ਕਰਨੈਲ ਸਿੰਘ ਪੀਰ ਮੁਹੰਮਦ ਸਾਥੀਆਂ ਸਮੇਤ ‘ਸ਼੍ਰੋਮਣੀ ਅਕਾਲੀ ਦਲ ਟਕਸਾਲੀ’ ਵਿਚ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼
ਬਾਗੀ ਟਕਸਾਲੀਆਂ ਵਲੋਂ ਬਣਾਏ ‘ ਸ਼੍ਰੋਮਣੀ ਅਕਾਲੀ ਦਲ ਟਕਸਾਲੀ’ ਦਾ ਕਾਫਲਾ ਵੀ ਵਧਣਾ ਸ਼ੁਰੂ ਹੋ ਗਿਆ ਹੈ। ਇਸਦੇ ਚੱਲਦਿਆਂ ਅੱਜ ਕਰਨੈਲ ਸਿੰਘ ਪੀਰਮੁਹੰਮਦ ਨੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਹਾਜ਼ਰੀ ‘ਚ ਸਾਥੀਆਂ ਸਮੇਤ ‘ ਸ਼੍ਰੋਮਣੀ ਅਕਾਲੀ ਦਲ ਟਕਸਾਲੀ’ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ, ਉਜਾਗਰ ਸਿੰਘ ਬਡਾਲੀ ਵੀ ਹਾਜ਼ਰ ਸਨ। ਜ਼ਿਕਰਸੋਗ ਹੈ ਕਿ ਕੁਝ ਦਿਨ ਪਹਿਲਾਂ ਪੀਰਮੁਹੰਮਦ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਿਚੋਂ ਅਸਤੀਫਾ ਦੇ ਦਿੱਤਾ ਸੀ। ਇਸ ਮੌਕੇ ਪੀਰਮੁਹੰਮਦ ਨੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਇਕ ਵਰਕਰ ਦੇ ਤੌਰ ‘ਤੇ ਕੰਮ ਕਰਨਗੇ।
ਇਸ ਤੋਂ ਪਹਿਲਾਂ ‘ਪੰਜਾਬੀ ਏਕਤਾ ਪਾਰਟੀ’ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਵੀ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੀ ਸੀ ਅਤੇ ਮਹਾਗਠਜੋੜ ਬਣਾਉਣ ਬਾਰੇ ਵੀ ਸਹਿਮਤੀ ਹੋਈ ਸੀ। ਉਧਰ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਅਤੇ ਹੋਰ ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਮਿਲ ਕੇ ਪੰਜਾਬ ਵਿਚ ਲੋਕ ਸਭਾ ਦੀਆਂ 13 ਸੀਟਾਂ ‘ਤੇ ਚੋਣ ਲੜੇਗੀ। ਬੈਂਸ ਨੇ ਕਿਹਾ ਕਿ ਸੀਟਾਂ ਦੇ ਵਟਾਂਦਰੇ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਸਮੇਤ ਹੋਰ ਦਲਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

