1.4 C
Toronto
Wednesday, January 7, 2026
spot_img
Homeਮੁੱਖ ਲੇਖਦੇਸ਼ 'ਚ ਮੁੜ ਜੜ੍ਹਾਂ ਲਗਾਉਣ ਲਈ ਪੰਜਾਬ ਦੇ ਰਾਹ ਪਵੇ ਕਾਂਗਰਸ

ਦੇਸ਼ ‘ਚ ਮੁੜ ਜੜ੍ਹਾਂ ਲਗਾਉਣ ਲਈ ਪੰਜਾਬ ਦੇ ਰਾਹ ਪਵੇ ਕਾਂਗਰਸ

ਜਗਤਾਰ ਸਿੰਘ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ਼ ਪਟਿਆਲਾ ਹਲਕੇ ਤੋਂ ਹੀ ਚੋਣ ਜਿੱਤੇ ਹਨ ਬਲਕਿ ਉਨ੍ਹਾਂ ਨੇ 52,407 ਵੋਟਾਂ ਦੇ ਵੱਡੇ ਫ਼ਰਕ ਨਾਲ ਇਹ ਚੋਣ ਜਿੱਤ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਹ ਵੀ ਸੱਚ ਹੈ ਕਿ ਕਾਂਗਰਸ ਨਾ ਸਿਰਫ਼ ਵੱਡੀ ਜਿੱਤ ਨਾਲ ਮੁੜ ਸੱਤਾ ਵਿੱਚ ਹੀ ਆਈ ਹੈ ਬਲਕਿ ਇਸ ਨੇ 1966 ਵਿੱਚ ਬਣੇ ਪੰਜਾਬੀ ਸੂਬੇ ਦੇ ਚੋਣ ਇਤਿਹਾਸ ਵਿੱਚ ਹੁਣ ਤਕ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। 1992 ਵਿੱਚ ਭਾਵੇਂ ਇਸ ਨੇ ਹੁਣ ਨਾਲੋਂ ਵੀ ਵੱਧ ਸੀਟਾਂ ਜਿੱਤ ਲਈਆਂ ਸਨ ਪਰ ਉਸ ਵੇਲੇ ਉਸ ਸਮੇਂ ਦੀ ਮੁੱਖ ਵਿਰੋਧੀ ਪਾਰਟੀ- ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ। ਮੌਜੂਦਾ ਚੋਣ ਨਤੀਜਿਆਂ ਦਾ ਸਭ ਤੋਂ ਮਹੱਤਵਪੂਰਨ ਪੱਖ ਇਹ ਹੈ ਕਿ ਇਹ ਨਤੀਜੇ ਕਾਂਗਰਸ ਪਾਰਟੀ ਦੀ ਕੌਮੀ ਲੀਡਰਸ਼ਿਪ, ਜੋ ਗਾਂਧੀ ਪਰਿਵਾਰ ਦੇ ਹੱਥ ਵਿੱਚ ਹੈ, ਲਈ ਪਾਰਟੀ ਨੂੰ ਕੌਮੀ ਪੱਧਰ ਉੱਤੇ ਉਭਾਰਨ ਦਾ ਸਬਕ ਸਮੋਈ ਬੈਠੇ ਹਨ।
ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਣਾ ਕਿ 90 ਸਾਲ ਦੀ ਉਮਰ ਅਤੇ ਮੁੱਖ ਮੰਤਰੀ ਵਜੋਂ ਆਪਣੀ ਪੰਜਵੀਂ ਮਿਆਦ ਦੇ ਅਖ਼ੀਰ ਵਿੱਚ ਉਨ੍ਹਾਂ ਨੂੰ ਆਪਣੀ ਪਾਰਟੀ ਦੀ ਐਨੀ ਨਮੋਸ਼ੀਜਨਕ ਹਾਰ ਦਾ ਮੂੰਹ ਵੇਖਣਾ ਪਵੇਗਾ। ਉਨ੍ਹਾਂ ਦਾ ਪੁੱਤਰ ਅਤੇ ਸੂਬੇ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਸ਼ਾਸਨਿਕ ਮਾਮਲਿਆਂ ਵਿੱਚ ਇਸ ਹੱਦ ਤਕ ਦਖ਼ਲਅੰਦਾਜ਼ੀ ਨਹੀਂ ਸੀ ਕਰ ਸਕਦਾ ਜੇ ਉਹ ਉਸਦੀਆਂ ਆਪਹੁਦਰੀਆਂ ਕਾਰਵਾਈਆਂ ‘ਤੇ ਲਗਾਮ ਲਾ ਕੇ ਰੱਖਦੇ। ਸੁਖਬੀਰ ਸਿੰਘ ਬਾਦਲ ਦੀਆਂ ਕਈ ਨਿੱਜੀ ਟਰਾਂਸਪੋਰਟ ਕੰਪਨੀਆਂ ਨੂੰ ਹਥਿਆਉਣ ਅਤੇ ਸੂਬੇ ਦੀ ਜਨਤਕ ਟਰਾਂਸਪੋਰਟ ਦੇ ਹਿੱਤਾਂ ਦਾ ਘਾਣ ਕਰਕੇ ਮੁਨਾਫ਼ੇ ਵਾਲੇ ਰੂਟ ਅਤੇ ਜ਼ਿਆਦਾ ਸਵਾਰੀਆਂ ਪੈਣ ਵਾਲੇ ਟਾਈਮ ਆਪਣੀ ਨਿੱਜੀ ਕੰਪਨੀ ਦੀਆਂ ਬੱਸਾਂ ਲਈ ਅਲਾਟ ਕਰਵਾਉਣ ਦੀਆਂ ਨੀਤੀਆਂ ਅਕਾਲੀ ਦਲ ਉੱਤੇ ਭਾਰੀ ਪੈ ਗਈਆਂ। ਨਿੱਜੀ ਹਿੱਤਾਂ ਲਈ ਜਨਤਕ ਹਿੱਤਾਂ ਨੂੰ ਕੁਰਬਾਨ ਕਰਨ ਦਾ ਇਹ ਵਰਤਾਰਾ ਪਾਰਟੀ ਦੇ ਧੁਰ ਹੇਠਾਂ ਤੱਕ ਚਲਾ ਗਿਆ ਜਿਸ ਨਾਲ ਪਾਰਟੀ ਪੂਰੀ ਤਰ੍ਹਾਂ ਭ੍ਰਿਸ਼ਟ ਵਰਤਾਰਿਆਂ ਵਿੱਚ ਲਿਪਤ ਹੋ ਗਈ। ਮੁੱਖ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਨਾ ਕੇਵਲ ਟਰਾਂਸਪੋਰਟ ਬਲਕਿ ਮੀਡੀਆ ਅਤੇ ਰੇਤਾ-ਬਜਰੀ ਸਮੇਤ ਹਰ ਖੇਤਰ ਉੱਤੇ ਬਾਦਲ ਪਰਿਵਾਰ ਨਾਲ ਸਬੰਧਿਤ ਮਾਫ਼ੀਆ ਨੇ ਕਬਜ਼ਾ ਕਰ ਲਿਆ। ਨਸ਼ੇ ਦੇ ਸੌਦਾਗਰ ਸੂਬੇ ਵਿੱਚ ਖੁੱਲ੍ਹ ਖੇਡਣ ਲੱਗ ਪਏ।
ਬਿਨਾਂ ਕੋਈ ਜ਼ਿੰਮੇਵਾਰੀ ਓਟਿਆਂ ਸੂਬੇ ਦੇ ਉਪ ਮੁੱਖ ਮੰਤਰੀ ਵਜੋਂ ਸਰਕਾਰ ਵਿੱਚ ਜਿਹੜੀਆਂ ਚੰਮ ਦੀਆਂ ਸੁਖਬੀਰ ਸਿੰਘ ਬਾਦਲ ਨੇ ਚਲਾਈਆਂ ਉਨ੍ਹਾਂ ਨੇ ਸ਼੍ਰੋਮਣੀ ਅਕਾਲ ਦਲ ਨੂੰ ਆਮ ਲੋਕਾਂ ਨਾਲੋਂ ਬਿਲਕੁਲ ਹੀ ਤੋੜ ਕੇ ਰੱਖ ਦਿੱਤਾ। ਉਸ ਦੀ ਕਮਾਨ ਹੇਠ ਪੰਜਾਬ ਵਿੱਚ ਅਮਨ-ਕਾਨੂੰਨ ਦਾ ਢਾਂਚਾ ਬੁਰੀ ਤਰ੍ਹਾਂ ਢਹਿਢੇਰੀ ਹੋ ਗਿਆ। ਅਮਨ-ਕਾਨੂੰਨ ਬਰਕਰਾਰ ਰੱਖਣ ਲਈ ਜ਼ਿੰਮੇਵਾਰ ਸਰਕਾਰੀ ਏਜੰਸੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ ਵੀ ਨਹੀਂ ਕਰ ਸਕੀਆਂ। ਲੁੱਟਾਂ-ਖੋਹਾਂ, ਔਰਤਾਂ ਅਤੇ ਗ਼ਰੀਬਾਂ ਵਿਰੁੱਧ ਵਧੀਕੀਆਂ ਆਮ ਵਰਤਾਰਾ ਹੋ ਗਿਆ। ਸੂਬੇ ਵਿੱਚ ਗੈਂਗਸਟਰਾਂ ਦਾ ਇੱਕ ਨਵਾਂ ਰੁਝਾਨ ਪੈਦਾ ਹੋ ਗਿਆ।
ਇਨ੍ਹਾਂ ਚੋਣ ਨਤੀਜਿਆਂ ਨੇ ਸ਼੍ਰੋਮਣੀ ਅਕਾਲੀ ਦਲ ਉੱਪਰ ਬਾਦਲਾਂ ਦੀ ਲੀਡਰਸ਼ਿੱਪ ਉੱਤੇ ਸੁਆਲੀਆ ਨਿਸ਼ਾਨ ਲਗਾ ਦਿੱਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਮਹੂਰੀ ਕਿਰਦਾਰ ਅਤੇ ਦਿੱਖ ਨੂੰ ਮੁੜ ਬਹਾਲ ਕੀਤੇ ਜਾਣ ਦੀ ਗੱਲ ਉੱਭਰ ਸਕਦੀ ਹੈ।
ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਇਸ ਨਮੋਸ਼ੀਜਨਕ ਹਾਰ ਦਾ ਅੰਦਾਜ਼ਾ ਪਹਿਲਾਂ ਹੀ ਲਾਇਆ ਜਾ ਰਿਹਾ ਸੀ ਕਿਉਂਕਿ ਸੂਬੇ ਦੇ ਲੋਕਾਂ ਵਿੱਚ ਬਾਦਲ ਸਰਕਾਰ ਪ੍ਰਤੀ ਨਫ਼ਰਤ ਦੀ ਹੱਦ ਤਕ ਰੋਹ ਅਤੇ ਗੁੱਸਾ ਸੀ। ਦੂਜੇ ਪਾਸੇ, ਆਮ ਆਦਮੀ ਪਾਰਟੀ ਨਾਲ ਵੀ ਬੁਰੀ ਹੋਈ ਹੈ ਜੋ ਸੌ ਸੀਟਾਂ ਜਿੱਤਣ ਦਾ ਦਾਅਵਾ ਕਰ ਕੇ ਚੋਣ ਮੈਦਾਨ ਵਿੱਚ ਉਤਰੀ ਸੀ। ਆਮ ਆਦਮੀ ਪਾਰਟੀ ਦੀ ਸੂਬੇ ਤੋਂ ਬਾਹਰਲੀ ਲੀਡਰਸ਼ਿਪ ਵੱਲੋਂ ਸੌ ਸੀਟਾਂ ਜਿੱਤਣ ਦਾ ਦਾਅਵਾ ਕੁਝ ਜਾਅਲੀ ਚੋਣ ਸਰਵੇਖਣਾਂ ਅਤੇ ਸ਼ੋਸ਼ਲ ਮੀਡੀਆ ਵਿੱਚ ਚੱਲ ਰਹੇ ਪ੍ਰਚਾਰ ਦੇ ਆਧਾਰ ਉੱਤੇ ਕੀਤਾ ਜਾ ਰਿਹਾ ਸੀ। ਇਹ ਲੀਡਰ ਅਸਲੀਅਤ ਸਮਝਣ ਦੀ ਥਾਂ ਆਪਣੀ ਹੀ ਵਸਾਈ ਹੋਈ ਦੁਨੀਆ ਵਿੱਚ ਗੁਆਚੇ ਰਹੇ। ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਵਿੱਚ ਉਤਾਰਿਆ ਪਾਰਟੀ ਦਾ ਲੋਕ ਸਭਾ ਮੈਂਬਰ ਭਗਵੰਤ ਮਾਨ ਪਾਰਟੀ ਦਾ ਇੱਕੋ-ਇੱਕ ਸਟਾਰ ਪ੍ਰਚਾਰਕ ਸੀ। ਮਨੋ ਮਨੀ ਉਹ ਆਪਣੇ ਆਪ ਨੂੰ ਸੂਬੇ ਦਾ ਅਗਲਾ ਮੁੱਖ ਮੰਤਰੀ ਬਣਿਆ ਮੰਨੀ ਬੈਠਾ ਸੀ, ਪਰ ਉਹ ਖ਼ੁਦ ਹੀ ਬੁਰੀ ਤਰ੍ਹਾਂ ਚੋਣ ਹਾਰ ਗਿਆ। ਆਮ ਆਦਮੀ ਪਾਰਟੀ ਦਾ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਆਪਣੀ ਸੀਟ ਵੀ ਨਹੀਂ ਜਿੱਤ ਸਕਿਆ। ਭਗਵੰਤ ਮਾਨ ਦੀਆਂ ਚੋਣ ਰੈਲੀਆਂ ਵਿੱਚ ਅੰਤਾਂ ਦੀ ਭੀੜ ਹੁੰਦੀ ਸੀ। ਅੱਧੀ ਅੱਧੀ ਰਾਤ ਤਕ ਲੋਕ ਉਸ ਨੂੰ ਸੁਣਨ ਲਈ ਬੈਠੇ ਰਹਿੰਦੇ ਸਨ। ਸ਼ਾਇਦ ਉਸ ਦੀ ਹਰਮਨਪਿਆਰਤਾ ਇੱਕ ਰਾਜਨੀਤਕ ਆਗੂ ਨਾਲੋਂ ਵੱਧ ਇੱਕ ਪੇਸ਼ੇਵਰ ਵਿਅੰਗ ਕਲਾਕਾਰ ਹੋਣ ਕਰ ਕੇ ਹੀ ਹੈ। ਪਾਰਟੀ ਦਾ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਵੀ ਹਾਸਰਸ ਕਲਾਕਾਰ ਹੀ ਹੈ ਪਰ ਰਾਜਨੀਤੀ ਇਸ ਤਰ੍ਹਾਂ ਦਾ ਗ਼ੈਰਸੰਜੀਦਾ ਵਰਤਾਰਾ ਨਹੀਂ ਹੈ।
ਸਿੱਖਾਂ ਦੇ ਧਾਰਮਿਕ ਤੇ ਰਾਜਨੀਤਕ ਸਰੋਕਾਰਾਂ ਨੂੰ ਸਮਝੇ ਬਗੈਰ ਹੀ ਆਮ ਆਦਮੀ ਪਾਰਟੀ ਵੱਲੋਂ ਪੰਥਕ ਪੱਤਾ ਖੇਡਣ ਦੀ ਕੋਸ਼ਿਸ਼ ਇਸ ਨੂੰ ਪੁੱਠੀ ਪੈ ਗਈ। ਪੰਜਾਬ ਵਿੱਚ ਆਮ ਆਦਮੀ ਪਾਰਟੀ ‘ਬਾਹਰਲੇ’ ਵਿਅਕਤੀਆਂ ਦੀ ਪਾਰਟੀ ਸਮਝੀ ਜਾਂਦੀ ਰਹੀ ਕਿਉਂਕਿ ਇਸ ਦਾ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਢਾਂਚੇ ਵਿੱਚ ਉਹ ਵਿਅਕਤੀ ਸ਼ਾਮਲ ਹਨ ਜਿਹੜੇ ਬਾਹਰਲੇ ਸੂਬਿਆਂ ਵਿੱਚੋਂ ਲਿਆਂਦੇ ਗਏ ਸਨ ਅਤੇ ਇਨ੍ਹਾਂ ਨੂੰ ਇਸ ਸਰਹੱਦੀ ਅਤੇ ਮੁਲਕ ਦੇ ਬੇਹੱਦ ਮਹੱਤਵਪੂਰਨ ਸੂਬੇ ਦੇ ਲੋਕਾਂ ਦੀ ਸਮਾਜਿਕ ਤੇ ਰਾਜਨੀਤਕ ਮਾਨਸਿਕਤਾ ਦੀ ਬਿਲਕੁਲ ਵੀ ਸਮਝ ਨਹੀਂ ਸੀ। ਇਸ ਪਾਰਟੀ ਦੇ ‘ਬਾਹਰਲੇ’ ਆਗੂਆਂ ਵਿੱਚ ਵੀ ਸੁਖਬੀਰ ਸਿੰਘ ਬਾਦਲ ਵਾਂਗ ਆਕੜ ਆ ਗਈ ਸੀ ਅਤੇ ਇਹ ਵਿਅਕਤੀ ਪਾਰਟੀ ਦੇ ਪੰਜਾਬ ਦੇ ਆਗੂਆਂ ਨਾਲ ਹੈਂਕੜ ਨਾਲ ਪੇਸ਼ ਆਉਂਦੇ ਰਹੇ।
ਆਮ ਆਦਮੀ ਪਾਰਟੀ ਵੱਲੋਂ ਖੜ੍ਹੇ ਕੀਤੇ ਗਏ 112 ਉਮੀਦਵਾਰਾਂ ਵਿੱਚੋਂ 92 ਸਿੱਖ ਸਨ। ਉਨ੍ਹਾਂ ਵਿੱਚੋਂ 26 ਅੰਮ੍ਰਿਤਧਾਰੀ ਸਨ ਅਤੇ ਇਹ ਵੀ ਦੋਸ਼ ਲਗਦੇ ਰਹੇ ਕਿ ਇਨ੍ਹਾਂ ਵਿੱਚੋਂ ਛੇ ਦਾ ਪਿਛੋਕੜ ਕਿਸੇ ਨਾ ਕਿਸੇ ਤਰ੍ਹਾਂ ਖਾੜਕੂਵਾਦ ਨਾਲ ਜੁੜਦਾ ਸੀ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਹ ਜਚਾ ਦਿੱਤਾ ਗਿਆ ਕਿ ਬਾਦਲ ਸਰਕਾਰ ਵਿਰੁੱਧ ਚੱਲ ਰਹੀ ਸਥਾਪਤੀ ਵਿਰੋਧੀ ਲਹਿਰ ਦਾ ਲਾਹਾ ਲੈਣ ਲਈ ਬਾਦਲ ਵਿਰੋਧੀ ਸਿੱਖ ਜਥੇਬੰਦੀਆਂ ਦੀ ਹਮਾਇਤ ਬਹੁਤ ਮੁਫ਼ੀਦ ਸਾਬਤ ਹੋਵੇਗੀ। ਉਹ ਅਖੰਡ ਕੀਰਤਨੀ ਜਥੇ ਦੇ ਆਗੂਆਂ ਕੋਲ ਜਾਣ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਖ਼ਾਸਤ ਕੀਤੇ ਗਏ ਪੰਜ ਪਿਆਰਿਆਂ ਤੋਂ ਅਸ਼ੀਰਵਾਦ ਲੈਣ ਲਈ ਵੀ ਚਲਿਆ ਗਿਆ। ਉਸ ਨੇ ਕਈ ਖਾੜਕੂ ਵਿਚਾਰਾਂ ਵਾਲੇ ਸਿੱਖ ਆਗੂਆਂ ਨਾਲ ਵੀ ਰਾਬਤਾ ਬਣਾਇਆ। ਇਹ ਵਿਅਕਤੀ ਅਤੇ ਜਥੇਬੰਦੀਆਂ ਜਮਹੂਰੀ ਢਾਂਚੇ ਅਤੇ ਵਰਤਾਰੇ ਦਾ ਹਿੱਸਾ ਹੀ ਨਹੀਂ ਹਨ। ਇਸ ਸਭ ਕਾਸੇ ਨਾਲ ਪੰਜਾਬ ਦਾ ਹਿੰਦੂ ਭਾਈਚਾਰਾ ਆਮ ਆਦਮੀ ਪਾਰਟੀ ਤੋਂ ਭੈਅਭੀਤ ਹੋ ਗਿਆ ਅਤੇ ਡੱਟ ਕੇ ਕਾਂਗਰਸ ਦੇ ਹੱਕ ਵਿੱਚ ਭੁਗਤ ਗਿਆ। ਆਮ ਆਦਮੀ ਪਾਰਟੀ ਵੱਲੋਂ ਖੇਡੇ ਗਏ ਇਸ ਪੰਥਕ ਪੱਤੇ ਕਾਰਨ ਹੀ ਆਰ.ਐੱਸ.ਐੱਸ. ਨੇ ਆਪਣੇ ਹਮਾਇਤੀਆਂ ਨੂੰ ਕਾਂਗਰਸ ਦੀ ਹਮਾਇਤ ਕਰਨ ਦੇ ਆਦੇਸ਼ ਦੇ ਦਿੱਤੇ ਕਿਉਂਕਿ ਉਹ ਅਕਾਲੀ-ਭਾਜਪਾ ਗਠਜੋੜ ਨੂੰ ਤਾਂ ਪਹਿਲਾਂ ਹੀ ਖ਼ਤਮ ਹੋਇਆ ਸਮਝ ਬੈਠੀ ਸੀ। ਇਹ ਪੱਖ ਵੀ ਇਨ੍ਹਾਂ ਚੋਣਾਂ ਦਾ ਇੱਕ ਮਹੱਤਵਪੂਰਨ ਪਹਿਲੂ ਹੈ।
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਕਿਸੇ ਵੀ ਆਗੂ ਉੱਤੇ ਭਰੋਸਾ ਨਹੀਂ ਕੀਤਾ ਜਦੋਂਕਿ ਰਾਜਨੀਤਕ ਪਾਰਟੀਆਂ ਬੇਭਰੋਸਗੀ ਦੇ ਆਲਮ ਵਿੱਚ ਚੱਲ ਹੀ ਨਹੀਂ ਸਕਦੀਆਂ ਹੁੰਦੀਆਂ।
ਪਾਰਟੀ ਕੋਲ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਦਾ ਕੋਈ ਲੀਡਰ ਹੈ ਹੀ ਨਹੀਂ ਸੀ ਅਤੇ ਨਾ ਹੀ ਇਸਦੀ ਕੇਂਦਰੀ ਲੀਡਰਸ਼ਿਪ ਨੇ ਸਥਾਨਕ ਲੀਡਰ ਪੈਦਾ ਹੀ ਹੋਣ ਦਿੱਤਾ। ਸੂਬੇ ਦੇ ਬਣਾਏ ਗਏ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਬੇਇੱਜ਼ਤ ਕਰਕੇ ਪਾਰਟੀ ਵਿੱਚੋਂ ਕੱਢਣਾ ਵੀ ਆਮ ਆਦਮੀ ਪਾਰਟੀ ਉੱਤੇ ਭਾਰੂ ਪੈ ਗਿਆ।
ਇਨ੍ਹਾਂ ਚੋਣ ਨਤੀਜਿਆਂ ਤੋਂ ਦਿੱਲੀ ਦੀ ਕਾਂਗਰਸ ਲੀਡਰਸ਼ਿਪ ਨੂੰ ਕਾਫ਼ੀ ਕੁਝ ਸਿੱਖਣ ਲਈ ਮਿਲ ਸਕਦਾ ਹੈ। ਪੰਜਾਬ ਵਿੱਚ ਅਪਣਾਇਆ ਗਿਆ ਮਾਡਲ ਕਾਂਗਰਸ ਲਈ ਕੌਮੀ ਪੱਧਰ ਉੱਤੇ ਉਭਰਨ ਵਿੱਚ ਸਹਾਈ ਸਿੱਧ ਹੋ ਸਕਦਾ ਹੈ, ਭਾਵੇਂ ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ ਜਿੱਤ ਨੇ ਪੰਜਾਬ ਦੀ ਜਿੱਤ ਦੇ ਬਹੁਤੇ ਚਰਚੇ ਨਹੀਂ ਹੋਣ ਦਿੱਤੇ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਲਈ ਇਹ ਸਵੈ-ਪੜਚੋਲ ਦਾ ਸਮਾਂ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੁੜ ਪ੍ਰਧਾਨ ਬਣਨ ਲਈ ਮਹੀਨਿਆਂ ਬੱਧੀ ਕਸ਼ਮਕਸ਼ ਕਰਨੀ ਪਈ ਸੀ ਅਤੇ ਫਿਰ ਉਸ ਨੂੰ ਕਈ ਮਹੀਨੇ ਕੰਮ ਕਰਨ ਦੀ ਖੁੱਲ੍ਹ ਹਾਸਲ ਕਰਨ ਉੱਤੇ ਲੱਗ ਗਏ ਸਨ ਹਾਲਾਂਕਿ ਉਹ ਹੀ ਪੰਜਾਬ ਪਾਰਟੀ ਦਾ ਇੱਕੋ ਇੱਕ ਕੱਦਾਵਰ ਆਗੂ ਸੀ। ਉਹ ਪਾਰਟੀ ਦੀ ਚੋਣ ਮੁਹਿੰਮ ਦਾ ਪ੍ਰਮੁੱਖ ਧੁਰਾ ਅਤੇ ਪ੍ਰਚਾਰਕ ਸੀ। ਉਹ ਕਾਂਗਰਸ ਦਾ ਸਥਾਨਕੀਕਰਨ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ। ਪੰਜਾਬ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇ ਇਸ ਮਾਡਲ ਨੂੰ ਕਾਂਗਰਸ ਵੱਲੋਂ ਦੂਜੇ ਸੂਬਿਆਂ ਵਿੱਚ ਵੀ ਵਰਤਿਆ ਅਤੇ ਪਰਖਿਆ ਜਾਣਾ ਚੰਗਾ ਰਹੇਗਾ।
ਕਾਂਗਰਸ ਨੂੰ ਚਾਹੀਦਾ ਹੈ ਕਿ ਇਹ ਆਪਣੀ ਖੇਤਰੀ ਲੀਡਰਸ਼ਿਪ ਨੂੰ ਉਭਰਨ ਦੇਵੇ ਜੋ ਬਹੁ-ਸੱਭਿਆਚਾਰੀ ਸੰਵੇਦਨਾਵਾਂ ਦੇ ਆਧਾਰ ਉੱਤੇ ਆਪਣੇ ਖੇਤਰੀ ਏਜੰਡੇ ਤੈਅ ਕਰਨ। ਹਾਈ ਕਮਾਂਡ ਸੱਭਿਆਚਾਰ ਦਾ ਹਰ ਹਾਲਤ ਵਿੱਚ ਪੂਰੀ ਤਰ੍ਹਾਂ ਖ਼ਾਤਮਾ ਹੋਣਾ ਚਾਹੀਦਾ ਹੈ। ਪਾਰਟੀ ਦੀਆਂ ਸੂਬਾਈ ਇਕਾਈਆਂ ਦੀ ਪੂਰੀ ਤਰ੍ਹਾਂ ਸਾਫ਼-ਸਫ਼ਾਈ  ਕਰਕੇ ਇਨ੍ਹਾਂ ਨੂੰ ਖ਼ੁਦਮੁਖਤਿਆਰੀ ਦੇ ਦੇਣੀ ਚਾਹੀਦੀ ਹੈ। ਇਹ ਮਾਡਲ ਅਪਨਾਉਣ ਲਈ ਰਾਹੁਲ ਗਾਂਧੀ ਨੂੰ ਆਪਣੇ ਕੰਮ ਕਰਨ ਦੇ ਢੰਗ ਨੂੰ ਬਦਲਣਾ ਪਵੇਗਾ। ਕਾਂਗਰਸ ਨੂੰ ਚਲਾ ਰਹੀ ਗਾਂਧੀ ਪਰਿਵਾਰ ਦੁਆਲੇ ਜੁੜੀ ਇੱਕ ਖ਼ਾਸ ਕਿਸਮ ਦੀ ਜੁੰਡਲੀ ਦੀ ਥਾਂ ਮੁਲਕ ਦੀ ਇਸ ਸਭ ਤੋਂ ਪੁਰਾਣੀ ਪਾਰਟੀ ਨੂੰ ਹਰ ਸੂਬੇ ਵਿੱਚ ਉੱਥੋਂ ਦੀਆਂ ਲੋੜਾਂ ਤੇ ਸੱਭਿਆਚਾਰ ਅਤੇ ਲੋਕਾਂ ਦੀਆਂ ਉਮੰਗਾਂ ਅਨੁਸਾਰ ਢਲਣਾ ਪੈਣਾ ਹੈ। ਇਨ੍ਹਾਂ ਚੋਣਾਂ ਦੇ ਨਤੀਜੇ ਕੈਪਟਨ ਅਮਰਿੰਦਰ ਸਿੰਘ ਲਈ ਖ਼ੁਸ਼ੀ ਅਤੇ ਪੰਜਾਬ ਲਈ ਕੁਝ ਕਰਨ ਦਾ ਮੌਕਾ ਲੈ ਕੇ ਆਏ ਹਨ। ਇਹ ਹੁਣ ਉਸ ਦੇ ਹੱਥ ਹੈ ਕਿ ਉਹ ਇਸ ਅਵਸਰ ਨੂੰ ਕਿੰਨੀ ਬਾਖ਼ੂਬੀ ਨਾਲ ਕਾਂਗਰਸ ਪਾਰਟੀ ਤੋਂ ਇਲਾਵਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਵਰਤਣ ਵਾਸਤੇ ਯਤਨਸ਼ੀਲ ਹੋਵੇਗਾ।
ੲੲੲ

RELATED ARTICLES
POPULAR POSTS