Breaking News
Home / ਨਜ਼ਰੀਆ / ਕੀ ਕਾਲੇ ਲੋਕ ਅਮਰੀਕਾ ਦੇ ਪੂਰਨ ਸ਼ਹਿਰੀ ਵਜੋਂ ਸਵੀਕਾਰ ਕੀਤੇ ਜਾਂਦੇ ਹਨ?

ਕੀ ਕਾਲੇ ਲੋਕ ਅਮਰੀਕਾ ਦੇ ਪੂਰਨ ਸ਼ਹਿਰੀ ਵਜੋਂ ਸਵੀਕਾਰ ਕੀਤੇ ਜਾਂਦੇ ਹਨ?

ਗ਼ੁਲਾਮੀ ਦੀ ਲਾਹਣਤ ਖ਼ਤਮ ਕਰ ਦੇਣ ਪਿੱਛੋਂ ਅੱਜ ਵੀ ਕਾਲੇ ਰੰਗ ਵਾਲਿਆਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਰਤਾਅ ਕੀਤਾ ਜਾਂਦਾ ਹੈ
ਬਲਰਾਜ ਚੀਮਾ
ਪਿਛਲੇ ਮਹੀਨਿਆਂ ਦੌਰਾਨ ਕਈ ਕਾਲੇ ਜੁਆਨ ਮੁੰਡਿਆਂ ਨੂੰ ਪੁਲਿਸ ਵੱਲੋਂ ਗੋਲੀ ਦਾ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ; ਕਾਲੀ ਨਸਲ ਕਈ ਅਫ਼ਰੀਕਨ ਕਹਿਣ ਲੱਗ ਪਏ ਹਨ ਕਿ ਅਮਰੀਕਾ ਹੁਣ ਕਾਲਿਆਂ ਦੇ ਰਹਿਣ ਲਈ ਦੇਸ਼ ਨਹੀਂ ਰਿਹਾ। ਡਰੱਗਾਂ ਵਿਰੁੱਧ ਯੁੱਧ ਦੇ ਬਹਾਨੇ ਹਰ ਸ਼ਹਿਰ ਵਿੱਚ ਹਥਿਆਰ ਵੇਚਣ ਵਾਲੇ ਮਿਲਟਰੀ ਵਰਗੇ ਹਥਿਆਰ ਵੰਡ ਰਹੇ ਹਨ 9/11 ਨੇ ਹਾਲਤ ਨੂੰ ਹੋਰ ਵੀ ਵਿਗਾੜ ਦਿੱਤਾ ਹੋਇਆ ਹੈ। ਅਮਰੀਕਨ ਸ਼ਹਿਰਾਂ ਅੰਦਰ ਸਥਾਨਕ ਪੁਲਿਸ ਰੱਖਿਆ ਦੇ ਨਾਂ ‘ਤੇ ਬਹੁਤ ਕੁਝ ਕਰ ਰਹੀ ਹੈ ਜਿਹੜਾ ਕਿ ਸਭਯ ਸਮਾਜ ਦੇ ਢਾਂਚੇ ਵਿੱਚ ਪ੍ਰਵਾਨਤ ਨਹੀਂ ਹੁੰਦਾ। ਦਹਿਸ਼ਤਵਾਦ ਦੇ ਨਆਰੇ ਅਧੀਨ ਅਫ਼ਵਾਹਾਂ ਅਨੁਸਾਰ ਦੁਸ਼ਮਣ ਸਾਡੇ ਦੇਸ਼ ਦੀਆਂ ਸਰਹੱਦਾਂ ‘ਤੇ ਪਹੁੰਚ ਚੁੱਕੇ ਹਨ ਅਤੇ ਪੁਲਿਸ ਅਫ਼ਸਰਾਂ ਕੋਲ ਲੜਨ ਲਈ ਹਥਿਆਰ ਚਾਹੀਦੇ ਹਨ। ਬਹੁਤ ਈ ਭਿਆਨਕ ਦ੍ਰਿਸ਼ ਹੈ ਜਿਸ ਨੂੰ ਸੂਝ ਤੇ ਸਮਝ ਨਾਲ ਸੁਲਝਾਉਣ ਦੀ ਲੋੜ ਹੈ। ਆਬਾਦੀ ਦੀ ਪ੍ਰਤੀਸ਼ਤਾ ਅਨੁਸਾਰ ਵਿਕਸਤ ਦੇਸ਼ਾਂ ਦੇ ਮੁਕਾਬਲੇ ਅਮਰੀਕਾ (ਯੂਨਾਈਟਡ ਸਟੇਟਸ) ਦੀਆਂ ਜੇਲਾਂ ਅੰਦਰ ਸਭ ਤੋਂ ਵੱਧ ਗਿਣਤੀ ਕੈਦੀ ਹੈ। 2013 ਦੇ ਅੰਤ ਤੇ, ਕਈ ਅੰਕੜਿਆਂ ਅਨੁਸਾਰ ਫ਼ੈਡਰਲ, ਸਟੇਟ ਅਤੇ ਕਾਊਂਟੀ ਜੇਲਾਂ ਅੰਦਰ 1.57 ਮਿਲੀਅਨ ਕੈਦੀ ਸਨ। ਬਹੁਤੇ ਕੈਦੀ ਡਰੱਗ ਸੰਬੰਧਤ ਤੁੱਛ ਤੇ ਮਾਮੂਲੀ ਕੇਸਾਂ ਵਿੱਚ ਫ਼ਸਾਏ ਗਏ ਹਨ। ਜੇਲਾਂ ਅੰਦਰ ਵੱਸੋਂ ਬਾਰੇ ਸਾਰੇ ਦੇਸ਼ ਅੰਦਰ ਨਸਲੀ ਵਿਤਕਰਾ ਪਾਇਆ ਜਾਂਦਾ ਹੈ। ਗੋਰੇ ਰੰਗ ਵਾਲੇ ਲੋਕਾਂ ਦੇ ਮੁਕਾਬਲੇ ਕਾਲੇ ਅਮਰੀਕਨ ਦੀ ਜੇਲ ਭੇਜੇ ਜਾਣ ਦੀ ਸੰਭਾਵਨਾ 6 ਗੁਣਾ ਵੱਧ ਹੁੰਦੀ ਹੈ। ਅਸਲ ਵਿੱਚ ਇਹ ਤਸਵੀਰ ਵੀ ਪੂਰੀ ਨਹੀਂ; ਕਈ ਮੰਨਦੇ ਹਨ ਕਿ ਅਮਰੀਕਾ ਅੰਦਰ 2.4 ਮਿਲੀਅਨ ਲੋਕ ਜੇਲਾਂ ਵਿੱਚ ਕੈਦ ਹਨ।
ਕਈ ਇਹ ਗਿਣਤੀ 12 ਮਿਲੀਅਨ ਦੱਸਦੇ ਹਨ ਜਿਸ ਵਿੱਚ ਗਿਣਤੀ ਵਿੱਚ ਉਹ ਲੋਕ ਸ਼ਾਮਲ ਨਹੀਂ ਹੁੰਦੇ ਜਿਹੜੇ ਕਾਊਂਟੀ ਜੇਲਾਂ ਵਿੱਚ ਇੱਕ ਸਾਲ ਤੋਂ ਘੱਟ ਅਰਸੇ ਲਈ ਆਉਂਦੇ ਜਾਂਦੇ ਰਹਿੰਦੇ ਹਨ। ਇਨਾਂ ਅੰਕੜਿਆਂ ਵਿੱਚ ਰਿਫਿਊਜੀ, ਦਿਵਾਨੀ ਕੇਸਾਂ ਅਤੇ ਆਦਿ ਵਾਸੀ ਇੰਡੀਅਨਜ਼  ਸ਼ਾਮਲ ਨਹੀਂ ਹਨ। ਜੇ ਹਿਰਾਸਤ, ਪੈਰੋਲ ਤੇ ਪਰੋਬੇਸ਼ਨ ਵਾਲੇ ਵੀ ਸ਼ਾਮਲ ਕਰ ਲਏ ਜਾਣ ਤਾਂ 31 ਪਿੱਛੇ 1 ਅਮਰੀਕਨ ਇਨਾਂ ਸਥਾਨਾਂ ਵਿੱਚ ਪਹੁੰਚਿਆ ਹੋਇਆ ਹੈ।
ਮਨੁੱਖੀ ਹੱਕਾਂ ਦੀ ਲਹਿਰ ਦੀਆਂ ਪ੍ਰਾਪਤੀਆਂ ਯਾਦਗੀਰੀ ਅਤੇ ਮਾਣਯੋਗ ਹਨ ਅਤੇ ਮਾਰਟਿਨ ਲੂਥਰ ਕਿੰਗ ਜਿਹੀਆਂ ਸ਼ਖ਼ਸੀਅਤਾਂ ਦੀ ਯਾਦ ਵਿੱਚ ਛੁੱਟੀ ਵੀ ਕੀਤੀ ਜਾਂਦੀ ਹੈ, ਪਵਿੱਤਰ ਸਮਾਰਕ ਜਾਂ ਯਾਦਗਿਰੀ ਬੁੱਤ ਤੇ ਭਵਨ ਵੀ ਉਸਾਰੇ ਗਏ ਹਨ, ਅਤੇ ਧੂਆਂ ਧਾਰ ਭਾਸ਼ਣ ਵੀ ਦਿੱਤੇ ਜਾਂਦੇ ਹਨ। ਇਸ ਸਮੇਂ ਅਮਰੀਕਾ ਦਾ ਪਰਧਾਨ ਵੀ ਕਾਲਾ ਹੈ; ਭਾਵੇਂ ਉਸ ਨੇ ਇਹ ਵੱਡੀ ਪਦਵੀ ਪ੍ਰਾਪਤ ਕਰ ਲਈ ਹੈ ਪਰ ਗੁਪਤ ਸਿਆਸੀ ਤੇ ਕਨੂੰਨੀ ਹਰਬਿਆਂ ਦੁਆਰਾ, ਬਹੁਤੇ ਅਫ਼ਰੀਕਨ ( ਕਾਲੇ ਰੰਗ ਵਾਲੇ) ਅਮਰੀਕਨ ਜੇਲਾਂ ਦੀਆਂ ਸਿਲਾਖ਼ਾਂ ਪਿੱਛੇ ਨਰਕ ਭੋਗ ਰਹੇ ਹਨ। ਨਸਲ ਨੂੰ ਲਾਂਭੇ ਰੱਖ ਕੇ ਵੇਖਦਿਆਂ ਵੀ ਅਮਰੀਕਨ ਸਰਕਾਰ ਨੇ ਨਿਆਂ ਪਰਣਾਲੀ ਨੂੰ ਵਰਤ ਕੇ ਕਈ ਮੀਲੀਅਨ ਕਾਲੇ ਲੋਕਾਂ ਨੂੰ  ਮੁਜਰਮ ਕਰਾਰ ਦਿੱਤਾ ਹੋਇਆ ਹੈ; ਇੱਕ ਵਾਰੀ ਮੁਜਰਮ ਕਰਾਰ ਦੇ ਦੇਣ ਪਿੱਛੋਂ ਉਨਾਂ ਨੂੰ ਨੌਕਰੀਆਂ, ਰਿਹਾਇਸ਼, ਫੂਡ ਸਟੈਂਪਾਂ, ਵੋਟ ਪਾਉਣ ਅਤੇ ਜਿਊਰੀ ਦੇ ਅਧਿਕਾਰਾਂ ਤੋਂ ਵਾਂਝਿਆਂ ਕਰ ਰੱਖਿਆ ਹੈ। ਅਮਰੀਕਾ ਅੰਦਰ ਕਾਲੇ ਰੰਗ ਦੇ ਲੋਕਾਂ ‘ਤੇ ਹੁੰਦੇ ਨਾਜਾਇਜ਼ ਅਤੇ ਗ਼ੇਰ-ਕਨੂੰਨੀ ਅਤਿਆਚਾਰ ਤੇ ਨਸਲੀ ਵਿਤਕਰੇ ਨੂੰ ਕਾਗ਼ਜ਼ਾਂ ਤੇ ਕਿਤਾਬਾਂ ਵਿੱਚ ਤਾਂ ਕਾਫੀ ਪਹਿਲਾਂ ਖ਼ਤਮ ਕਰ ਦਿੱਤਾ ਗਿਆ ਸੀ। ਅਸਲ ਵਿੱਚ, ਅੱਜ ਵੀ 21ਵੀਂ ਸਦੀ ਦੇ ਮੁੱਢ ਵਿੱਚ ਉਨਾਂ ਨਾਲ ਅਨਿਆ ਤੇ ਸਿਤਮ ਦਾ ਸਿਲਸਿਲਾ ਜਾਰੀ ਹੈ। ਅਮਰੀਕਾ ਦੀ ਕਨੂੰਨੀ ਮਾਹਰ ਮਿਸ਼ੈੱਲ ਅਲੈਗਜ਼ੈਂਡਰ ਦੀ ਪੁਸਤਕ ਦੀ ਨਿਊ ਜਿੰਮ ਕਰੋਅ ” ਇਸੇ ਹੀ ਸੱਚ ਵੱਲ ਉਂਗਲੀ ਕਰਦੀ ਹੈ।  ਹੈਰਾਨਕੁਨ ਬੇਬਾਕੀ ਨਾਲ ਉਹ ਦਲੀਲ ਦਿੰਦੀ ਹੈ , ” ਅਮਰੀਕਾ ਅੰਦਰ ਅਸਾਂ ਨਸਲੀ ਜ਼ਾਤ ਪਾਤ ਨੂੰ ਖ਼ਤਮ ਨਹੀਂ ਕੀਤਾ ਸਿਰਫ਼ ਮੁੜ ਕੇ ਨਵੇਂ ਰੂਪ ਵਿੱਚ ਵਿਉਂਤ ਲਿਆ ਹੈ। ਡਰੱਗਾਂ ਵਿਰੁੱਧ ਜੰਗ  ਦਾ ਛੜਯੰਤਰ ਰਚ ਕੇ ਅਸਾਂ ਕਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਲਿਆ ਹੈ ਅਤੇ ਇਸ ਨਵੀਂ ਵਿਧੀ ਦੁਆਰਾ ਕਾਲੇ ਲੋਕਾਂ ਨੂੰ ਖ਼ਤਮ ਕਰ ਰਹੇ ਹਾਂ। ਲੇਖਕਾ ਕਹਿੰਦੀ ਹੈ ਕਿ ਅਮਰੀਕਾ ਦੀ ਫੌਜਦਾਰੀ ਨਿਆਂ ਪਰਣਾਲੀ ਮੌਜੂਦਾ ਸਮੇਂ ਨਸਲੀ ਕੰਟਰੋਲ ਕਰਨ ਦਾ ਹਥਿਆਰ ਬਣ ਚੁਕੀ ਹੈ- ਇਸ ਸਿਸਟਿਮ ਦੁਆਰਾ ਕਈ ਮਿਲੀਅਨ ਕਾਲੇ ਲੋਕਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾ ਦਿੱਤਾ ਗਿਆ ਹੈ।
ਪਿਛਲੇ ਮਹੀਨੇ ਸ਼ਾਰੋਲੈ (ਨੋਰਥ ਕੇਰੋਲੀਨਾ) ਵਿਖੇ 20 ਸਤੰਬਰ ਕੀਥ ਲੈਮੋਂ ਸਕਾਟ ਨੂੰ ਪੁਲੀਸ ਅਫਸਰ ਵੱਲੋਂ ਗੋਲੀ ਮਾਰ ਕੇ ਮੁਕਾਅ ਦਿੱਤਾ ਗਿਆ। ਪ੍ਰਤੀਕਰਮ ਵਜੋਂ ਸ਼ਕਤੀਸ਼ਾਲੀ ਪਰ ਅਹਿੰਸਿਕ ਮੁਜ਼ਾਹਰਾਕਾਰਾਂ ਨੇ ਜੇਲ ਵੱਲ ਜਾ ਕੇ ਜਲੂਸ ਕੱਢਿਆ ਅਤੇ ਜੇਲ ਅੰਦਰਲੇ ਕੈਦੀਆਂ ਨੂੰ ਸੁਨੇਹਾ ਭੇਜਿਆ ” ਅਸੀਂ ਤੁਹਾਡੇ ਨਾਲ ਹਾਂ, ਸ਼ੀਂ ਤੁਹਾਨੂੰ ਪਿਆਰ ਕਰਦੇ ਹਾਂ।”
ਜਿਉਂ ਹੀ ਮੁਜ਼ਾਰਾ ਕਰਦੀ ਭੀੜ ਨੇ ਤਾੜੀਆਂ ਮਾਰੀਆਂ ਤਾਂ ਕੈਦੀਆਂ ਨੇ ਵੀ ਅੰਦਰੋਂ ਬੱਤੀਆਂ ਫ਼ਲੈਸ਼ ਕਰਕੇ ਬਾਹਰਲੇ ਜਲੂਸ ਨਾਲ ਜਲੂਸ ਦੇ ਜੋਸ਼ ਨੂੰ ਕਬੂਲਿਆ।
ਇੰਜ ਮੁਜ਼ਾਹਰਾਕਾਰਾਂ ਨੇ ਜੇਲਾਂ ਅੰਦਰ ਬੰਦ ਕੈਦੀਆਂ ਨਾਲ ਮਾਨਵਤਾ ਦੀ ਸਾਂਝ ਦਾ ਪਰਦਰਸ਼ਨ ਕੀਤਾ। ਇਸ ਤਰਾਂ ਅਮਰੀਕਨ ਸ਼ਹਿਰਾਂ ਅੰਦਰ ਅਫਰੀਕਨ ਅਮਰੀਕਨਾਂ ਨਾਲ ਮਾਨਵੀ ਵਰਤਾਉ ਕਰਨ ਵੱਲੀਂ ਇਹ ਇੱਕ ਤਰਾਂ ਦਾ ਬਿਆਨ ਜਾਂ ਸੁਨੇਹਾ ਸੀ।
ਯਾਦ ਰਹੇ ਕਿ 1877 ਤੋਂ 1950 ਤੀਕ ਦੇ ਅਰਸੇ ਦੌਰਾਨ 4,075 ਕਾਲੇ ਲੋਕਾਂ ਨੂੰ ਨਸਲੀ ਆਧਾਰ ਤੇ ਅਤੇ ਗ਼ੈਰ ਕਨੂੰਨੀ ਤੌਰ ‘ਤੇ ਲਿੰਚ ਕੀਤਾ ਗਿਆ (ਭਾਵ, ਮਾਰਿਆ ਜਾ ਚੁੱਕਿਆ ਸੀ)।
ਪਿਛਲੇ ਮਹੀਨਿਆਂ ਦੌਰਾਨ ਕਾਲਿਆਂ ਨੂੰ ਪੁਲੀਸ ਵੱਲੋਂ ਗੋਲੀ ਦਾ ਨਿਸ਼ਾਨਾ ਬਣਾਉਣ ਅਤੇ ਪੁਰਾਣੇ ਵੇਲੇ ਦੀ ਲਿੰਚਿਗ (ਕਾਨੂੰਨ ਤੋਂ ਬਗ਼ੈਰ ਮਾਰ ਦੇਣ ਦਾ ਕਾਰਜ) ਵਿੱਚ ਬਹੁਤਾ ਫ਼ਰਕ ਨਹੀਂ ਮਿਲਦਾ। ਸੰਵਿਧਾਨ ਅੰਦਰ ਪ੍ਰਾਪਤ ਪੂਰਨ ਅਧਿਕਾਰਾਂ ਤੋਂ ਵਾਂਝੇ ਰੱਖਣ ਦੀ ਨਿਰਦਈ ਰੀਤੀ ਸਿਆਸਤਦਾਨਾਂ ਤੋਂ ਇਲਾਵਾ, ਸਰਕਾਰੀ ਪੁਲਿਸ ਵੱਲੋਂ ਵੀ ਚਲਾਈ ਜਾ ਰਹੀ ਹੈ।
ਕਾਲੇ ਲੋਕਾਂ ਦੀ ਵਕਾਲਤ ਕਰਨ ਵਾਲੇ ਅਮਰੀਕਨ ਕਨੂੰਨੀ ਸਲਾਹਕਾਰਾਂ ਅੰਦਰ ਮਿਸ਼ੈੱਲ ਅਲੈਗਜ਼ੈਂਡਰ ਅਤਿ ਸਤਿਕਾਰਸ ਸ਼ਖਸੀਅਤ ਹੈ ਜਿਸ ਨੇ ਕਨੁੰਨੀ ਪੱਧਰ ਤੇ ਕਾਲਿਆਂ ਨਾਲ ਹੋ ਰਹੀਆਂ ਘੋਰ ਬੇਕਨੂੰਨੀਆਂ ਤੇ ਸ਼ੱਕੇਸ਼ਾਹੀ ਵਿਰੁੱਧ ਬਹੁਤ ਕੁਝ ਲਿਖਿਆ ਅਤੇ ਬੋਲਿਆ ਹੈ। ਉਸ ਦੀ ਨਵੀਂ ” ਨਿਊ ਜਿੰਮ ਕਰੋਅ ” ਸਪੱਸ਼ਟ ਸ਼ਬਦਾਂ ਰਾਹੀਂ ਕਾਲਿਆਂ ਨਾਲ ਹੋ ਰਹੇ ਅਨਿਆ ਅਤੇ ਪੁਲੀਸ ਵੱਲੋਂ ਜਾਨਲੇਵਾ ਵਰਤਾਉ ਨੂੰ 19ਵੀਂ ਸਦੀ ਦੇ ਅਤਿਆਚਾਰਾਂ ਨਾਲ ਮੇਲਿਆ ਹੈ। ਉਹ ਦੱਸਦੀ ਹੈ ਕਿ ਓਬਦਮਾ ਦੇ ਪਰਧਾਨ ਬਣਨ ਨਾਲ ਅਤੇ ਕੁਝ ਇੱਕ ਹੋਰ ਅਹਿਮ ਅਹੁਦਿਆਂ ‘ਤੇ ਕਾਲਿਆਂ ਨੂੰ ਨਾਮ ਮਾਤਰ ਨਿਯਕਤ ਕਰਕੇ ਆਮ ਕਾਲੇ ਨੂੰ ਕੋਈ ਰਾਹਤ ਨਹੀਂ ਮਿਲੀ। ਪਿਛਲੇ ਕੁਝ ਮਹੀਨਿਆਂ ਤੋਂ ਹਰ ਹਫ਼ਤੇ ਕਿਸੇ ਨਾ ਕਿਸੇ ਅਮਰੀਕਨ ਨਗਰ ਵਿੱਚ ਪੁਲੀਸ ਵੱਲੋਂ ਨਿਹੱਥੇ ਕਾਲੇ ਅਮਰੀਕਨ ਨੂੰ ਸ਼ੂਟ ਕੀਤਾ ਜਾ ਰਿਹਾ ਹੈ ਪਰ ਸਰਕਾਰਾਂ ਤੇ ਅਦਾਲਤਾਂ ਖ਼ਾਮੋਸ਼ ਹਨ।
ਹੈਰਾਨ ਵਾਲੀ ਗੱਲ ਹੈ ਕਿ ਸੈਨੇਟਰ, ਤੇ ਹਾਊਸ ਦੇ ਕਾਂਗਰਸਮੈਨ ਤੇ ਮੈਂਬਰ, ਪਰਧਾਨ ਤੇ ਉਸ ਨੇੜੇ ਸ਼ਕਤੀਸ਼ਾਲੀ ਸਿਆਸਤਦਾਨ ਇਸ ਘੋਰ ਖ਼ੂਨੀ ਨਾ ਇਨਸਾਫੀ ਬਾਰੇ ਚੁੱਪ ਧਾਰੀ ਬੈਠੇ ਹਨ। ਜੇ ਕਿਤੇ ਇਰਾਨ ਜਾਂ ਰੂਸ ਜਾਂ ਅਜਿਹੇ ਕਿਸੇ ਹੋਰ ਧਿਰ ਵੱਲੋਂ ਇੱਕ ਜਾਂ ਦੋ ਅਮਰੀਕਨਾਂ ਨੂੰ ਮਾਰਿਆ ਜਾਂਦਾ ਹੈ ਤਾਂ ਸੰਸਾਰ ਅੰਦਰ ਤਰਥੱਲੀ ਮਚਾਅ ਦਿੱਤੀ ਜਾਂਦੀ ਹੈ; ਤੀਜੀ ਵੱਡੀ ਜੰਗ ਦੇ ਡਰਾਵੇ ਤੇ ਧਮਕੀਆਂ ਨਾਲ ਅਕਾਸ਼ ਕੰਬਾਅ ਦਿੱਤਾ ਜਾਂਦਾ ਹੈ;  ਪਰ ਹਾਸੋ ਹੀਣੀ ਟਿੱਪਣੀ ਹੈ ਕਿ ਕਾਲੀ ਨਸਲ ਅਮਰੀਕਨ ਬੇਕਸੂਰ ਸ਼ਹਿਰੀਆਂ ਦੇ ਖ਼ੂਨ ਦਾ ਕੋਈ ਮੁੱਲ ਨਹੀਂ ਪਾ ਰਿਹਾ। ਜਦੋਂ ” ਬਲੈਕ ਲਾਈਵਜ਼ ਮੈਟਰ ” ਦਾ ਵਿਦਰੋਹ ਅਮਰੀਕਾ ਅੰਦਰ ਅਤੇ ਬਾਹਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਆਏ ਦਿਨ ਵਿਸੇਸ਼ ਕਰਕੇ ਕਾਲੀ ਨਸਲ ਦੇ ਲੋਕਾਂ ਨੂੰ ਨਸ਼ਟ ਕਰਨ ਦੀਆਂ ਵਾਰਦਾਤਾਂ ਦੀ ਗਿਣਤੀ ਵਧ ਰਹੀ ਹੈ ਪਰ ਨਾਮ ਧਰੀਕ ਸੰਵਾਦਨਸ਼ੀਲ ਸਰਕਾਰ ਤੇ ਸਿਆਸਤਦਾਨ ਮੋਨ ਧਾਰੀ ਬੈਠੇ ਹਨ। ਸੱਤਾ ਵੱਲੋਂ ਇਸ ਘੋਰ ਅਨਿਆ ਪ੍ਰਤੀ ਅਜਿਹੀ ਨਿਰੰਤਰ ਬੇਰੁਖੀ ਦਾ ਨਤੀਜਾ ਵਧੇਰੇ ਖ਼ਤਰਨਾਕ ਰੂਪ ਧਾਰਨ ਕਰ ਰਿਹਾ ਹੈ। ਓਬਾਮਾ ਆਸਵੰਦ ਹੈ ਕਿ ਦੋ ਕੁ ਨਹੀ ਮਹੀਨਿਆਂ ਪਿੱਛੋਂ ਉਹ ਸੇਵਾਮੁਕਤ ਹੋ ਜਾਵੇਗਾ ਤੇ ਇਸ ਕਠਨ ਮਸਲੇ ਬਾਰੇ ਉਸ ਕੋਲੋਂ ਕੋਈ ਪ੍ਰਸ਼ਨ ਨਹੀਂ ਪੁਛਿਆ ਜਾਵੇਗਾ, ਇਹ ਸਿਰਦਰਦੀ ਉਸ ਦੇ ਉੱਤਰਅਧਿਕਾਰੀ ਦੀ ਹੋਵੇਗੀ। ਪਰ ਅਸਲੀਅਤ ਇਹ ਹੈ ਕਿ ਬਿਮਾਰੀ ਵਧਦੀ ਜਾ ਰਹੀ ਹੈ ਤੇ ਕਾਲੇ ਰੰਗ ਵਾਲੇ ਅਮਰੀਕਨਾਂ ਦੀਆਂ ਜਾਨਾਂ ਜਾ ਰਹੀਆਂ ਹਨ। ਸਰਕਾਰਾਂ ਤੇ ਸਿਆਸਤਦਾਨ ਦੂਜੇ ਰੁਝੇਵਿਆਂ ਦੀ ਆੜ ਵਿੱਚ ਲੁਕੇ ਬੈਠੇ ਹਨ ਤੇ ਸਮੱਸਿਆ ਭਿਆਣਕ ਰੂਪ ਧਾਰਨ ਕਰਦੀ ਜਾ ਰਹੀ ਹੈ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …