21.8 C
Toronto
Monday, September 15, 2025
spot_img
Homeਸੰਪਾਦਕੀਪੰਜਾਬ ਚੋਣਾਂ ਦੇ ਨਤੀਜਿਆਂ ਦੇ ਅਰਥ

ਪੰਜਾਬ ਚੋਣਾਂ ਦੇ ਨਤੀਜਿਆਂ ਦੇ ਅਰਥ

ਪੰਜਾਬ ਦੇ ਲੋਕਾਂ ਨੇ 10 ਸਾਲਾਂ ਬਾਅਦ ਬਦਲਾਓ, ਅਮਨ-ਸ਼ਾਂਤੀ ਅਤੇ ਸਥਿਰਤਾ ਦੇ ਹੱਕ ‘ਚ ਫ਼ਤਵਾ ਦਿੱਤਾ ਹੈ। ਲਗਾਤਾਰ ਇਕ ਦਹਾਕੇ ਤੋਂ ਸੱਤਾਧਾਰੀ ਹੋਣ ਕਾਰਨ ਸ਼ਕਤੀਸ਼ਾਲੀ ਤੇ ਸਮਰੱਥ ਧਿਰ ਬਣੀ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰ ਕੇ ਲੋਕਾਂ ਨੇ ਦਰਸਾ ਦਿੱਤਾ ਹੈ ਕਿ ਲੋਕਮਤ ਸਭ ਤੋਂ ਸ਼ਕਤੀਸ਼ਾਲੀ ਹੈ। ਦੂਜੇ ਪਾਸੇ ਲਗਾਤਾਰ ਇਕ ਦਹਾਕੇ ਦੇ ਬਨਵਾਸ ਤੋਂ ਬਾਅਦ ਪੰਜਾਬ ਕਾਂਗਰਸ ਦੀ ਜ਼ੋਰਦਾਰ ਸੱਤਾ ‘ਚ ਵਾਪਸੀ, ਸ਼੍ਰੋਮਣੀ ਅਕਾਲੀ ਦਲ ਦਾ ਬਿਲਕੁਲ ਹਾਸ਼ੀਏ ‘ਤੇ ਚਲੇ ਜਾਣਾ ਅਤੇ ਆਮ ਆਦਮੀ ਪਾਰਟੀ ਦੇ ਸੁਪਨਿਆਂ ਦਾ ਟੁੱਟ ਜਾਣਾ ਯਕੀਨਨ ਪੰਜਾਬ ਦੀਆਂ ਪੰਦਰ੍ਹਵੀਆਂ ਵਿਧਾਨ ਸਭਾ ਚੋਣਾਂ ਦੇ ਹੈਰਾਨੀਜਨਕ ਪਹਿਲੂ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਕਈ ਸੁਨੇਹੇ ਦਿੰਦੇ ਹਨ, ਜਿਨ੍ਹਾਂ ਨੂੰ ਸਮਝ ਕੇ ਪੰਜਾਬ ਦੇ ਭਵਿੱਖ ਨੂੰ ਬਿਹਤਰੀਨ ਬਣਾਉਣ ‘ਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਨਾਲ-ਨਾਲ ਆਮ ਲੋਕ ਵੀ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ।
ਮੁੱਖ ਰੂਪ ਵਿਚ ਪੰਜਾਬ ਦੇ ਵੋਟਰਾਂ ਨੇ ਕੁਸ਼ਾਸਨ, ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਹੰਕਾਰੀ ਵਰਤਾਰੇ ਦੇ ਵਿਰੁੱਧ ਸ਼ਾਂਤੀ, ਸਥਿਰਤਾ ਅਤੇ ਪੰਜਾਬ ਦੀ ਭਲਾਈ ਲਈ ਤਬਦੀਲੀ ਦੇ ਹੱਕ ‘ਚ ਫ਼ਤਵਾ ਦਿੱਤਾ ਹੈ। ਪੰਜਾਬ ਦੀ ਸੱਤਾ ‘ਚ ਕਾਂਗਰਸ ਦਾ ਆਉਣਾ ਭਾਰਤ ਦੀ ਕੌਮੀ ਰਾਜਨੀਤੀ ‘ਚੋਂ ਲਗਾਤਾਰ ਸੁੰਗੜ ਰਹੀ ਕਾਂਗਰਸ ਪਾਰਟੀ ਲਈ ਵੀ ਸੰਜੀਵਨੀ ਸਾਬਤ ਹੋ ਸਕਦਾ ਹੈ। ਭਾਵੇਂਕਿ ਕਾਂਗਰਸ ਭਾਜਪਾ ਦੇ ਰੱਥ ਦੀ ਤੇਜ਼ ਰਫ਼ਤਾਰ ਨੂੰ ਰੋਕਣ ਵਿਚ ਤਾਂ ਸਮਰੱਥ ਨਹੀਂ ਪਰ ਉਸ ਨੂੰ ਮੱਠੀ ਕਰਨ ਵਿਚ ਜ਼ਰੂਰ ਸਹਾਈ ਹੋਣਗੇ। ਪੰਜਾਬ ਦੇ ਲੋਕਾਂ ਵਲੋਂ ਦਿੱਤੇ ਗਏ ਵੱਡੇ ਹੁੰਗਾਰੇ ਦੇ ਮੱਦੇਨਜ਼ਰ ਕਾਂਗਰਸ ਨੂੰ ਸਿਰ ਪਈ ਵੱਡੀ ਜ਼ਿੰਮੇਵਾਰੀ ਨਿਭਾਉਣ ਦੀ ਚੁਣੌਤੀ ਕਾਇਮ ਰਹੇਗੀ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ 10 ਸਾਲ ਦੇ ਕਾਰਜਕਾਲ ਦੌਰਾਨ ਆਪਣੇ ਸੌੜੇ ਸਿਆਸੀ ਅਤੇ ਨਿੱਜੀ ਹਿੱਤਾਂ ਲਈ ਲੋਕ ਹਿੱਤਾਂ ਨੂੰ ਅੱਖੋਂ ਓਹਲੇ ਕਰਨ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੌਰਾਨ ਅਮਨ-ਕਾਨੂੰਨ ‘ਤੇ ਅਕਾਲੀ ਜਥੇਦਾਰਾਂ ਦਾ ਭਾਰੂ ਪੈਣਾ, ਹਲਕਾ ਇੰਚਾਰਜਾਂ ਦੀ ਥਾਣੇਦਾਰੀ, ਹਰ ਕਾਰੋਬਾਰ ‘ਚ ਮਾਫ਼ੀਆ ਦਾ ਕਬਜ਼ਾ, ਨਸ਼ਾਖੋਰੀ, ਪੰਜਾਬ ਦੀ ਸੱਤਾ ‘ਚ ਬਾਦਲ ਪਰਿਵਾਰ ਦਾ ਏਕਾਧਿਕਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦਾ ਫੜਿਆ ਨਾ ਜਾਣਾ ਆਦਿ ਮੁੱਖ ਕਾਰਨ ਹਨ, ਜਿਨ੍ਹਾਂ ਕਰਕੇ ਪੰਜਾਬ ‘ਚ ਅਕਾਲੀ-ਭਾਜਪਾ ਦੇ ਖਿਲਾਫ਼ ਲਹਿਰ ਹਨੇਰੀ ਵਾਂਗ ਚੱਲੀ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸ਼ਾਇਦ ਭਾਰਤ ਦੀ ਵਿਕੋਲਿਤਰੀ ਸਰਕਾਰ ਹੋਵੇਗੀ, ਜਿਸ ‘ਚ ਪਿਓ-ਪੁੱਤਰ, ਜੀਜਾ, ਸਾਲਾ ਅਤੇ ਗੱਲ ਕੀ ਅੱਧੋਂ ਵੱਧ ਮੰਤਰੀ ਰਿਸ਼ਤੇਦਾਰ ਹੀ ਹੋਣ। ਅਮਨ-ਕਾਨੂੰਨ ਦੀ ਮਾੜੀ ਹਾਲਤ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਹਰ ਸਾਲ 500 ਤੋਂ ਵੱਧ ਪੁਲਿਸ ‘ਤੇ ਹੀ ਹਮਲੇ ਹੋਣ ਦੇ ਮਾਮਲੇ ਦਰਜ ਹੁੰਦੇ ਰਹੇ ਹਨ। ਆਪਣੀ ਧੀ ਦੀ ਪੱਤ ਬਚਾਉਂਦਿਆਂ ਇਕ ਥਾਣੇਦਾਰ ਦਾ ਅਕਾਲੀ ਆਗੂ ਹੱਥੋਂ ਗੋਲੀ ਨਾਲ ਹਲਾਕ ਹੋਣਾ, ਫ਼ਰੀਦਕੋਟ ਦਾ ਸ਼ਰੂਤੀ ਅਗਵਾ ਕਾਂਡ, ਲੁਧਿਆਣਾ ‘ਚ ਇਕ ਅਕਾਲੀ ਆਗੂ ਵਲੋਂ ਆਈ.ਜੀ. ਦੀਆਂ ਲੱਤਾਂ ਤੋੜਣੀਆਂ ਆਦਿ ਅਕਾਲੀ-ਭਾਜਪਾ ਸਰਕਾਰ ਦੌਰਾਨ ਵਾਪਰੀਆਂ ਮੁੱਖ ਘਟਨਾਵਾਂ ਹਨ, ਜਿਹੜੀਆਂ ਕਿ ਵਿਗੜੀ ਅਮਨ-ਕਾਨੂੰਨ ਦੀ ਵਿਵਸਥਾ ਦੀ ਤਸਵੀਰ ਪੇਸ਼ ਕਰਦੀਆਂ ਸਨ। ਕਾਨੂੰਨ ਵਿਵਸਥਾ ਦਾ ਪੂਰੀ ਤਰ੍ਹਾਂ ਅਕਾਲੀ ਆਗੂਆਂ ਦੇ ਹੱਥਾਂ ਦੀ ਕਠਪੁਤਲੀ ਬਣ ਜਾਣਾ, ਗੈਂਗਸਟਰਾਂ ਦਾ ਬੋਲਬਾਲਾ ਅਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਨਸ਼ਿਆਂ, ਰੇਤਾ-ਬੱਜਰੀ, ਟਰਾਂਸਪੋਰਟ ਤੇ ਮੀਡੀਆ ਮਾਫ਼ੀਆ ਨੇ ਪੰਜਾਬ ਦੇ ਲੋਕਾਂ ਦਾ ਜਿਊਣਾ ਦੁੱਭਰ ਕਰ ਛੱਡਿਆ ਸੀ। ਵੋਟਾਂ ਲਈ ਡੇਰੇਦਾਰਾਂ ਕੋਲ ਮੱਥੇ ਰਗੜਣ ਦੀ ਨੀਤੀ ਨੇ ਅਕਾਲੀ ਦਲ ਨੂੰ ਪੰਥਕ ਸਫ਼ਾਂ ਵਿਚੋਂ ਮਨਫ਼ੀ ਕਰਕੇ ਰੱਖ ਦਿੱਤਾ। ਡੇਰਾ ਸਿਰਸਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦੇਣ ਦੇ ਮਾਮਲੇ ਨਾਲ ਧਰਮ ‘ਚ ਅਕਾਲੀ ਆਗੂਆਂ ਦੇ ਦਖ਼ਲ ਖਿਲਾਫ਼ ਵੱਡੀ ਲਹਿਰ ਉਠ ਖੜੀ ਹੋਈ ਅਤੇ ‘ਸਰਬੱਤ ਖ਼ਾਲਸਾ’ ਦੌਰਾਨ ਲੱਖਾਂ ਸਿੱਖਾਂ ਨੇ ਅਕਾਲੀ ਲੀਡਰਸ਼ਿਪ ਦੁਆਰਾ ਚਲਾਈ ਜਾਂਦੀ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਤਖ਼ਤਾਂ ਦੇ ਜਥੇਦਾਰਾਂ ਦੀ ਮਾਨਤਾ ਨੂੰ ਰੱਦ ਕਰ ਦਿੱਤਾ। ਇਹ ਸਾਰੀਆਂ ਘਟਨਾਵਾਂ ਵੀ ਅਕਾਲੀ-ਭਾਜਪਾ ਸਰਕਾਰ ਦੇ ਖਿਲਾਫ਼ ਚੋਣ ਫ਼ਤਵੇ ਵਿਚ ਸਹਾਈ ਹੋਈਆਂ ਹਨ।
ਦੂਜੇ ਪਾਸੇ ਰਵਾਇਤੀ ਪਾਰਟੀਆਂ ਤੋਂ ਅਲੱਗ ਨਵੀਂ ਸੋਚ ਦੀ ਪੈਰੋਕਾਰ ਅਖਵਾਉਣ ਵਾਲੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਸਿਆਸੀ ਬਦਲਾਓ ਲਿਆਉਣ ਦਾ ਪੂਰਾ ਜ਼ੋਰ ਲਗਾਇਆ ਪਰ ਸਿਆਸੀ ਪ੍ਰਪੱਕਤਾ ਪੱਖੋਂ ਹੋਈਆਂ ਗਲਤੀਆਂ ਕਾਰਨ ਆਮ ਆਦਮੀ ਪਾਰਟੀ ਸੱਤਾ ਤੋਂ ਵਿਰਵੀ ਰਹਿ ਗਈ। ਮੁੱਖ ਤੌਰ ‘ਤੇ ਰਾਜਨੀਤਕ ਪ੍ਰਪੱਕਤਾ ਦੀ ਘਾਟ ਕਾਰਨ ਬੇਵਕਤ ਅਣਢੁੱਕਵੇਂ ਫ਼ੈਸਲੇ ਲੈਣੇ, ਸੁੱਚਾ ਸਿੰਘ ਛੋਟੇਪੁਰ ਨੂੰ ਚੋਣਾਂ ਤੋਂ ਐਨ ਪਹਿਲਾਂ ਪਾਰਟੀ ਦੀ ਸੂਬਾ ਕਨਵੀਨਰਸ਼ਿਪ ਤੋਂ ਲਾਂਭੇ ਕਰਨਾ, ਟਿਕਟਾਂ ਦੇਣ ਵੇਲੇ ਉਮੀਦਵਾਰਾਂ ਦੀ ਸਹੀ ਚੋਣ ਨਾ ਕਰ ਸਕਣਾ, ਪੰਜਾਬ ‘ਚ ਸਿਆਸੀ ਅਨੁਭਵ ਤੇ ਤਜ਼ਰਬੇ ਤੋਂ ਹੀਣੇ ਫ਼ਿਲਮ ਸਟਾਰਾਂ ਤੇ ਗਾਇਕਾਂ ਨੂੰ ਅੱਗੇ ਕਰਨਾ, ਪਾਰਟੀ ਵਲੋਂ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਨਾ ਕਰਨਾ, ਪੰਜਾਬ ਦੀ ਲੀਡਰਸ਼ਿਪ ‘ਤੇ ਪੰਜਾਬ ਤੋਂ ਬਾਹਰਲੇ ਇੰਚਾਰਜ ਅਤੇ ਅਬਜ਼ਰਵਰ ਲਗਾਉਣੇ ਆਦਿ ਮੁੱਖ ਕਾਰਨ ਹਨ, ਜਿਹੜੇ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਹਾਸਲ ਕਰਨ ‘ਚ ਰੁਕਾਵਟ ਬਣੇ। ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਬੇਲੋੜਾ ਆਤਮ-ਵਿਸ਼ਵਾਸ, ਹਉਮੈ ਅਤੇ ਪੰਜਾਬ ਦੇ ਆਗੂਆਂ ਉੱਤੇ ਬੇਵਿਸ਼ਵਾਸੀ ਨੇ ਇਸ ਦੀ ਜਿੱਤ ਨੂੰ ਹਾਰ ਵਿਚ ਬਦਲਣ ਵਿਚ ਅਹਿਮ ਭੂਮਿਕਾ ਨਿਭਾਈ।ਆਮ ਆਦਮੀ ਪਾਰਟੀ ਨਾਲ ਖਾੜਕੂ ਪਿਛੋਕੜ ਵਾਲੇ ਗਰਮ ਖਿਆਲੀ ਸਿੱਖਾਂ ਦੀ ਨੇੜਤਾ ਅਤੇ ਫ਼ੰਡਿੰਗ ਨੂੰ ਲੈ ਕੇ ਅਕਾਲੀ ਅਤੇ ਕਾਂਗਰਸੀ ਆਗੂਆਂ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਅੱਤਵਾਦ ਪੈਦਾ ਹੋਣ ਦੇ ਪ੍ਰਗਟਾਏ ਖ਼ਦਸ਼ਿਆਂ ਕਾਰਨ ਹਿੰਦੂ ਅਤੇ ਸ਼ਹਿਰੀ ਵੋਟ ਆਮ ਆਦਮੀ ਪਾਰਟੀ ਤੋਂ ਦੂਰ ਹੋ ਗਈ। ਚੋਣਾਂ ਦੌਰਾਨ ਮੌੜ ਮੰਡੀ ‘ਚ ਕਾਂਗਰਸੀ ਉਮੀਦਵਾਰ ਦੇ ਕਾਫ਼ਲੇ ‘ਤੇ ਹੋਏ ਬੰਬ ਧਮਾਕੇ ਕਾਰਨ ਆਮ ਆਦਮੀ ਪਾਰਟੀ ‘ਤੇ ਅੱਤਵਾਦੀਆਂ ਨਾਲ ਮਿਲੇ ਹੋਣ ਦੇ ਦੋਸ਼ਾਂ ਨੂੰ ਹੋਰ ਬਲ ਮਿਲਿਆ ਅਤੇ ਸ਼ਹਿਰੀ ਹਿੰਦੂ ਵੋਟਰ ਕਾਂਗਰਸ ਵੱਲ ਝੁਕ ਗਿਆ। ਆਮ ਆਦਮੀ ਪਾਰਟੀ ਦਾ ਕੋਈ ਵਿਚਾਰਧਾਰਕ ਅਤੇ ਨੀਤੀਗਤ ਆਧਾਰ ਨਾ ਹੋਣ ਦੇ ਨਾਲ-ਨਾਲ ਅੰਦਰੂਨੀ ਖਾਨਾਜੰਗੀ ਵੀ ਇਸ ਦੇ ਰਾਹ ਵਿਚ ਰੁਕਾਵਟ ਬਣੀ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਇਹ ਨਤੀਜੇ ਪੰਜਾਬ ਤੇ ਪੰਜਾਬੀਆਂ ਲਈ ਕਈ ਹੋਰ ਪੱਖਾਂ ਤੋਂ ਵੀ ਅਹਿਮੀਅਤ ਰੱਖਦੇ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਪਛਾੜ ਕੇ ਆਮ ਆਦਮੀ ਪਾਰਟੀ ਦਾ ਮੁੱਖ ਵਿਰੋਧੀ ਧਿਰ ਵਜੋਂ ਉਭਰਨਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸੂਬੇ ਵਿਚ ਕਿਸੇ ਵੀ ਲੋਕ-ਪੱਖੀ ਨਵੀਂ ਤੀਜੀ ਸਿਆਸੀ ਧਿਰ ਲਈ ਜ਼ਰਖੇਜ ਜ਼ਮੀਨ ਮੌਜੂਦ ਹੈ। ਆਪਣੀ ਸੌੜੀ ਸੋਚ ਤੇ ਨੀਤੀਆਂ ਕਾਰਨ ਆਧਾਰ ਗੁਆ ਚੁੱਕੀਆਂ ਖੱਬੇ ਪੱਖੀ ਪਾਰਟੀਆਂ ਅਤੇ ਗਰੁੱਪ ਹਾਲੇ ਵੀ ਇਸ ਸੰਕੇਤ ਨੂੰ ਸਮਝ ਕੇ ਭਵਿੱਖ ਵਿਚ ਠੋਸ ਬਦਲ ਪੇਸ਼ ਕਰ ਸਕਦੀਆਂ ਹਨ।
ਬੇਰੁਜ਼ਗਾਰੀ, ਗ਼ਰੀਬੀ, ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਅਣਗੌਲਿਆ ਕਰਕੇ ਸੜਕਾਂ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਆਮ ਲੋਕਾਂ ਲਈ ਕੋਈ ਮਾਅਨੇ ਨਹੀਂ ਰੱਖਦਾ। ਪੈਸੇ ਅਤੇ ਚੋਣ ਰਣਨੀਤੀ ਦੇ ਦਾਅ-ਪੇਚਾਂ ਨੂੰ ਨਕਾਰ ਕੇ ਲੋਕਾਂ ਨੇ ਇਹ ਸੰਦੇਸ਼ ਦੇ ਦਿੱਤਾ ਹੈ ਕਿ ਹੁਣ ਵੋਟਰਾਂ ਨੂੰ ਸ਼ੋਸ਼ੇਬਾਜ਼ੀ ਰਾਹੀਂ ਬੁੱਧੂ ਨਹੀਂ ਬਣਾਇਆ ਜਾ ਸਕਦਾ। ਵੋਟਾਂ ਲੈਣ ਲਈ ਪੈਸਾ, ਨਸ਼ਾ ਤੇ ਬਾਹੂਬਲ ਦੀ ਤਾਕਤ ਨੂੰ ਲੋਕਾਂ ਨੇ ਆਪਣੇ ਮਤਦਾਨ ਦੀ ਤਾਕਤ ਨਾਲ ਪਛਾੜ ਦਿੱਤਾ। ਪੰਜਾਬ ਵਿਧਾਨ ਸਭਾ ਚੋਣਾਂ ਦੇ ਇਹ ਨਤੀਜੇ ਪੰਜਾਬ ਦੀ ਰਾਜਨੀਤੀ ਦਾ ਭਵਿੱਖ ਤੈਅ ਕਰਨ ਵਾਲੇ ਸਾਬਤ ਹੋਣਗੇ।

RELATED ARTICLES
POPULAR POSTS