
ਪੰਚਕੂਲਾ/ਬਿਊਰੋ ਨਿਊਜ਼
ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਕੈਂਸਰ ਜਾਗਰੂਕਤਾ ਮੁਹਿੰਮ ‘ਉਮੀਦ ਕੇ ਸਿਤਾਰੇ’ ਵਿੱਚ ਹਿੱਸਾ ਲੈ ਕੇ ਮਰੀਜ਼ਾਂ ਅਤੇ ਡਾਕਟਰਾਂ ਦੀ ਹੌਸਲਾ ਅਫਜ਼ਾਈ ਕੀਤੀ। ਪਾਰਸ ਹੈਲਥ, ਪੰਚਕੂਲਾ ਵੱਲੋਂ ਮਹੀਨਾ ਭਰ ਚੱਲਣ ਵਾਲੀ ਇਸ ਕੈਂਸਰ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਇੱਕ ਵਿਸ਼ੇਸ਼ ਕੈਂਸਰ ਸਕਰੀਨਿੰਗ ਕੈਂਪ ਲਗਾਇਆ ਗਿਆ, ਜਿਸ ਵਿੱਚ 150 ਤੋਂ ਵੱਧ ਵਿਅਕਤੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਕਈ ਉੱਘੇ ਮੈਡੀਕਲ ਮਾਹਿਰਾਂ ਨੇ ਵੀ ਸ਼ਿਰਕਤ ਕੀਤੀ ਅਤੇ ਕੈਂਸਰ ਦੀ ਜਲਦੀ ਪਛਾਣ ਅਤੇ ਰੋਕਥਾਮ ਦੀ ਮਹੱਤਤਾ ਬਾਰੇ ਚਰਚਾ ਕੀਤੀ।
ਬੱਬੂ ਮਾਨ ਨੇ ਕੈਂਸਰ ਪੀੜਤਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਚੰਗੀ ਸਿਹਤ ਤੋਂ ਵੱਡਾ ਕੋਈ ਤੋਹਫਾ ਨਹੀਂ ਹੈ। ਕੈਂਸਰ ਤੋਂ ਡਰਨ ਦੀ ਲੋੜ ਨਹੀਂ ਹੈ, ਪਰ ਜਾਗਰੂਕਤਾ ਅਤੇ ਸਮੇਂ ਸਿਰ ਇਲਾਜ ਰਾਹੀਂ ਇਸ ਨੂੰ ਹਰਾਇਆ ਜਾ ਸਕਦਾ ਹੈ। ਪਾਰਸ ਹੈਲਥ ਵਰਗੀਆਂ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਅਜਿਹੀਆਂ ਮੁਹਿੰਮਾਂ, ਜੋ ਲੋਕਾਂ ਨੂੰ ਸਮੇਂ ਸਿਰ ਚੈਕਅੱਪ ਕਰਵਾਉਣ ਲਈ ਪ੍ਰੇਰਿਤ ਕਰਦੀਆਂ ਹਨ, ਬਹੁਤ ਹੀ ਸ਼ਲਾਘਾਯੋਗ ਹਨ।
ਹੈਮੇਟੋ-ਆਨਕੋਲੋਜੀ ਅਤੇ ਬੋਨ ਮੈਰੋ ਟਰਾਂਸਪਲਾਂਟ ਯੂਨਿਟ ਦੇ ਡਾ. (ਬਿ੍ਰਗੇਡੀਅਰ) ਅਜੇ ਸ਼ਰਮਾ ਨੇ ਕਿਹਾ ਕਿ ਕੈਂਸਰ ਦਾ ਜਲਦੀ ਪਤਾ ਲਗਾਉਣ ਨਾਲ ਇਲਾਜ ਦੀ ਸਫਲਤਾ ਦੀ ਸੰਭਾਵਨਾ ਵੱਧ ਜਾਂਦੀ ਹੈ। ਡਾ. (ਬਿ੍ਰਗੇਡੀਅਰ) ਰਾਜੇਸ਼ਵਰ ਸਿੰਘ (ਡਾਇਰੈਕਟਰ, ਮੈਡੀਕਲ ਆਨਕੋਲੋਜੀ) ਨੇ ਕਿਹਾ ਕਿ ਕੈਂਸਰ ਹੁਣ ਲਾਇਲਾਜ ਨਹੀਂ ਰਿਹਾ, ਪਰ ਨਿਯਮਤ ਚੈਕਅੱਪ ਅਤੇ ਜਾਗਰੂਕਤਾ ਇਸ ਤੋਂ ਬਚਣ ਦਾ ਸਭ ਤੋਂ ਕਾਰਗਰ ਤਰੀਕਾ ਹੈ। ਪ੍ਰੋਗਰਾਮ ਵਿੱਚ ਮੁਫਤ ਸਿਹਤ ਜਾਂਚ ਅਤੇ ਘੱਟ ਲਾਗਤ ਵਾਲੇ ਟੈਸਟ ਅਤੇ ਹੋਰ ਲੈਬ ਟੈਸਟ ਦਿੱਤੇ ਗਏ। ਰੇਡੀਏਸ਼ਨ ਆਨਕੋਲੋਜੀ ਵਿਭਾਗ ਦੇ ਡਾਇਰੈਕਟਰ ਡਾ: ਨਵੀਨ ਕਾਂਡਾ ਨੇ ਕਿਹਾ ਕਿ ਤੰਬਾਕੂ ਤੋਂ ਪਰਹੇਜ਼, ਸਿਹਤਮੰਦ ਖੁਰਾਕ ਅਤੇ ਨਿਯਮਤ ਚੈਕਅੱਪ ਕੈਂਸਰ ਤੋਂ ਬਚਣ ਦੇ ਸਭ ਤੋਂ ਆਸਾਨ ਤਰੀਕੇ ਹਨ। ਭਾਰਤ ਵਿੱਚ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਹ 2030 ਤੱਕ 1.7 ਮਿਲੀਅਨ ਸਾਲਾਨਾ ਤੱਕ ਪਹੁੰਚ ਸਕਦੇ ਹਨ, ਜਿਸ ਨਾਲ ਇਸਦੀ ਰੋਕਥਾਮ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਇਸ ਪ੍ਰੋਗਰਾਮ ਵਿੱਚ ਕੈਂਸਰ ਸਰਵਾਈਵਰਜ਼ ਨੇ ਵੀ ਆਪਣੀਆਂ ਪ੍ਰੇਰਨਾਦਾਇਕ ਕਹਾਣੀਆਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੇ ਹੋਰ ਮਰੀਜ਼ਾਂ ਨੂੰ ਅੱਗੇ ਵਧਣ ਦੀ ਤਾਕਤ ਦਿੱਤੀ।