਵਰ ਤੇ ਤੇਜਸਵੀ ਸ਼ਖ਼ਸੀਅਤ ਦਾ ਮੁਕਾਬਲਾ ਕਰਨ ਦੇ ਪ੍ਰਸੰਗ ਵਿੱਚ ਸਮਝਿਆ ਜਾ ਸਕਦਾ ਹੈ, ਉਥੇ ਹੀ ਇਹ ਫੈਸਲੇ ਇਤਿਹਾਸਕ ਅਮਲ ਮੁੱਖ ਤੌਰ ‘ਤੇ ਆਰੀਆ ਸਭਿਅਤਾ ਅਤੇ ਆਰੀਆ ਰਾਜ ਦੇ ਪੱਕੇ ਪੈਰੀਂ ਸਥਾਪਿਤ ਕਰਨ ਅਤੇ ਉਸ ਦਾ ਵਿਸਥਾਰ ਕਰਨ ਦੀ ਪੁਰਾਣੀ ਨੀਤੀ ਦਾ ਅਮਲ ਹਨ। ਆਪਣੇ ਰਾਜ ਦਾ ਫੈਲਾਓ ਅਤੇ ਮਜਬੂਤੀ ਦਾ ਅਮਲ ਜਨਮੇਜਯ ਦੇ ਪੁਰਖਿਆਂ ਤੋਂ ਚੱਲਦਾ ਆ ਰਿਹਾ ਹੈ। ਮਨੁੱਖਤਾ ਦੇ ਇਤਿਹਾਸਕ ਵਿਕਾਸ ਕ੍ਰਮ ਵਿੱਚ ਮਨੁੱਖਤਾ ਦੀ ਤਰੱਕੀ ਲਈ ਪੈਦਾਵਾਰੀ ਸ਼ਕਤੀਆਂ ਦਾ ਪ੍ਰਫੁੱਲਤ ਹੋਣਾ ਮੁੱਢਲੀ ਜ਼ਰੂਰਤ ਸੀ। ਮਨੁੱਖ ਵਿੱਚ ਆਪਣੇ ਰਾਜ ਨੂੰ ਸਥਾਪਿਤ ਅਤੇ ਵਿਸਥਾਰਤ ਕਰਨ ਦੀ ਲਾਲਸਾ ਮਨੁੱਖੀ ਸਭਿਅਤਾ ਦੀ ਮੁੱਢ ਕਦੀਮੀ ‘ਥੁੜ੍ਹ’ ਦੇ ਡਰ ਵਿਚੋਂ ਵਿਕਸਿਤ ਹੋਈ ਹੈ। ਇਸ ‘ਥੁੜ੍ਹ’ ਤੋਂ ਬਚਣ ਲਈ ਮਨੁੱਖਾਂ ਦੀ ਇੱਕ ਧਿਰ ਨੇ ਦੂਜੀ ਧਿਰ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਥਾਰ ਕਰ ਲਿਆ ਅਤੇ ਉਸ ਦੇ ਪੈਦਾਵਾਰੀ ਸਾਧਨਾਂ ‘ਤੇ ਆਪਣਾ ਕਬਜ਼ਾ ਕਰ ਲਿਆ। ਨਾਟਕ ‘ਅਗਨੀ ਕੁੰਡ’ ਵਿੱਚ ਜਨਮੇਜਯ ਦਾ ਨਾਗ ਲੋਕਾਂ ਨਾਲ ਯੁੱਧ ਕਰਨ ਦਾ ਫੈਸਲਾ ਉਪਰੋਕਤ ਸੰਦਰਭਾਂ ਵਿੱਚ ਰੱਖ ਦੇ ਦੇਖਿਆ ਜਾ ਸਕਦਾ ਹੈ। ‘ਅਗਨੀ ਕੁੰਡ’ ਨਾਟਕ ਦੇ ਪ੍ਰਸੰਗ ਵਿੱਚ ਯੁੱਧ ਕਰਨ ਦੇ ਫੈਸਲੇ ਨੂੰ ਸਿਰਫ਼ ਤਾਰਕਿਕ ਪੱਧਰ ‘ਤੇ ਜਾਂ ਪੁਰਖਿਆਂ ਦੀ ਆਪਣੇ ਰਾਜ ਨੂੰ ਵਿਸਥਾਰਤ ਕਰਨ ਦੀ ਪਰੰਪਰਾ ਦੇ ਪ੍ਰਸੰਗਾਂ ਵਿੱਚ ਹੀ ਨਹੀਂ ਦੇਖਿਆ/ਸਮਝਿਆ ਜਾ ਸਕਦਾ ਸਗੋਂ ਸਮਰਾਟ ਪਰੀਕ-ਸ਼ਿਤ ਅਤੇ ਜਨਮੇਜਯ ਦੀਆਂ ਮਾਨਸਿਕ ਗੁੰਝਲਾਂ ਦੇ ਸੰਦਰਭ ਵਿੱਚ ਦੇਖੇ/ਸਮਝੇ ਜਾਣ ਦੀ ਜ਼ਰੂਰਤ ਵੀ ਹੈ। ਆਪਣੇ ਸਮੇਂ ਦੀਆਂ ਪਰਸਥਿਤੀਆਂ ਦੀਆਂ ਜ਼ਰੂਰਤਾਂ ਦੇ ਮੁਤਾਬਿਕ ਪਰੀਕ-ਸ਼ਿਤ ਨੇ ਆਪਣੇ ਰਾਜ ਦੀਆਂ ਨੀਹਾਂ ਮਜਬੂਤ ਕਰਨ ਲਈ ਜਿੱਥੇ ਬੇਗਾਨੀ ਧਿਰ ਪ੍ਰਤੀ ਵਿਨਾਸ਼ਕਾਰੀ ਨੀਤੀ ਅਪਣਾਈ, ਉੱਥੇ ਹੀ ਮਿਲਵਰਤਣ ਦੀ ਕੂਟਨੀਤੀ ਦੇ ਤਹਿਤ ਆਰੀਆ ਸਭਿਅਤਾ ਤੋਂ ਬਾਹਰ ਵਿਰੋਧੀ ਧਿਰ ਨਾਗ ਕਬੀਲੇ ਦੀ ਕੰਨਿਆ ਨਾਲ ਵਿਆਹ ਰਚਾ ਕੇ ਸ਼ਾਂਤੀ ਦਾ ਰਾਹ ਲੱਭਿਆ। ਸਮਰਾਟ ਪਰੀਕ-ਸ਼ਿਤ ਦੁਆਰਾ ਅਪਣਾਈ ਗਈ ਮਿਲਵਰਤਣ ਦੀ ਕੂਟਨੀਤੀ ਆਪਣੇ ਰਾਜ ਨੂੰ ਸਥਿਰਤਾ ਦੇਣ ਅਤੇ ਪੂਰੇ ਰਾਜ ਪ੍ਰਬੰਧ ਅਤੇ ਨੇੜਲੇ ਇਲਾਕਿਆਂ ਉੱਪਰ ਏਕਾਧਿਕਾਰ ਦੀ ਸਥਿਤੀ ਵਿਚੋਂ ਨਿਕਲੀ ਹੈ। ਸਮਰਾਟ ਪਰੀਕ-ਸ਼ਿਤ ਨੇ ਉਸ ਸਮੇਂ ਦੀ ਰਾਜਨੀਤਕ ਸਥਿਤੀ ਵਿੱਚ ਆਰੀਆ ਰਾਜ ਅਤੇ ਜੰਗਲਾਂ ਵਿੱਚ ਵਸਦੇ ਕਬੀਲਿਆਂ ਵਿੱਚ ਆਪਸੀ ਵਿਰੋਧ ਦੇ ਰਿਸ਼ਤਿਆਂ ਪ੍ਰਸੰਗ ਵਿੱਚ ਨਵੀਆਂ ਪੈੜ੍ਹਾਂ ਸਿਰਜਣ ਦਾ ਉਪਰਾਲਾ ਵੀ ਸੀ। ਇਸ ਦੇ ਉਲਟ ਜਨਮੇਜਯ ਦੁਆਰਾ ਜੰਗਲ ਵਿੱਚ ਵਸਦੇ ਨਾਗ ਲੋਕਾਂ ਵਿਰੁੱਧ ਅਪਣਾਈ ਗਈ ਵਿਨਾਸ਼ਕਾਰੀ ਨੀਤੀ ਆਰੀਆ ਸਭਿਅਤਾ ਦੀ ਰਾਜ ਵਿ਼ਸਥਾਰ ਦੀ ਸੋਚ, ਆਪਣੀਆਂ ਰਗਾਂ ਵਿੱਚ ਸ਼ੁੱਧ ਆਰੀਆ ਖੂਨ ਨਾ ਹੋਣ ਦੀ ਹੀਣਭਾਵਨਾ ਅਤੇ ਆਪਣੀ ਕਮਜ਼ੋਰ ਤੇ ਰਾਜ ਪ੍ਰਬੰਧਕਾਂ ‘ਤੇ ਆਸ਼ਰਿਤ ਸ਼ਖ਼ਸੀਅਤ ਵਿੱਚ ਆਪਣੇ ਪਿਤਾ ਪਰੀਕ-ਸ਼ਿਤ ਦੀ ਤਰ੍ਹਾਂ ਬਲਸ਼ਾਲੀ ‘ਤੇ ਤੇਜਸਵੀ ਸ਼ਖ਼ਸੀਅਤ ਦੇ ਗੁਣਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਵਿਚੋਂ ਵਿਕਸਤ ਹੁੰਦੀ ਹੈ।
ਮੁੱਢਲੇ ਸਮਾਜਕ ਅਰਥਚਾਰੇ ਦੀ ਜ਼ਰੂਰਤ ਅਤੇ ਰਾਜ ਕਰਨ ਦੀ ਲਾਲਸਾ ਨੇ ਮਨੁੱਖ ਅੰਦਰ ਇਹ ਇੱਛਾ ਪੈਦਾ ਕਰ ਦਿੱਤੀ ਕਿ ਉਹ ਕਬੀਲਾ ਸਮਾਜ ਦੀ ਸਾਂਝੀ ਮਾਲਕੀ ਵਾਲੇ ਕੁਦਰਤੀ ਸਰੋਤਾਂ ਨੂੰ ਅਧੀਨ ਕਰ ਲਵੇ ਅਤੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਇਹਨਾਂ ਦੀ ਵਰਤੋਂ ਕਰਦਾ ਰਹੇ। ਇਸ ਤਰ੍ਹਾਂ ਮਾਨਸਿਕਤਾ ਅਤੇ ਰਾਜ ਨੂੰ ਪੱਕੇ ਪੈਰੀਂ ਸਥਾਪਿਤ ਅਤੇ ਵਿਸਥਾਰਤ ਕਰਨ ਦੀ ਨੀਤੀ ਨਾਟਕ ‘ਅਗਨੀ ਕੁੰਡ’ ਵਿੱਚ ਦੇਖਣ ਨੂੰ ਮਿਲਦੀ ਹੈ ਉੱਥੇ ਇਸ ਤਰ੍ਹਾਂ ਦੀਆਂ ਸਰਕਾਰੀ ਨੀਤੀਆਂ ਨਵ-ਬਸਤੀਵਾਦੀ ਸਾਮਰਾਜ ਦੁਆਰਾ ਵਿਕਸਿਤ ‘ਆਧੁਨਿਕ ਵਿਕਾਸ ਮਾਡਲ’ ਦੇ ਰੂਪ ਵਿੱਚ ਵੇਖਣ ਨੂੰ ਮਿਲਦੀਆਂ ਹਨ।
ਉੱਤਰ ਆਧੁਨਿਕ ਯੁੱਗ ਵਿੱਚ ਕਾਰਪੋਰੇਟ ਘਰਾਣੇ ਵਿਕਾਸ ਦੇ ਨਾਂ ‘ਤੇ ਸਦੀਆਂ ਤੋਂ ਆਪਣੇ ਸਭਿਆਚਾਰ, ਲੋਕਧਾਰਾ ਅਤੇ ਸਭਿਅਤਾ ਨੂੰ ਸਾਂਭੀ ਬੈਠੇ ਕਬੀਲਿਆਂ ਤੋਂ ਉਹਨਾਂ ਦੇ ਇਲਾਕੇ ਖੋਹ ਕੇ ਉਹਨਾਂ ਦੇ ਕੁਦਰਤੀ ਸਰੋਤਾਂ ‘ਤੇ ਕਾਬਜ਼ ਹੋ ਕੇ ਆਪਣੀ ਸਾਮਰਾਜੀ ਸ਼ਕਤੀ ਨੂੰ ਪ੍ਰਫੁੱਲਤ ਕਰਦੇ ਹਨ। ਇੱਕ ਜੀਵਨ ਜਾਚ ਹਾਸ਼ੀਏ ‘ਤੇ ਧੱਕੇ ਜਾ ਰਹੇ ਕਬਾਇਲੀ ਲੋਕਾਂ ਦੀ ਹੈ, ਜਿਹੜੇ ਨਾ ਸਿਰਫ਼ ਆਪਣੇ ਆਰਥਿਕ ਸਰੋਤਾਂ ਤੋਂ ਵਿਰਵੇ ਕੀਤੇ ਜਾ ਰਹੇ ਹਨ ਬਲਕਿ ਉਹਨਾਂ ਦੀ ਬੋਲੀ, ਸਭਿਆਚਾਰ ਅਤੇ ਧਰਮ ਵੀ ਖਤਰੇ ਵਿੱਚ ਹੈ। ਦੂਜੀ ਜੀਵਨ ਜਾਚ ਨਾਟਕ ‘ਅਗਨੀ ਕੁੰਡ’ ਵਿੱਚ ਆਰੀਆ ਲੋਕਾਂ ਦੀ ਰਾਜ ਕਰ ਰਹੀ ਸ਼੍ਰੇਣੀ ਅਤੇ ਉੱਤਰ-ਆਧੁਨਿਕ ਯੁੱਗ ਵਿੱਚ ਸਾਮਰਾਜੀ ਸ਼ਕਤੀਆਂ ਦੀ ਹੈ ਜੋ ਆਪਣੇ ਰਾਜ ਦੇ ਵਾਧੇ ਅਤੇ ਵਿਕਾਸ ਲਈ ਜਿੱਥੇ ਹਿੰਸਾ ਦੀ ਖੁੱਲ੍ਹੀ ਵਰਤੋਂ ਕਰਦੀ ਹੈ, ਉੱਥੇ ਹੀ ਆਰੀਆਵਰਤ ਦੀ ਉੱਤਮਤਾ (ਨਾਟਕ ਵਿੱਚ) ਅਤੇ ਅੱਜ ਦੇ ਸਮਿਆਂ ਵਿੱਚ ਵਿਕਾਸ ਦੇ ਨਾਅਰੇ ਹੇਠ ਪਰ-ਸਭਿਆਚਾਰ ਦਾ ਦਮਨ ਕਰ ਰਹੀ ਹੈ।
ਈ.ਮੇਲ [email protected]

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …