-0.2 C
Toronto
Monday, January 12, 2026
spot_img
Homeਪੰਜਾਬ'ਦਾਸਤਾਨ-ਏ-ਮੀਰੀ ਪੀਰੀ' ਵਿਵਾਦਾਂ ਵਿਚ ਘਿਰੀ

‘ਦਾਸਤਾਨ-ਏ-ਮੀਰੀ ਪੀਰੀ’ ਵਿਵਾਦਾਂ ਵਿਚ ਘਿਰੀ

ਗਿਆਨੀ ਹਰਪ੍ਰੀਤ ਸਿੰਘ ਨੇ ਐਸਜੀਪੀਸੀ ਨੂੰ ਫਿਲਮ ਦੀ ਘੋਖ ਕਰਨ ਦੀ ਕੀਤੀ ਹਦਾਇਤ
ਅੰਮ੍ਰਿਤਸਰ : ਸਿੱਖ ਧਾਰਮਿਕ ਐਨੀਮੇਟਿਡ ਫ਼ਿਲਮ ‘ਦਾਸਤਾਨ-ਏ-ਮੀਰੀ ਪੀਰੀ’ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦ ਵਿੱਚ ਘਿਰ ਗਈ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸਬੰਧੀ ਆਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਉੱਚ ਪੱਧਰੀ ਕਮੇਟੀ ਬਣਾ ਕੇ ਇਸ ਦੀ ਘੋਖ ਕੀਤੀ ਜਾਵੇ। ਉਨ੍ਹਾਂ ਫਿਲਮਸਾਜ਼ਾਂ ਨੂੰ ਕਮੇਟੀ ਦੀ ਰਿਪੋਰਟ ਆਉਣ ਤੱਕ ਫਿਲਮ ਰਿਲੀਜ਼ ਨਾ ਕਰਨ ਲਈ ਆਖਿਆ ਹੈ। ਇਹ ਐਨੀਮੇਟਿਡ ਫਿਲਮ 5 ਜੂਨ ਨੂੰ ਰਿਲੀਜ਼ ਕੀਤੀ ਜਾਣੀ ਹੈ ਅਤੇ ਇਸ ਫਿਲਮ ਦਾ ਟਾਈਟਲ ਟਰੈਕ ਸੋਸ਼ਲ ਮੀਡੀਆ ‘ਤੇ ਦਿਖਾਇਆ ਜਾ ਰਿਹਾ ਹੈ। ਸ਼ਿਕਾਇਤਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਫ਼ਿਲਮ ਦੇ ਨਿਰਮਾਤਾ ਵੱਲੋਂ ਐਨੀਮੇਟਿਡ ਫ਼ਿਲਮ ਵਿੱਚ ਛੇਵੇਂ ਗੁਰੂ ਨੂੰ ਦਿਖਾਇਆ ਹੈ, ਜੋ ਸਿੱਖ ਮਰਿਆਦਾ ਦੀ ਉਲੰਘਣਾ ਹੈ। ਇਸ ਸਬੰਧ ਵਿਚ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਤੋਂ ਨਿੱਜੀ ਸਹਾਇਕ ਜਸਪਾਲ ਸਿੰਘ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫਿਲਮਸਾਜ਼ਾਂ ਨੂੰ ਆਖਿਆ ਕਿ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਇਸ ਦੀ ਮਨਜ਼ੂਰੀ ਲੈਣ। ਉਨ੍ਹਾਂ ਕਿਹਾ ਕਿ ਫਿਲਮ ਸਬੰਧੀ ਵੱਡੀ ਪੱਧਰ ‘ਤੇ ਸ਼ਿਕਾਇਤਾਂ ਆਈਆਂ ਹਨ, ਜਿਸ ਦੇ ਆਧਾਰ ‘ਤੇ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਨੂੰ ਫਿਲਹਾਲ ਫਿਲਮ ਰਿਲੀਜ਼ ਨਾ ਕਰਨ ਬਾਰੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਆਖਿਆ ਕਿ ਉਹ ਇਕ ਉੱਚ ਪੱਧਰੀ ਜਾਂਚ ਟੀਮ ਬਣਾਉਣ, ਜੋ ਇਸ ਫਿਲਮ ਨੂੰ ਹਰ ਪੱਖ ਤੋਂ ਘੋਖਣ ਮਗਰੋਂ ਇਕ ਰਿਪੋਰਟ ਅਕਾਲ ਤਖ਼ਤ ਸਾਹਿਬ ‘ਤੇ ਦੇਵੇ। ਰਿਪੋਰਟ ਨੂੰ ਦੇਖਣ ਮਗਰੋਂ ਹੀ ਫਿਲਮ ਨੂੰ ਮਾਨਤਾ ਸਬੰਧੀ ਕੋਈ ਅਗਲੀ ਕਾਰਵਾਈ ਹੋਵੇਗੀ। ਉਨ੍ਹਾਂ ਪ੍ਰਬੰਧਕਾਂ ਨੂੰ ਸੁਚੇਤ ਕੀਤਾ ਕਿ ਫਿਲਮ ਮਾਨਤਾ ਮਿਲਣ ਤੋਂ ਪਹਿਲਾਂ ਰਿਲੀਜ਼ ਨਾ ਕੀਤੀ ਜਾਵੇ। ਜੇਕਰ ਉਹ ਰਿਲੀਜ਼ ਕਰਦੇ ਹਨ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਖੁਦ ਜ਼ਿੰਮੇਵਾਰ ਹੋਣਗੇ।

RELATED ARTICLES
POPULAR POSTS