-4.1 C
Toronto
Wednesday, December 31, 2025
spot_img
Homeਪੰਜਾਬਅਕਾਲੀ ਦਲ ਪੰਜਾਬ 'ਚ ਸਿਰਫ ਦੋ ਸੀਟਾਂ ਜਿੱਤ ਕੇ ਹੀ ਖੁਸ਼

ਅਕਾਲੀ ਦਲ ਪੰਜਾਬ ‘ਚ ਸਿਰਫ ਦੋ ਸੀਟਾਂ ਜਿੱਤ ਕੇ ਹੀ ਖੁਸ਼

ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਲੀਡਰਸ਼ਿਪ ਹਾਰਨ ਦੇ ਬਾਵਜੂਦ ਵੀ ਮਨਾ ਰਹੀ ਹੈ ਜਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ ਤਿੰਨ ਮੁੱਖ ਪਾਰਟੀਆਂ ਦੇ ਹਾਰਨ ਦੇ ਬਾਵਜੂਦ ਉਨ੍ਹਾਂ ਦੇ ਆਗੂ ਜੇਤੂ ਰੌਂਅ ਵਿਚ ਹਨ। ਹਰੇਕ ਪਾਰਟੀ ਦੀ ਲੀਡਰਸ਼ਿਪ ਆਪਣੇ ਘੜੇ-ਘੜਾਏ ਆਧਾਰ ਦੱਸ ਕੇ ਆਪਣੇ-ਆਪ ਨੂੰ ਜੇਤੂ ਦੱਸਣ ਲਈ ਪੱਬਾਂ ਭਾਰ ਹੋਈ ਪਈ ਹੈ।
ਸ਼੍ਰੋਮਣੀ ਅਕਾਲੀ ਦਲ ਨੇ 10 ਸੀਟਾਂ ‘ਤੇ ਚੋਣ ਲੜੀ ਸੀ ਅਤੇ ਉਸ ਨੂੰ 8 ਸੀਟਾਂ ‘ਤੇ ਬੁਰੀ ਤਰ੍ਹਾਂ ਹਾਰ ਮਿਲੀ ਹੈ। ਇਹ ਪਾਰਟੀ ਆਪਣੇ ਰਵਾਇਤੀ ਹਲਕਿਆਂ ਖਡੂਰ ਸਾਹਿਬ, ਫਰੀਦਕੋਟ, ਫਤਿਹਗੜ੍ਹ ਸਾਹਿਬ ਅਤੇ ਆਨੰਦਪੁਰ ਸਾਹਿਬ ਤੋਂ ਵੀ ਮਾਤ ਖਾ ਗਈ ਅਤੇ ਧੁਨੰਤਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਿਨ੍ਹਾਂ ਵਿਚ ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਗੁਲਜ਼ਾਰ ਸਿੰਘ ਰਣੀਕੇ, ਚਰਨਜੀਤ ਸਿੰਘ ਅਟਵਾਲ ਅਤੇ ਜਗੀਰ ਕੌਰ ਸ਼ਾਮਲ ਹਨ। ਇਸ ਦੇ ਬਾਵਜੂਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਨੂੰ ਹੀ ਅਕਾਲੀ ਦਲ ਜਿੱਤ ਵਜੋਂ ਦੇਖ ਰਿਹਾ ਹੈ। ਸੂਤਰਾਂ ਅਨੁਸਾਰ ਪਾਰਟੀ ਮਹਿਸੂਸ ਕਰਦੀ ਹੈ ਕਿ ਬਾਦਲ ਜੋੜੀ ਦੇ ਜਿੱਤਣ ਨਾਲ ਬਾਦਲ ਪਰਿਵਾਰ ਉਪਰ ਬੇਅਦਬੀ ਤੇ ਗੋਲੀ ਕਾਂਡਾਂ ਦੇ ਦੋਸ਼ ਧੋਤੇ ਗਏ ਹਨ। ਉਂਜ ਅਕਾਲੀ ਦਲ ਦੀਆਂ ਇਨ੍ਹਾਂ ਚੋਣਾਂ ਵਿਚ ਵੋਟਾਂ ਦੀ ਫੀਸਦ ਜ਼ਰੂਰ ਵਧੀ ਹੈ, ਜਿਸ ਤਹਿਤ ਅਕਾਲੀ ਦਲ ਨੂੰ 27.45 ਫੀਸਦ ਵੋਟਾਂ ਮਿਲੀਆਂ ਹਨ। ਇਸ ਸਥਿਤੀ ਵਿਚ ਵੀ ਅਕਾਲੀ ਦਲ ਜਸ਼ਨਾਂ ਦੇ ਮੂਡ ਵਿਚ ਹੈ ਅਤੇ ਗਿੱਧੇ ਤਕ ਪਾਏ ਜਾ ਰਹੇ ਹਨ। ਉਧਰ ਹੁਕਮਰਾਨ ਕਾਂਗਰਸ ਦੇ ਕੁੱਲ 13 ਉਮੀਦਵਾਰਾਂ ਵਿਚੋਂ 5 ਹਾਰੇ ਹਨ। ਕਾਂਗਰਸ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਗੁਰਦਾਸਪੁਰ ਤੋਂ ਪੰਜਾਬ ਵਿਚ ਚੋਣਾਂ ਤੋਂ ਕੁਝ ਦਿਨ ਪਹਿਲਾਂ ‘ਲੈਂਡ’ ਕੀਤੇ ਭਾਜਪਾ-ਅਕਾਲੀ ਦਲ ਗੱਠਜੋੜ ਦੇ ਉਮੀਦਵਾਰ ਅਦਾਕਾਰ ਸਨੀ ਦਿਓਲ ਤੋਂ ਹਾਰੇ ਹਨ। ਜ਼ਿਕਰਯੋਗ ਹੈ ਕਿ ਇਸ ਹਲਕੇ ਵਿਚ ਜਿਥੇ ਕਾਂਗਰਸ ਦੇ 3 ਮੰਤਰੀ ਹਨ ਉਥੇ ਬਹੁਤੇ ਵਿਧਾਨ ਸਭਾ ਹਲਕਿਆਂ ਵਿਚ ਵੀ ਕਾਂਗਰਸ ਦਾ ਹੀ ਕਬਜ਼ਾ ਹੈ। ਇਸ ਦੇ ਬਾਵਜੂਦ ਪੰਜਾਬ ਕਾਂਗਰਸ ਦਾ ‘ਕਮਾਂਡਰ’ ਹੀ ਢਹਿ ਢੇਰੀ ਹੋ ਗਿਆ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਹੀਲੇ ਅਪਣਾਉਣ ਦੇ ਬਾਵਜੂਦ ਕਾਂਗਰਸ ਬਠਿੰਡਾ ਤੋਂ ਵਿਧਾਇਕ ਰਾਜਾ ਵੜਿੰਗ ਨੂੰ ਵੀ ਜਿਤਾਉਣ ਤੋਂ ਅਸਮਰੱਥ ਰਹੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਕੇਵਲ ਢਿੱਲੋਂ ਵੀ ਸੰਗਰੂਰ ਵਿਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਭਗਵੰਤ ਮਾਨ ਤੋਂ ਚਿਤ ਹੋ ਗਏ ਅਤੇ ਪਾਰਟੀ ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਤੋਂ ਵੀ ਹਾਰ ਗਈ ਹੈ। ਪੰਜਾਬ ਵਿਚ ਸੱਤਾ ਵਿਚ ਹੋਣ ਦੇ ਬਾਵਜੂਦ ਕਾਂਗਰਸ ਵੱਲੋਂ 5 ਹਲਕੇ ਹਾਰਨੇ ਵੱਡੀ ਹਾਰ ਹੈ ਪਰ ਕਾਂਗਰਸ ਇਸ ਹਾਰ ਨੂੰ ਮੋਦੀ ਦੀ ਦੇਸ਼ ਭਰ ਵਿਚ ਵਗਦੀ ਹਵਾ ਵਿਚ ਆਪਣੀ ਜਿੱਤ ਗਰਦਾਨ ਰਹੀ ਹੈ। ਉਂਜ ਇਨ੍ਹਾਂ ਚੋਣਾਂ ਵਿਚ ਕਾਂਗਰਸ ਦੀ ਵੋਟ ਫੀਸਦ ਵਿਚ ਵਾਧਾ ਹੋਇਆ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ 38.50 ਫੀਸਦ ਦੇ ਕਰੀਬ ਵੋਟਾਂ ਮਿਲੀਆਂ ਸਨ ਜਦਕਿ ਇਨ੍ਹਾਂ ਚੋਣਾਂ ਵਿਚ 40 ਫੀਸਦ ਵੋਟਾਂ ਮਿਲੀਆਂ ਹਨ। ਇਸੇ ਤਰ੍ਹਾਂ ‘ਆਪ’ 13 ਵਿਚੋਂ 12 ਸੀਟਾਂ ਹਾਰ ਕੇ ਵੀ ਆਪਣੀ ਕਾਰਗੁਜ਼ਾਰੀ ਬਿਹਤਰ ਗਰਦਾਨ ਰਹੀ ਹੈ। ਪਾਰਟੀ ਦੇ 12 ਉਮੀਦਵਾਰ ਕੇਵਲ ਹਾਰੇ ਹੀ ਨਹੀਂ ਸਗੋਂ ਉਨ੍ਹਾਂ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਇਸ ਤੋਂ ਇਲਾਵਾ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿਥੇ ‘ਆਪ’ ਨੂੰ 23.72 ਫੀਸਦ ਵੋਟਾਂ ਮਿਲੀਆਂ ਸਨ ਉਥੇ ਇਨ੍ਹਾਂ ਚੋਣਾਂ ਵਿਚ ਮਹਿਜ਼ 7.38 ਫੀਸਦ ਹੀ ਵੋਟਾਂ ਨਸੀਬ ਹੋਈਆਂ ਹਨ। ਇਨ੍ਹਾਂ ਵੋਟਾਂ ਵਿਚੋਂ ਵੀ ਇਕੱਲੇ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੂੰ ਸੰਗਰੂਰ ਵਿਚੋਂ ਮਿਲੀਆਂ 4,14,461 ਵੋਟਾਂ ਸਮੇਤ ਹਲਕਾ ਬਠਿੰਡਾ ਤੋਂ ਚੋਣ ਲੜੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਦੀਆਂ 1,34,398 ਅਤੇ ਫਰੀਦਕੋਟ ਤੋਂ ਚੋਣ ਲੜੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਦੀਆਂ 1,14,610 ਵੋਟਾਂ ਸ਼ਾਮਲ ਹਨ। ‘ਆਪ’ ਦੇ ਬਾਕੀ 10 ਉਮੀਦਵਾਰਾਂ ਨੂੰ ਬਹੁਤ ਘੱਟ ਵੋਟਾਂ ਮਿਲੀਆਂ ਹਨ।

RELATED ARTICLES
POPULAR POSTS