Breaking News
Home / ਪੰਜਾਬ / ਮੁੱਖ ਮੰਤਰੀ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰ ਨੂੰ ਨਿਯੁਕਤੀ ਪੱਤਰ ਸੌਂਪਿਆ

ਮੁੱਖ ਮੰਤਰੀ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰ ਨੂੰ ਨਿਯੁਕਤੀ ਪੱਤਰ ਸੌਂਪਿਆ

ਕਿਸਾਨ ਦੇ ਘਰ ਸਾਦਾ ਭੋਜਨ ਛਕ ਕੇ ਆਮ ਲੋਕਾਂ ਦਾ ਮੁੱਖ ਮੰਤਰੀ ਹੋਣ ਦਾ ਦਿੱਤਾ ਸੁਨੇਹਾ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਸੰਘਰਸ਼ ‘ਚ ਜਾਨ ਗੁਆਉਣ ਵਾਲੇ ਕਿਸਾਨ ਦੇ ਘਰ ਜਾ ਕੇ ਉਸ ਦੇ ਪਰਿਵਾਰਕ ਮੈਂਬਰ ਨੂੰ ਤਰਸ ਦੇ ਆਧਾਰ ‘ਤੇ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ। ਚੰਨੀ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ। ਉਨ੍ਹਾਂ ਪਿੰਡ ਮੰਡੀ ਕਲਾਂ ਦੇ ਸ਼ਹੀਦ ਕਿਸਾਨ ਸੁਖਪਾਲ ਸਿੰਘ ਦੇ ਪਰਿਵਾਰਕ ਮੈਂਬਰ ਨੱਥਾ ਸਿੰਘ ਨੂੰ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ। ਉਨ੍ਹਾਂ ਕਿਸਾਨ ਦੇ ਘਰ ਦਾਲ ਅਤੇ ਚਟਣੀ ਨਾਲ ਸਾਦਾ ਖਾਣਾ ਖਾ ਕੇ ਆਮ ਲੋਕਾਂ ਦਾ ਆਮ ਮੁੱਖ ਮੰਤਰੀ ਅਤੇ ਕਿਸਾਨੀ ਸੰਘਰਸ਼ ਦੇ ਹੱਕ ਵਿਚ ਹੋਣ ਦਾ ਸੁਨੇਹਾ ਦਿੱਤਾ। ਨੱਥਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਛੋਟੇ ਹੁੰਦਿਆਂ ਹੀ ਜਹਾਨ ਛੱਡ ਗਏ ਸਨ ਅਤੇ ਪਿਛਲੇ ਸਾਲ ਭਰਾ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਸ਼ਹੀਦ ਹੋ ਗਿਆ ਸੀ। ਉਸ ਨੇ ਦੱਸਿਆ, ”ਸਾਡਾ ਘਰ ਵੀ ਮੀਂਹ ਕਾਰਨ ਡਿੱਗ ਗਿਆ ਸੀ ਅਤੇ ਜਿਊਣ ਦੀ ਹਰ ਆਸ ਖ਼ਤਮ ਹੋਈ ਪਈ ਸੀ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਡੇ ਲਈ ਮਸੀਹਾ ਬਣ ਕੇ ਆਏ ਹਨ। ਮੈਂ ਉਨ੍ਹਾਂ ਦਾ ਬਹੁਤ ਧੰਨਵਾਦ ਕਰਦਾ ਹਾਂ।” ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਮੁੱਖ ਮੰਤਰੀ ਨੂੰ ਮਿਲੇ ਅਤੇ ਉਨ੍ਹਾਂ ਪਿਛਲੇ ਸਾਲਾਂ ਦੌਰਾਨ ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਦਰਜ ਹੋਏ ਮਾਮਲੇ ਰੱਦ ਕਰਨ, ਪਿੰਡ ਵਿਚ ਨਸ਼ੇ ਦੇ ਕਾਰੋਬਾਰ ਨੂੰ ਨੱਥ ਪਾਉਣ ਤੇ ਹੋਰ ਮੰਗਾਂ ਬਾਰੇ ਮੰਗ ਪੱਤਰ ਸੌਂਪੇ। ਮੁੱਖ ਮੰਤਰੀ ਨੇ ਦਿੱਲੀ ਦੀ ਟਿਕਰੀ ਹੱਦ ‘ਤੇ ਸ਼ਹੀਦ ਹੋਏ ਪਿੰਡ ਚਾਉਕੇ ਦੇ ਨੌਜਵਾਨ ਜਸ਼ਨਪ੍ਰੀਤ ਸਿੰਘ (17) ਦੇ ਘਰ ਜਾ ਕੇ ਵੀ ਪਰਿਵਾਰ ਨੂੰ ਨਿਯੁਕਤੀ ਪੱਤਰ ਦੇਣਾ ਸੀ ਪਰ ਪ੍ਰੋਗਰਾਮ ਰੱਦ ਹੋਣ ਕਾਰਨ ਬਠਿੰਡਾ ਦੇ ਏਡੀਸੀ ਵਿਕਾਸ ਦੀ ਹਾਜ਼ਰੀ ‘ਚ ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਸੀਨੀਅਰ ਕਾਂਗਰਸ ਆਗੂ ਭੁਪਿੰਦਰ ਸਿੰਘ ਗੋਰਾ ਨੇ ਨਿਯੁਕਤੀ ਪੱਤਰ ਸੌਂਪਿਆ।

 

Check Also

ਪੰਜਾਬ ਦੇ ਬਜਟ ਇਜਲਾਸ ਦਾ ਅੱਜ ਦਾ ਦਿਨ ਹੰਗਾਮਿਆਂ ਭਰਪੂਰ ਰਿਹਾ

ਮੀਡੀਆ ਨਾਲ ਗੱਲਬਾਤ ਕਰਦਿਆਂ ਰੋ ਪਏ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ …