Breaking News
Home / ਪੰਜਾਬ / ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੇ ਸੁਖਪਾਲ ਖਹਿਰਾ ਦੇ ਘਰ ਈਡੀ ਦਾ ਛਾਪਾ

ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੇ ਸੁਖਪਾਲ ਖਹਿਰਾ ਦੇ ਘਰ ਈਡੀ ਦਾ ਛਾਪਾ

ਪੰਜਾਬ, ਚੰਡੀਗੜ੍ਹ ਤੇ ਦਿੱਲੀ ‘ਚ ਖਹਿਰਾ ਦੇ ਟਿਕਾਣਿਆਂ ‘ਤੇ ਈਡੀ ਨੇ ਇਕੋ ਸਮੇਂ ਮਾਰੇ ਛਾਪੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੰਜਾਬ, ਚੰਡੀਗੜ੍ਹ ਤੇ ਦਿੱਲੀ ਸਥਿਤ ਟਿਕਾਣਿਆਂ ‘ਤੇ ਈਡੀ ਨੇ ਇਕੋ ਸਮੇਂ ਛਾਪੇ ਮਾਰੇ। ਮੰਗਲਵਾਰ ਸਵੇਰੇ ਕਰੀਬ 8 ਵਜੇ ਦਰਜਨ ਦੇ ਕਰੀਬ ਅਧਿਕਾਰੀਆਂ ਨੇ ਛਾਪੇ ਦੌਰਾਨ ਖਹਿਰਾ ਤੋਂ ਪੁੱਛ ਪੜਤਾਲ ਕੀਤੀ। ਧਿਆਨ ਰਹੇ ਕਿ ਸੁਖਪਾਲ ਖਹਿਰਾ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਹਮਾਇਤ ਕਰਦੇ ਆ ਰਹੇ ਹਨ। ਖਹਿਰਾ ਦੀ ਚੰਡੀਗੜ੍ਹ ਸੈਕਟਰ-5 ਸਥਿਤ ਨਿੱਜੀ ਰਿਹਾਇਸ਼ ਅਤੇ ਕਪੂਰਥਲਾ ਦੇ ਪਿੰਡ ਰਾਮਗੜ੍ਹ ਵਿਚਲੇ ਘਰ ਸਣੇ ਹੋਰਨਾਂ ਥਾਵਾਂ ‘ਤੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਛਾਪੇ ਮਾਰੇ। ਈਡੀ ਅਧਿਕਾਰੀਆਂ ਨੇ ਕਾਲੇ ਧਨ ਨੂੰ ਸਫ਼ੇਦ ਕਰਨ (ਮਨੀ ਲਾਂਡਰਿੰਗ) ਦੇ ਮਾਮਲੇ ਦਾ ਹਵਾਲਾ ਦਿੰਦਿਆਂ ਘਰ ਵਿੱਚ ਰਹਿਣ ਵਾਲੇ ਸਾਰੇ ਜੀਆਂ ਦੇ ਬੈਂਕ ਖਾਤਿਆਂ ਦੀਆਂ ਕਾਪੀਆਂ, ਪਾਸਪੋਰਟ ਅਤੇ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਕੇ ਪੁੱਛਗਿੱਛ ਕੀਤੀ।
ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ 8 ਵਜੇ ਦੇ ਕਰੀਬ ਈਡੀ ਦੇ ਡਿਪਟੀ ਡਾਇਰੈਕਟਰ ਨੇਹਾ ਯਾਦਵ ਦੀ ਅਗਵਾਈ ਹੇਠ ਦਰਜਨ ਦੇ ਕਰੀਬ ਅਧਿਕਾਰੀਆਂ ਨੇ ਖਹਿਰਾ ਦੀ ਚੰਡੀਗੜ੍ਹ ਸੈਕਟਰ-5 ਵਿਚਲੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ। ਈਡੀ ਦੀ ਇਹ ਕਾਰਵਾਈ 10 ਘੰਟੇ ਦੇ ਕਰੀਬ ਚੱਲਦੀ ਰਹੀ ਹੈ। ਵਿਧਾਨ ਸਭਾ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਛਾਪੇ ਮੌਕੇ ਘਰ ਵਿੱਚ ਹੀ ਮੌਜੂਦ ਸਨ। ਉਨ੍ਹਾਂ ਨੇ ਈਡੀ ਨੂੰ ਜਾਂਚ ਵਿੱਚ ਸਹਿਯੋਗ ਦਿੱਤਾ ਤੇ ਅਧਿਕਾਰੀਆਂ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਸੂਤਰਾਂ ਅਨੁਸਾਰ ਈਡੀ ਨੇ ਇਹ ਕਾਰਵਾਈ ਨਸ਼ਾ ਤਸਕਰੀ ਅਤੇ ਫਰਜ਼ੀ ਪਾਸਪੋਰਟ ਦੇ ਮਾਮਲੇ ਸਬੰਧੀ ਕੀਤੀ ਹੈ। ਉਧਰ ਛਾਪੇ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਵਕੀਲ ਆਰ.ਐੱਸ. ਬੈਂਸ ਅਤੇ ਹੋਰ ਵਿਧਾਇਕ ਵੀ ਖਹਿਰਾ ਦੇ ਘਰ ਪਹੁੰਚ ਗਏ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਖਹਿਰਾ ਦੇ ਘਰ ਈਡੀ ਦੀ ਛਾਪੇਮਾਰੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਪੰਜਾਬੀਆਂ ਨੂੰ ਡਰਾਉਣ ਅਤੇ ਜਮਹੂਰੀਅਤ ਦੀਆਂ ਸਾਰੀਆਂ ਰਵਾਇਤਾਂ ਨੂੰ ਤੋੜ ਕੇ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਛਾਪੇਮਾਰੀ ਕੀਤੀ ਗਈ ਹੈ, ਜੋ ਬੰਦ ਹੋਣੀ ਚਾਹੀਦੀ ਹੈ। ਚੰਦੂਮਾਜਰਾ ਨੇ ਕਿਹਾ ਕਿ ਸਮੁੱਚੇ ਪੰਜਾਬੀਆਂ ਅਤੇ ਹੋਰ ਸਿਆਸੀ ਧਿਰਾਂ ਨੂੰ ਕੇਂਦਰ ਸਰਕਾਰ ਦੇ ਖ਼ਿਲਾਫ਼ ਸਟੈਂਡ ਲੈਣਾ ਚਾਹੀਦਾ ਹੈ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …