Breaking News
Home / ਸੰਪਾਦਕੀ / ਭ੍ਰਿਸ਼ਟਾਚਾਰ, ਭਾਰਤ ਦੇ ਮੱਥੇ ‘ਤੇ ਕਲੰਕ

ਭ੍ਰਿਸ਼ਟਾਚਾਰ, ਭਾਰਤ ਦੇ ਮੱਥੇ ‘ਤੇ ਕਲੰਕ

ਬੇਸ਼ੱਕ ਭਾਰਤ ਦੀ ਮੋਦੀ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਦੇਸ਼ ਵਿਚ ਨੋਟਬੰਦੀ ਅਤੇ ਟੈਕਸ ਪ੍ਰਣਾਲੀ ਨੂੰ ਨਿਯਮਤ ਅਤੇ ਇਕਸਾਰ ਕਰਨ ਲਈ ‘ਜੀ.ਟੀ.ਐਸ.’ ਵਰਗੇ ਤਜ਼ਰਬੇ ਕਰਕੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਦਾਅਵੇ ਕੀਤੇ ਗਏ ਹਨ ਪਰ ਸਥਿਤੀ ਹਾਲੇ ਵੀ ਬਹੁਤੀ ਸੁਧਰ ਨਹੀਂ ਸਕੀ। ਸਿਆਸਤਦਾਨਾਂ ਦੇ ਹਵਾਈ ਕਿਲ੍ਹਿਆਂ ਦੇ ਉਲਟ ਤੱਥ ਬਿਆਨਦੇ ਹਨ ਕਿ ਭਾਰਤ ਏਸ਼ੀਆ ਦਾ ਸਭ ਤੋਂ ਭ੍ਰਿਸ਼ਟ ਦੇਸ਼ ਬਣ ਗਿਆ ਹੈ। ਬਰਲਿਨ ਵਿਚ ਸਥਾਪਤ ਭ੍ਰਿਸ਼ਟਾਚਾਰ ਮਾਪਣ ਵਾਲੀ ਇਕ ਕੌਮਾਂਤਰੀ ਸੰਸਥਾ ‘ਟਰਾਂਸਪੇਰੈਂਸੀ ਇੰਟਰਨੈਸ਼ਨਲ’ (ਟੀ.ਆਈ.) ਵਲੋਂ 18 ਮਹੀਨੇ ਦੇ ਲੰਮੇ ਸਮੇਂ ਦੌਰਾਨ ਇਕ ਸਰਵੇਖਣ ਕਰਵਾਇਆ ਗਿਆ। ਭਾਰਤ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸਿਖ਼ਰਲੇ 5 ਦੇਸ਼ਾਂ ਵਿਚ ਪਹਿਲਾ ਸਥਾਨ ਦਿੱਤਾ ਗਿਆ ਹੈ।
‘ਫੋਰਬਸ’ ਵਿਚ ਛਾਪੀ ਗਈ ਇਸ ਸੂਚੀ ਵਿਚ ਇਹ ਦਰਸਾਇਆ ਗਿਆ ਹੈ ਕਿ ਭਾਰਤ ‘ਚ ਰਿਸ਼ਵਤਖੋਰੀ ਦਰ 69 ਫ਼ੀਸਦੀ ਹੋਣ ਨਾਲ ਏਸ਼ੀਆ ਦਾ ਸਭ ਤੋਂ ਭ੍ਰਿਸ਼ਟ ਮੁਲਕ ਹੈ। ਸਰਵੇਖਣ ਮੁਤਾਬਕ ਜਨਤਕ ਸੇਵਾਵਾਂ ਜਿਵੇਂਕਿ ਸਕੂਲ, ਹਸਪਤਾਲ, ਦਸਤਾਵੇਜ਼ਾਂ, ਪੁਲਿਸ ਆਦਿ ਸਬੰਧਤ ਕੰਮ ਕਰਵਾਉਣ ਲਈ ਅੱਧ ਤੋਂ ਜ਼ਿਆਦਾ ਲੋਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ। ਇਸ ਸਰਵੇਖਣ ਵਿਚ ਭਾਰਤ ਤੋਂ ਇਲਾਵਾ ਪਾਕਿਸਤਾਨ, ਵੀਅਤਨਾਮ, ਥਾਈਲੈਂਡ ਅਤੇ ਮੀਆਂਮਾਰ ਵੀ ‘ਫੋਰਬਸ’ ਦੀ ਸਿਖ਼ਰਲੇ 5 ਭ੍ਰਿਸ਼ਟ ਏਸ਼ੀਆਈ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹਨ। ਭਾਰਤ ਨੂੰ ‘ਸੋਨੇ ਦੀ ਚਿੜ੍ਹੀ’ ਆਖਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤ ਕੋਲ ਸ਼ੁਰੂ ਤੋਂ ਬਾਕੀ ਮੁਲਕਾਂ ਦੇ ਮੁਕਾਬਲੇ ਕੁਦਰਤੀ ਸੋਮਿਆਂ ਤੋਂ ਇਲਾਵਾ ਇੱਥੋਂ ਦੀ ਉਪਜਾਊ ਜ਼ਮੀਨ, ਸ਼ਾਨਦਾਰ ਅਤੇ ਖੁਸ਼ਗਵਾਰ ਮੌਸਮ ਅਤੇ ਮਿਹਨਤਕਸ਼ ਲੋਕ ਸਨ, ਜਿਹੜੇ ਕਿ ਇਸ ‘ਸੋਨੇ ਦੀ ਚਿੜ੍ਹੀ’ ਦੇਸ਼ ਦੀ ਸਫਲਤਾ ਦਾ ਵੱਡਾ ਕਾਰਨ ਸਨ। ਪਰ ਅੱਜ ਇਹ ਭਾਰਤ ਭ੍ਰਿਸ਼ਟਾਚਾਰ ਕਾਰਨ ‘ਸੋਨੇ ਦੀ ਚਿੜ੍ਹੀ’ ਤੋਂ ‘ਕੰਗਾਲੀ ਚਿੜ੍ਹੀ’ ਬਣਿਆ ਹੋਇਆ ਹੈ।
ਜੇਕਰ ਪਿੱਛੇ ਝਾਤ ਮਾਰ ਕੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਪਹਿਲਾਂ ਇਸ ਨੂੰ ਸਦੀਆਂ ਤੱਕ ਵਿਦੇਸ਼ੀ ਹਮਲਾਵਰਾਂ ਨੇ ਲੁੱਟਿਆ। ਮਹਿਮੂਦ ਗਜਨੀ, ਤੈਮੂਰ ਜੰਗ, ਅਹਿਮਦ ਸ਼ਾਹ ਅਬਦਾਲੀ ਅਤੇ ਸਿਕੰਦਰ ਵਰਗੇ ਪਤਾ ਨਹੀਂ ਕਿੰਨੇ ਕੁ ਵਿਦੇਸ਼ੀ ਹਮਲਾਵਰਾਂ ਨੇ ਭਾਰਤ ਨੂੰ ਵਾਰ-ਵਾਰ ਲੁੱਟਿਆ। ਇਹ ਲੋਕ ਊਠਾਂ, ਘੋੜਿਆਂ ਅਤੇ ਖੱਚਰਾਂ ‘ਤੇ ਸੋਨਾ-ਚਾਂਦੀ ਜਵਾਹਰਾਤ ਲੱਦ ਕੇ ਲਿਜਾਂਦੇ ਰਹੇ। ਬਾਕੀ ਰਹਿੰਦੀ-ਖੂੰਹਦੀ ਕਸਰ ਈਸਟ ਇੰਡੀਆ ਕੰਪਨੀ ਦੇ ਭੇਸ ਵਿਚ ਭਾਰਤ ਅੰਦਰ ਦਾਖ਼ਲ ਹੋਏ ਗੋਰਿਆਂ ਨੇ ਪੂਰੀ ਕਰ ਦਿੱਤੀ। ਉਨ੍ਹਾਂ ਨੇ ਵੀ ਲਗਭਗ 200 ਸਾਲ ਭਾਰਤ ‘ਤੇ ਰਾਜ ਕੀਤਾ ਅਤੇ ਭਾਰਤ ਦਾ ਸਰਮਾਇਆ ਲੁੱਟਿਆ। ਜੇਕਰ ਭਾਰਤ ਦੀ ਇਸ ਤਰ੍ਹਾਂ ਵਿਦੇਸ਼ੀਆਂ ਹੱਥੋਂ ਲੁੱਟ ਨਾ ਹੋਈ ਹੁੰਦੀ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤ ਕਿੰਨਾ ਅਮੀਰ ਦੇਸ਼ ਹੁੰਦਾ।
ਜਦੋਂ ਲੱਖਾਂ ਕੁਰਬਾਨੀਆਂ ਤੋਂ ਬਾਅਦ 1947 ਵਿਚ ਦੇਸ਼ ਆਜ਼ਾਦ ਹੋਇਆ ਤਾਂ ਲੋਕਾਂ ਨੂੰ ਆਸ ਬੱਝੀ ਕਿ ਹੁਣ ਇਹ ਦੇਸ਼ ਉਨ੍ਹਾਂ ਦਾ ਆਪਣਾ ਹੈ ਅਤੇ ਇਸ ਦੇ ਕੁਦਰਤੀ ਵਸੀਲੇ ਅਤੇ ਆਮਦਨ ਨੂੰ ਉਨ੍ਹਾਂ ਦੀ ਬਿਹਤਰੀ ਅਤੇ ਵਿਕਾਸ ਲਈ ਵਰਤਿਆ ਜਾਵੇਗਾ। ਪਰ ਅਫਸੋਸ ਕਿ ਇਹ ਗੱਲ ਵੀ ਸੁਪਨਾ ਬਣ ਕੇ ਹੀ ਰਹਿ ਗਈ। ਆਜ਼ਾਦੀ ਤੋਂ ਬਾਅਦ ਭਾਰਤ ਨੂੰ ਕਾਲੇ ਅੰਗਰੇਜ਼ਾਂ ਨੇ, ਭਾਵ ਦੇਸ਼ ਦੇ ਸਿਆਸਤਦਾਨਾਂ ਨੇ ਰੱਜ ਕੇ ਲੁੱਟਿਆ ਅਤੇ ਹੁਣ ਤੱਕ ਲੁੱਟਦੇ ਆ ਰਹੇ ਹਨ। ਭਾਰਤ ਦੇ ਆਜ਼ਾਦ ਹੁੰਦਿਆਂ ਹੀ 1948 ‘ਚ ਇੰਗਲੈਂਡ ਕੋਲੋਂ ਜੀਪਾਂ ਖਰੀਦਣ ਦੇ ਘਪਲੇ ਤੋਂ ਲੈ ਕੇ 2-ਜੀ ਸਪੈਕਟਰਮ ਘੁਟਾਲਾ ਅਤੇ ਕਾਮਨਵੈਲਥ ਖੇਡਾਂ ਤੱਕ ਇੰਨੇ ਵੱਡੇ ਘੁਟਾਲੇ ਹੋਏ ਕਿ ਜਿਨ੍ਹਾਂ ਦਾ ਹਿਸਾਬ ਲਗਾਉਂਦਿਆਂ ਅੰਕੜਿਆਂ ਦੀ ਸੀਮਾ ਖ਼ਤਮ ਹੋ ਸਕਦੀ ਹੈ। ਇਨ੍ਹਾਂ ਤੋਂ ਇਲਾਵਾ 1995 ਵਿਚ ਝਾਰਖੰਡ ਮੁਕਤੀ ਮੋਰਚਾ ਦੇ ਐਮ.ਪੀਜ਼ ਨੂੰ ਦਿੱਤੀ ਗਈ ਰਿਸ਼ਵਤ, ਜੈਨ ਹਵਾਲਾ ਕਾਂਡ, ਤਹਿਲਕਾ ਕਾਂਡ, ਦੇਸ਼ ਦੀਆਂ ਸਰਹੱਦਾਂ ਦੇ ਰਖ਼ਵਾਲੇ ਸ਼ਹੀਦ ਫ਼ੌਜੀਆਂ ਦੇ ਤਾਬੂਤ ਘੁਟਾਲੇ, ਸੰਸਦ ਮੈਂਬਰਾਂ ਵਲੋਂ ਪੈਸੇ ਲੈ ਕੇ ਸਵਾਲ ਪੁੱਛਣ ਦਾ ਘੁਟਾਲਾ ਆਦਿ ਅਜਿਹੇ ਮਾਮਲੇ ਹਨ, ਜਿਨ੍ਹਾਂ ਨੇ ਭਾਰਤ ਨੂੰ ਦੁਨੀਆ ਸਾਹਮਣੇ ਸ਼ਰਮਸਾਰ ਕੀਤਾ।
ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਘੋਟਾਲਿਆਂ ‘ਚੋਂ ਇਕੱਠੀ ਕੀਤੀ ਗਈ ਬਹੁਤੀ ਰਕਮ ਵਿਦੇਸ਼ੀ ਅਤੇ ਖ਼ਾਸ ਕਰਕੇ ਸਵਿਸ ਬੈਂਕਾਂ ਵਿਚ ਜਮ੍ਹਾਂ ਕੀਤੀ ਗਈ ਹੈ। ਇਕ ਅੰਦਾਜ਼ੇ ਮੁਤਾਬਕ ਸਵਿਸ ਬੈਂਕਾਂ ਵਿਚ ਭਾਰਤ ਦਾ 64 ਲੱਖ ਕਰੋੜ ਰੁਪਿਆ ਜਮ੍ਹਾਂ ਹੈ। ਘਪਲਿਆਂ-ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਰਾਹੀਂ ਭਾਰਤ ਵਿਚੋਂ ਇਸ ਦੇ ਹੀ ਸਿਆਸਤਦਾਨਾਂ ਵਲੋਂ ਹੁਣ ਤੱਕ ਲੁੱਟਿਆ ਗਿਆ ਪੈਸਾ ਜੇਕਰ ਦੇਸ਼ ਦੇ ਵਿਕਾਸ ਅਤੇ ਤਰੱਕੀ ਲਈ ਖਰਚਿਆ ਜਾਂਦਾ ਤਾਂ ਭਾਰਤ 2.4 ਕਰੋੜ ਮੁੱਢਲੇ ਸਿਹਤ ਕੇਂਦਰ ਬਣਾ ਸਕਦਾ ਸੀ, ਭਾਵ ਹਰ ਇਕ ਪਿੰਡ ਵਿਚ ਤਿੰਨ ਡਿਸਪੈਂਸਰੀਆਂ ਬਣ ਸਕਦੀਆਂ ਹਨ। ਪੰਜ ਲੱਖ ਰੁਪਏ ਦੀ ਕੀਮਤ ਵਾਲੇ ਗ਼ਰੀਬ ਲੋਕਾਂ ਲਈ 14 ਕਰੋੜ ਘਰ ਬਣ ਸਕਦੇ ਸਨ। ਇਸੇ ਤਰ੍ਹਾਂ 600 ਮੈਗਾਵਾਟ ਦੀ ਸਮਰੱਥਾ ਵਾਲੇ 2700 ਤਾਪ ਬਿਜਲੀ ਘਰ ਲੱਗ ਸਕਦੇ ਸਨ। ਇਨ੍ਹਾਂ ਪੈਸਿਆਂ ਨਾਲ ਭਾਰਤ ਦੇ 6 ਲੱਖ ਪਿੰਡਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਜਾ ਸਕਦੀ ਹੈ। ਇਨ੍ਹਾਂ ਪੈਸਿਆਂ ਨਾਲ ਭਾਰਤ ਦੇ ਸਾਰੇ ਹਿੱਸੇ ਵਿਚ 14 ਲੱਖ ਕਿਲੋਮੀਟਰ ਦਾ ਡਬਲ ਲੇਨ ਹਾਈਵੇਅ ਬਣਾਇਆ ਜਾ ਸਕਦਾ ਹੈ, ਜੋ 97 ਵਾਰ ਭਾਰਤ ਦੇ ਘੇਰੇ ਨੂੰ ਤੈਅ ਕਰ ਸਕਦਾ ਹੈ। ਇਨ੍ਹਾਂ ਪੈਸਿਆਂ ਨਾਲ ਭਾਰਤ ਦੀਆਂ 50 ਪ੍ਰਮੁੱਖ ਨਦੀਆਂ ਨੂੰ ਅਗਲੇ 121 ਸਾਲਾਂ ਤੱਕ ਸਾਫ਼ ਰੱਖਿਆ ਜਾ ਸਕਦਾ ਹੈ। ਇਨ੍ਹਾਂ ਪੈਸਿਆਂ ਨਾਲ ਹੀ ਭਾਰਤ ਦੇ ਲੋਕਾਂ ਸਿਰ 60,000 ਕਰੋੜ ਦਾ ਕਰਜ਼ਾ 121 ਵਾਰ ਮੁਆਫ ਕੀਤਾ ਜਾ ਸਕਦਾ ਹੈ। ਇਹ ਪੈਸਾ ਗ਼ਰੀਬੀ ਤੋਂ ਹੇਠਾਂ ਜਿਊਣ ਵਾਲੇ 40 ਕਰੋੜ ਲੋਕਾਂ ਨੂੰ 1.82 ਲੱਖ ਰੁਪਏ ਪ੍ਰਤੀ ਵਿਅਕਤੀ ਵੰਡ ਕੇ ਦੇਸ਼ ‘ਚੋਂ ਗ਼ਰੀਬੀ ਖ਼ਤਮ ਕੀਤੀ ਜਾ ਸਕਦੀ ਹੈ। ਜਾਂ ਹਰ ਇਕ ਭਾਰਤਵਾਸੀ ਦੇ ਹਿੱਸੇ 50,000 ਰੁਪਏ ਆਉਂਦੇ ਹਨ।
ਇਸ ਤੋਂ ਸਪੱਸ਼ਟ ਹੈ ਕਿ ਭ੍ਰਿਸ਼ਟਾਚਾਰ ਭਾਰਤ ਦੇ ਮੱਥੇ ‘ਤੇ ਇਕ ਅਜਿਹਾ ਗ੍ਰਹਿਣ ਲੱਗਾ ਹੋਇਆ ਹੈ, ਜਿਸ ਨੇ ਇਸ ਦੇ ਨਾਗਰਿਕਾਂ ਨੂੰ ਭਿਖਾਰੀ ਤੇ ਇਸ ਦੇ ਸਿਆਸਤਦਾਨਾਂ ਤੇ ਲਾਲ-ਫੀਤਾਸ਼ਾਹਾਂ ਨੂੰ ਸਰਮਾਏਦਾਰ ਬਣਾ ਦਿੱਤਾ ਹੈ। ਭ੍ਰਿਸ਼ਟਾਚਾਰ ਨੂੰ ਭਾਰਤੀ ਲੋਕ ਆਪਣੀ ਕਿਸਮਤ ਮੰਨ ਕੇ ਸਵੀਕਾਰ ਕਰ ਚੁੱਕੇ ਹਨ। ਇਸੇ ਕਾਰਨ ਸੜਕ ‘ਤੇ ਚੱਲਦਿਆਂ ਵਾਹਨ ਦੇ ਹੋਏ ਚਲਾਨ ਤੋਂ ਲੈ ਕੇ ਮੌਤ ਦੇ ਸਰਟੀਫਿਕੇਟ ਹਾਸਲ ਕਰਨ ਤੱਕ ਸਾਰੇ ਕੰਮ ਰਿਸ਼ਵਤ ਦਿੱਤੇ ਬਗੈਰ ਨਹੀਂ ਹੁੰਦੇ। ਸ਼ਾਇਦ ਹੀ ਭਾਰਤ ਦੀ ਕੋਈ ਸਿਆਸੀ ਪਾਰਟੀ ਹੋਵੇ, ਜੋ ਭ੍ਰਿਸ਼ਟਾਚਾਰ ਦੇ ਖ਼ਾਤਮੇ ਦਾ ਚੋਣ ਵਾਅਦਾ ਨਾ ਕਰਦੀ ਹੋਵੇ। ਵਿਰੋਧੀ ਧਿਰ ਵਿਚ ਜਿਹੜੀ ਵੀ ਪਾਰਟੀ ਹੁੰਦੀ ਹੈ, ਉਸ ਨੂੰ ਕੇਂਦਰ ਜਾਂ ਸੂਬਿਆਂ ਦੀਆਂ ਸੱਤਾਧਾਰੀ ਪਾਰਟੀਆਂ ‘ਚ ਭਾਰੀ ਭ੍ਰਿਸ਼ਟਾਚਾਰ ਦਿਖਾਈ ਦਿੰਦਾ ਹੈ। ਜਿਵੇਂ ਹੀ ਵਿਰੋਧੀ ਪਾਰਟੀਆਂ ਸੱਤਾ ‘ਚ ਆਉਂਦੀਆਂ ਹਨ, ਫਿਰ ਉਹੀ ਭ੍ਰਿਸ਼ਟਾਚਾਰ ਉਨ੍ਹਾਂ ਦੀਆਂ ਨਜ਼ਰਾਂ ਵਿਚੋਂ ‘ਗਾਇਬ’ ਹੋ ਜਾਂਦਾ ਹੈ ਤੇ ਉਸ ਦਾ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ।ઠਬੇਸ਼ੱਕ ਭਾਰਤ ‘ਚ ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰ ਲਈ ਭਾਰਤੀ ਸਿਆਸਤਦਾਨ ਤਾਂ ਜ਼ਿੰਮੇਵਾਰ ਹਨ ਹੀ, ਇਸ ਦੇ ਨਾਲ ਲੋਕ ਮਾਨਸਿਕਤਾ ਵੀ ਇਸ ਲਈ ਆਪਣੇ ਦੋਸ਼ ਤੋਂ ਬਰੀ ਨਹੀਂ ਹੋ ਸਕਦੀ। ਸਮੂਹਿਕ ਮਾਨਸਿਕਤਾ ਬਦਲੇ ਬਗੈਰ ਭਾਰਤ ਦੇ ਮੱਥੇ ਤੋਂ ਭ੍ਰਿਸ਼ਟਾਚਾਰ ਦਾ ਕਲੰਕ ਲਾਹੁਣਾ ਸੌਖਾ ਨਹੀਂ ਤੇ ਭ੍ਰਿਸ਼ਟਾਚਾਰ ਮੁਕਤ ਹੋਣ ਤੋਂ ਬਗੈਰ ਭਾਰਤ ‘ਸੋਨੇ ਦੀ ਚਿੜ੍ਹੀ’ ਨਹੀਂ ਬਣ ਸਕਦਾ।

Check Also

ਆਸਥਾ ਬਨਾਮ ਤਰਾਸਦੀ

ਪੱਛਮੀ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਹੈੱਡਕੁਆਰਟਰ ਤੋਂ 47 ਕਿਲੋਮੀਟਰ ਦੂਰ ਫੁਲਰਈ ਪਿੰਡ ਵਿਚ …