Breaking News
Home / ਰੈਗੂਲਰ ਕਾਲਮ / ਖ਼ਰੀਆਂ ਖ਼ਰੀਆਂ

ਖ਼ਰੀਆਂ ਖ਼ਰੀਆਂ

ਕਰਕੇ ਕੌਲ ਕਰਾਰਾਂ ਨੂੰ ਤੋੜ ਦਿੰਦੇ,
ਕੁੱਲੀ ਰਾਹ ‘ਚ ‘ਪੌਣ ਦਾ ਕੀ ਫਾਇਦਾ।
ਜੇਕਰ ਤੋੜ ਨਹੀਂ ਨਿਭਾਅ ਸਕਦੇ,
ਝੂਠੇ ਲਾਰੇ ਲਾਉਣ ਦਾ ਕੀ ਫਾਇਦਾ।
ਆਪਣੇ ਅੰਦਰੋਂ ਨਫ਼ਸ ਨੂੰ ਮਾਰਿਆ ਨਾ,
ਬਹੁਤਾ ਧਰਮੀ ‘ਅਖੌਣ ਦਾ ਕੀ ਫਾਇਦਾ।
ਤੀਰ ਨੈਣਾਂ ਦਾ ਦਿਲ ‘ਤੇ ਲੱਗਿਆ ਨਾ,
ਸਾਕੀ ਬਣ ‘ਪਿਔਣ ਦਾ ਕੀ ਫਾਇਦਾ।
ਬੁਝੇ ਪਿਆਸ ਨਾ ਮੈਖ਼ਾਨੇ ਆ ਕੇ ਵੀ,
ਰਿੰਦ ਬਣ ਕੇ ‘ਔਣ ਦਾ ਕੀ ਫਾਇਦਾ।
ਰੋਂਦੇ ਹੋਏ ਦਾ ਦੁੱਖ ਨਾ ਸਮਝ ਸਕੇਂ,
ਖਾਲੀ ਚੁੱਪ ‘ਕਰੌਣ ਦਾ ਕੀ ਫਾਇਦਾ।
ਜੇ ਦਿਲ ਵਿੱਚ ਨਹੀਂ ਪਿਆਰ ਰੱਖਦੇ,
ਗੱਲਵੱਕੜੀਆਂ ‘ਪੌਣ ਦਾ ਕੀ ਫਾਇਦਾ।
ਦਿਲ ‘ਚ ਗੁੱਸਾ, ਮਨ ‘ਚ ਵੈਰ ਭਰਿਆ,
ਐਵੇਂ ਉੱਪਰੋਂ ‘ਮਨੌਣ ਦਾ ਕੀ ਫਾਇਦਾ।
ਪਾ ਕੇ ਪਿਆਰ ਨਾ ਜੇ ਪੁਗਾਅ ਸਕਦੇ,
ਐਵੇਂ ਯਾਰੀਆਂ ‘ਲੌਣ ਦਾ ਕੀ ਫਾਇਦਾ।
ਮਨ ‘ਚ ਸ਼ਰਧਾ ਤੇ ਵਿਸ਼ਵਾਸ਼ ਨਹੀਂ,
ਐਵੇਂ ਸਿਰ ‘ਝਕੌਣ ਦਾ ਕੀ ਫਾਇਦਾ।
ਗਲਤੀ ਦਾ ਨਹੀਂ ਅਹਿਸਾਸ ਜੇਕਰ,
ਤੇ ਭੁੱਲਾਂ ‘ਬਖਸ਼ੌਣ ਦਾ ਕੀ ਫਾਇਦਾ।
ਆਪਣੇ ਅੰਦਰੋਂ ਮੈਲ਼ ਨਹੀਂ ‘ਧੋ ਸਕਦਾ,
ਜਾ ਤੀਰਥੀਂ ‘ਨਹੌਣ ਦਾ ਕੀ ਫਾਇਦਾ।
ਹੱਕ ਸੱਚ ਦਾ ਪੱਖ ਨਾ ਪੂਰੇਂ ਜ਼ਾਹਿਦ,
ਹੋਕਾ ਸ਼ਰੀਅਤ,’ਲੌਣ ਦਾ ਕੀ ਫਾਇਦਾ।
ਬਸ! ਨਫ਼ਾ ਨੁਕਸਾਨ ਹੀ ਦੇਖਿਆ ਤੂੰ,
ਹੱਟ ਇਸ਼ਕੇ ਦੀ ‘ਪੌਣ ਦਾ ਕੀ ਫਾਇਦਾ।
ਜਿੱਥੇ ਹੋਵੇ ਨਾ ਪੁੱਛ ਪ੍ਰਤੀਤ ਬੰਦਿਆ,
ਉੱਥੇ ਜਾਣ ਤੇ ਆਣ ਦਾ ਕੀ ਫਾਇਦਾ।
ਛੰਦਬੰਦੀ, ਪਿੰਗਲ ਦੀ ਸਮਝ ਹੈ ਨਾ,
ਐਵੇਂ ਲਿਖਣ ‘ਲਖੌਣ ਦਾ ਕੀ ਫਾਇਦਾ।
ਨਾਪ ਤੋਲ, ਰਵਾਨਗੀ ਬਣੇ ਕੋਈ ਨਾ,
ਸ਼ੇਅਰ ਕਹਿਣ, ‘ਕਹੌਣ ਦਾ ਕੀ ਫਾਇਦਾ।
ਓਸ ਇੱਕ ਤੇ ਨਹੀਂ ਵਿਚਾਰ ਕੀਤਾ,
‘ਹਕੀਰ’ ਪੜ੍ਹਣ ‘ਪੜੌਣ ਦਾ ਕੀ ਫਾਇਦਾ।
– ਸੁਲੱਖਣ ਸਿੰਘ+647-786-6329

 

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …