ਪੰਜਾਬ ਦੇ ਰਿਟਾਇਰਡ ਆਈਏਐਸ ਅਧਿਕਾਰੀ ਸਰਵੇਸ਼ ਕੌਸ਼ਲ ਕੋਲੋਂ ਅਜੇ ਨਹੀਂ ਕੀਤੀ ਪੁੱਛਗਿੱਛ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋੜਾਂ ਰੁਪਏ ਦੇ ਸਿੰਚਾਈ ਘੁਟਾਲੇ ਦੀ ਜਾਂਚ ਦੇ ਸਬੰਧ ਵਿਚ ਵਿਜੀਲੈਂਸ ਬਿਊਰੋ ਵਲੋਂ ਰਿਟਾਇਰਡ ਆਈਏਐਸ ਸਰਵੇਸ਼ ਕੌਸ਼ਲ ਨੂੰ ਅਜੇ ਤੱਕ ਪੁੱਛਗਿੱਛ ਲਈ ਨਹੀਂ ਬੁਲਾਇਆ ਗਿਆ। ਜਦਕਿ ਉਨ੍ਹਾਂ ਨੂੰ ਅਮਰੀਕਾ ਤੋਂ ਵਾਪਸ ਪਰਤੇ ਹੋਇਆਂ ਵੀ 16 ਦਿਨ ਲੰਘ ਚੁੱਕੇ ਹਨ। ਇਥੋਂ ਤੱਕ ਕਿ ਉਹ ਪੰਜਾਬ ਵਿਜੀਲੈਂਸ ਦੇ ਚੀਫ ਡਾਇਰੈਕਟਰ ਆਈਪੀਐਸ ਵਰਿੰਦਰ ਕੁਮਾਰ ਨੂੰ ਪੱਤਰ ਵੀ ਲਿਖ ਚੁੱਕੇ ਹਨ, ਕਿ ਉਨ੍ਹਾਂ ਨੂੰ ਜਾਂਚ ਵਿਚ ਜਲਦ ਸ਼ਾਮਲ ਕੀਤਾ ਜਾਵੇ। ਦਰਅਸਲ, ਪੰਜਾਬ ਵਿਜੀਲੈਂਸ ਬਿਊਰੋ ਵਲੋਂ ਰਿਟਾਇਰਡ ਆਈਏਐਸ ਸਰਵੇਸ਼ ਕੌਸ਼ਲ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ। ਨਾਲ ਹੀ ਉਨ੍ਹਾਂ ਦੇ ਵਿਦੇਸ਼ ’ਚ ਪਹੁੰਚ ਜਾਣ ਦੀ ਸ਼ੱਕ ਦੇ ਮੱਦੇਨਜ਼ਰ ਲੰਘੇ ਸਤੰਬਰ ਮਹੀਨੇ ਉਨ੍ਹਾਂ ਨੂੰ ਲੁੱਕ ਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਸੀ। ਪੰਜਾਬ ਵਿਜੀਲੈਂਸ ਵਲੋਂ ਐਲਓਸੀ ਜਾਰੀ ਕੀਤੇ ਜਾਣ ਤੋਂ ਸਰਵੇਸ਼ ਕੌਸ਼ਲ ਨੇ ਹੈਰਾਨੀ ਵੀ ਜ਼ਾਹਰ ਕੀਤੀ ਸੀ। ਇਸ ਤੋਂ ਬਾਅਦ ਸਰਵੇਸ਼ ਕੌਸ਼ਲ ਨੇ ਪੰਜਾਬ ਦੇ ਚੀਫ ਡਾਇਰੈਕਟਰ ਵਿਜੀਲੈਂਸ ਆਈਪੀਐਸ ਵਰਿੰਦਰ ਕੁਮਾਰ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਸੀ ਕਿ ਉਹ 20 ਦਸੰਬਰ ਨੂੰ ਅਮਰੀਕਾ ਤੋਂ ਵਾਪਸ ਪਰਤ ਆਏ ਹਨ, ਪਰ ਵਿਜੀਲੈਂਸ ਵਲੋਂ ਹੁਣ ਤੱਕ ਉਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਨਹੀਂ ਕਰਵਾਇਆ ਗਿਆ। ਸਰਵੇਸ਼ ਕੌਸ਼ਲ ਨੇ ਵਿਜੀਲੈਂਸ ਨੂੰ ਇਹ ਅਪੀਲ ਵੀ ਕੀਤੀ ਕਿ ਉਨ੍ਹਾਂ ਨੂੰ ਜਿਸ ਦਿਨ ਵੀ ਜਾਂਚ ਲਈ ਬੁਲਾਉਣਾ ਹੈ, ਉਹ ਮਿਤੀ ਦੱਸ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਨੂੰੂ ਜਨਵਰੀ ਮਹੀਨੇ ਪਹਿਲਾਂ ਤੋਂ ਤੈਅ ਕੰਮਾਂ ਲਈ ਚੰਡੀਗੜ੍ਹ ਤੋਂ ਬਾਹਰ ਜਾਣਾ ਪੈ ਸਕਦਾ ਹੈ। ਧਿਆਨ ਰਹੇ ਕਿ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਸਮੇਂ ਸਿੰਚਾਈ ਮੰਤਰੀ ਰਹੇ ਜਨਮੇਜਾ ਸਿੰਘ ਸੇਖੋਂ ਕੋਲੋਂ ਪਿਛਲੇ ਦਿਨੀਂ ਵਿਜੀਲੈਂਸ ਨੇ ਪੁੱਛਗਿੱਛ ਕੀਤੀ ਸੀ।