Breaking News
Home / ਰੈਗੂਲਰ ਕਾਲਮ / ‘ਗੋਧਾ ਅਰਦਲੀ’ ਮੇਰੀ ਪਲੇਠੀ ਸਾਹਿਤਕ ਰਚਨਾ

‘ਗੋਧਾ ਅਰਦਲੀ’ ਮੇਰੀ ਪਲੇਠੀ ਸਾਹਿਤਕ ਰਚਨਾ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
1996-97 ਦੀ ਗੱਲ ਹੋਵੇਗੀ। ਫ਼ਰੀਦਕੋਟ ਬੱਸ ਅੱਡੇ ਵਿੱਚ ਅਖ਼ਬਾਰਾਂ-ਰਸਾਲਿਆਂ ਦੀ ਸਟਾਲ ਉੱਤੇ ਪਈਆਂ ਕੁਝ ਕਿਤਾਬਾਂ ‘ਤੇ ਨਿਗ੍ਹਾ ਮਾਰੀ ਤਾਂ ਇਕ ਛੋਟੀ ਜਿਹੀ ਅਨੁਵਾਦਿਤ ਪੁਸਤਕ ‘ਗੰਗਾ ਪਵਿੱਤਰ ਜਾਂ ਪਲੀਤ’ ਹੱਥ ਲੱਗੀ। ਪੰਜਾਹ ਕੁ ਪੰਨਿਆਂ ਦੀ ਹੋਵੇਗੀ, ਪੇਪਰ ਬੈਕ। ਅਨੁਵਾਦ ਸ਼ਾਇਦ ਮੇਘ ਰਾਜ ਮਿੱਤਰ ਜਾਂ ਸਰਜੀਤ ਤਲਵਾਰ ਵੱਲੋਂ ਕੀਤਾ ਹੋਇਆ ਸੀ। ਮੁੱਲ 10 ਰੁਪਏ। ਮੁੱਢਲੇ ਪੰਨਿਆਂ ਉੱਤੇ ਦੀ ਪੂੰਕਾਸ਼ਕ ਦਾ ਪਤਾ ਤੇ ਘਰ ਦਾ ਫ਼ੋਨ ਨੰਬਰ ਵੀ ਦਿੱਤਾ ਹੋਇਆ ਸੀ। ਮੈਨੂੰ ਇਸ ਪੁਸਤਕ ਦਾ ਅਕਾਰ, ਮੁੱਲ ਤੇ ਰੂਪ-ਰੇਖਾ ਹਰ ਪੱਖੋਂ ਠੀਕ ਲੱਗੀ ਸੀ। ਉਨ੍ਹੀਂ ਦਿਨੀਂ ਮੈਂ ਕਚਿਹਰੀਆਂ ਵਿੱਚ ਕੰਮ ਕਰ ਹਟਿਆ ਸਾਂ ਤੇ ਅਦਾਲਤ ਦੇ ਇਕ ਮੁਲਾਜ਼ਮ ਕੋਲੋਂ ਉਹਦੇ ਜ਼ੁਬਾਨੀ ਸੁਣੀ ਹੋਈ ਇਕ ਕਹਾਣੀ ਨੇ ਮੈਨੂੰ ਕਈ ਦਿਨ ਪੂੇੰਸ਼ਾਨ ਕਰੀ ਰੱਖਿਆ ਸੀ। ਕੁਝ ਠੀਕ-ਠੀਕ ਉਸ ਦਿਨ ਹੀ ਮਹਿਸੂਸ ਕੀਤਾ ਸੀ ਜਦੋਂ ਉਹ ਕਹਾਣੀ ‘ਗੋਧਾ ਅਰਦਲੀ’ ਦੇ ਨਾਂ ਹੇਠ ਮੈਂ ਕਾਗਜ਼ਾਂ ਉਤੇ ਉਤਾਰ ਕੇ ਰੱਖ ਲਈ ਸੀ। ਕਹਾਣੀ ਵਿਚਲੀ ਘਟਨਾ ਬਹੁਤ ਸਾਲ ਪਹਿਲਾਂ ਦੀ ਵਾਪਰੀ ਹੋਈ ਸੀ। ਬੱਸ ਅੱਡੇ ਉੱਤੇ ਵੇਖੀ ਕਿਤਾਬ ਦਸ ਰੁਪਏ ਵਿੱਚ ਖਰੀਦ ਲਈ ਤੇ ਘਰ ਆਣ ਕੇ ਫ਼ੋਨ ਨੰਬਰ ਨੋਟ ਕੀਤਾ ਤੇ ਘੁਮਾਇਆ। ਫ਼ੋਨ ਮੇਘ ਰਾਜ ਮਿੱਤਰ ਨੇ ਹੀ ਚੁੱਕਿਆ। ਮੈਂ ਦੱਸਿਆ ਕਿ ਤੁਹਾਡੀ ਇਸੇ ਕਿਤਾਬ ਜਿੱਡੀ ਇਕ ਕਿਤਾਬ ਦੀ ਛਪਵਾਈ ਕਰਵਾਉਣੀ ਹੈ, ਕਿੰਨੇ ਪੈਸੇ ਲਉਗੇ? ਮਿੱਤਰ ਜੀ ਨੇ ਕਿਹਾ ਕਿ ਪੰਜ ਹਜ਼ਾਰ ਰੁਪਈਆ ਲਵਾਂਗੇ ਤੇ ਇਕ ਹਜ਼ਾਰ ਕਾਪੀ ਦੇਵਾਂਗੇ, ਯਾਨੀ ਪੰਜ ਰੁਪਏ ਵਿੱਚ ਇਕ ਕਾਪੀ ਪਵੇਗੀ ਤੇ ਪਿੂੰਟ ਮੁੱਲ ਦਸ ਰੁਪਏ ਹੋਵੇਗਾ। ਮੈਨੂੰ ਗੱਲ ਫਿੱਟ ਬੈਠੀ ਜਾਪੀ ਤੇ ਕੁਝ ਦਿਨਾਂ ਬਾਅਦ ਹੀ ਮੈਂ ਬਰਨਾਲੇ ਕੱਚਾ ਕਾਲਜ ਰੋਡ ਉਤੇ ਉਨ੍ਹਾਂ ਦੇ ਘਰ ਚਲਾ ਗਿਆ।
ਉਨ੍ਹੀਂ ਦਿਨੀਂ ਉਹ ਸਾਰਾ ਕੰਮ ਆਪਣੇ ਘਰੋਂ ਹੀ ਕਰਦੇ ਸਨ ਤੇ ਉਨ੍ਹਾਂ ਦਾ ਬੇਟਾ ਅਮਿਤ ਮਿੱਤਰ ਬਹੁਤ ਸਾਰੀਆਂ ਪੁਸਤਕਾਂ ਛਾਪ ਰਿਹਾ ਸੀ। ਮੇਰੇ ਬੈਠੇ-ਬੈਠੇ ਤਿੰਨ ਕੁ ਘੰਟਿਆਂ ਵਿੱਚ ਉਨ੍ਹਾਂ ਮੇਰੀ ਲੰਬੀ ਕਹਾਣੀ ਦਾ ਮੈਟਰ ਟਾਈਪ ਕਰਕੇ ਮੈਨੂੰ ਦੇ ਦਿੱਤਾ ਤੇ ਉਸਦੇ ਪਰੂਫ਼ ਪੜ੍ਹਨ ਲਈ ਕਿਹਾ। (ਪਰੂਫ਼ ਰੀਡਿੰਗ ਇਹ ਮੇਰਾ ਕੱਚਾ ਤਜਰਬਾ ਹੀ ਸੀ ਕਿਉਂਕਿ ਭਾਵੇਂ 1994 ਵਿੱਚ ਇਸ ਤੋਂ ਪਹਿਲਾਂ ਮੇਰੀ ਉਸਤਾਦ ਯਮਲਾ ਜੱਟ ਦੇ ਚੇਲਿਆਂ ਬਾਰੇ ਲਿਖੇ ਲੇਖਾਂ ਦੀ ਖੋਜ ਪੁਸਤਕ ‘ਤੂੰਬੀ ਦੇ ਵਾਰਿਸ’ ਛਪ ਚੁੱਕੀ ਹੋਈ ਸੀ ਤੇ ਉਸਦੇ ਪਰੂਫ਼ ਵੀ ਮੈਂ ਅਣਜਾਣੇ ਵਿੱਚ ਹੀ ਪੜ੍ਹੇ ਸਨ।) ਮੈਂ ਖ਼ਿਮਾਂ ਮੰਗਦਿਆਂ ਬੇਨਤੀ ਕੀਤੀ ਕਿ ਮੈਂ ਅੱਜ ਕਲ੍ਹ ਪਟਿਆਲੇ ਭਾਸ਼ਾ ਵਿਭਾਗ ਵਿੱਚ ਮਾਲੀ-ਸੇਵਾਦਾਰ ਦੀ ਕੱਚੀ ਜੌਬ ਕਰਦਾ ਹਾਂ, ਪਰੰਤੂ ਉੱਥੇ ਅਜਿਹੇ ਕੰਮ ਲਈ ਮੇਰੇ ਕੋਲ ਵਿਹਲ ਹੋਵੇਗੀ ਅਤੇ ਨਾਲ ਉੱਥੇ ਸਾਡੇ ਦਫ਼ਤਰ ਦੇ ਸਾਹਿਤ ਭਵਨ ਵਿੱਚ ਆਣ ਕੇ ਠਹਿਰੇ ਹੋਏ ਉੱਘੇ ਨਾਵਲਕਾਰ ਹਰਨਾਮ ਦਾਸ ਸਹਿਰਾਈ ਜੀ ਨੂੰ ਇਹਦਾ ਖਰੜਾ ਦਿਖਾ ਲਵਾਂਗਾ, ਉਹ ਦੋ ਸ਼ਬਦ ਵੀ ਲਿਖ ਦੇਣਗੇ ਇਸ ਬਾਰੇ, ਸੋ ਕੁਝ ਦਿਨ ਦੇ ਦੇਵੋ। ਉਨ੍ਹਾਂ ਮੇਰੀ ਗੱਲ ਮੰਨ ਲਈ ਤੇ ਉਹ ਪੇਪਰ ਲਿਫ਼ਾਫ਼ੇ ਵਿੱਚ ਪਾ ਕੇ ਹੱਥੀਂ ਫੜਾਏ। ਮੈਂ ਪਟਿਆਲੇ ਵਾਲੀ ਬੱਸ ਬੈਠ ਗਿਆ। ਸ਼ਾਮ ਨੂੰ ਜਦ ਭਾਸ਼ਾ ਭਵਨ ਪਹੁੰਚ ਕੇ ਵੇਖਿਆ ਤਾਂ ਸਹਿਰਾਈ ਜੀ ਭਵਨ ਦੇ ਬਾਹਰ ਕੁਰਸੀ ਡਾਹੀ ਬੈਠੇ ਸੇਵਾਦਾਰ ਰਾਮੂੰ ਭਈਏ ਨੂੰ ਗਾਲ੍ਹਾਂ ਕੱਢ ਰਹੇ ਸਨ ਕਿ ਆਹ ਫੜ ਪੈਹੈ,ਅਧੀਆ ਸ਼ਰਾਬ ਦਾ ਲਿਆ ਕੇ ਦੇਹ। ਮੈਂ ਆਖਿਆ, ”ਤੁਸੀਂ ਓਨਾਂ ਚਿਰ ਆਹ ਪੇਪਰ ਪੜ੍ਹੋ ਤੇ ਅਧੀਆ ਤੇ ਭੁਜੀਆ ਮੈਂ ਫੜ ਲਿਆਉਂਦਾ ਆਂ” ਸਹਿਰਾਈ ਜੀ ਤੋਂ ਪੈਸੇ ਲੈ ਕੇ ਮੈਂ ਸਮਾਨ ਲੈਣ ਭਵਨ ਤੋਂ ਬਾਹਰ ਆ ਗਿਆ। ਜਦ ਵਾਪਸ ਆਇਆ ਤਾਂ ਸਹਿਰਾਈ ਜੀ ਅੱਧ ਤੋਂ ਵੱਧ ਮੈਟਰ ਪੜ੍ਹ ਚੁੱਕੇ ਸਨ ਤੇ ਬੋਲੇ, ”ਓਏ… ਅਹਿ ਤੇ ਚੰਗੀ ਕਹਾਣੀ ਲਿਖੀ ਏ।” ਉਨ੍ਹਾਂ ਨੂੰ ਪੈੱਗ ਪਾ ਕੇ ਦਿੱਤਾ। ਦੂਸਰਾ ਪੈੱਗ ਪੀਂਦੇ ਤੀਕ ਉਨ੍ਹਾਂ ਸਾਰੀ ਕਹਾਣੀ ਪੜ੍ਹ ਲਈ ਤੇ ਬੋਲੇ, ”ਲਿਖ… ਮੈਂ ਬੋਲਾਂ, ਇਸ ਕਿਤਾਬ ਦੀ ਬੈਕ ਜਿਲਦ ਉੱਤੇ ਛਾਪ ਲਵੀਂ ਮੇਰੇ ਕੁਮੈਂਟ।” ਇਹ ਸੁਣ ਮੈਨੂੰ ਬੜੀ ਖ਼ੁਸ਼ੀ ਹੋਈ ਕਿ ਏਡਾ ਵੱਡਾ ਲੇਖਕ ਮੇਰੇ ਨਿਮਾਣੇ ਜਿਹੇ ਦੀ ਨਿਗੂਣੀ ਜਿਹੀ ਪਲੇਠੀ ਰਚਨਾ ਬਾਰੇ ਆਪਣੇ ਵੱਲੋਂ ਕੀਮਤੀ ਚਾਰ ਸ਼ਬਦ ਲਿਖ ਕੇ ਦੇ ਰਿਹਾ ਹੈ। ਉਨ੍ਹਾਂ ਜੋ ਲਿਖਵਇਆ, ਉਸ ਵਿੱਚ ਚੌਥਾ ਹਿੱਸਾ ਏਥੇ ਦਰਜ ਕਰਦਾ ਹਾਂ, ”ਸੰਗਲੀਆਂ ‘ਚ ਜੁੜਿਆ ਪਲਾਟ, ਨਿੱਖਰੀ ਜੁਬਾਨ ਵਿੱਚ ਉਭਰਿਆ ਤੇ ਖਾੜਕੂ ਬੋਲੀ ‘ਚ ਲਿਖਿਆ ਇਹ ਬਹੁਤ ਖੁਬਸੂਰਤ ਮਿੰਨੀ ਨਾਵਲ ਏ।”
ਹੁਣ ਪੱਕਾ ਯਾਦ ਨਹੀਂ, ਜੇ ਯਾਦ ਹੁੰਦਾ ਤਾਂ ਇੱਥੇ ਉਸ ਹਸਤੀ ਦਾ ਨਾਂ ਲਿਖ ਕੇ ਉਸਨੂੰ ਮਾਣ ਜ਼ਰੂਰ ਦਿੰਦਾ, ਇਸਦੇ ਪਰੂਫ਼ ਭਾਸ਼ਾ ਵਿਭਾਗ ਦੇ ਹੀ ਕਿਸੇ ਮਾਹਰ ਪਰੂਫ਼ ਰੀਡਰ ਕੋਲੋਂ ਪੜ੍ਹਵਾ ਲਏ ਤੇ ਜਦ ਅਗਲੇ ਹਫ਼ਤੇ ਵਾਇਆ ਬਰਨਾਲਾ ਫ਼ਰੀਦਕੋਟ ਨੂੰ ਜਾਣ ਲੱਗਿਆ ਤਾਂ ਖਰੜਾ ਦੇਣ ਬਰਨਾਲੇ ਉਤਰ ਗਿਆ। ਪੰਜ ਹਜ਼ਾਰ ਰੁਪਏ ਦੇਣੇ ਸਨ, ਮਿੱਤਰ ਜੀ ਕਹਿਣ ਲੱਗੇ, ”ਅੱਧੇ ਦੇ ਜਾਓ, ਅੱਧੇ ਛਪਣ ‘ਤੇ ਦੇ ਜਾਣਾ, ਕੁਝ ਦਿਨਾਂ ਤਕ ਛਪ ਕੇ ਆ ਜਾਵੇਗੀ ਕਿਤਾਬ ਤੁਹਾਡੀ” (ਹੁਣ ਛਾਪਕ ਇੰਜ ਨਹੀਂ ਕਰਦੇ, ਸਾਰੇ ਪੈਸੇ ਪਹਿਲਾਂ ਮੰਗਦੇ ਹਨ) ਖ਼ੈਰ! ਜਿਹੋ ਜਿਹੀ ਮੈਂ ਚਾਹੁੰਦਾ ਸਾਂ ਕਿਤਾਬ ਛਪੀ। ਹਜ਼ਾਰ ਕਾਪੀ ਮੈਂ ਕੀ ਕਰਦਾ? ਕੁਝ ਮਿੱਤਰਾਂ ਤੋਂ ਸੌ-ਸੌ ਰੁਪਈਆ ਵੰਗਾਰ ਪਾਈ ਤੇ ਦਸ-ਦਸ ਕਾਪੀਆਂ ਉਨ੍ਹਾਂ ਨੂੰ ਦੇ ਦਿੱਤੀਆਂ, ਇਉਂ ਤਿੰਨ ਕੁ ਸੌ ਕਿਤਾਬ ਨਿਕਲ ਗਈ ਤੇ ਬਾਕੀ ਸਾਰੀ ਮੁਫ਼ਤੋ-ਮੁਫ਼ਤੀ ਭੇਟ ਕੀਤੀ ਗਈ। ਹੁਣ ਇਸਦੀ ਮੇਰੀ ਕੋਲ ਵੀ ਇਕੋ ਹੀ ਰਿਕਾਰਡ ਕਾਪੀ ਬਚੀ ਹੋਈ ਹੈ। ਮੈਨੂੰ ਉਦੋਂ ਤਕ ਇਹ ਵੀ ਨਹੀਂ ਸੀ ਪਤਾ ਕਿ ਕਿਤਾਬ ਦੇ ਰਿਵਿਊ ਕਿਵੇਂ ਤੇ ਕਿੱਥੇ ਕਰਵਾਉਣੇ ਹਨ ਤੇ ਰਿਲੀਜ਼ ਕਿਵੇਂ ਕਰੀਦੀ ਹੈ। ਮੈਂ ਰਿਲੀਜ਼ ਸਮਾਗਮ ਤਾਂ ਨਹੀਂ ਰੱਖਿਆ ਪਰ ਭਾਸ਼ਾ ਵਿਭਾਗ ਵਿੱਚ ਹੀ ਕੰਮ ਕਰਦੇ ਨਾਟਕਕਾਰ ਸਤਿੰਦਰ ਸਿੰਘ ਨੰਦਾ ਨੇ ਸਲਾਹ ਦਿੱਤੀ, ”ਜਦ ਵੀ ਚੰਡੀਗੜ੍ਹ ਜਾਵੇਂਗਾ ਤਾਂ ਇਸਦੀਆਂ ਦੋ-ਦੋ ਕਾਪੀਆਂ ਨਾਲ ਲੈਂਦਾ ਜਾਵੀਂ, ਖ਼ੁਦ ਹੀ ਪੰਜਾਬੀ ਟ੍ਰਿਬਿਊਨ ਦੇ ਦਫ਼ਤਰ ਸ੍ਰੀ ਹਲਵਾਰਵੀ ਜੀ ਨੂੰ ਤੇ ਦੇਸ਼ ਸੇਵਕ ਦੇ ਦਫ਼ਤਰ ਗੁਲਜ਼ਾਰ ਸੰਧੂ ਜੀ ਨੂੰ ਇਹ ਦੇ ਦੇਣਾ ਤੇ ਬੇਨਤੀ ਕਰਨੀ ਕਿ ਇਸਦਾ ਰਿਵੀਊ ਕਰਵਾਉਣਾ ਹੈ। ਇੰਜ ਕਰਨ ਨਾਲ ਨਾਲੇ ਤਾਂ ਤੂੰ ਸੰਪਾਦਕਾਂ ਦੇ ਮੱਥੇ ਲੱਗ ਜਾਵੇਂਗਾ ਤੇ ਨਾਲੇ ਤੇਰਾ ਡਾਕ ਖ਼ਰਚਾ ਵੀ ਬਚ ਜਾਵੇਗਾ। ਨੰਦਾ ਜੀ ਦਾ ਸੁਝਾਅ ਵਾਕਿਆ ਹੀ ਕਾਬਲੇ-ਗੌਰ ਸੀ ਤੇ ਮੈਂ ਅਗਲੇ ਹਫ਼ਤੇ ਹੀ ਇਸ ਉੱਤੇ ਅਮਲ ਕਰ ਲਿਆ। ਪਿੰਡ ਮੁੜਨ ਹੀ ਥਾਂ ਚੰਡੀਗੜ੍ਹ ਵੱਲ ਚਾਲੇ ਪਾਏ। ਗੁਲਜ਼ਰ ਸਿੰਘ ਸੰਧੂ ਨੂੰ ਅੱਖੀਂ ਪਹਿਲੀ ਵਾਰੀ ਵੇਖ ਰਿਹਾ ਸਾਂ, ਉਨ੍ਹਾਂ ਦੇ ਦੇਸ਼ ਸੇਵਕ ਦੇ  ਦਫ਼ਤਰ ਵਿੱਚ ਬੈਠਾ। ਕਿਤਾਬ ਹੱਥ ‘ਚ ਫੜਦਿਆਂ ਸੰਧੂ ਸਾਹਿਬ ਬੋਲੇ ਤੇ ਹਲਕਾ ਹਲਕਾ ਹੱਸੇ ਵੀ, ”ਓ ਭਾਈ ਕਾਕਾ, ਅਸੀਂ ਗੱਤੇ ਦਾ ਅਨੁਵਾਦ ਨੀ ਕਰਵਾਉਂਦੇ, ਕਿਤਾਬ ਦਾ ਕਰਵਾਉਂਦੇ ਆਂ, ਇਹ ਤਾਂ ਨਿਰਾ ਗੱਤਾ ਐ, ਪੇਜ ਘਟ ਨੇ, ਗੱਤਾ ਮੋਟਾ ਐ ਸੋ, ਕਿਤਾਬ ਲਿਖੋ ਚੰਗੀ ਜਿਹੀ, ਫਿਰ ਜ਼ਰੂਰ ਰਿਵੀਊ ਕਰਵਾਵਾਂਗਾ ਤੁਹਾਡੀ ਕਿਤਾਬ ਦਾ, ਹਾਂ… ਇਸਨੂੰ ਅਸੀਂ ਆਪਣੇ ਦਫ਼ਤਰ ਦੀ ਲਾਇਬਰੇਰੀ ਵਿੱਚ ਜ਼ਰੂਰ ਰੱਖ ਲੈਨੇ ਆਂ” ਸੰਧੂ ਸਾਹਿਬ ਨੇ ਆਪਣੇ ਸੇਵਾਦਾਰ ਨੂੰ ਕਿਤਾਬ ਫੜਾ ਦਿੱਤੀ। ਹੁਣ ਮੈਂ ਪੰਜਾਬੀ ਟ੍ਰਿਬਿਊਨ ਦੇ ਦਫ਼ਤਰ ਵੱਲ ਪੈਦਲ ਹੀ ਚੱਲ ਪਿਆ ਹਲਵਾਰਵੀ ਜੀ ਨੂੰ ਮਿਲਣ। ਰਿਸੈਪਸ਼ਨ ਵਾਲੇ ਨੇ ਕੋਲੋਂ ਫ਼ੋਨ ਕਰਕੇ ਦੱਸਿਆ ਕਿ ਨਿੰਦਰ ਨਾਂ ਦਾ ਰਾਈਟਰ ਕਿਤਾਬ ਦੇਣ ਆਇਆ ਹੈ ਆਪ ਨੂੰ ਹਲਵਾਰਵੀ ਜੀ ਦਾ ਫੁਰਮਾਨ ਸੀ ਕਿ ਉਸ ਤੋਂ ਕਿਤਾਬ ਲੈ ਕੇ ਰੱਖ ਲਓ। ਮੈਂ ਤਾਂ ਹੁਣ ਸੰਪਾਦਕੀ ਲਿਖਣ ਵਿੱਚ ਬਿਜ਼ੀ ਆਂ ਉਹਨੀਂ ਦਿਨੀਂ ਡੀ.ਸੀ. ਦਫ਼ਤਰ ਕੈਂਥਲ ਦਾ ਅਰਦਲੀ ਸਾੜ ਕੇ ਮਾਰ ਦਿੱਤਾ ਸੀ ਤੇ ਅਖ਼ਬਾਰਾਂ ਵਿੱਚ ਇਸਦੀ ਚਰਚਾ ਬਹੁਤ ਹੋ ਰਹੀ ਸੀ। ਸੋ, ਮੈਂ ਇਹ ਨਾਵਲੈਟ ਉਸ ਸਾੜੇ ਗਏ ਅਰਦਲੀ ਰਾਮ ਬਹਾਦਰ ਨੂੰ ਸਮਰਪਿਤ ਕੀਤਾ ਸੀ। ਜਿੰਨਾ ਕੁ ਹੋ ਸਕਦਾ ਸੀ ਇਸਦੀ ਰਿਵੀਊ ਵੀ ਹੋਏ। ਪਟਿਆਲੇ ਵਾਲੇ ਐਡਵੋਕੇਟ ਦਲੀਪ ਸਿੰਘ ਵਾਸਨ ਨੇ ਉਤਸ਼ਾਹ ਢਾਹੁੰਣ ਵਾਲਾ ਰਿਵੀਊ ਲਿਖਿਆ। ਮੈਂ ਪੂੰਵਾਹ ਨਹੀਂ ਕੀਤੀ ਤੇ ਉਤਸ਼ਾਹ ਕਾਇਮ ਰੱਖਿਆ ਸੋ, ਇਉਂ ਛਪੀ ਸੀ ਮੇਰੀ ਪਲੇਠੀ ਸਾਹਿਤਕ ਰਚਨਾ ‘ਗੋਧਾ ਅਰਦਲੀ’।
ੲੲੲ

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …