ਸੁਲਤਾਨਪੁਰ ਲੋਧੀ ਤੋਂ ਨਵਜੇਤ ਚੀਮਾ ਨੂੰ ਸੰਭਾਵੀ ਉਮੀਦਵਾਰ ਐਲਾਨਿਆ
ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਪੈਦਾ ਹੋਇਆ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਸਰਕਾਰ ‘ਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਅਤੇ ਐਮ ਐਲ ਏ ਨਵਤੇਜ ਸਿੰਘ ਵਿਚਾਲੀ ਸ਼ੁਰੂ ਹੋਈ ਸਿਆਸੀ ਜੰਗ ਵਿਚ ਨਵਜੋਤ ਸਿੱਧੂ ਵੀ ਕੁੱਦ ਪਏ। ਸਿੱਧੂ ਸ਼ਨੀਵਾਰ ਨੂੰ ਸੁਲਤਾਨਪੁਰ ਲੋਧੀ ਪਹੁੰਚੇ ਜਿੱਥੇ ਉਨ੍ਹਾਂ ਨੇ ਕਿਹਾ ਕਿ ਉਹ ਨਵਤੇਜ ਚੀਮਾ ਦੀ ਸਰਦਾਰੀ ਨੂੰ ਕਾਇਮ ਰੱਖਣਗੇ। ਸਿੱਧੂ ਨੇ ਇਥੋਂ ਤੱਕ ਕਹਿ ਦਿੱਤਾ ਕਿ ਉਹ ਦੁਬਾਰਾ ਹੁਣ ਚੀਮਾ ਦੇ ਜਿੱਤਣ ਤੋਂ ਬਾਅਦ ਧੰਨਵਾਦ ਕਰਨ ਲਈ ਹੀ ਆਉਣਗੇ। ਸਿੱਧੂ ਨੇ ਇਸ਼ਾਰਿਆਂ ‘ਚ ਕੈਬਨਿਟ ਮੰਤਰੀ ਰਾਣਾ ਗੁਰਜੀਤ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਗਿੱਦੜਾਂ ਦੇ ਝੁੰਡ ਸ਼ੇਰ ਨੂੰ ਨਹੀਂ ਮਾਰ ਸਕਦੇ। ਸਿੱਧੂ ਨੇ ਐਮ ਐਲ ਏ ਨਵਤੇਜ ਸਿੰਘ ਚੀਮਾ ਨੂੰ ਅਸਲੀ ਸ਼ੇਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਖੁੱਲ੍ਹੀ ਛੂਟ ਹੈ ਕਿ ਉਹ ਵਿਰੋਧੀਆਂ ਦਾ ਸ਼ਿਕਾਰ ਕਰਦੇ ਰਹਿਣ। ਸਿੱਧੂ ਨੇ ਸਪੱਸ਼ਟ ਤੌਰ ‘ਤੇ ਮੌਜੂਦਾ ਐਮ ਐਲ ਏ ਨਵਤੇਜ ਚੀਮਾ ਨੂੰ ਅਗਲਾ ਸੰਭਾਵੀ ਉਮੀਦਵਾਰ ਵੀ ਐਲਾਨ ਦਿੱਤਾ। ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਐਮ ਐਲ ਏ ਰਾਣਾ ਗੁਰਜੀਤ ਇਸ ਸਮੇਂ ਪੰਜਾਬ ਸਰਕਾਰ ‘ਚ ਟੈਕਨੀਕਲ ਐਜੂਕੇਸ਼ਨ ਮੰਤਰੀ ਹਨ ਅਤੇ ਉਹ ਇਸ ਵਾਰ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਤੋਂ ਆਪਣੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਚੋਣ ਲੜਾਉਣਾ ਚਾਹੁੰਦੇ ਹਨ। ਇਸ ਨੂੰ ਲੈ ਕੇ ਉਸ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਜਿਸ ਨੂੰ ਲੈ ਕੇ ਇਥੋਂ ਦੇ ਮੌਜੂਦਾ ਐਮ ਐਲ ਏ ਨਵਤੇਜ ਚੀਮਾ ਅਤੇ ਰਾਣਾ ਗੁਰਜੀਤ ਵਿਚਾਲੇ ਟਕਰਾ ਚੱਲ ਰਿਹਾ।